ਚੀਨ ’ਚ ਜਲਵਾਯੂ ਤਬਦੀਲੀ ਨਾਲ ਥਾਂ-ਥਾਂ ਮਚੀ ਤਬਾਹੀ

07/28/2023 6:33:10 PM

ਚੀਨ ਦੇ ਸ਼ਿਨਚਿਆਂਗ ਖੁਦਮੁਖਤਾਰ ਸੂਬੇ ’ਚ ਕੁਝ ਥਾਵਾਂ ’ਤੇ ਤਾਪਮਾਨ 80 ਡਿਗਰੀ ਸੈਲਸੀਅਸ ਪੁੱਜਾ, ਪੂਰੇ ਉੱਤਰੀ ਗੋਲਾਰਥ ’ਚ ਜੁਲਾਈ ਮਹੀਨੇ ’ਚ ਤਾਪਮਾਨ ਆਪਣੇ ਸਿਖਰ ’ਤੇ ਪਹੁੰਚ ਚੁੱਕਾ ਹੈ, ਨਾ ਸਿਰਫ ਯੂਰਪ ਅਤੇ ਅਮਰੀਕਾ ’ਚ ਸਗੋਂ ਏਸ਼ੀਆ ’ਚ ਵੀ ਹਾਲਾਤ ਇਹੀ ਹਨ। ਚੀਨ ਦੇ ਸ਼ਿਨਚਿਆਂਗ ਖੁਦਮੁਖਤਾਰ ਸੂਬੇ ਦੇ ਤੂਰਪਾਨ ਬੇਸਿਨ ਇਲਾਕੇ ’ਚ 16 ਜੁਲਾਈ ਨੂੰ ਤਾਪਮਾਨ 52.5 ਡਿਗਰੀ ਸੈਲਸੀਅਸ ਤਕ ਜਾ ਪੁੱਜਾ ਸੀ। ਇਸ ਨੇ ਸਾਲ 2015 ’ਚ ਇਸੇ ਖੇਤਰ ਦਾ 50.2 ਡਿਗਰੀ ਸੈਲਸੀਅਸ ਦਾ ਰਿਕਾਰਡ ਵੀ ਤੋੜ ਦਿੱਤਾ। ਸ਼ਿਨਚਿਆਂਗ ਦੇ ਤੁਰਪਾਨ ਇਲਾਕੇ ’ਚ 16 ਜੁਲਾਈ ਨੂੰ ਫਲੇਮਿੰਗ ਮਾਊਂਟੇਨ ਸੀਨਿਕ ਏਰੀਆ ’ਚ ਇਕ ਵੱਡਾ ਥਰਮਾਮੀਟਰ ਧਰਤੀ ਦਾ ਤਾਪਮਾਨ 80 ਡਿਗਰੀ ਸੈਲਸੀਅਸ ਦਿਖਾ ਰਿਹਾ ਸੀ ਅਤੇ ਇਸ ਦਿਨ ਸੈਂਕੜੇ ਸੈਲਾਨੀ ਇੱਥੇ ਘੁੰਮਣ ਆਏ ਸੀ, ਉਹ ਸਾਰੇ ਭਿਅੰਕਰ ਗਰਮੀ ਨਾਲ ਬੇਹਾਲ ਹੋ ਗਏ ਅਤੇ ਕਈ ਲੋਕਾਂ ਨੂੰ ਚੱਕਰ ਆਉਣ ਦੀ ਸ਼ਿਕਾਇਤ ਹੋਈ ਤਾਂ ਕੁਝ ਲੋਕਾਂ ਦੇ ਬੇਹੋਸ਼ ਹੋਣ ਦੇ ਮਾਮਲੇ ਵੀ ਸਾਹਮਣੇ ਆਏ।

ਹਾਲਾਂਕਿ ਸਾਰੇ ਸੈਲਾਨੀਆਂ ਨੇ ਆਪਣੇ ਸਿਰਾਂ ’ਤੇ ਟੋਪੀਆਂ ਪਾਈਆਂ ਹੋਈਆਂ ਸਨ ਅਤੇ ਸਾਰਿਆਂ ਦੇ ਹੱਥਾਂ ’ਚ ਛੱਤਰੀ ਅਤੇ ਪਾਣੀ ਦੀਆਂ ਬੋਤਲਾਂ ਵੀ ਸਨ। ਉੱਥੇ ਹੀ ਦੂਜੇ ਪਾਸੇ ਰਾਜਧਾਨੀ ਬੀਜਿੰਗ ’ਚ ਲਗਾਤਾਰ 28 ਦਿਨਾਂ ਤੱਕ ਤਾਪਮਾਨ 35 ਡਿਗਰੀ ਤੋਂ ਉਪਰ ਜਾ ਰਿਹਾ ਸੀ। ਸਭ ਤੋਂ ਜ਼ਿਆਦਾ ਗਰਮ ਦਿਨਾਂ ਦਾ ਰਿਕਾਰਡ ਵੀ ਇਨ੍ਹਾਂ ਗਰਮੀਆਂ ’ਚ ਟੁੱਟ ਗਿਆ? ਇਕ ਪਾਸੇ ਜਿੱਥੇ ਚੀਨ ਦੇ ਉੱਤਰ-ਪੱਛਮੀ ਇਲਾਕੇ ਅਤੇ ਰਾਜਧਾਨੀ ਸਭ ਤੋਂ ਗਰਮ ਇਲਾਕੇ ਦੇਖੇ ਗਏ ਤਾਂ ਓਧਰ ਦੂਜੇ ਪਾਸੇ ਸਛਵਾਨ, ਯੂਨਾਨ ਸਮੇਤ ਦੱਖਣ ਅਤੇ ਦੱਖਣੀ ਪੂਰਬੀ ਚੀਨ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਨਾਲ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ ’ਤੇ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ, ਖਾਸ ਕਰ ਕੇ ਮੱਕੇ ਦੀ ਖੇਤੀ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇਸ ਦੇ ਇਲਾਵਾ ਉੱਤਰ-ਪੱਛਮੀ ਕਾਨਸੂ ਸੂਬੇ ’ਚ ਵੀ ਮੌਸਮ ਦੇ ਬਦਲਣ ਦਾ ਅਸਰ ਉੱਥੋਂ ਦੇ ਪੌਣ-ਪਾਣੀ ’ਤੇ ਪਿਆ ਹੈ। ਕਾਨਸੂ ਸੂਬੇ ਦੇ ਤੁਨਹਵਾਂਗ ਸ਼ਹਿਰ ’ਚ ਮੋਗਾਓ ਗੁਫਾਵਾਂ ਹਨ, ਇਹ ਗੁਫਾਵਾਂ ਚੌਥੀ ਸ਼ਤਾਬਦੀ ਤਕ ਬਹੁਤ ਵੱਡਾ ਬੋਧੀ ਸਿੱਖਿਆ ਕੇਂਦਰ ਹੁੰਦਾ ਸੀ ਅਤੇ ਇਹ ਇਕ ਬਹੁਤ ਵੱਡਾ ਵਪਾਰਕ ਮਾਰਗ ਵੀ ਸੀ, ਪ੍ਰਾਚੀਨ ਰੇਸ਼ਮ ਮਾਰਗ ’ਤੇ ਸਥਿਤ ਤੁਨਹਵਾਂਗ ਸ਼ਹਿਰ ਦੀਆਂ ਬੋਧੀ ਗੁਫਾਵਾਂ ਦੇ ਅੰਦਰ ਭਿੱਤੀ (ਕੰਧ) ਚਿੱਤਰਾਂ ਨਾਲ ਮਿੱਟੀ, ਸੁੱਕੇ ਘਾਹ ਅਤੇ ਛੋਟੇ ਰੋੜਿਆਂ ਨਾਲ ਬੋਧੀ ਮੂਰਤੀਆਂ ਬਣਾਈਆਂ ਗਈਆਂ ਹਨ ਜੋ ਯੂਨੈਸਕੋ ਦੀਆਂ ਵਰਲਡ ਹੈਰੀਟੇਜ ’ਚ ਸ਼ਾਮਲ ਹਨ।

ਇਨ੍ਹਾਂ ਗੁਫਾਵਾਂ ਅਤੇ ਉਨ੍ਹਾਂ ਦੇ ਅੰਦਰ ਬਣੀਆਂ ਪ੍ਰਾਚੀਨ ਮੂਰਤੀਆਂ ਨੇ ਭੂਚਾਲ, ਰੇਤਲੇ ਤੂਫਾਨ, ਲੁਟੇਰਿਆਂ ਦੀ ਅੱਤ ਸਮੇਤ ਹਰ ਤਰ੍ਹਾਂ ਦੀ ਮਾਰ ਝੱਲੀ ਹੈ ਪਰ ਗਰਮ ਹੁੰਦੀ ਧਰਤੀ ਕਾਰਨ ਇੱਥੇ ਤੇਜ਼ ਮੀਂਹ ਪੈਣ ਲੱਗਾ ਹੈ। ਹਾਲਾਂਕਿ ਮੀਂਹ ਦੇ ਦਿਨਾਂ ’ਚ ਕਮੀ ਨਜ਼ਰ ਆਈ ਹੈ ਪਰ ਮੀਂਹ ਹੁਣ ਪਹਿਲਾਂ ਦੀ ਤੁਲਨਾ ’ਚ ਬਹੁਤ ਤੇਜ਼ ਪੈਂਦਾ ਹੈ ਜਿਸ ਕਾਰਨ ਮੋਗਾਓ ਗੁਫਾਵਾਂ ’ਚ ਬਣੇ ਭਿੱਤੀ ਚਿੱਤਰਾਂ ਅਤੇ ਮਿੱਟੀ ਦੀਆਂ ਬਣੀਆਂ ਬੋਧੀ ਮੂਰਤੀਆਂ ’ਤੇ ਲੂਣ ਜੰਮਣ ਨਾਲ ਨਮੀ ਸਾਫ ਤੌਰ ’ਤੇ ਦੇਖੀ ਜਾ ਰਹੀ ਹੈ। ਇਸ ਨਮੀ ਕਾਰਨ ਮੂਰਤੀਆਂ ਦੇ ਉਪਰ ਲੱਗੇ ਨਾ ਸਿਰਫ ਰੰਗ-ਰੋਗਨ ਖਰਾਬ ਹੋ ਰਹੇ ਹਨ ਸਗੋਂ ਪਲੱਸਤਰ ਵੀ ਉਖੜ ਕੇ ਹੇਠਾਂ ਡਿੱਗ ਰਹੇ ਹਨ, ਮੌਸਮ ਦੀ ਮਾਰ ਕਾਰਨ ਚੀਨ ਦੀਆਂ ਇਤਿਹਾਸਕ ਜਾਇਦਾਦਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਗੁਫਾਵਾਂ ਅੰਦਰ ਛੱਤ ਤੋਂ ਪਾਣੀ ਰਿਸਣ ਲੱਗਾ ਹੈ ਅਤੇ ਪੱਥਰ ਅਤੇ ਮਿੱਟੀ ਨਾਲ ਬਣੀਆਂ ਕੁਝ ਗੁਫਾਵਾਂ ਢਹਿ ਗਈਆਂ ਹਨ। ਸਿਰਫ ਉਹ ਗੁਫਾਵਾਂ ਬਚ ਸਕੀਆਂ ਹਨ ਜੋ ਪਹਾੜੀਆਂ ਨੂੰ ਕੱਟ ਕੇ ਬਣਾਈਆਂ ਗਈਆਂ ਸਨ ਅਤੇ ਉਨ੍ਹਾਂ ’ਚ ਉਪਰ ਤੋਂ ਪਾਣੀ ਅੰਦਰ ਰਿਸਣ ਦਾ ਕੋਈ ਰਾਹ ਨਹੀਂ ਸੀ।

Rakesh

This news is Content Editor Rakesh