ਹੇ ਰੱਬਾ! ਭਾਰਤ ਨੂੰ ਚੀਨ ਵਰਗਾ ਨਾ ਬਣਨ ਦੇਵੀਂ

05/29/2017 7:37:22 AM

ਪਿਛਲੇ ਹਫਤੇ ਮੈਂ ਚੀਨ ਵਿਚ ਸੀ। ਬਚਪਨ ''ਚ ਇਕ ਫਿਲਮ ਦੇਖੀ ਸੀ ''ਕੋਟਨੀਸ ਕੀ ਅਮਰ ਕਹਾਨੀ''। 1961-62 ਵਿਚ ਭਾਰਤ ਵਿਚ ''ਹਿੰਦੀ-ਚੀਨੀ ਭਾਈ-ਭਾਈ'' ਦੇ ਨਾਅਰੇ ਸੁਣੇ ਸਨ। ਫਿਰ ਚੀਨ ਦੇ ਹਮਲੇ ਤੋਂ ਬਾਅਦ ''ਹਕੀਕਤ'' ਫਿਲਮ ਦੇਖੀ ਤਾਂ ਫੌਜੀਆਂ ਦੇ ਹਾਲ ''ਤੇ ਬਹੁਤ ਦੁੱਖ ਹੋਇਆ। ਉਸ ਤੋਂ ਬਾਅਦ 1965 ਦੇ ਆਸ-ਪਾਸ ਸੰਗੀਤ ਨਾਟਕ ਅਕੈਡਮੀ ਦਾ ਇਕ ਨਾਟਕ ਵੇਖਿਆ ਸੀ ''ਨੇਫਾ ਕੀ ਏਕ ਸ਼ਾਮ'', ਜਿਸ ਦੀ ਹੀਰੋਇਨ ਇਕ ਚੀਨੀ ਔਰਤ ਸੀ। ਨੇਫਾ ਸਾਡੇ ਲੋਕਾਂ ਨੂੰ ਪ੍ਰੇਮ ਜਾਲ ''ਚ ਫਸਾ ਕੇ ਜਾਸੂਸੀ ਕਰ ਰਹੀ ਸੀ। ਇਸ ਸਭ ਤੋਂ ਵੱਖ ਇਤਿਹਾਸ ਦੀਆਂ ਕਿਤਾਬਾਂ ''ਚ ਚੀਨ ਦੀ ਗ੍ਰੇਟ ਵਾਲ ਅਤੇ ਚੀਨ ਦੇ ਕਮਿਊਨਿਸਟ ਇਨਕਲਾਬ ਬਾਰੇ ਵੀ ਪੜ੍ਹਿਆ ਸੀ। 
ਮਗਧ ਸਮਰਾਟ ਅਸ਼ੋਕ ਨੇ ਚੀਨ ਵਿਚ ਬੁੱਧ ਧਰਮ ਦੇ ਪ੍ਰਚਾਰ ਲਈ ਈਸਾ ਤੋਂ 300 ਸਾਲ ਪਹਿਲਾਂ ਜੋ ਸਫਲ ਯਤਨ ਕੀਤੇ, ਉਨ੍ਹਾਂ ਦੀ ਵੀ ਜਾਣਕਾਰੀ ਸੀ ਅਤੇ ਹਿਊਨਸਾਂਗ ਦੀ ਭਾਰਤ ਯਾਤਰਾ ਦਾ ਵੇਰਵਾ ਵੀ ਪੜ੍ਹਿਆ ਸੀ। ਪਿਛਲੇ 30 ਸਾਲਾਂ ''ਚ ਚੀਨ ਦੀ ਜੋ ਆਰਥਿਕ ਤਰੱਕੀ ਹੋਈ ਹੈ, ਉਸ ਦਾ ਗੁਣਗਾਨ ਤਾਂ ਸੁਣਦੇ ਹੀ ਆ ਰਹੇ ਹਾਂ। ਖ਼ੁਦ ਸਾਡੇ ਪ੍ਰਧਾਨ ਮੰਤਰੀ ਵੀ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇ ਹਨ ਅਤੇ ਪਿਛਲੇ ਸਾਲ 5 ਦਿਨ ਚੀਨ ''ਚ ਬਿਤਾ ਕੇ ਆਏ ਹਨ। ਚੀਨ ਦੇ ਬਾਜ਼ਾਰ ਸਸਤੇ ਅਤੇ ਜਲਦੀ ਖਰਾਬ ਹੋਣ ਵਾਲੇ ਚੀਨੀ ਮਾਲ ਨਾਲ ਭਰੇ ਪਏ ਹਨ, ਇਹ ਗੱਲ ਤੁਸੀਂ ਸਾਰੇ ਜਾਣਦੇ ਹੋ। ਕੁਲ ਮਿਲਾ ਕੇ ਬਚਪਨ ਤੋਂ ਚੀਨ ਦੇ ਵੱਖ-ਵੱਖ ਪ੍ਰਤੀਬਿੰਬ ਦਿਲੋ-ਦਿਮਾਗ ''ਤੇ ਛਾਏ ਹੋਏ ਸਨ ਪਰ ਉਮਰ ਦੇ 62 ਸਾਲਾਂ ''ਚ ਚੀਨ ਜਾਣ ਦਾ ਮੌਕਾ ਮਿਲਿਆ ਤਾਂ ਪਿਛਲੇ ਹਫਤੇ ਜੋ ਦੇਖਿਆ, ਉਸ ਦਾ ਇਕ ਮਿਲਿਆ-ਜੁਲਿਆ ਤਜਰਬਾ ਤੁਹਾਡੇ ਨਾਲ ਵੰਡ ਰਿਹਾ ਹਾਂ। 
ਲੋਕਤੰਤਰ ਦੀ ਮੰਗ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਤਿਨਾਨਮਿਨ ਚੌਕ ''ਚ ਬੇਦਰਦੀ ਨਾਲ ਪੈਟਨ ਟੈਂਕਾਂ ਨਾਲ ਭੁੰਨ ਦੇਣ ਵਾਲੇ ਚੀਨ ਦੇ ਹੁਕਮਰਾਨ ਕਿੰਨੇ ਘੱਟ ਸੰਦੇਵਨਸ਼ੀਲ ਹਨ ਕਿ ਉਨ੍ਹਾਂ ਨੇ ਬੀਜਿੰਗ ਅਤੇ ਸ਼ੰਘਾਈ ਤੋਂ ਲੱਗਭਗ ਸਾਰੇ ਵੱਡੇ ਬਜ਼ੁਰਗਾਂ ਨੂੰ ਖਦੇੜ ਕੇ ਬਾਹਰ ਕਰ ਦਿੱਤਾ ਹੈ, ਜਿਸ ਨਾਲ ਇਨ੍ਹਾਂ ਸ਼ਹਿਰਾਂ ''ਚ ਸੈਲਾਨੀਆਂ ਨੂੰ ਨੌਜਵਾਨ ਅਤੇ ਖੂਬਸੂਰਤ ਜੋੜੇ ਹੀ ਦਿਖਾਈ ਦੇਣ, ਜਿਸ ਕਾਰਨ ਚੀਨੀ ਲੋਕਾਂ ਦੇ ਵਿਵਹਾਰ ਵਿਚ ਆਮ ਤੌਰ ''ਤੇ ਕੋਈ ਗਰਮਜੋਸ਼ੀ ਨਹੀਂ ਹੈ। 
ਉਹ ਦੁਨੀਆ ਨੂੰ ਇਕ ਬਾਜ਼ਾਰ ਵਾਂਗ ਦੇਖਦੇ ਹਨ ਅਤੇ ਹਰ ਵਿਅਕਤੀ ਨੂੰ ਖਰੀਦਦਾਰ ਵਾਂਗ। ਬੀਜਿੰਗ ਅਤੇ ਸ਼ੰਘਾਈ ਵਰਗੇ ਸ਼ਹਿਰ ਆਧੁਨਿਕ ਖੂਬਸੂਰਤੀ, ਤਕਨੀਕੀ ਵਿਕਾਸ, ਚਕਾਚੌਂਧ ਅਤੇ ਸਫਾਈ ਵਿਚ ਦੁਨੀਆ ਦੇ ਮੋਹਰੀ ਸ਼ਹਿਰਾਂ ''ਚ ਹਨ। ਨਿਊਯਾਰਕ ਅਤੇ ਮਾਸਕੋ ਵੀ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਇਨ੍ਹਾਂ ਸ਼ਹਿਰਾਂ ਦੀ ਆਤਮਾ ਮਰ ਗਈ ਹੈ। ਚੀਨ ਦੀਆਂ ਸੱਭਿਆਚਾਰਕ ਰਵਾਇਤਾਂ ਖਤਮ ਹੋ ਗਈਆਂ ਹਨ। ਸਮਾਜ ਦਾ ਤਾਣਾ-ਬਾਣਾ ਖਿੰਡਰ-ਪੁੰਡਰ ਗਿਆ ਹੈ। ਹਰ ਇਕ ਮੀਟਰ ਦੀ ਦੂਰੀ ''ਤੇ ਲੱਗੇ ਕੈਮਰਿਆਂ ਨੇ ਵਿਅਕਤੀ ਦੀ ਆਜ਼ਾਦੀ ਨੂੰ ਖਤਮ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਇਨ੍ਹੀਂ ਦਿਨੀਂ ਵੱਡੇ ਸ਼ਹਿਰਾਂ ਵਿਚ ਤੁਹਾਨੂੰ ਲੱਭਣ ''ਤੇ ਵੀ ਕੋਈ ਪੁਲਸ ਵਾਲਾ ਦਿਖਾਈ ਨਹੀਂ ਦੇਵੇਗਾ, ਫਿਰ ਵੀ 2.5 ਕਰੋੜ ਦੀ ਆਬਾਦੀ ਵਾਲੇ ਸ਼ਹਿਰ ''ਚ ਅਪਰਾਧ ਜਾਂ ਅਵਿਵਸਥਾ ਦਾ ਨਾਮੋ-ਨਿਸ਼ਾਨ ਨਹੀਂ ਹੈ? ਸੁਣ ਕੇ ਲੱਗੇਗਾ ਕਿ ਵਾਹ! ਇਹ ਤਾਂ ਰਾਮਰਾਜ ਹੈ ਪਰ ਅਸਲੀਅਤ ਇਹ ਹੈ ਕਿ ਹਰ ਆਦਮੀ ਅਦ੍ਰਿਸ਼ ਪੁਲਸ ਦੀ ਦਹਿਸ਼ਤ ਦੇ ਪਰਛਾਵੇਂ ''ਚ ਜੀਅ ਰਿਹਾ ਹੈ। ਹਰ ਵਿਅਕਤੀ ਦੇ ਹਰ ਕੰਮ ਉੱਤੇ ਹਰ ਸਮੇਂ ਨਜ਼ਰ ਹੈ। ਅਜਿਹੇ ਵਿਚ ਹਰ ਵਿਅਕਤੀ ਡਰਿਆ ਤੇ ਸਹਿਮਿਆ ਦਿਖਾਈ ਦਿੰਦਾ ਹੈ। ਇਹ ਭਿਆਨਕ ਸਥਿਤੀ ਹੈ, ਜਿਥੇ ਤੁਸੀਂ ਨਾ ਤਾਂ ਸਿਆਸੀ ਵਿਵਸਥਾ ਤੋਂ ਸਵਾਲ ਪੁੱਛ ਸਕਦੇ ਹੋ, ਨਾ ਉਸ ''ਤੇ ਟਿੱਪਣੀ ਕਰ ਸਕਦੇ ਹੋ ਅਤੇ ਨਾ ਉਸ ''ਤੇ ਅਖਬਾਰ ਤੇ ਟੈਲੀਵਿਜ਼ਨ ''ਚ ਬਹਿਸ ਕਰ ਸਕਦੇ ਹੋ। ਜੋ ਆਕਿਆਂ ਨੇ ਕਹਿ ਦਿੱਤਾ, ਉਹ ਤੁਹਾਨੂੰ ਮੰਨਣਾ ਪਵੇਗਾ। ਇਹੋ ਕਾਰਨ ਹੈ ਕਿ 5 ਹਜ਼ਾਰ ਸੰਸਦ ਮੈਂਬਰ ਵੀ ਜੇਕਰ ਦੇਸ਼ ਦੀ ਵਿਵਸਥਾ ''ਤੇ ਵਿਚਾਰ ਕਰਨ ਬੈਠਣ ਤਾਂ ਸਵਾਲ ਖੜ੍ਹੇ ਨਹੀਂ ਕਰਨਗੇ, ਸਗੋਂ ਨੇਤਾ ਦੇ ਹੁਕਮਾਂ ਦੀ ਪਾਲਣਾ ਕਰਨਗੇ। 
ਚੀਨ ਦੀ ਆਮ ਜਨਤਾ ਕਿਸ ਬਦਹਾਲੀ ''ਚ ਜੀਅ ਰਹੀ ਹੈ, ਇਸ ਦਾ ਤਾਂ ਕੋਈ ਜ਼ਿਕਰ ਨਹੀਂ ਹੁੰਦਾ। ਟੀਨ, ਖੱਪਰ ਦੇ ਝੁੱਗੀਨੁਮਾ ਘਰਾਂ ਵਿਚ ਰਹਿ ਕੇ, ਦੋ ਵਕਤ ਉੱਬਲੇ ਨੂਡਲਜ਼ ਖਾ ਕੇ ਅਤੇ 10 ਘੰਟੇ ਬਿਨਾਂ ਸਿਰ ਚੁੱਕੇ ਕਾਰਖਾਨਿਆਂ ਵਿਚ ਕੰਮ ਕਰ ਕੇ ਚੀਨੀ ਲੋਕ ਮਸ਼ੀਨ ਦਾ ਪੁਰਜ਼ਾ ਬਣ ਗਏ ਹਨ। ਇਹ ਕਿਹੋ ਜਿਹਾ ਵਿਕਾਸ ਹੈ, ਜੋ ਆਦਮੀ ਨੂੰ ਪੁਰਜ਼ਾ ਬਣਾ ਦਿੰਦਾ ਹੈ, ਉਸ ਦੀ ਆਤਮਾ ਨੂੰ ਮਾਰ ਦਿੰਦਾ ਹੈ, ਉਸ ਦੇ ਜੀਵਨ ਤੋਂ ਖੁਸ਼ੀਆਂ ਖੋਹ ਲੈਂਦਾ ਹੈ, ਉਸ ਦੀਆਂ ਆਸਥਾਵਾਂ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਪਲਾਸਟਿਕ ਦੀ ਨਕਲੀ ਜ਼ਿੰਦਗੀ ਜੀਣ ਲਈ ਮਜਬੂਰ ਕਰ ਦਿੰਦਾ ਹੈ? ਕੀ ਵਿਕਾਸ ਦਾ ਇਹ ਮਾਡਲ ਸਾਡਾ ਆਦਰਸ਼ ਹੋ ਸਕਦਾ ਹੈ, ਉਸ ਭਾਰਤ ਦਾ ਜਿਸ ਦੇ ਹਰ ਭੂਗੋਲਿਕ ਖੇਤਰ ਦਾ ਆਪਣਾ ਸੱਭਿਆਚਾਰਕ ਇਤਿਹਾਸ ਹੈ, ਜਿਥੇ ਨਿੱਤ ਆਨੰਦ ਅਤੇ ਉਤਸਵ ਹਨ, ਜਿਥੇ ਘਰ ਦੀਆਂ ਤਿਜੌਰੀਆਂ ਵਿਚ ਲੁਕੀ ਦਾਦੀ-ਪੋਤਿਆਂ ਦੀ ਖਾਨਦਾਨੀ ਵਿਰਾਸਤ ਹੈ, ਜਿਥੇ ਆਸਥਾ ਦੇ 33 ਕਰੋੜ ਪ੍ਰਤੀਕ ਹਨ, ਜਿਥੇ ਹਜ਼ਾਰਾਂ ਸਾਲਾਂ ਦੀਆਂ ਲਗਾਤਾਰ ਚੱਲਣ ਵਾਲੀਆਂ ਸੱਭਿਆਚਾਰਕ ਰਵਾਇਤਾਂ ਹਨ। ਨਹੀਂ, ਚੀਨ ਸਾਡਾ ਆਦਰਸ਼ ਬਿਲਕੁਲ ਨਹੀਂ ਹੋ ਸਕਦਾ। ਯੂਰਪ ਅਤੇ ਅਮਰੀਕਾ ਤਾਂ ਪਹਿਲਾਂ ਹੀ ਸਾਡੇ ਆਦਰਸ਼ ਨਹੀਂ ਸਨ। ਸਾਡਾ ਆਦਰਸ਼ ਤਾਂ ਸਾਡਾ ਆਪਣਾ ਅਤੀਤ ਹੋਵੇਗਾ, ਜੋ ਤਕਨੀਕੀ ਆਧੁਨਿਕਤਾ ਨੂੰ ਉਪਕਰਨ ਦੇ ਰੂਪ ਵਿਚ ਤਾਂ ਪ੍ਰਯੋਗ ਕਰਵਾਏਗਾ ਪਰ ਉਸ ਦਾ ਗੁਲਾਮ ਨਹੀਂ ਬਣੇਗਾ। 
ਚੀਨ ਜਾ ਕੇ ਕੋਈ ਸੁਖਦਾਈ ਅਹਿਸਾਸ ਨਹੀਂ ਹੋਇਆ, ਸਗੋਂ ਮਨ ਵਿਚ ਇਕ ਖਦਸ਼ਾ ਅਤੇ ਡਰ ਪੈਦਾ ਹੋ ਗਿਆ। ਜੇਕਰ ਕਿਤੇ ਅਸੀਂ ਇਸ ਰਸਤੇ ''ਤੇ ਚੱਲ ਪਏ ਤਾਂ ਸਾਡੇ ਵਿਚ ਅਤੇ ਸ਼ੰਘਾਈ, ਸਿੰਗਾਪੁਰ ਵਿਚ ਕੀ ਫਰਕ ਰਹਿ ਜਾਵੇਗਾ? ਕੀ 40 ਸਾਲਾਂ ਦਾ ਇਨ੍ਹਾਂ ਦਾ ਕਥਿਤ ਵਿਕਾਸ ਭਾਰਤ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ''ਤੇ ਹਾਵੀ ਹੋ ਜਾਵੇਗਾ? ਕੀ ਅਸੀਂ ਵੀ ਆਪਣੀਆਂ ਜੜ੍ਹਾਂ ਤੋਂ ਇਸੇ ਤਰ੍ਹਾਂ ਕੱਟ ਜਾਵਾਂਗੇ? ਕੀ ਅਸੀਂ ਪਲਾਸਟਿਕ ਸੱਭਿਆਚਾਰ ਦੇ ਅੰਗ ਬਣ ਕੇ ਇਸੇ ਤਰ੍ਹਾਂ ਲਾਚਾਰ ਤੇ ਬੇਸਹਾਰਾ ਹੋ ਜਾਵਾਂਗੇ ਅਤੇ ਆਪਣੀ ਮੌਲਿਕ ਸਿਰਜਣਸ਼ੀਲਤਾ ਨੂੰ ਗੁਆ ਦੇਵਾਂਗੇ? ਦਿੱਲੀ ਵਾਪਸੀ ਦੀ ਫਲਾਈਟ ਵਿਚ ਭਗਵਾਨ ਨੂੰ ਇਕ ਹੀ ਪ੍ਰਾਰਥਨਾ ਹੈ ਕਿ ਹੇ ਯੋਗੇਸ਼ਵਰ ਕ੍ਰਿਸ਼ਨ! ਤੂੰ ਇਸ ਤਪੋ-ਭੂਮੀ ਭਾਰਤ ਨੂੰ ਚੀਨ ਵਰਗਾ ਨਾ ਬਣਨ ਦੇਣਾ।