ਚੀਨੀ ਫੌਜ ’ਚ ਵੱਜਿਆ ਬਗਾਵਤ ਦਾ ਬਿਗੁਲ

08/10/2023 6:16:23 PM

ਚੀਨ ’ਚ ਇਸ ਸਮੇਂ ਘਟਨਾਕ੍ਰਮ ਤੇਜ਼ੀ ਨਾਲ ਬਦਲ ਰਿਹਾ ਹੈ। ਚੀਨ ਦੀ ਕਮਿਊਨਿਸਟ ਪਾਰਟੀ ਅਤੇ ਫੌਜ ’ਚ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਸ਼ੀ ਜਿਨਪਿੰਗ ਦੇ ਵਿਰੋਧੀ ਹਨ। ਚੀਨ ਵੱਲੋਂ ਜੋ ਖ਼ਬਰਾਂ ਨਿਕਲ ਕੇ ਆ ਰਹੀਆਂ ਹਨ, ਉਨ੍ਹਾਂ ਮੁਤਾਬਕ ਚੀਨ ਦੀ ਫੌਜ ’ਚ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ। ਖਾਸ ਕਰ ਕੇ ਚੀਨ ਦੀ ਰਾਕੇਟ ਫੋਰਸ ’ਚ, ਜਿੱਥੇ ਸ਼ੀ ਜਿਨਪਿੰਗ ਨੇ ਹਾਲੀਆ ਆਪਣੇ ਦੋ ਕਮਾਂਡਰਾਂ ਨੂੰ ਬਦਲ ਦਿੱਤਾ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਰਾਕੇਟ ਫੋਰਸ ਦੇ ਕਮਾਂਡਰ ਜਨਰਲ ਲੀ ਯੁਛਾਓ ਅਤੇ ਡਿਪਟੀ ਜਨਰਲ ਲਿਯੁ ਕੁਆਂਗਬਿਨ ਕੁਝ ਮਹੀਨਿਆਂ ਤੋਂ ਲਾਪਤਾ ਹਨ। ਇਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਸ਼ੀ ਜਿਨਪਿੰਗ ਨੇ ਫੌਜ ਦੇ ਅੰਦਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੌਰਾਨ ਕਈ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਹੈ, ਇਨ੍ਹਾਂ ਦੋਵਾਂ ਜਨਰਲਾਂ ਦਾ ਨਾਂ ਵੀ ਉਸੇ ਸੂਚੀ ’ਚ ਸ਼ਾਮਲ ਸੀ। ਸ਼ੀ ਜਿਨਪਿੰਗ ਫੌਜ ’ਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਲ-ਨਾਲ ਫੌਜ ਨੂੰ ਅਨੁਸ਼ਾਸਨ ’ਚ ਲਿਆਉਣਾ ਚਾਹੁੰਦੇ ਹਨ ਜਿਸ ਦੇ ਅਧੀਨ ਇਹ ਸਾਰੀ ਕਵਾਇਦ ਹੋ ਰਹੀ ਹੈ। ਇਨ੍ਹਾਂ ਦੀ ਥਾਂ ਪੀ. ਐੱਲ. ਏ. ਦੀ ਸਮੁੰਦਰੀ ਫੌਜ ਦੇ ਡਿਪਟੀ ਕਮਾਂਡਰ ਵਾਂਗ ਹੁਓਬਿਨ ਨੂੰ ਰਾਕੇਟ ਫੋਰਸ ਦਾ ਕਮਾਂਡਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸ਼ੀ ਜਿਨਪਿੰਗ ਨੇ ਸੀ ਸੀਸ਼ੰਗ, ਜੋ ਕਮਿਊਨਿਸਟ ਪਾਰਟੀ ਦੀ ਸੈਂਟਰਲ ਕਮੇਟੀ ਦੇ ਮੈਂਬਰ ਅਤੇ ਹਵਾਈ ਫੌਜ ਅਧਿਕਾਰੀ ਹਨ, ਉਨ੍ਹਾਂ ਨੂੰ ਰਾਕੇਟ ਫੋਰਸ ਦਾ ਨਵਾਂ ਸਿਆਸੀ ਕਮਿਸ਼ਨਰ ਬਣਾਇਆ ਹੈ। ਰਾਕੇਟ ਫੋਰਸ ਪੀ. ਐੱਲ. ਏ. ਦੀ ਜ਼ਮੀਨੀ ਪ੍ਰਮਾਣੂ ਬੈਲੇਸਟਿਕ ਮਿਜ਼ਾਈਲ ਦੀ ਕਮਾਂਡਰ ਹੈ ਜੋ ਫੌਜ ’ਚ ਇਕ ਵੱਖਰਾ ਅਤੇ ਮਹੱਤਵਪੂਰਨ ਅੰਗ ਹੈ।

ਇਸੇ ਥੀਏਟਰ ਕਮਾਂਡਰ ਦਾ ਦਰਜਾ ਹਾਸਲ ਹੈ। ਰਾਕੇਟ ਫੋਰਸ ਪ੍ਰਮਾਣੂ ਮਿਜ਼ਾਈਲ ਸਮੇਤ ਦੂਜੀਆਂ ਮਿਜ਼ਾਈਲਾਂ ਦੇ ਰੱਖ-ਰਖਾਅ ਅਤੇ ਲੋੜ ਪੈਣ ’ਤੇ ਮਿਜ਼ਾਈਲਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਇਸ ਦੇ ਕਮਾਂਡਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਿੱਧਾ ਕਮਿਊਨਿਸਟ ਪਾਰਟੀ ਦੇ ਸਕੱਤਰ ਦੀ ਰਿਪੋਰਟ ਕਰਦਾ ਹੈ। ਇਸ ਅਹੁਦੇ ’ਤੇ ਅਜੇ ਸ਼ੀ ਜਿਨਪਿੰਗ ਹੈ। ਲਿਯੁ ਕੁਆਂਗਬਿਨ ਅਤੇ ਲੀ ਯੁਛਾਓ ਬਾਰੇ ਖੁਫੀਆ ਰਿਪੋਰਟ ਇਹ ਕਹਿ ਰਹੀ ਹੈ ਕਿ ਇਨ੍ਹਾਂ ਨੂੰ ਸ਼ੀ ਜਿਨਪਿੰਗ ਨੇ ਗਾਇਬ ਕਰਵਾ ਦਿੱਤਾ ਹੈ। ਅਸਲ ’ਚ ਲੀ ਦਾ ਬੇਟਾ ਅਮਰੀਕਾ ’ਚ ਪੜ੍ਹ ਰਿਹਾ ਹੈ। ਕਮਿਊਨਿਸਟ ਪਾਰਟੀ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਲੀ ਨੇ ਬੇਟੇ ਰਾਹੀਂ ਚੀਨ ਫੌਜ ਦੀ ਖੁਫੀਆ ਜਾਣਕਾਰੀ ਅਮਰੀਕਾ ਨੂੰ ਵੇਚੀ ਹੈ। ਓਧਰ ਕੁਝ ਜਾਣਕਾਰ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਨੂੰ ਖਤਮ ਕਰਵਾ ਦਿੱਤਾ ਗਿਆ ਹੈ। ਸਾਲ 2012 ’ਚ ਸੱਤਾ ’ਚ ਆਉਣ ਪਿੱਛੋਂ ਸ਼ੀ ਜਿਨਪਿੰਗ ਨੇ ਕਮਿਊਨਿਸਟ ਪਾਰਟੀ ਤੋਂ ਲੈ ਕੇ ਪੀ. ਐੱਲ. ਏ. ਤਕ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਂ ’ਤੇ ਕਈ ਲੋਕਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਹੈ ਅਤੇ ਕਈ ਲੋਕਾਂ ਨੂੰ ਗਾਇਬ ਕਰਵਾ ਦਿੱਤਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸ਼ੀ ਜਿਨਪਿੰਗ ਦੇ ਵਿਰੋਧੀ ਕਮਿਊਨਿਸਟ ਪਾਰਟੀ ’ਚ ਵੀ ਹਨ ਅਤੇ ਫੌਜ ’ਚ ਵੀ, ਇਸ ਲਈ ਵੱਖ-ਵੱਖ ਮੁਹਿੰਮਾਂ ਚਲਾ ਕੇ ਸ਼ੀ ਜਿਨਪਿੰਗ ਆਪਣੇ ਵਿਰੋਧੀਆਂ ਦਾ ਪਾਰਟੀ ਅਤੇ ਫੌਜ ਦੋਵਾਂ ਥਾਵਾਂ ’ਚ ਸਫਾਇਆ ਕਰ ਰਹੇ ਹਨ। ਹਾਲਾਂਕਿ ਚੀਨ ਨੇ ਅਜੇ ਤਕ ਲੀ ਅਤੇ ਲਿਯੂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੋਵਾਂ ਜਨਰਲਾਂ ਕੋਲੋਂ ਫੌਜ ਦੀ ਖੁਫੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ ’ਚ ਡੂੰਘੀ ਪੁੱਛਗਿੱਛ ਚੱਲ ਰਹੀ ਹੈ। ਬਹੁਤ ਸਮਾਂ ਪਹਿਲਾਂ ਸੂ ਤਸਾਈਹੁਓ ਅਤੇ ਕੁਓਬੋਸਿਯੋਂਗ ਜੋ ਸੈਂਟਰਲ ਮਿਲਟਰੀ ਕਮਿਸ਼ਨ ਦੇ ਡਿਪਟੀ ਚੇਅਰ ਸਨ, ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਨਾਂ ’ਤੇ ਹਟਾਉਣ ਅਤੇ ਸਾਲ 2014 ’ਚ ਸਜ਼ਾ ਦਿੱਤੇ ਜਾਣ ਪਿੱਛੋਂ ਹੁਣ ਤਕ ਇਹ ਸਭ ਤੋਂ ਵੱਡਾ ਮਾਮਲਾ ਹੈ ਜਿੱਥੇ ਫੌਜ ਦੇ ਕਿਸੇ ਅੰਗ ਦੇ ਚੋਟੀ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਨਾਂ ’ਤੇ ਹਟਾਇਆ ਗਿਆ ਹੈ। ਇਹ ਮਾਮਲਾ ਫੌਜ ’ਤੇ ਪਾਰਟੀ ਦੇ ਕੰਟਰੋਲ ਨੂੰ ਮੁੜ ਤੋਂ ਸਥਾਪਿਤ ਕਰਨ ਦੇ ਵਿਆਪਕ ਸ਼ੁੱਧੀਕਰਨ ਦਾ ਹਿੱਸਾ ਸੀ, ਜੋ 2012 ’ਚ ਸ਼ੀ ਦੇ ਸੱਤਾ ’ਚ ਆਉਣ ਪਿੱਛੋਂ ਖਤਮ ਹੋ ਰਿਹਾ ਸੀ।

ਚੀਨ ਮਾਮਲੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ੀ ਜਿਨਪਿੰਗ ਅੰਦਰੋਂ ਬਹੁਤ ਡਰੇ ਹੋਏ ਹਨ ਅਤੇ ਆਪਣੇ ਵਿਰੁੱਧ ਬਗਾਵਤ ਨਹੀਂ ਦੇਖਣਾ ਚਾਹੁੰਦੇ, ਇਸ ਲਈ ਉਹ ਇੰਨੀ ਸਖਤ ਕਾਰਵਾਈ ਕਰ ਰਹੇ ਹਨ। ਦਰਅਸਲ ਪਿਛਲੇ ਮਹੀਨੇ ਜਦ ਰੂਸ ’ਚ ਰਾਸ਼ਟਰਪਤੀ ਪੁਤਿਨ ਵਿਰੁੱਧ ਵੈਗਨਰ ਸਮੂਹ ਨੇ ਅਸਫਲ ਬਗਾਵਤ ਕੀਤੀ ਸੀ, ਉਸ ਸਮੇਂ ਚੀਨ ’ਚ ਵੀ ਕੁਝ ਅਜਿਹਾ ਹੀ ਹੋ ਰਿਹਾ ਸੀ ਪਰ ਇੱਥੇ ਜਿਨਪਿੰਗ ਨੇ ਸਮਾਂ ਰਹਿੰਦੇ ਹੀ ਕਮਾਨ ਆਪਣੇ ਹੱਥਾਂ ’ਚ ਲੈ ਲਈ ਅਤੇ ਕਿਸੇ ਵੀ ਸੰਭਾਵਤ ਬਗਾਵਤ ਨੂੰ ਦਰੜ ਦਿੱਤਾ। ਚੀਨ ’ਚ ਨਾ ਸਿਰਫ ਫੌਜ ਦੇ ਥੀਏਟਰ ਕਮਾਂਡਰ ਨੂੰ ਰਾਤੋ-ਰਾਤ ਬਦਲ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ, ਸਗੋਂ ਉੱਥੇ ਵਿਦੇਸ਼ੀ ਮੰਤਰੀ ਤਕ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ। ਪਿਛਲੇ ਮਹੀਨੇ ਛਿਨ ਕਾਂਗ ਨੂੰ 3 ਤੋਂ ਵੱਧ ਹਫਤੇ ਤੋਂ ਕਿਸੇ ਵੀ ਪਬਲਿਕ ਮੀਟਿੰਗ ’ਚ ਨਹੀਂ ਦੇਖਿਆ ਗਿਆ ਸੀ। ਜਾਂਚ ’ਚ ਪਤਾ ਲੱਗਾ ਸੀ ਕਿ ਅਮਰੀਕਾ ’ਚ ਫਿਨਿਕਸ ਟੀ. ਵੀ. ਦੀ ਮਹਿਲਾ ਰਿਪੋਰਟਰ ਨਾਲ ਛਿਨ ਕਾਂਗ ਦੇ ਨਾਜਾਇਜ਼ ਸਬੰਧ ਸਨ ਤਾਂ ਸੀ. ਪੀ. ਸੀ. ਨੇ ਆਪਣੇ ਅਕਸ ਨੂੰ ਸਾਫ ਬਣਾਈ ਰੱਖਣ ਲਈ ਅਜਿਹਾ ਕੀਤਾ ਸੀ। ਬਾਅਦ ’ਚ ਸਾਬਕਾ ਵਿਦੇਸ਼ ਮੰਤਰੀ ਬਾਂਗ ਯੀ ਨੂੰ ਫਿਰ ਤੋਂ ਉਨ੍ਹਾਂ ਦੇ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ। ਚੀਨ ਮਾਮਲੇ ’ਚ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ੀ ਜਿਨਪਿੰਗ ਨੂੰ ਜਿੱਥੇ ਵੀ ਆਪਣੇ ਲਈ ਖਤਰਾ ਨਜ਼ਰ ਆਉਂਦਾ ਹੈ, ਉਹ ਉਸ ਥਾਂ ਤੋਂ ਪੁਰਾਣੇ ਲੋਕਾਂ ਨੂੰ ਹਟਾ ਕੇ ਆਪਣੇ ਵਫਾਦਾਰਾਂ ਦੀ ਭਰਤੀ ਕਰ ਦਿੰਦੇ ਹਨ, ਜਿਸ ਨਾਲ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਪਰ ਅਜੇ ਚੀਨ ’ਚ ਅੱਗੇ ਕੀ ਕੁਝ ਹੋਣ ਵਾਲਾ ਹੈ, ਇਸ ਬਾਰੇ ਅਜੇ ਕੁਝ ਕਹਿਣਾ ਕਾਹਲੀ ਹੋਵੇਗੀ ਪਰ ਇੰਨਾ ਤੈਅ ਹੈ ਕਿ ਚੀਨ ’ਚ ਅੰਦਰਖਾਤੇ ਕੁਝ ਚੁੱਕ-ਥਲ ਚੱਲ ਰਹੀ ਹੈ, ਜੋ ਚੋਟੀ ਦੀ ਸੱਤਾ ਲਈ ਖਤਰੇ ਦਾ ਕਾਰਨ ਬਣ ਸਕਦੀ ਹੈ।

Anuradha

This news is Content Editor Anuradha