ਕੀ ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਜੇ ਸਨ ?

09/12/2023 10:22:49 AM

“ਪਾਂਚ ਹਿੰਦੂ ਹੀ ਪਹਿਲੇ 'ਪੰਜ ਪਿਆਰੇ' ਸਜੇ ਥੇ।” ਸਰਦਾਰ ਤਰਲੋਚਨ ਸਿੰਘ ਵਲੋਂ ਲਿਖਿਆ ਇਕ ਇਕ ਬਹੁਤ ਹੀ ਵਿਵਾਦਤ ਅਤੇ ਅਣਲੋੜੀਂਦਾ ਲੇਖ ਵੱਡੀ ਗਿਣਤੀ ਵਿਚ ਗਸ਼ਤ ਕਰ ਰਿਹਾ ਹੈ। ਇਸ ਨੇ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਕੀਤੀ ਹੈ ਪਰ ਧਾਰਮਿਕ ਅਤੇ ਇਤਿਹਾਸਕ ਪੱਖੋਂ ਇਹ ਸਰਾਸਰ ਬੇ-ਬੁਨਿਆਦ ਅਤੇ ਗ਼ਲਤ ਲੇਖ ਹੈ। ਇਹ ਕਿਉਂ ਅਤੇ ਕਿਸ ਮਕਸਦ ਨਾਲ ਲਿਖਿਆ ਜਾਂ ਲਿਖਵਾਇਆ ਗਿਆ ਹੈ ਕਿਹਾ ਨਹੀਂ ਜਾ ਸਕਦਾ ਪਰ ਜੇਕਰ ਇਸ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਤਾਂ ਇਹ ਭਵਿੱਖ ਵਿਚ ਕਈ ਭਰਮ ਭੁਲੇਖੇ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਇਹ ਲੇਖ ਕਿਸੇ ਸਿੱਖ ਵਲੋਂ ਲਿਖਿਆ ਅਤੇ ਪ੍ਰਸਾਰਿਆ ਗਿਆ ਹੈ। ਇਸ ਵਿਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜਤ ਗੱਲਾਂ ਅੰਕਤ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਖਾਲਸੇ ਦੇ ਮਾਣਮੱਤੇ ਇਤਿਹਾਸ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਇਸ ’ਤੇ ਵਿਚਾਰ ਜ਼ਰੂਰੀ ਹੈ ਤਾਂ ਕਿ ਸਹੀ ਤੱਥ ਪੇਸ਼ ਕੀਤੇ ਜਾ ਸਕਣ ।

ਸਿੱਖ ਪੰਥ ਦੀ ਨੀਂਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ। ਇਸ ਕਰਿਸ਼ਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਲਮਬਧ ਕੀਤਾ। ਉਪਰੰਤ ਨੌਂ ਗੁਰੂ ਸਾਹਿਬਾਨ ਨੇ ਇਸ ਮਹਿਲ ਨੂੰ ਸੁਦ੍ਰਿੜ੍ਹ ਕੀਤਾ। ਫ਼ਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਦੇ ਕੇ ਇਸ ਨੂੰ ਸੰਪੂਰਨ ਕੀਤਾ ਅਤੇ ਇਸ ਤਰ੍ਹਾਂ ਗੁਰੂ ਪੰਥ ਵਿਚ ਤਬਦੀਲ ਕਰ ਦਿੱਤਾ। ਪ੍ਰੋ. ਪੂਰਨ ਸਿੰਘ ਵੀ ਕਹਿ ਉਠਿਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ। ਪੰਜਾਬ ਜੀਂਦਾ ਗੁਰਾਂ ਦੇ ਨਾਮ।

ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਹੀ ਸਿੱਖ ਅਤੇ ਸਿੱਖੀ ਪੂਰੀ ਤਰ੍ਹਾਂ ਸੁਦ੍ਰਿੜ੍ਹ ਅਤੇ ਸੰਸਥਾਗਤ ਹੋ ਚੁੱਕੇ ਸਨ। ਹੁਣ ਜੇਕਰ ਹਿੰਦੂਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰੇ ਸਾਜਿਆ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1699 ਦੀ ਵਿਸਾਖੀ ਤਕ ਗੁਰੂ ਕਾਲ ਦੀ ਘਾਲਣਾ ਨਾਲ ਤਿਆਰ ਕੀਤੇ ਸਿੱਖ ਕਿੱਥੇ ਸਨ। ਇਸ ਲੇਖ ਮੁਤਾਬਿਕ ਤਾਂ 1469 ਤੋਂ 1699 ਤਕ ਦੀ ਸਾਰੀ ਘਾਲਣਾ ਹੀ ਅਲੋਪ ਕਰ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੀਸ ਭੇਟ ਕਰਨ ਵਾਲੇ ਮਹਾਨ ਸੂਰਬੀਰ ਪੰਜ ਪਿਆਰੇ ਗੁਰੂ ਕੇ ਅਨਿਨ ਸਿੱਖ ਸਨ। ਉਨ੍ਹਾਂ ਨੂੰ ਹਿੰਦੂ ਕਹਿਣਾ ਮਹਾਨ ਯੋਧਿਆਂ ਨੂੰ ਸਿੱਖੀ ਤੋਂ ਮਹਿਰੂਮ ਕਰਨਾ ਅਤੇ ਬਹੁਤ ਵੱਡੀ ਧਾਰਮਿਕ ਅਵੱਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਸ੍ਰੀ ਸਾਹਿਬ ਲੈ ਕੇ ਸਿੱਖਾਂ ਦੇ ਸਿਰ ਦੀ ਮੰਗ ਕੀਤੀ ਸੀ ਕਿ ਜੋ ਵੀ ਇਸ ਪ੍ਰੇਮ ਦੇ ਮਾਰਗ ’ਤੇ ਤੁਰਨਾ ਚਾਹੁੰਦੇ ਹਨ, ਜੋ ਵੀ ਪਿਆਰੇ ਅਖਵਾਉਣਾ ਚਾਹੁੰਦੇ ਹਨ ਉਹ ਆਪਣਾ ਸੀਸ ਭੇਟ ਕਰਨ। ਇਸ ਤਰ੍ਹਾਂ ਚਰਨਾਮ੍ਰਿਤ ਤੋਂ ਖੰਡੇ ਦੀ ਪਾਹੁਲ ਦਾ ਸਫ਼ਰ ਤੈਅ ਪਾਇਆ ਗਿਆ। ਇੱਥੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਸੀ ਅਤੇ ਸਿੱਖ ਸੰਗਤਾਂ ਹੀ ਜੁੜੀਆਂ ਸਨ।

ਇਸ ਮੁਕਾਮ ਤਕ ਪਹੁੰਚਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਅਤੇ ਥਾਂ ਥਾਂ ਧਰਮਸ਼ਾਲਾ ਅਤੇ ਸੰਗਤਾਂ ਕਾਇਮ ਕੀਤੀਆਂ। ਜਿਵੇਂ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ  ਆਦਿ ਅਤੇ ਇਹ ਸਿਲਸਿਲਾ ਬਾਅਦ ਵਿਚ ਵੀ ਗੁਰੂ ਕਾਲ ਵਿਚ ਜਾਰੀ ਰਿਹਾ। ਇਨ੍ਹਾਂ ਸੰਗਤਾਂ ਨੂੰ ਪੱਕੇ ਤੌਰ ’ਤੇ ਧੁਰੇ ਨਾਲ ਜੋੜਨ ਲਈ ਗੁਰੂ ਅਮਰਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ ਅਤੇ ਮਸੰਦ ਥਾਪੇ। ਗੁਰੂ ਸਾਹਿਬ ਦੇ ਮਾਰਗ ਨੂੰ ਅਪਣਾਉਣ ਵਾਲੇ ਸਿੱਖ ਅਖਵਾਏ। ਇਹ ਸ਼ਬਦ ਸਿੱਖ ਕਿਸੇ ਵੇਦ, ਪੁਰਾਣ, ਸ਼ਾਸਤਰ ਵਿਚ ਨਹੀਂ ਸੀ ਪਰ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ਸਿੱਖ, ਗੁਰਸਿੱਖ, ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਪ੍ਰੰਪਰਾ ਵਿਚ ਇਹ ਲਫ਼ਜ਼ ਪੂਰੀ ਤਰ੍ਹਾਂ ਮਕਬੂਲ ਹੋ ਗਿਆ।

ਗੁਰੂ ਨਾਨਕ ਦੇਵ ਜੀ ਵਲੋਂ ਲਾਏ ਗੁਰਸਿੱਖੀ ਦੇ ਬੂਟੇ ਦੀ ਮਹਿਕ ਕਿਤਨੀ ਫੈਲ ਚੁੱਕੀ ਸੀ ਕਿ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿੱਖਾਂ ਦੀ ਭਗਤਮਾਲਾ ਵਿਚ ਤਕਰੀਬਨ ਦੋ ਸੌ ਸਿੱਖਾਂ ਦਾ ਜ਼ਿਕਰ ਹੈ ਅਤੇ ਹਰ ਇਕ ਨੂੰ ਭਾਈ ਲਫ਼ਜ਼ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਹੁਕਮਨਾਮੇ ਵੀ ਮੌਜੂਦ ਹਨ ਜਿਨ੍ਹਾਂ ਵਿਚ ਗੁਰੂ ਸਾਹਿਬ ਨੇ ਗੁਰਸਿੱਖਾਂ ਦੇ ਨਾਮ ਅੰਕਤ ਕੀਤੇ ਹਨ। ਹੋਰ ਤਾਂ ਹੋਰ ਗੁਰੂ ਹਰਗੋਬਿੰਦ ਜੀ ਨੇ ਆਪਣੇ ਹੁਕਮਨਾਮੇ ਵਿਚ ਸਿੱਖਾਂ ਬਾਰੇ ਲਿਖਿਆ ਹੈ ਕਿ ਤੁਸੀਂ ਮੇਰਾ ਖਾਲਸਾ ਹੋ।

ਇਹ ਗੱਲ ਨਿਰ-ਵਿਵਾਦਤ ਰੂਪ ਵਿਚ ਸਹੀ ਹੈ ਕਿ ਸ਼ੁਰੂ ਸ਼ੁਰੂ ਵਿਚ ਸਿੱਖੀ ਦੀ ਪਨੀਰੀ ਵਿਚ ਵੱਡਾ ਯੋਗਦਾਨ ਦੇਣ ਵਾਲੇ ਹਿੰਦੂ ਹੀ ਸਨ ਪਰ ਉਹ ਸਿੰਘ ਸਜੇ ਸਨ ਸਿੱਖਾਂ ਦੀਆਂ ਕੁਰਬਾਨੀਆਂ, ਆਚਰਣ ਅਤੇ ਦੂਸਰਿਆਂ ਲਈ ਆਪਾ ਵਾਰਨ ਦੇ ਜਜ਼ਬੇ ਤੋਂ ਪ੍ਰਭਾਵਤ ਹੋ ਕੇ। ਪੰਥ ਪ੍ਰਕਾਸ਼ ਵਿਚ ਇਸ ਦਾ ਜ਼ਿਕਰ ਹੈ, ਪਲੇ ਪਲਾਏ ਇਨ ਮਹਿ ਆਵੇਂ। ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇਕ ਵਾਰ ਸਿੰਘ ਸਜ ਜਾਣ ਤੋਂ ਬਾਅਦ ਸਿੱਖੀ ਦਾ ਤਿਆਗ ਕਰਨ ਵਾਲਾ ਪਤਿਤ ਹੁੰਦਾ ਹੈ, ਸਹਿਜਧਾਰੀ ਜਾਂ ਹਿੰਦੂ ਨਹੀਂ।

ਇਸ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਇਸਲਾਮ, ਮਸੀਹੀ ਜਾਂ ਯਹੂਦੀ ਧਰਮਾਂ ਦਾ ਮੁੱਢ ਅਤੇ ਸ੍ਰੋਤ, ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ, ਉਨ੍ਹਾਂ ਦੇ ਪੈਗੰਬਰ ਵੀ ਸਾਂਝੇ ਹਨ ਪਰ ਉਨ੍ਹਾਂ ਦੀ ਅੱਡਰੀ ਧਾਰਮਿਕ ਹਸਤੀ ਹੋਣ ’ਤੇ ਕਦੀ ਵਿਵਾਦ ਨਹੀਂ ਹੋਇਆ। ਦੂਸਰੇ ਪਾਸੇ ਸਿੱਖ ਅਤੇ ਹਿੰਦੂ ਧਰਮ ਗ੍ਰੰਥ ਵੱਖ -ਵੱਖ ਹਨ ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਪੁਰਾਤਨ ਮਿਥਿਹਾਸਕ ਪਾਤਰਾਂ ਨੂੰ ਅੰਕਿਤ ਕੀਤਾ। ਪੌਰਾਣਿਕ ਗਾਥਾਵਾਂ ਦੇ ਹਵਾਲੇ ਦਿੱਤੇ ਹਨ ਪਰ ਸ਼ਰਤ ਸਿਰਫ਼ ਇਕ ਸੀ ਕਿ ਸਾਰੀ ਮਾਨਵਤਾ ਦਾ ਕਰਤਾ ਅਤੇ ਪੂਜਣ ਯੋਗ ਹਸਤੀ ਜਾਂ ਸਤੁਤੀ ਕੇਵਲ ਇਕ ਅਕਾਲ ਪੁਰਖ ਦੀ ਹੀ ਹੈ।

ਗੁਰੂ ਕਾਲ ਦੇ ਦੌਰਾਨ ਹੀ ਸਿੱਖ ਪੰਥ ਦੇ ਨਿਆਰੇਪਨ ਨੂੰ ਗੁਰੂ ਸਾਹਿਬਾਨ ਨੇ ਨਿਰਣਾਇਕ ਤੌਰ ’ਤੇ ਪਰਿਪੱਕ ਕਰ ਦਿੱਤਾ ਸੀ। ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਆਪਣੀ ਪੁਸਤਕ ਦੀ ਸਿੱਖਸ ਵਿਚ ਅੰਕਿਤ ਕੀਤਾ ਹੈ,

The following that Nanak had created in his life time could at best be described as a group dissenting from both Hinduism and Islam. (ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿਚ ਹੀ ਜਿਹੜੇ ਪੈਰੋਕਾਰ ਬਣਾਏ ਸਨ ਉਨ੍ਹਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਇਲਸਾਮ ਅਤੇ ਹਿੰਦੂ ਮਤ ਤੋਂ ਵੱਖ ਕਰ ਲਿਆ ਸੀ।)

ਇਸ ਮਹਾਂਵਾਕ ਨੂੰ ਗੁਰੂ ਸਾਹਿਬਾਨ ਨੇ ਅਮਲੀ ਰੂਪ ਵਿਚ ਤਨ ’ਤੇ ਹੰਢਾਇਆ। ਬਾਬਰ ਦੇ ਹਮਲੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਹਿੰਦੂ, ਮੁਸਲਮਾਨ ਔਰਤਾਂ ’ਤੇ ਹੁੰਦੇ ਜ਼ੁਲਮਾਂ ਨੂੰ ਵੇਖ ਕੇ ਹਾਅ ਦਾ ਨਾਅਰਾ ਮਾਰਿਆ, ਇੰਨਾ ਹੀ ਨਹੀਂ ਗੁਰੂ ਤੇਗ ਬਹਾਦੁਰ ਜੀ ਨੇ ਤਾਂ ਤਿਲਕ ਅਤੇ ਜੰਞੂ ਦੀ ਰਾਖੀ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਬਾਅਦ ਵਿਚ ਗੁਰੂ ਕੇ ਖਾਲਸੇ ਨੇ ਇਸ ਪਿਰਤ ਨੂੰ ਜਾਨਾਂ ਹੂਲ ਕੇ ਜਾਰੀ ਰੱਖਿਆ।ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ, ਜਾ ਤੇ ਛੂਟ ਗਯੋ ਭ੍ਰਮ ਉਰ ਕਾ, ਤਿਸ ਆਗੈ ਹਿੰਦੂ ਕਿਆ ਤੁਰਕਾ।। ਇਸ ਤਰ੍ਹਾਂ ਬਿਨਾਂ ਕਿਸੇ ਭੇਦ-ਭਾਵ ਦੇ ਕੇਵਲ ਇਨਸਾਨੀਅਤ ਦੇ ਨਾਤੇ ਆਪਾ ਵਾਰਨ ਦਾ ਇਤਿਹਾਸ ਰਚਿਆ ਪਰ ਇਸ ਦੇ ਨਾਲ ਹੀ ਆਪਣੀ ਨਿਆਰੀ ਹਸਤੀ ਨੂੰ ਵੀ ਕਾਇਮ ਰੱਖਿਆ।

ਸੋ ਇਹ ਕਹਿਣਾ ਕਿ ਪਹਿਲੇ ਪੰਜ ਪਿਆਰੇ ਹਿੰਦੂ ਸਨ, ਸਰਾਸਰ ਗ਼ਲਤ ਹੈ ਅਤੇ ਕਿਸੇ ਵਿਸ਼ੇਸ਼ ਮਕਸਦ ਨਾਲ ਕਿਹਾ ਗਿਆ। ਇਹ ਪੰਥਕ ਪਿੜ ਵਿਚ ਉਤੇਜਨਾ ਪੈਦਾ ਕਰਨ, ਸਿੱਖ ਹੋਂਦ ’ਤੇ ਪ੍ਰਹਾਰ ਕਰਨ ਵਾਲਾ ਬਿਆਨ ਹੈ। ਅੰਮ੍ਰਿਤ ਦਾ ਅਧਿਕਾਰੀ ਹਰ ਪ੍ਰਾਣੀ ਮਾਤਰ ਹੈ ਪਰ ਅੰਮ੍ਰਿਤ ਛਕਣ ਲਈ ਕੁਝ ਬੁਨਿਆਦੀ ਸ਼ਰਤਾਂ ਹਨ ਜਿਨ੍ਹਾਂ ਵਿਚ ਸਭ ਤੋਂ ਪਹਿਲੀ ਹੈ, ਉਸ ਦਾ ਸਾਬਤ ਸੂਰਤ ਹੋਣਾ। ਇਸ ਲਈ ਗੈਰ ਸਿੱਖ ਤੋਂ ਸਿੰਘ ਸਜਣ ਵਿਚਕਾਰ ਇਕ ਪੜਾਅ ਸਿੱਖ ਹੋਣ ਦਾ ਹੈ। ਹਿੰਦੂ ਤੋਂ ਸਿੰਘ ਸਜਾਣ ਲਈ ਕੁਝ ਮਹੀਨੇ ਦਾ ਸਮਾਂ ਲਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਗੁਰੂ, ਸਿੱਖ, ਸੰਗਤ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਕਥਾ-ਕੀਰਤਨ, ਸਿੱਖ ਮਰਯਾਦਾ, ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਨਿਸ਼ਾਨ, ਨਗਾਰੇ, ਲੰਗਰ, ਚੌਂਕੀਆਂ, ਝੰਡੇ, ਬੁੰਗੇ ਆਦਿ ਸਾਰੇ ਸਿਧਾਂਤ, ਪ੍ਰੰਪਰਾਵਾਂ ਪੱਕੇ ਪੈਰੀ ਹੋ ਚੁੱਕੀਆਂ ਸਨ। ਅੰਮ੍ਰਿਤ ਪ੍ਰਾਪਤੀ ਦਾ ਰਾਹ ਤਟ ਫਟ ਨਹੀਂ ਹੁੰਦਾ। ਇਸ ਲਈ ਦ੍ਰਿੜ੍ਹ ਇਰਾਦੇ, ਤਿਆਰੀ ਅਤੇ ਸਮੇਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਗੁਰਮਤਿ ਅਤੇ ਗੁਰਸਿੱਖੀ ਨੂੰ ਦ੍ਰਿੜ੍ਹ ਹੋ ਚੁੱਕੇ ਪੰਜ ਪਿਆਰਿਆਂ ’ਤੇ ਹੀ ਅੰਮ੍ਰਿਤ ਦੀ ਇਲਾਹੀ ਦਾਤ ਦੀ ਬਖਸ਼ਿਸ਼ ਹੋਈ। ਇਸ ਤੋਂ ਸਪਸ਼ਟ ਹੈ ਕਿ ਗੁਰੂ ਕਲਗੀਧਰ ਪਿਤਾ ਨੇ ਗੁਰ ਸੰਗਤ ਨੂੰ ਖਾਲਸਾ ਬਣਾਇਆ। ਸੋ ਗੁਰੂ ਤੋਂ ਸਿੱਖ ਬਣੇ, ਸਿੱਖ ਤੋਂ ਸੰਗਤਾਂ ਬਣੀਆਂ ਅਤੇ ਸੰਗਤ ਤੋਂ ਖਾਲਸਾ।

ਮੇਰੇ ਤਾਇਆ ਜੀ, ਸੂਬੇਦਾਰ ਮੇਜਰ ਹਰਬੰਸ ਸਿੰਘ ਜੀ ਫੌਜ ਵਿਚ ਸਨ । ਉਨ੍ਹਾਂ ਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਉਹ ਹਿੰਦੂਆਂ ਨੂੰ ਸਿੱਖ ਬਣਾਉਂਦੇ ਹਨ। ਕਮਾਂਡਰ ਅੰਗਰੇਜ਼ ਸੀ। ਉਸਨੇ ਸ਼ਿਕਾਇਤ ਕਰਤਾ ਨੂੰ ਸਵਾਲ ਕੀਤਾ ਕਿ ਇਕ ਹਿੰਦੂ ਨੂੰ ਸਿੱਖ ਬਣਾਉਣ ਲਈ ਘੱਟੋ-ਘਟ ਕਿੰਨਾ ਸਮਾਂ ਚਾਹੀਦਾ ਹੈ। ਜਵਾਬ ਸੀ ਤਿੰਨ ਮਹੀਨੇ। ਅੰਗਰੇਜ਼ ਨੇ ਪੁੱਛਿਆ ਕਿ ਇਕ ਸਿੱਖ ਨੂੰ ਹਿੰਦੂ ਬਣਾਉਣ ਲਈ ਕਿੰਨਾ ਸਮਾਂ ਚਾਹੀਦਾ ਹੈ। ਜਵਾਬ ਸੀ ਇਕ ਮਿੰਟ। ਕਮਾਂਡਰ ਨੇ ਕਿਹਾ ਕਿ ਕੀ ਹਰਬੰਸ ਸਿੰਘ ਕੋਲ ਕੋਈ ਐਸੀ ਥਾਂ ਹੈ ਜਿੱਛੇ ਉਹ ਕਿਸੇ ਬੰਦੇ ਨੂੰ ਤਿੰਨ ਮਹੀਨੇ ਆਪਣੇ ਕਬਜ਼ੇ ਵਿਚ ਛੁਪਾ ਕੇ ਰੱਖ ਸਕੇ?

ਇਕ ਬਹੁਤ ਹੀ ਮਹੱਤਵਪੂਰਨ ਗਵਾਹੀ ਹੈ। ਸੰਮਤ 1756 ਦੀ ਪਾਵਨ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਨਾ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੇ ਕਿਸੇ ਵੀ ਆਮ ਸਿਰ ਦੀ ਮੰਗ ਨਹੀਂ ਕੀਤੀ, ਬਲਕਿ ਆਵਾਜ਼ ਦਿੱਤੀ ਕਿ ਮੈਨੂੰ ਜ਼ਰੂਰਤ ਆ ਪਈ ਹੈ। ਕੀ ਕੋਈ ਮੇਰਾ ਬਹੁਤ ਪਿਆਰਾ ਸਿੱਖ ਹੈ ਜੋ ਇਸੇ ਵੇਲੇ ਮੈਨੂੰ ਅਪਣਾ ਸੀਸ ਦੇ ਦੇਵੇ। ਇੱਥੇ ਗੁਰੂ ਜੀ ਨੇ ਕਿਸੇ ਸਿੱਖ ਦੇ ਸਿਰ ਦੀ ਮੰਗ ਕੀਤੀ। ਇਸੇ ਤਰ੍ਹਾਂ ਤੀਸਰੀ ਵਾਰ ਵੀ ਗੁਰੂ ਸਾਹਿਬ ਜੀ ਨੇ ਸਿੱਖ ਦੇ ਸਿਰ ਦੀ ਮੰਗ ਕੀਤੀ।ਯਾਨਿ ਕਿ ਵਾਰ ਵਾਰ ਸਿੱਖ ਦੇ ਸਿਰ ਦੀ ਮੰਗ ਕੀਤੀ ਸੀ। ਉਪਰੰਤ ਜਿਹੜਾ ਖਾਲਸਾ ਗੁਰੂ ਸਾਹਿਬ ਨੇ ਸਾਜਿਆ ਸੀ ਉਸਦਾ ਜ਼ਿਕਰ ਭਾਈ ਗੁਰਦਾਸ ਜੀ ਵਾਰ 41 ਵਿਚ ਕਰਦੇ ਹਨ।

ਇਤਿਹਾਸ ਗਵਾਹ ਹੈ ਕਿ ਬਾਅਦ ਵਿਚ ਘੱਲੂਘਾਰਿਆਂ ਵੇਲੇ ਵੀ ਕੇਸਾਂ ਵਾਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਹੀ ਅੱਸੀ ਅੱਸੀ ਰੁਪਏ ਪੈਂਦੇ ਸਨ। ਕਿਸੇ ਹੋਰ ਆਮ ਸਿਰ ਦੇ ਨਹੀਂ। ਬੰਦਾ ਬਹਾਦੁਰ ਦੇ ਨਾਂ ਨਾਲ ਜਿਨ੍ਹਾਂ ਸੱਤ ਸੌ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਸੀ ਉਨ੍ਹਾਂ ਦੇ ਨਾਲ ਨੇਜ਼ਿਆਂ ’ਤੇ ਸੈਂਕੜੇ ਸਿੱਖਾਂ ਦੇ ਸਿਰ ਟੰਗੇ ਸਨ ਅਤੇ ਉਨ੍ਹਾਂ ਦੇ ਕੇਸ ਖੋਲ੍ਹ ਕੇ ਪਿੱਛੇ ਕੀਤੇ ਹੋਏ ਸਨ। ਇਹ ਦੱਸਣ ਲਈ ਕਿ ਇਹ ਸਿੱਖਾਂ ਦੇ ਸਿਰ ਹਨ।

ਉਕਤ ਵਿਵਾਦਤ ਲੇਖ ਵਿਚ ਇਕ ਹੋਰ ਹਾਸੋ-ਹੀਣੀ ਗੱਲ ਲਿਖੀ ਗਈ ਹੈ, ਨਾਦਰਸ਼ਾਹ ਔਰ ਅਬਦਾਲੀ ਕੇ ਜੁਲਮੋਂ ਸੇ ਬਚਾਨੇ ਕੇ ਲਿਏ ਸਿਖੋਂ ਕੀ ਸਹਾਇਤਾ ਕੌਨ ਕਰਤਾ ਥਾ? ਇਹ ਤਾਂ ਸਾਰੇ ਦੇ ਸਾਰੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲੀ ਹਰਕਤ ਹੈ। ਨਾਦਰ ਦੇ ਹਮਲਿਆਂ ਬਾਰੇ ਉਸ ਸਮੇਂ ਮਸ਼ਹੂਰ ਲੋਕ ਅਖਾਣ ਸੀ, ਛਈ ਰੰਨ ਗਈ ਬਸਰੇ, ਮੋੜੀਂ ਮੋੜੀਂ ਭਾਈ ਕਛ ਵਾਲਿਆ। ਅਤੇ ਭਾਗੇ ਜਾ ਰਹੇ ਦੁੱਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਨਾਦਰ ਦਾ ਜ਼ਿਕਰ ਕੀਤਾ ਹੈ ਤਾਂ ਪੰਥ ਪ੍ਰਕਾਸ਼ ਵਿਚ ਉਸਦੇ ਹਵਾਲੇ ਨਾਲ ਲਿਖਿਆ ਹੈ ਕਿ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਿਆ ਕਿ ਸਿੱਖ ਸਭ ਤੋਂ ਵੱਧ ਕਿਹੜੀ ਗੱਲ ’ਤੇ ਖ਼ਫਾ ਹੁੰਦੇ ਹਨ। ਤਾਂ ਉਸ ਨੇ ਕਿਹਾ ਸੀ ਕਿ ਹਿੰਦੂ ਕਹੇ ਤੇ ਖਿਝਤ ਵਧੇਰਾ। ਮੁਗਲਾਂ, ਦੁੱਰਾਨੀਆਂ, ਰੰਘਣਾ, ਪਠਾਣਾ, ਪਹਾੜੀ ਹਿੰਦੂ ਰਾਜਿਆਂ ਨਾਲ ਹੱਕ ਅਤੇ ਇਨਸਾਫ਼ ਲਈ ਖਾਲਸੇ ਨੇ ਲੋਹਾ ਲਿਆ। ਅਗਰ ਇਹ ਨਾ ਹੁੰਦਾ ਤਾਂ ਭਾਈ ਸੰਤੋਖ ਸਿੰਘ ਜੀ ਇਹ ਨਾ ਲਿਖਦੇ,

ਪਰ ਇਹ ਕੁਰਬਾਨੀਆਂ ਸਿੱਖਾਂ ਨੇ ਕਿਸੇ ’ਤੇ ਅਹਿਸਾਨ ਲਈ ਨਹੀਂ ਕੀਤੀਆਂ। ਇਹ ਉਨ੍ਹਾਂ ਦਾ ਧਾਰਮਿਕ ਫ਼ਰਜ਼ ਅਤੇ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਹੀ ਬਰਕਤ ਸੀ ਕਿ ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਗਜ਼ਨੀ ਤੋਂ ਵਾਪਸ ਲਿਆਂਦੇ ਗਏ ਅਤੇ ਅਬਦਾਲੀ ਦੇ ਚੁੰਗਲ ’ਚੋਂ ਭਾਰਤ ਦੀ ਅਜ਼ਮਤ ਆਜ਼ਾਦ ਕਰਾ ਕੇ ਉਨ੍ਹਾਂ ਦੇ ਘਰੀਂ ਸੁਰੱਖਿਅਤ ਪਹੁੰਚਾਇਆ ਗਿਆ। ਧਾਰਮਿਕ ਤੌਰ ’ਤੇ ਵੀ ਵਿਚਾਰਿਆ ਜਾਏ ਤਾਂ ਸਾਰੀ ਮਾਨਵਤਾ ਦਾ ਮਾਲਕ, ਖਾਲਕ, ਸਿਰਜਣਹਾਰ ਕੇਵਲ ਇਕ ਹੀ ਹੈ ਜਿਸਨੂੰ ਕਿਸੇ ਨੇ ਵਸੁਧੇਵ ਕੁਟੰਬਕਮ ਅਤੇ ਕਿਸੇ ਨੇ ਰੱਬੁਲ ਆਲਮੀਨ ਕਹਿ ਦਿੱਤਾ।

ਇਸ ਲਈ ਮਸਲਾ ਕੇਵਲ ਲਿਖਣ, ਪੜ੍ਹਨ, ਬੋਲਣ ਅਤੇ ਪ੍ਰਚਾਰਨ ਦਾ ਨਹੀਂ ਬਲਕਿ ਮੰਨਣ ਅਤੇ ਮੰਨ ਕੇ ਅਮਲ ਕਰਨ ਦਾ ਹੈ। ਇਸ ਵਿਵਦਤ ਲੇਖ ਵਿਚ ਇਕ ਹੋਰ ਸੰਵਿਧਾਨਕ ਨੁਕਤੇ ਧਾਰਾ 25 ਦਾ ਜ਼ਿਕਰ ਕੀਤਾ ਗਿਆ ਹੈ। ਇਹ ਦੁਖਦੀ ਰਗ ਵਾਲੀ ਧਾਰਾ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਸਿੱਖਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਮੁਨਕਰ ਹੈ।

ਇਹ ਠੀਕ ਹੈ ਕਿ ਦੋ ਦਹਾਕੇ ਪਹਿਲਾਂ ਵਾਜਪਾਈ ਜੀ ਦੇ ਪ੍ਰਧਾਨ ਮੰਤਰੀ ਕਾਰਜਕਾਲ ਵਿਚ ਸਰਕਾਰ ਵਲੋਂ ਨਿਯੁਕਤ ਵੈਂਕਟਾਚਲੀਆ ਕਮਿਸ਼ਨ ਨੇ ਧਾਰਾ 25 ਵਿਚ ਸੋਧ ਦੀ ਸਿਫਾਰਿਸ਼ ਕੀਤੀ ਸੀ ਪਰ ਸਵਾਲ ਹੈ ਕਿ ਇਸ ਨਿਗੂਣੀ ਜਿਹੀ ਮੰਗ ਨੂੰ ਵੀ ਲਾਗੂ ਕਰਨ ਲਈ ਸਰਕਾਰ ਨੂੰ ਕਿਤਨੇ ਦਹਾਕੇ ਹੋਰ ਚਾਹੀਦੇ ਹਨ? ਕਾਰਨ ਸਪਸ਼ਟ ਹੈ ਕਿ ਸਿੱਖਾਂ ਨੂੰ ਧਾਰਮਿਕ ਅਤੇ ਕਾਨੂੰਨੀ ਤੌਰ ’ਤੇ ਆਜ਼ਾਦ ਨਹੀਂ ਹੋਣ ਦੇਣਾ।

ਇਸ ਵਿਵਾਦਤ ਲੇਖ ਵਿਚ ਵੱਡਾ ਦਾਅਵਾ ਕੀਤਾ ਗਿਆ ਹੈ ਕਿ, ਮੈਨੇ (ਤਰਲੋਚਨ ਸਿੰਘ) ਲਿਖਤੀ ਰੂਪ ਮੇਂ ਆਰ.ਐੱਸ.ਐੱਸ. ਸੇ ਬਯਾਨ ਲਿਯਾ ਥਾ ਕਿ ਸਿੱਖ ਏਕ ਅਲਗ ਧਰਮ ਹੈ ਤਥਾ ਵਹ ਉਸੇ ਮਾਨਤੇ ਹੈਂ। ਕਈ ਮੁਸਲਮਾਨ ਹਮੇਂ ਅਪਨਾ ਭਾਈ ਕਹਿਤੇ ਹੈਂ ਤੋਂ ਕਯਾ ਹਮ ਉਨਹੇਂ ਐਸਾ ਕਹਿਨੇ ਸੇ ਮਨਾ ਕਰ ਦੇਂ? ਜ਼ਬਾਨੀ ਕਲਾਮੀ ਤਾਂ ਠੀਕ ਹੈ। ਪਰ ਕੀ ਆਰ. ਐਸ. ਐਸ. ਵਲੋਂ ਐਸੀ ਕੋਈ ਲਿਖਤ ਹੈ? ਜੇ ਹੈ ਤਾਂ ਉਸਨੂੰ ਸਾਂਝੀ ਕਰਨ ਵਿਚ ਦਿੱਕਤ ਕੀ ਹੈ? ਬਾਵਜੂਦ ਇਸਦੇ ਸਵਾਲ ਇਹ ਹੈ ਕਿ ਕੀ ਇਸ ਲੇਖ ਦੇ ਲਿਖਾਰੀ ਨੂੰ ਸਾਵਰਕਰ ਅਤੇ ਹੋਰ ਹਮ-ਖਿਆਲ ਲਿਖਾਰੀਆਂ ਦੀਆਂ ਲਿਖਤਾਂ ਨਜ਼ਰ ਨਹੀਂ ਆਉਂਦੀਆਂ ਜਿਨ੍ਹਾਂ ਵਿਚ ਸਿੱਖਾਂ ਨੂੰ ਸਪੱਸ਼ਟ ਤੌਰ ’ਤੇ ਹਿੰਦੂ ਲਿਖਿਆ ਜਾਂਦਾ ਹੈ।

ਦੂਸਰੀ ਗੱਲ ਜੇਕਰ ਮੁਸਲਮਾਨ, ਹਿੰਦੂ, ਜੈਨੀ, ਬੋਧੀ, ਈਸਾਈ ਜਾਂ ਕੋਈ ਹੋਰ ਵੀ ਸਿੱਖਾਂ ਨੂੰ ਆਪਣਾ ਭਰਾ ਕਹਿੰਦੇ ਹਨ ਤਾਂ ਸਿੱਖਾਂ ਨੂੰ ਉਸ ’ਤੇ ਇਤਰਾਜ਼ ਕਿਉਂ ਹੋਏਗਾ। ਗੁਰੂ ਸਾਹਿਬਾਨ ਵਲੋਂ ਬਖਸ਼ੀ ਸਿੱਖਾਂ ਦੀ ਆਜ਼ਾਦ ਧਾਰਮਿਕ ਹਸਤੀ ਹੈ ਪਰ ਜੇਕਰ ਮੁਸਲਮਾਨ ਵੀ ਸਿੱਖਾਂ ਨੂੰ ਮੁਸਲਮਾਨ ਕਹਿਣਗੇ ਤਾਂ ਨਿਸਚਿਤ ਤੌਰ ’ਤੇ ਇਸ ’ਤੇ ਇਤਰਾਜ਼ ਹੋਏਗਾ।

ਅੰਤ ਵਿਚ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਕਥਨ ਬਹੁਤ ਹੀ ਮਾਕੂਲ ਹੈ ਕਿ ਹਿੰਦੂ ਅਤੇ ਸਿੱਖ ਗਾਂ ਅਤੇ ਮੱਝ ਦੀ ਨਿਆਈਂ ਕਿੱਲੇ ਨਾਲ ਬੱਧੀਆਂ ਹੋਈਆਂ ਇਕੋ ਖੁਰਲੀ ਵਿਚੋਂ ਪੱਠੇ ਖਾਈ ਜਾਣ। ਜੇਕਰ ਇਹ ਇਸ ਬਹਿਸ ਵਿਚ ਪੈ ਜਾਣ ਕਿ ਮੱਝ ਗਾਂ ਕਿਉਂ ਨਹੀਂ ਅਤੇ ਗਾਂ ਕਿਉਂ ਗਾਂ ਹੈ, ਤਾਂ ਸ਼ਾਇਦ ਖੁਰਲੀ ਹੀ ਨਾ ਸਾਹਮਣਿਓਂ ਚੁੱਕੀ ਜਾਏ।

ਗੁਰਚਰਨਜੀਤ ਸਿੰਘ ਲਾਂਬਾ

Harnek Seechewal

This news is Content Editor Harnek Seechewal