ਗੋਆ : ਚੋਣ ਪ੍ਰਚਾਰ ''ਚ ਸਭ ਤੋਂ ਅੱਗੇ ਰਹਿਣ ਵਾਲੀ ''ਆਪ'' ਨਤੀਜਿਆਂ ''ਚ ਰਹਿ ਗਈ ''ਫਾਡੀ''

03/18/2017 7:15:45 AM

ਹੁਣੇ-ਹੁਣੇ ਹੋਈਆਂ ਗੋਆ ਵਿਧਾਨ ਸਭਾ ਦੀਆਂ ਚੋਣਾਂ ਵਿਚ ''ਆਮ ਆਦਮੀ ਪਾਰਟੀ'' (ਆਪ) 40 ਸੀਟਾਂ ''ਚੋਂ ਇਕ ਵੀ ਸੀਟ ਹਾਸਿਲ ਨਹੀਂ ਕਰ ਸਕੀ। ਇਥੋਂ ਤਕ ਕਿ ਸਾਬਕਾ ਨੌਕਰਸ਼ਾਹ ਅਤੇ ਗੋਆ ਵਿਚ ''ਆਪ'' ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਐਲਵਿਸ ਗੋਮੇਜ਼ ਦੱਖਣੀ ਗੋਆ ਦੀ ਕੁਨਕੋਲਿਮ ਵਿਧਾਨ ਸਭਾ ਸੀਟ ਤੋਂ ਚੌਥੇ ਨੰਬਰ ''ਤੇ ਰਹੇ। ਇਸੇ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕਲਾਫਾਸੀਓ ਡਿਆਜ਼ ਸਿਰਫ 33 ਵੋਟਾਂ ਨਾਲ ਹੀ ਜਿੱਤ ਸਕੇ। 
ਪਰ ''ਆਪ'' ਦੀ ਗੋਆ ਵਿਚ ਜਿਸ ਤਰ੍ਹਾਂ ਥੂ-ਥੂ ਹੋਈ, ਉਸ ਦਾ ਇਨ੍ਹਾਂ ਅੰਕੜਿਆਂ ਤੋਂ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੁੰਦਾ। ਉਂਝ ''ਆਪ'' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਛੋਟੇ ਜਿਹੇ ਸੂਬੇ ''ਚ ਬਹੁਤ ਜ਼ੋਰਦਾਰ ਮੁਹਿੰਮ ਚਲਾਈ ਸੀ।
''ਆਪ'' ਨੇ ਕੁਲ 39 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ''ਚੋਂ 38 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਇਥੋਂ ਤਕ ਕਿ ਗੋਮੇਜ਼ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਪਾਰਟੀ ਸਿਰਫ ਇਕ ਹੀ ਸੀਟ ਬੇਨੌਲਿਮ ਵਿਚ ਕੁਝ ਚੰਗਾ ਪ੍ਰਦਰਸ਼ਨ ਦਿਖਾ ਸਕੀ, ਜਿਥੇ ਇਸ ਨੂੰ 4 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀਆਂ। 
ਫਤਵੇ ''ਤੇ ਨਿਰਾਸ਼ਾ ਪ੍ਰਗਟਾਉਂਦਿਆਂ ਗੋਆ ਵਿਚ ''ਆਪ'' ਦੇ ਬੁਲਾਰੇ ਐਸ਼ਲੇ ਡੋ ਰੋਜਾਰੀਓ ਨੇ ਕਿਹਾ ਕਿ ਪਾਰਟੀ ਚੋਣ ਫਤਵੇ ਦਾ ਸਨਮਾਨ ਕਰਦੀ ਹੈ ਤੇ ਨਾਲ ਹੀ ਉਨ੍ਹਾਂ ਨੇ ਜਿੱਤਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ :
''''ਸਾਡਾ ਕੰਮ ਸੀ ਈਮਾਨਦਾਰੀ ਨਾਲ ਚੋਣਾਂ ਲੜਨਾ। ਕੋਈ ਵੀ ਹੱਥਕੰਡਾ ਅਪਣਾ ਕੇ ਜਿੱਤਣਾ ਸਾਡਾ ਉਦੇਸ਼ ਨਹੀਂ ਸੀ। ਸਾਡੀ ਨੀਤੀ ਤਾਂ ਸਿਆਸਤ ਦੀ ਰਵਾਇਤੀ ਖੇਡ ਦੇ ਨਿਯਮਾਂ ਨੂੰ ਬਦਲਣ ਦੀ ਸੀ। ਅਸੀਂ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਪਰ ਭਵਿੱਖ ਵਿਚ ਵੀ ਯਤਨ ਜਾਰੀ ਰੱਖਾਂਗੇ।''''
ਚੋਣ ਮੁਹਿੰਮ ਵਿਚ ''ਆਪ'' ਸਭ ਤੋਂ ਅੱਗੇ ਨਿਕਲ ਗਈ ਸੀ। ਇਸੇ ਪਾਰਟੀ ਨੇ ਗੋਆ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਸਭ ਤੋਂ ਪਹਿਲਾਂ ਕੀਤਾ ਸੀ ਤੇ 39 ਸੀਟਾਂ ''ਤੇ ਆਪਣੇ ਦਮ ''ਤੇ ਚੋਣ ਲੜੀ ਸੀ, ਜਦਕਿ 40ਵੀਂ ਸੀਟ ''ਤੇ ਇਸ ਨੂੰ ਸਮਰਥਨ ਦਿੱਤਾ ਗਿਆ ਸੀ। 
ਅਸਲ ਵਿਚ ਇਸ ਦੀ ਹਾਰ ਇੰਨੇ ਵੱਡੇ ਪੱਧਰ ''ਤੇ ਹੋਈ ਹੈ ਕਿ ਕਾਂਗਰਸ ਤੇ ਭਾਜਪਾ ਵੀ ਇਸ ਤੋਂ ਹੈਰਾਨ ਹਨ। ਉੱਤਰੀ ਗੋਆ ਵਿਚ ਬੜੀ ਮੁਸ਼ਕਿਲ ਨਾਲ ਜਿੱਤਣ ਵਾਲੇ ਭਾਜਪਾ ਵਿਧਾਇਕ ਨੇ ਕਿਹਾ ਕਿ ਪਾਰਟੀ ਨੂੰ ਉਮੀਦ ਸੀ ਕਿ ਦੱਖਣੀ ਗੋਆ ਵਿਚ ''ਆਮ ਆਦਮੀ ਪਾਰਟੀ'' ਚੰਗੀ ਕਾਰਗੁਜ਼ਾਰੀ ਦਿਖਾਏਗੀ, ਜਿਥੇ 36 ਫੀਸਦੀ ਲੋਕ ਕੈਥੋਲਿਕ ਈਸਾਈ ਹਨ। ਉਨ੍ਹਾਂ ਨੂੰ ਤਾਂ ਉਮੀਦ ਸੀ ਕਿ ''ਆਪ'' ਵਲੋਂ ਕਾਂਗਰਸ ਦੀਆਂ ਉਮੀਦਾਂ ਤੋੜੀਆਂ ਜਾਣਗੀਆਂ, ਜਿਸ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਪਰ ਹੁਣ ਚੋਣ ਨਤੀਜਿਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਜਿਹਾ ਨਹੀਂ ਹੋਇਆ।
ਕਾਂਗਰਸ ਦੇ ਇਕ ਬੁਲਾਰੇ ਨੇ ''ਆਪ'' ਉੱਤੇ ਪਾਰਟੀ ਦੀ ਖੇਡ ਵਿਗਾੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਘੱਟੋ-ਘੱਟ 6 ਸੀਟਾਂ ''ਤੇ ਕਾਂਗਰਸ ਦੀ ਹਾਰ ਸਿਰਫ ''ਆਪ'' ਕਾਰਨ ਹੀ ਹੋਈ। ਉਨ੍ਹਾਂ ਕਿਹਾ ਕਿ ''''ਸਾਨੂੰ ਉਮੀਦ ਸੀ ਕਿ ਉੱਤਰੀ ਗੋਆ ਵਿਚ ''ਆਪ'' ਵਲੋਂ ਭਾਜਪਾ ਦੀਆਂ ਵੋਟਾਂ ਤੋੜੀਆਂ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ। ਇਹ ਵੀ ਉਮੀਦ ਸੀ ਕਿ ਜਿਹੜੇ ਲੋਕ ਕਾਂਗਰਸ ਦੇ ਰਵਾਇਤੀ ਸਮਰਥਕ ਨਹੀਂ ਪਰ ਭਾਜਪਾ ਦੇ ਸ਼ਾਸਨ ਤੋਂ ਵੀ ਖੁਸ਼ ਨਹੀਂ, ਉਹ ''ਆਪ'' ਵੱਲ ਜਾਣਗੇ।''''
ਗੋਆ ਦੇ ਪ੍ਰਮੁੱਖ ਖੇਤਰੀ ਰੋਜ਼ਾਨਾ ਅਖ਼ਬਾਰ ''ਨਵਪ੍ਰਭਾ'' ਦੇ ਸੰਪਾਦਕ ਪਰੇਸ਼ ਪ੍ਰਭੂ ਨੇ ਕਿਹਾ ਕਿ ''ਆਪ'' ਦਾ ਮੁਕੰਮਲ ਸਫਾਇਆ ਹੋ ਜਾਣ ''ਤੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਉਨ੍ਹਾਂ ਕਿਹਾ, ''''ਆਮ ਆਦਮੀ ਪਾਰਟੀ ਤਾਂ ਪਹਿਲੇ ਦਿਨ ਤੋਂ ਹੀ ਚੋਣ ਮੁਕਾਬਲੇ ਵਿਚ ਨਹੀਂ ਸੀ। ਗੋਆ ਦੇ ਵੋਟਰ ਬਹੁਤ ਸਮਝਦਾਰ ਤੇ ਬੁੱਧੀਜੀਵੀ ਹਨ। ਆਮ ਤੌਰ ''ਤੇ ਉਹ ਬਾਹਰਲੇ ਉਮੀਦਵਾਰਾਂ ਵੱਲ ਆਕਰਸ਼ਿਤ ਨਹੀਂ ਹੁੰਦੇ, ਜਦਕਿ ''ਆਪ'' ਦਾ ਤਾਂ ਅਕਸ ਹੀ ਬਾਹਰਲੀ ਪਾਰਟੀ ਵਾਲਾ ਸੀ। ਚੋਣ ਮੁਕਾਬਲਾ ਪਹਿਲੇ ਦਿਨ ਤੋਂ ਹੀ ਭਾਜਪਾ-ਕਾਂਗਰਸ-ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਵਿਚਾਲੇ ਸੀ।''''
ਗੋਆ ਵਿਚ ''ਆਪ'' ਵਲੋਂ ਬਹੁਤ ਵੱਡੀਆਂ ਯੋਜਨਾਵਾਂ ਦਾ ਐਲਾਨ ਕਰਨ ਤੋਂ ਬਾਅਦ ਇਥੇ ਚੋਣ ਮੁਹਿੰਮ ਨੂੰ ਧਾਰਦਾਰ ਬਣਾਉਣ ਲਈ ਭਾਜਪਾ ਦੇ ਇਕ ਰਣਨੀਤੀਕਾਰ ਨੂੰ ਜਹਾਜ਼ ਰਾਹੀਂ ਲਿਆਂਦਾ ਗਿਆ ਸੀ, ਜਿਸ ਨੇ ਚੋਣ ਨਤੀਜਿਆਂ ਤੋਂ ਬਾਅਦ ਕਿਹਾ ਕਿ ''ਆਪ'' ਨੇ ਜਿਸ ਤਰ੍ਹਾਂ ਦੀ ਨਾਂਹ-ਪੱਖੀ ਮੁਹਿੰਮ ਚਲਾਈ, ਉਸ ਨਾਲ ਭਾਜਪਾ ਤੇ ਕਾਂਗਰਸ ਦੋਹਾਂ ਨੂੰ ਫਾਇਦਾ ਹੋਇਆ। ਇਸ ਰਣਨੀਤੀਕਾਰ ਨੇ ਵੀ ''ਆਪ'' ਦੇ ਬਾਹਰਲੀ ਪਾਰਟੀ ਵਾਲੇ ਅਕਸ ਦੀ ਪੁਸ਼ਟੀ ਕਰਦਿਆਂ ਕਿਹਾ, ''''ਜਨਵਰੀ ਤੋਂ ਸ਼ੁਰੂ ਹੋ ਕੇ ਗੋਆ ਵਿਚ ''ਆਪ'' ਦੇ ਕਈ ਵਰਕਰ ਆਪਣੀ ਵਿਸ਼ੇਸ਼ ਟੋਪੀ ਤੇ ਹੱਥ ਵਿਚ ਫੜੇ ਝਾੜੂ ਤੋਂ ਪਛਾਣੇ ਜਾਂਦੇ ਸਨ। 
ਗੋਆ ਵਿਚ ਇਹ ਦ੍ਰਿਸ਼ ਆਮ ਹੋ ਗਿਆ ਸੀ। ਇਹ ਸਾਰੇ ਵਰਕਰ ਬਾਹਰੋਂ ਲਿਆਂਦੇ ਗਏ ਸਨ। ਬਹੁਤੇ ਤਾਂ ਪ੍ਰਫੋਸ਼ੈਨਲ ਸਨ।  ਇਥੋਂ ਤਕ ਕਿ ਆਂਧਰਾ ਪ੍ਰਦੇਸ਼, ਗੁਜਰਾਤ, ਦਿੱਲੀ ਅਤੇ ਮਹਾਰਾਸ਼ਟਰ ਤੋਂ ਵੀ ਵਰਕਰ ਲਿਆਂਦੇ ਗਏ ਸਨ।
ਗੋਆ ਦੇ ਵੋਟਰਾਂ ਨਾਲ ਉਨ੍ਹਾਂ ਨੇ ਕਦੇ ਵੀ ਡੂੰਘਾ ਤਾਲਮੇਲ ਨਹੀਂ ਬਣਾਇਆ ਤੇ ਇਸ ਤਰ੍ਹਾਂ ਵੋਟਰਾਂ ਤੋਂ ਆਪਣੀ ਪਾਰਟੀ ਨੂੰ ਦੂਰ ਕਰ ਲਿਆ। ਉਹ ਲੋਕ ਗੋਆ ਨੂੰ ਵੀ ਹੋਰਨਾਂ ਸੂਬਿਆਂ ਵਾਂਗ ਇਕ ਸੂਬਾ ਹੀ ਸਮਝਦੇ ਰਹੇ।