ਟਰੰਪ ਦਹਿਸ਼ਤਗਰਦੀ ਵਿਰੁੱਧ ਰੂਸੀ ਸਹਿਯੋਗ ਦੇ ਪੱਖ ''ਚ

01/19/2017 1:52:55 AM

ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਡੋਨਾਲਡ ਟਰੰਪ ਨੂੰ ਜਿੱਤ ਦਿਵਾਉਣ ਵਾਲੇ ਅਮਰੀਕੀ ਚੋਣ ਨੂੰ ਰੂਸੀਆਂ ਵਲੋਂ ਹੈਕ ਕਰਨ ਦੇ ਕਥਿਤ ਯਤਨਾਂ ਨੂੰ ਲੈ ਕੇ ਸਮੁੱਚਾ ਅਮਰੀਕੀ ਸੱਤਾਤੰਤਰ (ਜਿਸ ''ਚ ਜਾਸੂਸੀ ਏਜੰਸੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ) ਇੰਨੀ ਦੁਹਾਈ ਕਿਉਂ ਮਚਾ ਰਿਹਾ ਹੈ? ਸੀ. ਆਈ. ਏ. ਜ਼ਰੂਰ ਹੀ ਸੁਸਤ ਲੋਕਾਂ ਦਾ ਜਮਾਵੜਾ ਮੰਨੀ ਜਾਵੇਗੀ, ਜੇਕਰ ਇਹ ਮਾਸਕੋ, ਪੇਈਚਿੰਗ ਜਾਂ ਦੁਨੀਆ ਦੇ ਹੋਰ ਕਿਸੇ ਸਥਾਨ ''ਚ ਹੈਕਿੰਗ ਨਹੀਂ ਕਰ ਸਕਦੀ।
23 ਦਸੰਬਰ ਨੂੰ ਵਾਸ਼ਿੰਗਟਨ ਪੋਸਟ ''ਚ ਪ੍ਰਕਾਸ਼ਿਤ ਲਿੰਡਸੇ ਏ. ਰੂਰਕ ਦੀ ਇਕ ਰਿਪੋਰਟ ''ਚ ਦੱਸਿਆ ਗਿਆ ਸੀ ਕਿ ਠੰਡੀ ਜੰਗ ਦੇ ਦੌਰ ''ਚ ਅਮਰੀਕਾ ਨੇ 72 ਵਾਰ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਬਦਲਣ ਦਾ ਯਤਨ ਕੀਤਾ ਸੀ। ਇਕ ਪੱਤਰ ਦੇ ਰੂਪ ''ਚ ਮੈਂ ਸਰਕਾਰਾਂ ਨੂੰ ਬਦਲਣ, ਪਲਟਾਉਣ ਜਾਂ ਨੇਤਾਵਾਂ ਦੀਆਂ ਹੱਤਿਆਵਾਂ ਦੇ ਯਤਨਾਂ ਦਾ ਗਵਾਹ ਰਹਿ ਚੁੱਕਾ ਹਾਂ। ਰੋਨਾਲਡ ਰੀਗਨ ਨੇ 1986 ''ਚ ਲੀਬੀਆ ਦੇ ਤ੍ਰਿਪੋਲੀ ਅਤੇ ਬਿਨਗਾਜ਼ੀ ਸ਼ਹਿਰਾਂ ''ਤੇ ਬੰਬਾਰੀ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਗੱਦਾਫੀ ਦੀ 6 ਮਹੀਨਿਆਂ ਦੀ ਬੇਟੀ ਦੀ ਮੌਤ ਹੋ ਗਈ ਸੀ ਅਤੇ ਖੁਦ ਗੱਦਾਫੀ ਮੁਸ਼ਕਿਲ ਨਾਲ ਬਚ ਕੇ ਨਿਕਲ ਸਕਿਆ ਸੀ। ਇਸ ਘਟਨਾ ਨਾਲ ਸਾਡੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਇੰਨੇ ਦੁਖੀ ਹੋਏ ਸਨ ਕਿ ਉਨ੍ਹਾਂ ਨੇ ਲੀਬੀਆਈ ਨੇਤਾ ਦੀ ਹਿੰਮਤ ਵਧਾਉਣ ਲਈ ਗੁੱਟ-ਨਿਰਲੇਪ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਵਫਦ ਉਥੇ ਭਿਜਵਾਉਣ ਦਾ ਜੁਗਾੜ ਕੀਤਾ ਸੀ।
ਭਾਰਤ ਦੇ ਇਸ ਕਦਮ ਨਾਲ ਰੀਗਨ ਦੀ ਸਰਕਾਰ ਬਿਲਕੁਲ ਹੀ ਖੁਸ਼ ਨਹੀਂ ਹੋਈ ਸੀ। ਅਮਰੀਕਾ ''ਚ ਭਾਰਤ ਦਾ ਇਕ ਵਿਸ਼ੇਸ਼ ਰਾਜਦੂਤ ਸਿਰਫ ਇਸ ਲਈ ਬਹੁਤ ਸ਼ਕਤੀਸ਼ਾਲੀ ਬਣ ਗਿਆ ਸੀ ਕਿਉਂਕਿ ਉਸ ਦੀ ਰੀਗਨ ਪ੍ਰਸ਼ਾਸਨ ਦੇ ਪੂੰਜੀਵਤ ਅਧਿਕਾਰੀਆਂ ਤਕ ਸਿੱਧੀ ਪਹੁੰਚ ਸੀ। ਇਸ ਅਨਮੋਲ ਉਪਲੱਬਧੀ ਨੂੰ ਸੰਭਾਲੀ ਰੱਖਣ ਲਈ ਹੀ ਰਾਜੀਵ ਗਾਂਧੀ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਗਿਆ ਸੀ ਕਿ ਉਹ ਆਪਣੇ ਵਿਦੇਸ਼ ਮੰਤਰੀ ਬਲਿਰਾਮ ਭਗਤ ਨੂੰ ਬਰਖਾਸਤ ਕਰ ਦੇਣ। ਸਵਾਲ ਪੈਦਾ ਹੁੰਦਾ ਹੈ ਕਿ ਬਲਿਰਾਮ ਭਗਤ ਦਾ ਦੋਸ਼ ਕੀ ਸੀ? ਉਨ੍ਹਾਂ ਦਾ ਦੋਸ਼ ਸਿਰਫ ਇੰਨਾ ਸੀ ਕਿ ਰਾਜੀਵ ਦੇ ਕਹਿਣ ''ਤੇ ਉਨ੍ਹਾਂ ਨੇ ਹੀ ਤ੍ਰਿਪੋਲੀ ਜਾਣ ਵਾਲੇ ਵਫਦ ਦੀ ਅਗਵਾਈ ਕੀਤੀ ਸੀ।
1987 ''ਚ ਨਿਕਾਰਾਗੁਆ ਦੀ ਰਾਜਧਾਨੀ ਮਾਨਾਗੁਆ ''ਚ ਕਾਰਡੀਨਲ ਓਵਾਂਦੋ ਬ੍ਰਾਵੋ ਮੈਨੂੰ ਸ਼ਹਿਰ ਦੇ ਐਨ ਵਿਚਕਾਰ ਸਥਿਤ ਮਾਂ ਮਰੀਅਮ ਦੀ ਉਹ ਮੂਰਤੀ ਦਿਖਾਉਣ ਲਈ ਲੈ ਗਏ ਸਨ, ਜਿਸ ਬਾਰੇ ਚਰਚਾ ਸੀ ਕਿ ਡੇਨੀਅਲ ਓਰਤੇਗਾ ਦੀ ਅਗਵਾਈ ''ਚ ਖੱਬੇਪੱਖੀ ਸੈਂਡਿਨਿਸਤਾ ਸਰਕਾਰ ਬਣਨ ਦੇ ਦਿਨ ਤੋਂ ਉਨ੍ਹਾਂ ਦੇ ਹੰਝੂ ਵਹਿਣੇ ਬੰਦ ਨਹੀਂ ਹੋਏ। ਮਰੀਅਮ ਦੇ ਹੰਝੂ ਅਜਾਈਂ ਨਹੀਂ ਗਏ। ਭਗਵਾਨ ਖੁਦ ਅਮਰੀਕਾ ਰਾਹੀਂ ਜਾਂ ਇੰਝ ਕਹਿ ਲਓ ਕਿ ਅਮਰੀਕਾ ਦੇ ਰੂਪ ''ਚ ਕੰਮ ਕਰ ਰਿਹਾ ਸੀ। ਉਹ ਸੈਂਡਿਨਿਸਤਾ ਵਿਰੋਧੀ ''ਕੋਂਤਰਾ'' ਬਾਗੀਆਂ ਨੂੰ ਹਥਿਆਰਾਂ ਅਤੇ ਪੈਸੇ ਨਾਲ ਲੈਸ ਕਰ ਰਿਹਾ ਸੀ। ਭਗਵਾਨ ਦੀ ਮਹਿਮਾ ਭਗਵਾਨ ਹੀ ਜਾਣੇ। ਕੋਂਤਰਾ ਬਾਗੀਆਂ ਦੀ ਸਹਾਇਤਾ ਲਈ ਪੈਸਾ ਈਰਾਨ ਦੇ ਇਕ ਗੁਪਤ ਫੰਡ ''ਚੋਂ ਆ ਰਿਹਾ ਸੀ। ਇਸ ਗੈਰ-ਸਾਧਾਰਨ ''ਪਰਉਪਕਾਰ'' ਲਈ ਇਸ ਫੰਡ ਦੇ ਸੰਚਾਲਕ ਅਮਰੀਕਾ ਤੋਂ ਹਥਿਆਰ ਹਾਸਿਲ ਕਰ ਰਹੇ ਸਨ। ਵਰਣਨਯੋਗ ਹੈ ਕਿ ਇਹ ਉਹੀ ਈਰਾਨ ਸੀ, ਜਿਸ ਨੂੰ ਦੁਨੀਆ ਸਾਹਮਣੇ ਅਮਰੀਕਾ ਅਤੇ ਸੀ. ਆਈ. ਏ. ਸ਼ੈਤਾਨ ਦੇ ਅਵਤਾਰ ਦੇ ਰੂਪ ''ਚ ਪੇਸ਼ ਕਰਦੇ ਰਹੇ ਹਨ।
ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਉਦਾਹਰਣ ਤਾਂ ਠੰਡੀ ਜੰਗ ਦੇ ਜ਼ਮਾਨੇ ਨਾਲ ਸੰਬੰਧਤ ਰੱਖਦੀ ਹੈ। ਠੀਕ ਹੈ, ਅਜਿਹੇ ਲੋਕਾਂ  ਦੀ ਗੱਲ ਮੰਨ ਲੈਂਦੇ ਹਾਂ ਅਤੇ ਹੁਣ ਮੈਂ ਅਫਗਾਨਿਸਤਾਨ, ਇਰਾਕ, ਸੀਰੀਆ, ਲੀਬੀਆ ਦੀਆਂ ਉਦਾਹਰਣਾਂ ਦਿੰਦਾ ਹਾਂ, ਜਿਨ੍ਹਾਂ ਨੇ ਸਪੱਸ਼ਟ ਤੌਰ ''ਤੇ ਠੰਡੀ ਜੰਗ ਤੋਂ ਬਾਅਦ ਅਮਰੀਕੀ ਦਖਲਅੰਦਾਜ਼ੀ ਦਾ ਸੰਤਾਪ ਭੋਗਿਆ ਹੈ। ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਇਸਲਾਮਪ੍ਰਸਤ ਮੁਜਾਹਿਦੀਨਾਂ ਦੀ ਸਿਰਜਣਾ ਦੇ ਸਿੱਟੇ ਵਜੋਂ ਹੀ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ ਖਾਲੀ ਕਰਨ ''ਤੇ ਮਜਬੂਰ ਹੋਣਾ ਪਿਆ ਸੀ ਪਰ ਅਫਗਾਨ ਰਾਸ਼ਟਰ ਦੀ ਕੀਮਤ ''ਤੇ ਹੀ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਲਿੰਡਨ ਜਾਨਸਨ ਅਤੇ ਜਿੰਮੀ ਕਾਰਟਰ ਦੇ ਸਲਾਹਕਾਰ ਰਹਿ ਚੁੱਕੇ ਬਰਜੇਜਿੰਸਕੀ ਇਸ ਸੱਚਾਈ ਨੂੰ ਸਹੀ ਪਰਿਪੇਖ ''ਚ ਪੇਸ਼ ਕਰਦੇ ਹੋਏ ਲਿਖਦੇ ਹਨ, ''''ਸਾਡਾ ਟੀਚਾ ਸੋਵੀਅਤ ਯੂਨੀਅਨ ਨੂੰ ਹਰਾਉਣਾ ਸੀ, ਨਾ ਕਿ ਇਸ ਬਾਰੇ ਚਿੰਤਾ ਕਰਨਾ ਕਿ ਭਵਿੱਖ ''ਚ ਮੁਸਲਿਮ ਕਿਹੜਾ ਰਸਤਾ ਅਪਣਾਉਣਗੇ।''''
ਅੱਜਕਲ ਜਿਸ ਤਰ੍ਹਾਂ ਅਮਰੀਕੀ ਖੁਫੀਆ ਭਾਈਚਾਰਾ ਖੁਦ ਨੂੰ ਚਕਰਾਇਆ ਹੋਇਆ ਦੇਖ ਰਿਹਾ ਹੈ, ਅਜਿਹੇ ''ਚ ਸ਼ਾਇਦ ਸੀਰੀਆਈ ਕਾਂਡ ਦਾ ਮੁੜ ਵਰਣਨ ਕਰਨਾ ਸਹੀ ਹੋਵੇਗਾ। ਮੈਂ ਤਾਂ ਪਹਿਲੇ ਦਿਨ ਤੋਂ ਇਸ ਕਾਂਡ ਦਾ ਗਵਾਹ ਰਿਹਾ ਹਾਂ।
ਮੈਂ ਦਮਿਸ਼ਕ ਦੇ ਸੈਮੀਰਾਮੀ ਹੋਟਲ ''ਚ ਅਰਬ ਮਾਹਿਰਾਂ ਦੇ ਇਕ ਗੁੱਟ ਨਾਲ ਠਹਿਰਿਆ ਹੋਇਆ ਸੀ। ਮੈਂ ਮੁਆਫੀ ਦੇ ਲਹਿਜੇ ਨਾਲ ਉਨ੍ਹਾਂ ਤੋਂ ਛੁੱਟੀ ਲੈ ਲਈ ਕਿਉਂਕਿ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸੀਨੀਅਰ ਸਲਾਹਕਾਰ ਬੁਥਾਨੀਆ ਸ਼ਾਬਨ ਨਾਲ ਮੇਰੀ ਮੁਲਾਕਾਤ ਦਾ ਸਮਾਂ ਹੋ ਗਿਆ ਸੀ। ਮੈਂ ਇਸ ਮੁਲਾਕਾਤ ਦੌਰਾਨ ਸ਼ਾਬਨ ਨੂੰ ਪਹਿਲਾ ਸਵਾਲ ਕੀਤਾ : ''''ਅਮਰੀਕੀ ਰਾਜਦੂਤ ਰਾਬਰਟ ਸਟੀਫਨ ਫੋਰਡ ਅਤੇ ਉਨ੍ਹਾਂ ਦੇ ਫਰਾਂਸੀਸੀ ਹਮ-ਅਹੁਦਾ ਜਨਤਕ ਤੌਰ ''ਤੇ ਹਾਮਾ, ਹਮਸ ਅਤੇ ਦੱਰਾ ਸ਼ਹਿਰਾਂ ''ਚ ਮੀਟਿੰਗਾਂ ਕਰ ਰਹੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?''''
ਆਪਣੀ ਗੱਲ ਸਪੱਸ਼ਟ ਸ਼ਬਦਾਂ ''ਚ ਪੇਸ਼ ਕਰਨ ਦੀ ਸਮਰੱਥਾ ਰੱਖਣ ਵਾਲੀ ਸ਼ਾਬਨ ਨੇ ਮੋਢੇ ਝਟਕਾਉਂਦੇ ਹੋਏ ਕਿਹਾ, ''''ਇਹ ਸਿਰਫ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਦੇਸ਼ ''ਚ ਕਿਸ ਹੱਦ ਤਕ ਘੁਸਪੈਠ ਹੋ ਚੁੱਕੀ ਹੈ।'''' ਇਹ ਸਭ ਨੂੰ ਪਤਾ ਹੀ ਹੈ ਕਿ ਰਾਬਰਟ ਸਟੀਫਨ ਫੋਰਡ ਉਸ ਸਮੇਂ ਹਿਲੇਰੀ ਕਲਿੰਟਨ ਦੇ ਬਹੁਤ ਹੀ ਪਸੰਦ ਦੇ ਰਾਜਦੂਤ ਸਨ, ਜਦੋਂ ਉਹ ਅਮਰੀਕਾ ਦੀ ਵਿਦੇਸ਼ ਮੰਤਰੀ ਸੀ।
ਉਸ ਸਮੇਂ ਅਰਬ ਜਗਤ ਦੇ ਵਿਸ਼ੇ ''ਚ ਸੀਨੀਅਰ ਵਿਸ਼ਲੇਸ਼ਕਾਂ ਵਿਚਾਲੇ ਲਿਓਨਲ ਪੈੱਕ ਵੀ ਮੌਜੂਦ ਸਨ, ਜੋ ਅਰਬ ਦੇਸ਼ਾਂ ''ਚ ਅਮਰੀਕਾ ਦੇ ਸਾਬਕਾ ਰਾਜਦੂਤ ਰਹਿ ਚੁੱਕੇ ਸਨ। ਸਟੀਫਨ ਫੋਰਡ ਦੇ ਵਿਵਹਾਰ ਦੇ ਵਿਸ਼ੇ ''ਚ ਉਨ੍ਹਾਂ ਨੇ ਆਪਣੀ ਨਿਰਾਸ਼ਾ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਪੱਤਰ ''ਚ ਜ਼ਾਹਿਰ ਕੀਤੀ ਸੀ, ਜੋ ਦਮਿਸ਼ਕ ''ਚ ਉਨ੍ਹਾਂ ਨਾਲ ਮੌਜੂਦ ਸਨ। ਸਟੀਫਨ ਫੋਰਡ ਅਤੇ ਉਨ੍ਹਾਂ ਵਰਗੇ ਲੋਕ ਜਿਸ ਤਰ੍ਹਾਂ ਦੀ ਕੂਟਨੀਤੀ ਕਰਦੇ ਸਨ, ਉਸ ਨਾਲ ਜਨਤਕ ਤੌਰ ''ਤੇ ਸੀ. ਆਈ. ਏ. ਦੇ ਕਾਰਿਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਪੈੱਕ ਨੇ ਆਪਣੇ ਪੱਤਰ ''ਚ ਕਿਹਾ ਸੀ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਅਮਰੀਕਾ ਵਲੋਂ ਆਪਣੇ ਰਾਜਦੂਤ ਫੋਰਡ ਦੀ ਰਵਾਇਤੀ ਅਤੇ ਉਚਿਤ ਭੂਮਿਕਾ ਦੀ ਉਲੰਘਣਾ ਕਰਨ ਲਈ ਪਿੱਠ ਥਾਪੜੀ ਜਾ ਰਹੀ ਹੈ ਅਤੇ ਜਿਸ ਤਰ੍ਹਾਂ ਉਹ ਖੁੱਲ੍ਹੇਆਮ, ਬਗਾਵਤ, ਇਨਕਲਾਬ, ਫਿਰਕੂ ਹਿੰਸਾ ਅਤੇ ਬਾਹਰੀ ਦਖਲਅੰਦਾਜ਼ੀ ਨੂੰ ਉਤਸ਼ਾਹਿਤ ਕਰਦੇ ਰਹੇ ਹਨ, ਉਹ ਕਿਸੇ ਨਾ ਕਿਸੇ ਰੂਪ ''ਚ ਅੱਜ ਵੀ ਜਾਰੀ ਹੈ।
ਜੇਕਰ ਕਿਸੇ ਵੀ ਹੋਰ ਦੇਸ਼ ਦਾ ਰਾਜਦੂਤ ਅਮਰੀਕਾ ''ਚ ਇਸ ਕਿਸਮ ਦੀਆਂ ਸਰਗਰਮੀਆਂ ਨਾਲ ਬਹੁਤ ਦੂਰ ਦਾ ਵੀ ਸੰਬੰਧ ਰੱਖਦਾ ਹੋਵੇ ਤਾਂ ਅਮਰੀਕਾ ਦੀ ਪ੍ਰਤੀਕਿਰਿਆ ਦੀ ਕਲਪਨਾ ਕਰੋ ਕਿ ਕਿਹੋ ਜਿਹੀ ਹੋਵੇਗੀ। ਪੈੱਕ ਨੇ ਤਾਂ ਇਥੋਂ ਤਕ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦਾ ਦੇਸ਼  ਸਿੱਧੇ ਤੌਰ ''ਤੇ ਘੁਮੰਡੀ ਪ੍ਰਦਰਸ਼ਨ ''ਤੇ ਉਤਰ ਆਇਆ ਹੈ। ਇਸ ''ਚ ਦੂਸਰਿਆਂ ਪ੍ਰਤੀ ਕਿਸੇ ਕਿਸਮ ਦੀ ਸੰਵੇਦਨਸ਼ੀਲਤਾ ਨਹੀਂ ਰਹਿ ਗਈ ਹੈ।
ਕੀ ਟਰੰਪ ਇਸ ਕਿਸਮ ਦੀਆਂ ਸਾਜ਼ਿਸ਼ਾਂ ਅਤੇ ਸ਼ਰਾਰਤਾਂ ਦੇ ਦੌਰ ਦਾ ਅੰਤ ਕਰਨਗੇ? ਉਂਝ ਤਾਂ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਮੀਡੀਆ, ਜਾਸੂਸੀ ਭਾਈਚਾਰਾ ਅਤੇ ਹਰ ਕਿਸਮ ਦੇ ਖੱਬੇਪੱਖੀ ਵਿਰੋਧੀ ਲੋਕਾਂ ਨੇ ਉਨ੍ਹਾਂ ਵਿਰੁੱਧ ਮੋਰਚਾ ਸੰਭਾਲਿਆ ਹੋਇਆ ਹੈ। ਇਹ ਲੋਕ ਟਰੰਪ ਦੇ ਨਾਲ ਜਿਸ ਤਰ੍ਹਾਂ ਪੇਸ਼ ਆ ਰਹੇ ਹਨ, ਅਸਲ ''ਚ ਉਹ ਬਲੈਕਮੇਲਿੰਗ ਤੋਂ ਇਲਾਵਾ ਕੁਝ ਨਹੀਂ। ਉਹ ਟਰੰਪ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕਰ ਰਹੇ ਹਨ ਕਿ ਜੇਕਰ ਉਹ ਵਲਾਦੀਮੀਰ ਪੁਤਿਨ ਨੂੰ ਆਪਣਾ ਜਾਨੀ ਦੁਸ਼ਮਣ ਮੰਨਣ ਵਾਲੀ ਮੌਜੂਦਾ ਅਮਰੀਕੀ ਨੀਤੀ ਤੋਂ ਜ਼ਰਾ ਵੀ ਇਧਰ-ਉਧਰ ਭਟਕੇ ਤਾਂ ਆਪਣੇ ਭਲੇ-ਬੁਰੇ ਲਈ ਖੁਦ ਹੀ ਜ਼ਿੰਮੇਵਾਰ ਹੋਣਗੇ।
ਹੁਣ ਤਕ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੇ ਜੋ ਨੀਤੀ ਅਪਣਾਈ ਹੈ, ਦੋਗਲੇਪਣ ਨਾਲ ਭਰੀ ਹੋਈ ਹੈ। ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਅਤੇ ਅਲ ਨੁਸਰਾ ਫਰੰਟ ਦੇ ਵਿਰੁੱਧ ਲੜੋ ਪਰ ਨਾਲ ਹੀ ਅਸਦ ਪ੍ਰਸ਼ਾਸਨ ਦੇ ਵਿਰੁੱਧ ਵੀ ਜੰਗ ਕਰੋ ਅਤੇ ਹੋਰ ਕੁਝ ਨਹੀਂ ਤਾਂ ਉਨ੍ਹਾਂ ਨੂੰ ਕਮਜ਼ੋਰ ਹੀ ਕਰ ਦਿਓ, ਜਦਕਿ ਰੂਸੀ ਨੀਤੀ ਇਸ ਤੋਂ ਵੱਧ ਸਪੱਸ਼ਟਤਾਵਾਦੀ ਅਤੇ ਫੈਸਲਾਕੁੰਨ ਹੈ।
ਟਰੰਪ ਵੀ ਇਸ ਮਾਮਲੇ ''ਚ ਬਿਲਕੁਲ ਸਪੱਸ਼ਟ ਹਨ ਅਤੇ ਚਾਹੁੰਦੇ ਹਨ ਕਿ ਅੱਤਵਾਦ ਨੂੰ ਹਰਾਉਣ ਲਈ ਰੂਸੀ ਸਹਿਯੋਗ ਲਿਆ ਜਾਵੇ। ਅਸਲ ''ਚ ਅਮਰੀਕੀ ਸਿਆਸੀ ਦ੍ਰਿਸ਼ ''ਤੇ ਟਰੰਪ ਦੇ ਉਦੈ ਨਾਲ ਜਾਸੂਸੀ ਭਾਈਚਾਰੇ ਦੀ ਪਕੜ ਸ਼ਾਇਦ ਕਾਫੀ ਕਮਜ਼ੋਰ ਹੋ ਜਾਵੇਗੀ। ਇਸੇ ਗੱਲ ਨੂੰ ਲੈ ਕੇ ਸੀ. ਆਈ. ਏ. ਵਰਗੀ ਇਸੇ ਚਿੰਤਾ ਨੂੰ ਲੈ ਕੇ ਪੱਛਮੀ ਏਜੰਸੀਆਂ ਚਕਰਾਈਆਂ ਹੋਈਆਂ ਹਨ।