ਕੀ ਭਾਜਪਾ ਪ੍ਰਿਯੰਕਾ ਗਾਂਧੀ ਤੋਂ ਡਰ ਗਈ ਹੈ

03/21/2019 7:27:19 AM

ਕੀ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਿਯੰਕਾ ਗਾਂਧੀ ਤੋਂ ਡਰ ਗਈ ਹੈ? ਕੀ ਭੂਆ-ਭਤੀਜਾ ਭਾਵ ਅਖਿਲੇਸ਼ ਯਾਦਵ ਤੇ ਮਾਇਆਵਤੀ ਵੀ ਪ੍ਰਿਯੰਕਾ ਤੋਂ ਡਰਦੇ ਹਨ? ਕੀ ਭਾਜਪਾ ਤੋਂ ਜ਼ਿਆਦਾ ਅਖਿਲੇਸ਼ ਤੇ ਮਾਇਆਵਤੀ ਡਰ ਰਹੇ ਹਨ ਜਾਂ ਭਾਜਪਾ ’ਚ ਜ਼ਿਆਦਾ ਹਲਚਲ ਹੈ? 
ਚੋਣ ਜੰਗ ’ਚ ਸਾਰੀਆਂ ਪਾਰਟੀਆਂ ਦਾ ਡਰ ਸਾਹਮਣੇ ਆ ਰਿਹਾ ਹੈ। ਭਾਜਪਾ ਦੇ ਡਰ ’ਚ ਹਾਲਾਂਕਿ ਖੁਸ਼ੀ ਵੀ ਸ਼ਾਮਲ ਹੈ। ਭਾਜਪਾ ਨੂੰ ਲੱਗਦਾ ਹੈ ਕਿ ਪ੍ਰਿਯੰਕਾ ਦੇ ਆਉਣ ਨਾਲ ਯੂ. ਪੀ. ’ਚ ਕੁਝ ਜਗ੍ਹਾ ਮੁਕਾਬਲਾ ਤਿਕੋਣਾ ਹੋ ਜਾਵੇਗਾ ਤੇ ਉਸ ਦਾ ਫਾਇਦਾ ਭਾਜਪਾ ਨੂੰ ਹੀ ਮਿਲੇਗਾ ਪਰ  ਭਾਜਪਾ ਨੂੰ ਫਿਰ ਵੀ ਡਰ ਸਤਾ ਰਿਹਾ ਹੈ। ਪ੍ਰਿਯੰਕਾ ਗਾਂਧੀ ਜਿਸ ਤਰ੍ਹਾਂ ਆਮ ਲੋਕਾਂ ’ਚ ਜਾ ਕੇ ਉਨ੍ਹਾਂ ਦੀ ਭਾਸ਼ਾ ’ਚ ਹੀ ਸਿੱਧੇ ਚੁੱਲ੍ਹੇ-ਚੌਂਕੇ ਨਾਲ ਜੁੜੇ ਸਵਾਲ ਉਠਾ ਰਹੀ ਹੈ, ਨੌਕਰੀਆਂ ਦੀ ਗੱਲ ਕਰ ਰਹੀ ਹੈ, ਕਿਸਾਨਾਂ ਦਾ ਦਰਦ ਸਾਹਮਣੇ ਲਿਆ ਰਹੀ ਹੈ, ਉਸ ਤੋਂ ਭਾਜਪਾ ਡਰ ਰਹੀ ਹੈ।
ਭਾਜਪਾ ਦਾ ਅਸਲੀ ਡਰ ਇਹੋ ਹੈ ਕਿ ਕਿਤੇ ਪ੍ਰਿਯੰਕਾ ਚੋਣਾਂ ਦਾ ਪੂਰਾ ਨੇਰੇਟਿਵ ਭਾਵ ਕਥਾਨਕ ਤਾਂ ਨਹੀਂ ਬਦਲ ਰਹੀ? ਇਸ ਸਮੇਂ ਕਥਾਨਕ ਰਾਸ਼ਟਰਵਾਦ ਹੈ, ਜੋ ਪੁਲਵਾਮਾ ਅਤੇ ਬਾਲਾਕੋਟ ਤੋਂ ਬਾਅਦ ਭਾਜਪਾ ਦੇ ਪੱਖ ’ਚ ਦਿਸ ਰਿਹਾ ਹੈ ਪਰ ਭਾਜਪਾ ਨੂੰ ਡਰ ਹੈ ਕਿ ਕਿਤੇ ਪ੍ਰਿਯੰਕਾ  ਦੀਆਂ ਸੱਚੀਆਂ ਗੱਲਾਂ ਭਾਜਪਾ ਦਾ ਨੁਕਸਾਨ ਨਾ ਕਰ ਦੇਣ। 
ਭਾਜਪਾ ਨੇਤਾਵਾਂ ਦੇ ਊਲ-ਜਲੂਲ ਬਿਆਨ
ਭਾਜਪਾ ਡਰੀ ਹੋਈ ਹੈ ਤਾਂ ਹੀ ਉਸ ਨੇ ਅਹਿਮਦਾਬਾਦ ’ਚ ਪ੍ਰਿਯੰਕਾ  ਦੇ  7 ਮਿੰਟਾਂ ਦੇ ਭਾਸ਼ਣ ਤੋਂ ਬਾਅਦ ਸਮ੍ਰਿਤੀ ਇਰਾਨੀ ਨੂੰ ਮੈਦਾਨ ’ਚ ਉਤਾਰਿਆ। ਸਮ੍ਰਿਤੀ ਨੇ ਰਾਬਰਟ ਵਢੇਰਾ ਅਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਨੂੰ ਜ਼ਮੀਨ ਘਪਲੇ ਦੇ ਮਾਮਲੇ ’ਚ ਲਪੇਟਿਆ ਅਤੇ ਤਿੰਨਾਂ ਨੂੰ ਰੱਖਿਆ ਸੌਦਿਆਂ ਦੇ ਦਲਾਲਾਂ ਤੋਂ ਪੈਸਾ ਲੈ ਕੇ ਜ਼ਮੀਨ ਖਰੀਦਣ-ਵੇਚਣ ਵਾਲੇ ਦੱਸਿਆ।
ਇਸ ਤੋਂ ਬਾਅਦ ਕੁਝ ਹੋਰ ਭਾਜਪਾ ਆਗੂਆਂ ਦੇ ਊਲ-ਜਲੂਲ  ਬਿਆਨ ਆਏ, ਕਲਾ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ‘ਪੱਪੂ ਦੀ ਪੱਪੀ’ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ। ਇਸ ਤੋਂ ਸਪੱਸ਼ਟ ਹੋ ਗਿਆ ਕਿ ਭਾਜਪਾ ਪ੍ਰਿਯੰਕਾ ਤੋਂ ਡਰ ਰਹੀ ਹੈ। ਭਾਜਪਾ ਇਸ ਲਈ ਵੀ ਡਰ ਰਹੀ ਹੈ ਕਿਉਂਕਿ ਪ੍ਰਿਯੰਕਾ ਬਿਨਾਂ ਗਾਲੀ-ਗਲੋਚ ਦੇ ਗੱਲ ਕਰ ਰਹੀ ਹੈ। ਬਸ਼ੀਰ ਬਦਰ ਦਾ ਇਕ ਸ਼ੇਅਰ ਹੈ  :
ਤੂ ਇਧਰ-ਉਧਰ ਕੀ ਨਾ  ਬਾਤ ਕਰ, ਯੇ ਬਤਾ ਕਿ ਲੁਟਾ ਕਿਉਂ ਕਾਰਵਾਂ 
ਮੁਝੇ ਰਾਹਜਨੋਂ ਸੇ ਗਰਜ਼ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।
ਇਹੋ ਸਵਾਲ ਭਾਜਪਾ ਨੂੰ ਪ੍ਰੇਸ਼ਾਨ ਕਰ ਰਹੇ ਹਨ ਕਿਉਂਕਿ ਪ੍ਰਿਯੰਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਚੋਰ’ ਕਹੇ ਬਿਨਾਂ ਉਨ੍ਹਾਂ ਦੀ ਰਹਿਬਰੀ ਭਾਵ ਚੌਕੀਦਾਰੀ ’ਤੇ ਸਵਾਲ ਉਠਾ ਰਹੀ ਹੈ। ਭਾਜਪਾ ਡਰ ਰਹੀ ਹੈ ਕਿਉਂਕਿ ਕਾਂਗਰਸ ਨੂੰ ਵੀ ਇਕ ਅਜਿਹਾ ਨੇਤਾ ਮਿਲ ਗਿਆ ਹੈ, ਜੋ ਭਾਸ਼ਣ ਦੇਣਾ ਜਾਣਦਾ ਹੈ, ਜੋ ‘ਮਨ ਕੀ ਬਾਤ’ ਕਰਨਾ ਜਾਣਦਾ ਹੈ। ਕਹਿਣ ਨੂੰ ਤਾਂ ਭਾਜਪਾ ਕੋਲ ਪ੍ਰਿਯੰਕਾ ਦੀ ਕਾਟ ਕਰਨ ਵਾਲੇ ਦਰਜਨਾਂ ਨੇਤਾ ਹਨ ਅਤੇ ਸਭ ਤੋਂ ਵੱਡੇ ਤਾਂ ਖੁਦ ਮੋਦੀ ਹਨ, ਜੋ ਭਾਸ਼ਣ ਦੇਣ ਦੇ ਮਾਮਲੇ ’ਚ 100 ’ਤੇ ਭਾਰੀ ਪੈਂਦੇ ਹਨ, ਫਿਰ ਵੀ  ਭਾਜਪਾ ਪ੍ਰਿਯੰਕਾ  ਤੋਂ ਡਰ ਰਹੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ।
ਭਾਜਪਾ ਨੂੰ ਲੱਗਦਾ ਹੈ ਕਿ ਬੇਸ਼ੱਕ ਪ੍ਰਿਯੰਕਾ ਯੂ. ਪੀ. ਤਕ ਸੀਮਤ ਹੋਵੇ ਪਰ ਉਨ੍ਹਾਂ ਦੀ ਆਵਾਜ਼, ਭਾਸ਼ਣ, ਉਨ੍ਹਾਂ ਦੀ ਬੋਟ ਯਾਤਰਾ ਵਰਗੇ ਪ੍ਰੋਗਰਾਮ ਪੂਰੇ ਦੇਸ਼ ’ਚ ਨਜ਼ਰ ਆ ਰਹੇ ਹਨ। ਭਾਜਪਾ ਨੂੰ ਪਤਾ ਹੈ ਕਿ ਅਜੇ ਪਹਿਲੇ ਗੇੜ  ਦੀਆਂ ਚੋਣਾਂ ’ਚ ਸਮਾਂ ਹੈ। ਭਾਜਪਾ ਜਾਣਦੀ ਹੈ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਉਹ ਖੁਦ ਇਕ ਬਹੁਤ ਮੁਸ਼ਕਿਲ ਚੋਣ ਲੜ ਰਹੀ ਸੀ ਪਰ ਬਾਲਾਕੋਟ ’ਤੇ ਏਅਰ ਸਟ੍ਰਾਈਕ ਨੇ ਭਾਜਪਾ ਦਾ ਚੁਣਾਵੀ ਭੱਥਾ ਰਾਸ਼ਟਰਵਾਦ ਦੇ ਤੀਰਾਂ ਨਾਲ ਭਰ ਦਿੱਤਾ ਹੈ। ਪਹਿਲਾਂ ਦੋ ਹੀ ਤੀਰ ਸਨ–ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਤੇ ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ।
ਰਾਸ਼ਟਰਵਾਦ ਦਾ ਤੜਕਾ
ਭਾਜਪਾ ਜਾਣਦੀ ਸੀ ਕਿ ਇਨ੍ਹਾਂ ਦੇ ਭਰੋਸੇ ਚੋਣਾਂ  ਲੜੀਆਂ ਤਾਂ ਜਾ ਸਕਦੀਆਂ ਹਨ ਪਰ ਜਿੱਤਣ ਦੀ ਕੋਈ ਗਾਰੰਟੀ ਨਹੀਂ ਹੈ। ਇਕ ਤੜਕਾ ਚਾਹੀਦਾ ਸੀ ਤੇ ਉਹ ਮਿਲਿਆ ਰਾਸ਼ਟਰਵਾਦ ਤੋਂ। ਪੁਲਵਾਮਾ ਹਮਲੇ ਤੋਂ ਬਾਅਦ ਹੋਏ ਸਾਰੇ ਸਰਵੇਖਣ ਦੱਸ ਰਹੇ ਹਨ ਕਿ ਪਾਕਿਸਤਾਨ ’ਤੇ ਏਅਰ ਸਟ੍ਰਾਈਕ ਤੋਂ ਬਾਅਦ ਹੁਣ ਭਾਜਪਾ ਦੇ ਖਾਤੇ ’ਚ 20-25 ਸੀਟਾਂ ਜ਼ਿਆਦਾ ਆਉਂਦੀਆਂ ਨਜ਼ਰ ਆ ਰਹੀਆਂ ਹਨ ਭਾਵ ਉਹ ਯੂ. ਪੀ. ’ਚ ਸੰਭਾਵੀ ਨੁਕਸਾਨ ਦੀ ਪੂਰਤੀ ਕਰਨ ’ਚ ਸਫਲ ਹੋ ਸਕਦੀ ਹੈ ਪਰ ਭਾਜਪਾ ਨੂੰ ਡਰ ਹੈ ਕਿ ਪ੍ਰਿਯੰਕਾ ਗਾਂਧੀ ਚੁਣਾਵੀ ਰੰਗ ’ਚ ਭੰਗ ਪਾ ਸਕਦੀ ਹੈ।
ਅਖਿਲੇਸ਼ ਅਤੇ ਮਾਇਆਵਤੀ ਦਾ ਡਰ
ਭਾਜਪਾ ਦੇ ਨਾਲ-ਨਾਲ ਅਖਿਲੇਸ਼ ਯਾਦਵ (ਸਪਾ) ਅਤੇ ਮਾਇਆਵਤੀ (ਬਸਪਾ) ਵੀ ਪ੍ਰਿਯੰਕਾ ਤੋਂ ਡਰੇ ਲੱਗਦੇ ਹਨ। ਇਥੇ ਮਾਇਆਵਤੀ ਨੂੰ ਡਰ ਜ਼ਿਆਦਾ ਹੈ। ਕਿਹਾ ਜਾਂਦਾ ਹੈ ਕਿ ਮਾਇਆਵਤੀ ਦਾ ਵੋਟ ਬੈਂਕ ਟਰਾਂਸਫਰ ਹੋ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਅਖਿਲੇਸ਼ ਯਾਦਵ ਦਾ ਵੋਟ ਬੈਂਕ (ਯਾਦਵ) ਵੀ ਟਰਾਂਸਫਰ ਹੋ ਜਾਵੇ। ਮੰਨਿਆ ਜਾ ਰਿਹਾ ਹੈ ਕਿ ਬੇਸ਼ੱਕ ਹੀ ਯਾਦਵ ਮਾਇਆਵਤੀ ਨੂੰ ਵੋਟ ਨਾ ਦੇਣ ਪਰ ਭਾਜਪਾ ਨੂੰ ਤਾਂ ਬਿਲਕੁਲ ਨਹੀਂ ਦੇਣਗੇ। ਫਿਰ ਕਿਤੇ ਅਜਿਹਾ ਨਾ ਹੋਵੇ ਕਿ ਯਾਦਵ ਕਾਂਗਰਸ ਨੂੰ ਵੋਟ ਦੇ ਦੇਣ।
ਮਾਇਆਵਤੀ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਪ੍ਰਿਯੰਕਾ ਨੇ ਜੇ ਕਾਂਗਰਸ ਨੂੰ ਯੂ. ਪੀ. ’ਚ ਜ਼ਿੰਦਾ ਕਰ ਦਿੱਤਾ ਤਾਂ ਮੁਸਲਮਾਨਾਂ ਨੂੰ ਇਹ ਨਾ ਲੱਗਣ ਲੱਗੇ ਕਿ ਕਾਂਗਰਸ ਹੀ ਸੀਟਾਂ ਕੱਢ ਸਕਦੀ ਹੈ ਤੇ ਮੁਸਲਿਮ ਵੋਟਾਂ ਵੀ ਕਾਂਗਰਸ ਨੂੰ ਨਾ ਮਿਲ ਜਾਣ। ਅਜਿਹਾ ਹੋਇਆ ਤਾਂ ਮਾਇਆਵਤੀ ਦੀ ਖੇਡ ਵਿਗੜ ਸਕਦੀ ਹੈ। ਮਾਇਆਵਤੀ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਾਂਗਰਸ ਦਾ ਨਵਾਂ ਵੋਟ ਬੈਂਕ ਕਿਤੇ ਯਾਦਵ, ਮੁਸਲਿਮ ਅਤੇ ਭਾਜਪਾ ਤੋਂ ਨਾਰਾਜ਼ ਸਵਰਨ ਨਾ ਬਣ ਜਾਵੇ। ਅਖਿਲੇਸ਼ ਨੂੰ ਤੇ ਕਿਤੇ-ਕਿਤੇ ਭਾਜਪਾ ਨੂੰ ਵੀ ਇਹੋ ਡਰ ਸਤਾ ਰਿਹਾ ਹੈ।
ਪਰ ਵੱਡਾ ਸਵਾਲ ਇਹ  ਹੈ ਕਿ ਕੀ ਭਾਜਪਾ ਨੂੰ ਪ੍ਰਿਯੰਕਾ ਤੋਂ ਡਰਨਾ ਚਾਹੀਦਾ ਹੈ? ਡਰਨਾ ਤਾਂ ਨਹੀਂ ਚਾਹੀਦਾ ਪਰ ਸਾਵਧਾਨ ਜ਼ਰੂਰ ਰਹਿਣਾ ਚਾਹੀਦਾ। ‘ਪੱਪੂ-ਪੱਪੀ’ ਵਰਗੀਆਂ ਟਿੱਪਣੀਆਂ ਕਰਨ ਤੋਂ ਬਿਲਕੁਲ ਹੀ ਬਚਣਾ ਚਾਹੀਦਾ ਹੈ।  ਭਾਜਪਾ  ਇਹ  ਗੱਲ  ਸਮਝ  ਗਈ  ਹੈ  ਕਿ  ਪ੍ਰਿਯੰਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ  ਜਾ ਸਕਦਾ ਪਰ ਨਿੱਜੀ ਹਮਲਿਆਂ ਨਾਲ ਨੁਕਸਾਨ ਵੀ ਹੋ  ਸਕਦਾ ਹੈ। ਆਖਿਰ ਪੰਜ ਸਾਲਾਂ ਤੋਂ ਰਾਬਰਟ ਵਢੇਰਾ ’ਤੇ ਦੋਸ਼ ਲੱਗ ਰਹੇ ਹਨ ਪਰ ਕਿਉਂ ਕੁਝ ਨਹੀਂ ਹੋਇਆ? 
ਚਾਹੇ ਰਾਜਸਥਾਨ ’ਚ ਹੋਵੇ ਜਾਂ ਹਰਿਆਣਾ ’ਚ ਪਰ ਇਥੇ ਭਾਜਪਾ ਦੇ ਪੱਖ ’ਚ ਇਹ ਗੱਲ ਜਾਂਦੀ ਹੈ ਕਿ ਜਾਂਚ ਏਜੰਸੀਆਂ ਨੂੰ ਜੋ ਨਵੇਂ  ਕਾਗਜ਼ ਮਿਲ ਰਹੇ ਹਨ, ਉਨ੍ਹਾਂ ਨੂੰ ਕਿਸੇ ਅਦਾਲਤ ਨੇ ਖਾਰਿਜ ਨਹੀਂ ਕੀਤਾ ਹੈ। ਭਾਜਪਾ ਨੂੰ ਮੋਦੀ, ਸੁਸ਼ਮਾ ਸਵਰਾਜ, ਸਮ੍ਰਿਤੀ ਇਰਾਨੀ ’ਤੇ ਭਰੋਸਾ ਕਰਨਾ ਚਾਹੀਦਾ ਹੈ। ਇਹ ਨੇਤਾ ਜਦੋਂ ਭਾਸ਼ਣ ਦੇਣ ਨਿਕਲਣਗੇ ਤਾਂ ਜਨਤਾ ਨੂੰ ਰਾਸ਼ਟਰਵਾਦ ਤੋਂ ਭਟਕਣ ਨਹੀਂ ਦੇਣਗੇ। ਸਭ ਤੋਂ ਵੱਡੀ ਗੱਲ ਹੈ ਕਿ ਮੋਦੀ  ਸਰਕਾਰ ਦਾ ਦਾਅਵਾ ਹੈ ਕਿ ਉਸ ਨੇ 22 ਕਰੋੜ ਲੋਕਾਂ ਨੂੰ  ਕਿਸੇ  ਨਾ  ਕਿਸੇ ਯੋਜਨਾ ਦੇ ਤਹਿਤ ਲਾਭ ਪਹੁੰਚਾਇਆ ਹੈ । 
ਲੇਖ ਦੇ ਸ਼ੁਰੂ ’ਚ ਬਸ਼ੀਰ ਬਦਰ ਦੇ ਸ਼ੇਅਰ ਦਾ ਹਵਾਲਾ ਦੇ ਕੇ ਮੋਦੀ, ਭਾਜਪਾ ਨੂੰ ਪੁੱਛੇ ਸਵਾਲਾਂ ’ਤੇ ਭਾਜਪਾ ਪਲਟਵਾਰ ਕਰਦਿਆਂ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਨੂੰ ਪੁੱਛ ਸਕਦੀ ਹੈ :
ਮੈਂ ਬਤਾਊਂ ਕਿ ਲੁਟਾ ਕਿਉਂ ਕਾਰਵਾਂ, ਤੇਰਾ ਰਾਹਜਨੋਂ ਸੇ ਥਾ ਵਾਸਤਾ ਹਮੇਂ ਰਾਹਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪੇ ਮਲਾਲ ਹੈ।    -ਵਿਜੇ ਵਿਦਰੋਹੀ
vijayv@abpnews.in

Bharat Thapa

This news is Content Editor Bharat Thapa