''ਦਾੜ੍ਹੀ'' ਵਾਲਿਆਂ ''ਤੇ ਜ਼ਿਆਦਾ ਫਿਦਾ ਹੁੰਦੀਆਂ ਹਨ ਲੜਕੀਆਂ

01/25/2020 1:02:03 AM

ਲੋਕ ਆਕਰਸ਼ਕ ਦਿਸਣ ਲਈ ਸ਼ੇਵਿੰਗ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੜਕੀਆਂ ਚਿਕਨੇ ਚਿਹਰਿਆਂ ਦੀ ਬਜਾਏ ਦਾੜ੍ਹੀ ਵਾਲਿਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ, ਰਵਿੰਦਰ ਜਡੇਜਾ, ਕੇ. ਐੱਲ. ਰਾਹੁਲ ਤੋਂ ਲੈ ਕੇ ਬਾਲੀਵੁੱਡ 'ਚ ਇਨ੍ਹੀਂ ਦਿਨੀਂ ਕਈ ਸਿਤਾਰੇ ਦਾੜ੍ਹੀ 'ਚ ਨਜ਼ਰ ਕਿਉਂ ਆ ਰਹੇ ਹਨ।
ਫੈਸ਼ਨ ਦੇ ਇਸ ਦੌਰ 'ਚ ਮਰਦਾਂ ਲਈ ਇਹ ਇਕ ਖੁਸ਼ਖਬਰੀ ਹੈ। ਇਕ ਨਵੀਂ ਰਿਸਰਚ ਮੁਤਾਬਿਕ ਚਿਹਰੇ 'ਤੇ ਦਾੜ੍ਹੀ ਰੱਖਣ ਵਾਲੇ ਮਰਦਾਂ ਵੱਲ ਔਰਤਾਂ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣ ਵਾਲੇ ਮਰਦ ਸਰੀਰਕ ਤੇ ਸਮਾਜਿਕ ਤੌਰ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਲੱਗਦੇ ਹਨ, ਸ਼ਾਇਦ ਇਸੇ ਵਜ੍ਹਾ ਕਰਕੇ ਔਰਤਾਂ ਉਨ੍ਹਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ। ਰਿਸਰਚ 'ਚ ਦਾੜ੍ਹੀ ਵਾਲੇ ਮਰਦਾਂ 'ਚ ਦਿਲਚਸਪੀ ਨਾ ਦਿਖਾਉਣ ਵਾਲੀਆਂ ਔਰਤਾਂ ਦੀ ਮਾਨਸਿਕਤਾ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਦਰਅਸਲ, ਕੁਝ ਔਰਤਾਂ ਵਾਲਾਂ 'ਚ ਜੂੰਆਂ ਜਾਂ ਬੈਕਟੀਰੀਆ ਦੇ ਡਰ ਕਾਰਣ ਦਾੜ੍ਹੀ ਵਾਲੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ। ਰਿਸਰਚ ਅਨੁਸਾਰ ਕਲੀਨਸ਼ੇਵ ਰਹਿਣ ਵਾਲੇ ਮਰਦਾਂ ਨੂੰ ਪਸੰਦ ਕਰਨ ਵਾਲੀਆਂ ਇਹ ਔਰਤਾਂ ਜੂੰਆਂ ਜਾਂ ਬੈਕਟੀਰੀਆ ਤੋਂ ਭੈਅਭੀਤ ਦਿਸੀਆਂ ਅਤੇ ਇਸੇ ਵਜ੍ਹਾ ਕਾਰਣ ਇਨ੍ਹਾਂ ਦੀ ਦਾੜ੍ਹੀ ਵਾਲੇ ਮਰਦਾਂ 'ਚ ਕੋਈ ਦਿਲਚਸਪੀ ਨਹੀਂ ਸੀ। ਦੱਸ ਦੇਈਏ ਕਿ ਇਹ ਖੋਜ ਅਮਰੀਕਾ ਦੀਆਂ ਲੱਗਭਗ 1000 ਔਰਤਾਂ 'ਤੇ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਤੋਂ ਪਾਰਟਨਰ ਦੇ ਚਿਹਰੇ 'ਤੇ ਦਾੜ੍ਹੀ ਨੂੰ ਲੈ ਕੇ ਕੁਝ ਸਵਾਲ ਵੀ ਪੁੱਛੇ ਗਏ ਸਨ। ਆਸਟਰੇਲੀਆ ਦੀ ਯੂਨੀਵਰਸਿਟੀ ਆਫ ਕਵੀਂਸਲੈਂਡ ਦੇ ਖੋਜਕਾਰਾਂ ਨੇ ਇਸ ਰਿਸਰਚ 'ਚ 18 ਤੋਂ 70 ਸਾਲ ਦੀਆਂ ਕੁਲ 919 ਔਰਤਾਂ ਨੂੰ ਸ਼ਾਮਲ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਮਰਦਾਂ ਦੀਆਂ 30 ਫੋਟੋਆਂ ਦਿੱਤੀਆਂ ਸਨ। ਇਨ੍ਹਾਂ ਫੋਟੋਆਂ 'ਚ ਪੂਰੀ ਦਾੜ੍ਹੀ ਜਾਂ ਬਿਨਾਂ ਦਾੜ੍ਹੀ ਵਾਲੇ ਲੋਕਾਂ ਦੀਆਂ ਫੋਟੋਆਂ ਸਨ। ਨਾਲ ਹੀ ਫੋਟੋਸ਼ਾਪ ਜ਼ਰੀਏ ਕੁਝ ਮਰਦਾਂ ਦੇ ਚਿਹਰੇ ਨੂੰ ਸਾਫਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਨੂੰ ਜ਼ਿਆਦਾ ਮਰਦਾਨਾ ਦਿਖਾਇਆ ਗਿਆ ਸੀ। ਫੋਟੋਆਂ 'ਚ ਨਜ਼ਰ ਆਉਣ ਵਾਲੇ ਚਿਹਰਿਆਂ ਨੂੰ ਮਰਦਾਨਾ ਰੂਪ ਦੇਣ ਲਈ ਭਰਵੱਟਿਆਂ ਨੂੰ ਉਭਾਰਿਆ ਗਿਆ। ਚੌੜਾ ਜਬਾੜਾ, ਡੂੰਘੀਆਂ ਅੱਖਾਂ ਤੇ ਗੱਲ੍ਹਾਂ 'ਚ ਵੀ ਫੋਟੋਸ਼ਾਪ ਜ਼ਰੀਏ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਹਿੱਸਾ ਲੈਣ ਵਾਲੀਆਂ ਔਰਤਾਂ ਨੇ ਇਹ ਤਸਵੀਰਾਂ ਦੇਖਣ ਤੋਂ ਬਾਅਦ ਆਕਰਸ਼ਣ ਲਈ ਲੰਬੀ ਜਾਂ ਘੱਟ ਸਮੇਂ ਦੀ ਰਿਲੇਸ਼ਨਸ਼ਿਪ ਦੇ ਆਧਾਰ 'ਤੇ ਜ਼ੀਰੋ ਤੋਂ ਲੈ ਕੇ 100 ਤਕ ਰੇਟਿੰਗ ਦੇਣੀ ਸੀ। ਇਸ ਤੋਂ ਬਾਅਦ ਨਤੀਜੇ 'ਚ ਸਾਹਮਣੇ ਆਇਆ ਕਿ ਜ਼ਿਆਦਾਤਰ ਔਰਤਾਂ ਨੇ ਦਾੜ੍ਹੀ ਰੱਖਣ ਵਾਲੇ ਮਰਦਾਂ ਨੂੰ ਜ਼ਿਆਦਾ ਰੇਟਿੰਗ ਦਿੱਤੀ ਹੈ। ਦਾੜ੍ਹੀ ਰੱਖਣ ਵਾਲੇ ਮਰਦਾਂ ਦੀਆਂ ਫੋਟੋਆਂ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ। ਨਾਲ ਹੀ ਮਰਦਾਨਾ ਚਿਹਰਿਆਂ ਦੀ ਰੂਪ-ਰੇਖਾ ਨੂੰ ਸੁੰਦਰ ਚਿਹਰਿਆਂ ਦੀ ਤੁਲਨਾ 'ਚ ਜ਼ਿਆਦਾ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਖੋਜਕਾਰ ਟੇਸਾ ਕਲਾਰਕਸਨ ਨੇ ਇਸ ਦੇ ਪਿੱਛੇ ਕਾਰਣਾਂ ਬਾਰੇ ਵੀ ਦੱਸਿਆ। ਟੇਲਾ ਕਲਾਰਕਸਨ ਨੇ ਕਿਹਾ, ''ਮਰਦਾਨਾ ਚਿਹਰੇ ਸਰੀਰਕ ਤੌਰ 'ਤੇ ਮਜ਼ਬੂਤ ਅਤੇ ਸਮਾਜਿਕ ਤੌਰ 'ਤੇ ਜ਼ਿਆਦਾ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ। ਦੂਜਾ, ਚੌੜਾ ਜਬਾੜਾ ਚਿਹਰੇ ਦੇ ਘੱਟ ਆਕਰਸ਼ਕ ਹਿੱਸਿਆਂ ਨੂੰ ਲੁਕੋ ਦਿੰਦਾ ਹੈ ਪਰ ਜਿਹੜੀਆਂ ਔਰਤਾਂ 'ਚ ਬੈਕਟੀਰੀਆ ਜਾਂ ਗੰਦਗੀ ਨੂੰ ਲੈ ਕੇ ਜ਼ਿਆਦਾ ਡਰ ਹੁੰਦਾ ਹੈ, ਉਹ ਦਾੜ੍ਹੀ ਰੱਖਣ ਵਾਲੇ ਮਰਦਾਂ ਨੂੰ ਪਸੰਦ ਨਹੀਂ ਕਰਦੀਆਂ।'' (ਸਾ.)

KamalJeet Singh

This news is Content Editor KamalJeet Singh