ਪਾਣੀ ’ਚ ਡੁੱਬ ਰਹੇ ਸਾਹ, ਚੁੱਕਣੇ ਪੈਣਗੇ ਕਦਮ

08/05/2023 2:19:14 PM

ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਦੇਵਾਸ ’ਚ ਡੁੱਬ ਰਹੇ ਇਕ ਵਿਅਕਤੀ ਨੂੰ ਬਚਾਉਣ ਲਈ ਇੰਸਪੈਕਟਰ ਰਾਜਾਰਾਮ ਵਾਸਕਲੇ ਦੀ ਵੀ ਜਾਨ ਚਲੀ ਗਈ। ਬੀਤੇ ਹਫਤੇ ਹੀ ਉੱਤਰ ਪ੍ਰਦੇਸ਼ ਦੀ ਉੱਨਾਵ ਨਦੀ ’ਚ ਨਹਾਉਣ ਗਏ ਦੋ ਦੋਸਤ ਤੇਜ਼ ਵਹਾਅ ਦੀ ਲਪੇਟ ’ਚ ਆ ਗਏ। ਜੁਲਾਈ ਮਹੀਨੇ ’ਚ ਹੀ ਬਿਹਾਰ ਦੇ ਭੋਜਪੁਰ ਸਥਿਤ ਸੀਹਾਨ ਪਿੰਡ ’ਚ ਨਦੀ ’ਚ ਡੁੱਬਣ ਨਾਲ ਜਾਨ ਗਵਾਉਣ ਵਾਲੇ ਦੋ ਨੌਜਵਾਨਾਂ ਦੇ ਘਰ ’ਚ ਸੋਗ ਪਿਆ ਹੋਇਆ ਹੈ।

ਉੱਤਰਾਖੰਡ ਦੇ ਦੇਵਪ੍ਰਯਾਗ ’ਚ ਝੀਲ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਜੀਵਨਲੀਲਾ ਖਤਮ ਹੋ ਗਈ। ਬੈਂਗਲੁਰੂ ਦੀ ਰਾਮਨਾਥਪੁਰਾ ਝੀਲ ’ਚ ਜ਼ਰਾ ਜਿੰਨੀ ਲਾਪ੍ਰਵਾਹੀ ਨਾਲ ਚਾਰ ਦੋਸਤਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਮਹੀਨੇ ਭਰ ਤੋਂ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਇਹ ਚੰਦ ਘਟਨਾਵਾਂ ਹਨ।

ਦੇਸ਼ ’ਚ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਡੁੱਬਣ ਨਾਲ ਸਾਹਾਂ ਦੇ ਰੁਕਣ ਦੀਆਂ ਖਬਰਾਂ ਨਾ ਮਿਲਦੀਆਂ ਹੋਣ। ਨਦੀਆਂ, ਨਾਲਿਆਂ ਤਲਾਬਾਂ ਅਤੇ ਝੀਲਾਂ ’ਚੋਂ ਆਏ ਦਿਨ ਲਾਸ਼ਾਂ ਬਰਾਮਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹਾਦਸਿਆਂ ’ਚ ਇਨਸਾਨੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ। ਮਰਨ ਵਾਲਿਆਂ ’ਚ ਨੌਜਵਾਨ ਅਤੇ ਬੱਚੇ ਸਭ ਤੋਂ ਵੱਧ ਹੁੰਦੇ ਹਨ।

ਵਿਸ਼ਵ ਸਿਹਤ ਸੰਗਠਨ- ਡਬਲਿਊ. ਐੱਚ. ਓ. ਦੀ ਇਕ ਰਿਪੋਰਟ ਅਨੁਸਾਰ ਡੁੱਬਣ ਕਾਰਨ ਦੁਨੀਆ ਭਰ ’ਚ ਸਾਲਾਨਾ ਪੌਣੇ 4 ਲੱਖ ਲੋਕਾਂ ਦੀ ਜਾਨ ਜਾਂਦੀ ਹੈ। ਡਬਲਿਊ. ਐੱਚ. ਓ. ਦਾ ਇਹ ਵੀ ਮੰਨਣਾ ਹੈ ਕਿ ਡੁੱਬਣ ਨਾਲ ਜੁੜੇ ਜ਼ਿਆਦਾਤਰ ਪੀੜਤ ਹਸਪਤਾਲ ਵੀ ਨਹੀਂ ਪੁੱਜਦੇ। ਅਜਿਹੇ ’ਚ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਹੈ। ਦੇਸ਼ ’ਚ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਜਾਂ ਮਨੁੱਖ ਵੱਲੋਂ ਪੈਦਾ ਕੀਤੀ ਬਿਪਤਾ ਦੇ ਮੁਕਾਬਲੇ ਇਹ ਭਿਆਨਕ ਸ਼ਕਲ ਲੈ ਚੁੱਕੀ ਹੈ।

ਸੂਬਿਆਂ ਤੋਂ ਮਿਲਣ ਵਾਲੇ ਅੰਕੜੇ ਇਸ ਦੀ ਤਸਦੀਕ ਕਰਦੇ ਹਨ। ਬਿਹਾਰ ’ਚ 2021 ’ਚ 1200 ਤੋਂ ਵੱਧ ਮੌਤਾਂ ਡੁੱਬਣ ਨਾਲ ਹੋਈਆਂ। ਪਿਛਲੇ ਸਾਲ ਓਡਿਸ਼ਾ ’ਚ 1476 ਲੋਕਾਂ ਨੂੰ ਜਾਨ ਗਵਾਉਣੀ ਪਈ। ਮਾਲੀਆ ਅਤੇ ਬਿਪਤਾ ਪ੍ਰਬੰਧਨ ਦੀ ਸਥਾਈ ਕਮੇਟੀ ਨੇ ਦੱਸਿਆ ਹੈ ਕਿ ਕਿਸੇ ਵੀ ਕੁਦਰਤੀ ਬਿਪਤਾ ਦੇ ਮੁਕਾਬਲੇ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ’ਚ ਵਾਧਾ ਹੋਇਆ ਹੈ।

ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਸੂਬਾਈ ਆਫਤਾਂ ਦੀ ਸ਼੍ਰੇਣੀ ’ਚ ਰੱਖਿਆ ਹੈ। ਪੇਂਡੂ ਇਲਾਕਿਆਂ ’ਚ ਨਦੀਆਂ, ਝੀਲਾਂ, ਖੂਹਾਂ ਅਤੇ ਘਰੇਲੂ ਜਲ ਭੰਡਾਰਾਂ ’ਚ ਸਭ ਤੋਂ ਵੱਧ ਅਜਿਹੇ ਹਾਦਸੇ ਹੁੰਦੇ ਹਨ।

ਸਟੰਟ ਅਤੇ ਲਾਪ੍ਰਵਾਹੀ ਬਣ ਰਹੀ ਜਾਨਲੇਵਾ : ਵਿਸ਼ਵ ਸਿਹਤ ਸੰਗਠਨ ਨੇ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਬੱਚਿਆਂ ਦੀ ਮੌਤ ਦੇ 10 ਵੱਡੇ ਕਾਰਨਾਂ ’ਚੋਂ ਇਕ ਮੰਨਿਆ ਹੈ। ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਸਭ ਤੋਂ ਜ਼ਿਆਦਾ 5 ਤੋਂ 14 ਸਾਲ ਦੇ ਬੱਚੇ ਹੁੰਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਹਾਦਸਿਆਂ ਪਿੱਛੇ ਲਾਪ੍ਰਵਾਹੀ ਸਭ ਤੋਂ ਵੱਡੀ ਵਜ੍ਹਾ ਹੁੰਦੀ ਹੈ। ਬੱਚੇ ਤੈਰਾਕੀ, ਮੌਜ-ਮਸਤੀ ਅਤੇ ਸਟੰਟ ਦੇ ਚੱਕਰ ’ਚ ਤੇਜ਼ ਵਹਾਅ ’ਚ ਚਲੇ ਜਾਂਦੇ ਹਨ। ਬਰਸਾਤ ਦੇ ਦਿਨਾਂ ’ਚ ਅਜਿਹੇ ਹਾਦਸੇ ਹੋਰ ਜ਼ਿਆਦਾ ਵਧ ਜਾਂਦੇ ਹਨ ਕਿਉਂਕਿ ਮਾਨਸੂਨ ਕਾਰਨ ਨਦੀਆਂ-ਨਾਲੇ ਚੜ੍ਹੇ ਹੋਏ ਹੁੰਦੇ ਹਨ।

ਪੇਂਡੂ ਇਲਾਕਿਆਂ ’ਚ ਸਥਿਤ ਵਾਟਰ ਬਾਡੀਜ਼ ਕੋਲ ਅਹਿਤਿਆਤ ਅਤੇ ਸੁਰੱਖਿਆ ਦੇ ਆਮ ਤੌਰ ’ਤੇ ਕੋਈ ਉਪਾਅ ਨਹੀਂ ਹੁੰਦੇ। ਸਥਾਨਕ ਪੁਲਸ ਅਤੇ ਪੰਚਾਇਤਾਂ ਜਾਗਰੂਕਤਾ ਦੇ ਮੋਰਚੇ ’ਤੇ ਬਿਲਕੁਲ ਗੰਭੀਰ ਨਹੀਂ ਹੁੰਦੀਆਂ ਹਾਲਾਂਕਿ ਇਸ ਪਿੱਛੇ ਮਾਨਵੀ ਸਰੋਤਾਂ ਦੀ ਕਮੀ ਵੀ ਵੱਡੀ ਚੁਣੌਤੀ ਹੈ।

ਅਜਿਹੀਆਂ ਘਟਨਾਵਾਂ ’ਚ ਅਕਸਰ ਦੇਖਣ ’ਚ ਆਉਂਦਾ ਹੈ ਕਿ ਮਦਦ ਲਈ ਅੱਗੇ ਆਉਣ ਵਾਲੇ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲ ਰਾਹਤ ਕਾਰਜਾਂ ਨਾਲ ਜੁੜਿਆ ਹੁਨਰ ਨਹੀਂ ਹੁੰਦਾ। ਜਦ ਤੱਕ ਸਥਾਨਕ ਪੁਲਸ ਅਤੇ ਅਮਲਾ ਪੁੱਜਦਾ ਹੈ ਤਦ ਤੱਕ ਕਾਫੀ ਦੇਰ ਹੋ ਜਾਂਦੀ ਹੈ। ਬੇੜੀ ’ਚ ਲੋੜ ਤੋਂ ਜ਼ਿਆਦਾ ਸਵਾਰੀਆਂ ਭਰਨ ਅਤੇ ਲਾਪ੍ਰਵਾਹੀ ਨਾਲ ਚਲਾਉਣ ਨਾਲ ਵੀ ਕਈ ਵਾਰ ਵੱਡੇ ਹਾਦਸੇ ਹੁੰਦੇ ਹਨ। ਡੁੱਬਣ ਦੀਆਂ ਘਟਨਾਵਾਂ ’ਚ ਸਭ ਤੋਂ ਪਹਿਲਾਂ ਸਥਾਨਕ ਪੁਲਸ ਅਤੇ ਮਾਲੀਆ ਅਮਲਾ ਮਦਦ ਲਈ ਅੱਗੇ ਆਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿੱਖਿਅਤ ਕਰਨਾ ਹੋਵੇਗਾ।

ਬਚਾਅ ਦੇ ਉਪਾਅ : ਪਾਣੀ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਨਦੀਆਂ, ਤਲਾਬਾਂ, ਝੀਲਾਂ ਅਤੇ ਹੋਰ ਵਾਟਰ ਬਾਡੀਜ਼ ’ਚ ਪੱਕੇ ਘਾਟ ਅਤੇ ਬੈਰੀਅਰ ਬਣਾਏ ਜਾਣ। ਨਹਿਰ ਅਤੇ ਝੀਲ ਦੇ ਕਿਨਾਰੇ ਫੈਂਸਿੰਗ ਲਾਜ਼ਮੀ ਤੌਰ ’ਤੇ ਹੋਣੀ ਚਾਹੀਦੀ ਹੈ। ਜਲ ਪ੍ਰਬੰਧਨ ਕੋਲ ਖਤਰੇ ਨਾਲ ਜੁੜੀਆਂ ਸੂਚਨਾਵਾਂ ਸੌਖੇ ਸ਼ਬਦਾਂ ’ਚ ਸਥਾਨਕ ਭਾਸ਼ਾ ’ਚ ਲਿਖੀਆਂ ਹੋਣ। ਕਈ ਵਾਰ ਹਾਦਸੇ ਮੌਕੇ ਸਥਾਨਕ ਪੁਲਸ ਅਤੇ ਰਾਹਤ ਦਲ ਦਾ ਨੰਬਰ ਨਾ ਹੋਣ ਕਾਰਨ ਸਮੇਂ ਸਿਰ ਮਦਦ ਨਹੀਂ ਮਿਲਦੀ।

ਸਕੂਲ ਅਤੇ ਸਥਾਨਕ ਕਾਲਜਾਂ ਨੂੰ ਆਫਤ ਪ੍ਰਬੰਧਨ ਪ੍ਰੋਗਰਾਮ ਨਾਲ ਜੋੜ ਕੇ ਅਜਿਹੇ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਘੱਟ ਕੀਤੀ ਜਾ ਸਕਦੀ ਹੈ। ਖਾਸ ਤੌਰ ’ਤੇ ਐੱਨ. ਸੀ. ਸੀ. ਵਰਗੇ ਟ੍ਰੇਨਿੰਗ ਪ੍ਰੋਗਰਾਮ ਇਸ ’ਚ ਕਾਫੀ ਮਦਦਗਾਰ ਹੋਣਗੇ। ਸਥਾਨਕ ਪੁਲਸ ਅਤੇ ਪੰਚਾਇਤਾਂ ਨੂੰ ਆਫਤ ਪ੍ਰਬੰਧਨ ਲਈ ਪਰਸਨਲ ਫਲੋਟੇਸ਼ਨ ਡਿਵਾਈਸ (ਨਿੱਜੀ ਬੇੜੀਆਂ ਆਦਿ), ਲਾਈਫ ਜੈਕੇਟ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਕੌਮੀ ਪੱਧਰ ’ਤੇ ਇਕ ਵਾਟਰ ਸੇਫਟੀ ਪਲਾਨ ਹੋਣਾ ਚਾਹੀਦਾ ਹੈ।

ਆਫਤ ਪ੍ਰਬੰਧਨ ਨੂੰ ਸਿਰਫ ਸਰਕਾਰ ਅਤੇ ਉਸਦੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਮੰਨਣ ਦੀ ਪ੍ਰਵਿਰਤੀ ’ਚੋਂ ਬਾਹਰ ਆਉਣਾ ਪਵੇਗਾ। ਐੱਨ. ਜੀ. ਓ. ਅਤੇ ਪ੍ਰਾਈਵੇਟ ਸੈਕਟਰ ਨੂੰ ਸੀ. ਐੱਸ. ਆਰ.ਪ੍ਰੋਗਰਾਮਾਂ ਲਈ ਇਹ ਇਕ ਅਹਿਮ ਕਾਰਜ ਖੇਤਰ ਸਾਬਿਤ ਹੋ ਸਕਦਾ ਹੈ।

ਬੰਗਲਾਦੇਸ਼, ਥਾਈਲੈਂਡ ਅਤੇ ਵੀਅਤਨਾਮ ਨੇ ਅਜਿਹੇ ਹਾਦਸਿਆਂ ’ਤੇ ਰੋਕ ਲਾਉਣ ਲਈ ਪੇਂਡੂ ਇਲਾਕਿਆਂ ’ਚ ਘੱਟੋ-ਘੱਟ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਿਉਂਕਿ ਇਸ ਤਰ੍ਹਾਂ ਦੇ ਹਾਦਸੇ ਸਭ ਤੋਂ ਵੱਧ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਹੁੰਦੇ ਹਨ, ਅਜਿਹੇ ’ਚ ਯੂਨੀਸੇਫ ਅਤੇ ਡਬਲਿਊ. ਐੱਚ. ਓ. ਵਰਗੀਆਂ ਸੰਸਥਾਵਾਂ ਡੁੱਬਦੇ ਬਚਪਨ ਨੂੰ ਬਚਾਉਣ ਲਈ ਇਸ ਖੇਤਰ ’ਚ ਅੰਤਰਰਾਸ਼ਟਰੀ ਪਹਿਲ ਨੂੰ ਮਜ਼ਬੂਤੀ ਦੇ ਸਕਦੀਆਂ ਹਨ।

ਅਰਵਿੰਦ ਮਿਸ਼ਰਾ

Rakesh

This news is Content Editor Rakesh