ਉਈਗੁਰਾਂ ਤੇ ਹੋਰ ਘੱਟਗਿਣਤੀ ਮੁਸਲਮਾਨਾਂ ਨੂੰ ਹਿਰਾਸਤ ’ਚ ਲੈਣ ਕਾਰਨ ਚੀਨ ਬਣਿਆ ਕੌਮਾਂਤਰੀ ਆਲੋਚਨਾ ਦਾ ਕੇਂਦਰ

09/14/2018 5:44:37 AM

ਚੀਨ ਵਲੋਂ ਨਜ਼ਰਬੰਦੀ ਕੈਂਪਾਂ ’ਚ ਲੱਖਾਂ ਉਈਗੁਰਾਂ ਅਤੇ ਹੋਰ ਘੱਟਗਿਣਤੀ ਮੁਸਲਮਾਨਾਂ ਨੂੰ ਹਿਰਾਸਤ ’ਚ ਰੱਖਣ ਲਈ ਅਮਰੀਕਾ ਦਾ ਟਰੰਪ ਪ੍ਰਸ਼ਾਸਨ ਚੀਨ ਦੇ ਸੀਨੀਅਰ ਅਧਿਕਾਰੀਅਾਂ ਤੇ ਕੰਪਨੀਅਾਂ ’ਤੇ ਸਜ਼ਾਯੋਗ ਕਾਰਵਾਈ ਵਜੋਂ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਚੀਨ ਵਿਰੁੱਧ ਕਾਰਵਾਈ ਦੇ ਰੂਪ ’ਚ ਟਰੰਪ ਪ੍ਰਸ਼ਾਸਨ ਵਲੋਂ ਲਾਏ ਜਾਣ ਵਾਲੇ ਜੁਰਮਾਨੇ ਸ਼ਾਇਦ ਆਪਣੀ ਕਿਸਮ ਦੇ ਪਹਿਲੇ ਅਜਿਹੇ ਜੁਰਮਾਨੇ ਹੋਣਗੇ। 
ਅਮਰੀਕੀ ਅਧਿਕਾਰੀ ਨਿਗਰਾਨੀ ਤਕਨੀਕ ਦੀ ਅਮਰੀਕੀ ਵਿਕਰੀ ਨੂੰ ਵੀ ਸੀਮਤ ਕਰਨਾ ਚਾਹੁੰਦੇ ਹਨ, ਜਿਸ ਦੀ ਵਰਤੋਂ ਚੀਨੀ ਸੁਰੱਖਿਆ ਏਜੰਸੀਅਾਂ ਤੇ ਕੰਪਨੀਅਾਂ ਉੱਤਰ-ਪੱਛਮੀ ਚੀਨ ’ਚ ਉਈਗੁਰਾਂ ਦੀਅਾਂ ਸਰਗਰਮੀਅਾਂ ’ਤੇ ਨਜ਼ਰ ਰੱਖਣ ਲਈ ਕਰ ਰਹੀਅਾਂ ਹਨ। 
ਵ੍ਹਾਈਟ ਹਾਊਸ, ਅਮਰੀਕੀ ਟ੍ਰੈਜ਼ਰੀ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਅਾਂ ਦਰਮਿਆਨ ਚੀਨ ਵਲੋਂ ਇਸ ਦੇ ਘੱਟਗਿਣਤੀ ਮੁਸਲਮਾਨਾਂ ਵਿਰੁੱਧ ਰਵੱਈਏ ਲਈ ਫਿਟਕਾਰ ਲਾਉਣ ਲਈ ਚਰਚਾ ਕਾਫੀ ਮਹੀਨਿਅਾਂ ਤੋਂ ਚੱਲ ਰਹੀ ਹੈ ਪਰ ਦੋ ਹਫਤੇ ਪਹਿਲਾਂ ਉਨ੍ਹਾਂ ਨੂੰ ਇਸ ਦੀ ਲੋੜ ਉਦੋਂ ਮਹਿਸੂਸ ਹੋਈ, ਜਦੋਂ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੇ ਖਜ਼ਾਨਾ ਮੰਤਰੀ ਸਟੀਵਨ ਨੂੰ 7 ਚੀਨੀ ਅਧਿਕਾਰੀਅਾਂ ’ਤੇ ਪਾਬੰਦੀ ਲਾਗੂ ਕਰਨ ਲਈ ਕਿਹਾ। 
ਟਰੰਪ ਹੁਣ ਤਕ ਚੀਨ ਨੂੰ ਉਸ ਦੇ ਮਨੁੱਖੀ ਅਧਿਕਾਰਾਂ ਸਬੰਧੀ ਰਿਕਾਰਡ ਲਈ ਸਜ਼ਾ ਦੇਣ, ਇਥੋਂ ਤਕ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਉਸ ਦੀ ਆਲੋਚਨਾ ਕਰਨ ਤੋਂ ਬਚਦੇ ਰਹੇ ਹਨ। ਜੇ ਹੁਣ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਜ਼ਾਯੋਗ ਕਾਰਵਾਈ ਨਾਲ ਕਾਰੋਬਾਰ ਨੂੰ ਲੈ ਕੇ ਪੇਈਚਿੰਗ ਨਾਲ ਪਹਿਲਾਂ ਤੋਂ ਚੱਲ ਰਹੀ ਕੁੜੱਤਣ ਨਾਲ ਇਹ ਅੱਗ ’ਚ ਘਿਓ ਦਾ ਕੰਮ ਕਰੇਗੀ ਤੇ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਵੀ ਦਬਾਅ ਵਧਾਏਗੀ। 
‘ਹਿਊਮਨ ਰਾਈਟਸ ਵਾਚ’ ਵਲੋਂ ਪਿਛਲੇ ਦਿਨੀਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦੀਅਾਂ ਮਨੁੱਖੀ ਅਧਿਕਾਰਾਂ  ਦੀਅਾਂ ਉਲੰਘਣਾਵਾਂ ਕੀਤੀਅਾਂ ਜਾ ਰਹੀਅਾਂ ਹਨ, ਉਹੋ ਜਿਹੀਅਾਂ 1966-76 ਦੀ ਸੱਭਿਆਚਾਰਕ ਕ੍ਰਾਂਤੀ ਤੋਂ ਬਾਅਦ ਚੀਨ ’ਚ ਨਹੀਂ ਦੇਖੀਅਾਂ ਗਈਅਾਂ ਸਨ।  ਰਿਪੋਰਟ ਮੁਤਾਬਿਕ ਚੀਨ ਨੇ ਧਰਮ ਦੇ ‘ਅਰਾਜਕ’ ਅਤੇ ਗੈਰ-ਕਾਨੂੰਨੀ ਆਨਲਾਈਨ ਪ੍ਰਸਾਰ ਵਿਰੁੱਧ ਫੜੋ-ਫੜੀ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਜੋ ਧਾਰਮਿਕ ਪੂਜਾ-ਪਾਠ ਨੂੰ ਕੰਟਰੋਲ ਕਰਨ ਲਈ ਦੇਸ਼ ਦੀ ਸਖਤ ਮੁਹਿੰਮ ਦਾ ਹਿੱਸਾ ਹਨ। 
‘ਗਲੋਬਲ ਟਾਈਮਜ਼’  ਦੀ ਰਿਪੋਰਟ’ਚ ਬੀਤੇ ਸੋਮਵਾਰ ਜਾਰੀ ਨੀਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਧਾਰਮਿਕ ਸੂਚਨਾਵਾਂ ਦਾ ਆਨਲਾਈਨ ਪ੍ਰਸਾਰ ਕਰਨ ਵਾਲੇ ਸਾਰੇ ਸੰਗਠਨਾਂ ਨੂੰ ਪ੍ਰਾਂਤਕ ਧਾਰਮਿਕ ਮਾਮਲਿਅਾਂ ਸਬੰਧੀ ਮਹਿਕਮਿਅਾਂ ਕੋਲ ਲਾਇਸੈਂਸਾਂ ਵਾਸਤੇ ਅਰਜ਼ੀ ਦੇਣੀ  ਪਵੇਗੀ। ਜਿੱਥੇ ਲਾਇਸੈਂਸ ਉਨ੍ਹਾਂ ਨੂੰ ‘ਉਪਦੇਸ਼ ਅਤੇ ਧਾਰਮਿਕ ਸਿਖਲਾਈ’ ਦੇਣ ਦੀ ਤਾਕਤ ਦੇਵੇਗਾ, ਉਥੇ ਹੀ ਉਨ੍ਹਾਂ ਨੂੰ ਧਾਰਮਿਕ ਸਰਗਰਮੀਅਾਂ ਦੇ ਸਜੀਵ ਪ੍ਰਸਾਰਣ ਦੀ ਇਜਾਜ਼ਤ ਨਹੀਂ ਹੋਵੇਗੀ। 
ਆਪਣੇ ਖ਼ੁਦ ਦੇ ਇੰਟਰਨੈੱਟ ਪਲੇਟਫਾਰਮਾਂ ਤੋਂ ਇਲਾਵਾ ਕਿਸੇ ਵੀ ਹੋਰ ਮੰਚ ਤੋਂ ਧਾਰਮਿਕ ਸੂਚਨਾ ਦੇ ਪ੍ਰਸਾਰਣ ’ਤੇ ਪਾਬੰਦੀ ਲਾਈ ਗਈ ਹੈ। ਸ਼ਿਨਜਿਅਾਂਗ ਦੇ 58 ਸਾਬਕਾ ਵਾਸੀਅਾਂ ਨਾਲ ਗੱਲਬਾਤ ਦੇ ਆਧਾਰ ’ਤੇ ਇਹ ਤਜਵੀਜ਼ ਰੱਖੀ ਗਈ ਕਿ ਹੋਰ ਦੇਸ਼ ਚੀਨੀ ਅਧਿਕਾਰੀਅਾਂ ’ਤੇ ਪਾਬੰਦੀਅਾਂ ਲਾਉਣ, ਵੀਜ਼ੇ ਰੋਕ ਲੈਣ ਅਤੇ ਤਕਨੀਕ ਦੀ ਬਰਾਮਦ ਨੂੰ ਕੰਟਰੋਲ ਕਰਨ, ਜਿਸ ਦੀ ਵਰਤੋਂ ਤਸ਼ੱਦਦ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਚੀਨੀ ਅਧਿਕਾਰੀਅਾਂ ਨੇ ਇਹ ਨਹੀਂ ਮੰਨਿਆ ਕਿ ਇੰਨੀ ਵੱਡੀ ਗਿਣਤੀ ’ਚ ਮੁਸਲਮਾਨਾਂ ਨੂੰ ਹਿਰਾਸਤ ’ਚ ਲਿਆ ਜਾ ਰਿਹਾ ਹੈ। 
ਇਕ ਹੋਰ ਰਿਪੋਰਟ ਚੀਨ ਦੇ ਦਾਅਵਿਅਾਂ ਦੀ ਪੋਲ ਖੋਲ੍ਹਦੀ ਹੈ, ਜਿਸ ’ਚ ਪੱਛਮੀ ਚੀਨ’ਚ ਇਕ  ਰੇਗਿਸਤਾਨ ਦੇ ਸਿਰੇ ’ਤੇ ਇਕ ਵਾੜ ਦੇ ਪਿੱਛੇ ਖੜ੍ਹੀ ਇਮਾਰਤ ਦਾ ਜ਼ਿਕਰ ਕੀਤਾ ਗਿਆ ਹੈ, ਜਿਸ  ਦੁਆਲੇ ਕੰਡਿਆਲੀ ਤਾਰ ਲਗਾਈ ਗਈ ਹੈ। ਉਸ ’ਤੇ ਵੱਡੇ-ਵੱਡੇ ਲਾਲ ਅੱਖਰਾਂ ’ਚ ਲੋਕਾਂ ਨੂੰ ਚੀਨੀ ਭਾਸ਼ਾ ਸਿੱਖਣ, ਕਾਨੂੰਨ ਦਾ ਅਧਿਐਨ ਕਰਨ ਅਤੇ ਰੋਜ਼ਗਾਰ ਹੁਨਰ ਹਾਸਿਲ ਕਰਨ ਲਈ ਪ੍ਰੇਰਿਤ ਕਰਨ ਬਾਰੇ ਲਿਖਿਆ ਗਿਆ ਹੈ। ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਇਹ ਯਕੀਨੀ ਬਣਾਉਂਦੇ ਹਨ ਕਿ ਮਹਿਮਾਨਾਂ ਦਾ ਸਵਾਗਤ ਨਾ ਕੀਤਾ ਜਾਵੇ। 
ਉਥੇ ਸੈਂਕੜੇ ਉਈਗੁਰ ਮੁਸਲਮਾਨ ਬਹੁਤ ਦਬਾਅ ਵਾਲੇ ਮਾਹੌਲ ’ਚ ਦਿਨਕਟੀ ਕਰ ਰਹੇ ਹਨ। ਉਨ੍ਹਾਂ ਨੂੰ ਭਾਸ਼ਣ ਸੁਣਨ, ਚੀਨੀ ਸਾਮਵਾਦੀ ਪਾਰਟੀ ਦੀ ਤਾਰੀਫ ’ਚ ਗੀਤ ਗਾਉਣ, ਗੁਣਗਾਨ ਕਰਨ ਅਤੇ ਆਪਣੀ ਆਲੋਚਨਾ ’ਚ ਨਿਬੰਧ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਖੁਲਾਸਾ ਉਥੋਂ ਛੱਡੇ ਗਏ ਬੰਧਕਾਂ ਨੇ ਕੀਤਾ ਹੈ। ਇਸ ਦਾ ਉਦੇਸ਼ ਇਸਲਾਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਵਫ਼ਾਦਾਰੀ ਨੂੰ ਖਤਮ ਕਰਨਾ ਹੈ। 
41 ਸਾਲਾ ਅਬਦੁਸਲਾਮ ਮੁਹੇਮੇਤ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਇਕ  ਜਨਾਜ਼ੇ ’ਚ ਕੁਰਾਨ ਦੀਅਾਂ ਆਇਤਾਂ ਪੜ੍ਹਨ ਕਰ ਕੇ ਗ੍ਰਿਫਤਾਰ ਕਰ ਲਿਆ ਸੀ। ਇਕ ਕੈਂਪ ’ਚ 2 ਮਹੀਨੇ ਰੱਖਣ ਤੋਂ ਬਾਅਦ ਉਸ ਨੂੰ ਅਤੇ 30 ਤੋਂ ਜ਼ਿਆਦਾ ਹੋਰਨਾਂ ਲੋਕਾਂ ਨੂੰ ਆਪਣੇ ਅਤੀਤ ਦੇ ਜੀਵਨ ਨੂੰ ਭੁਲਾਉਣ ਦਾ ਹੁਕਮ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਿੱਥੇ ਉਸ ਨੂੰ ਰੱਖਿਆ ਗਿਆ ਸੀ, ਉਹ ਅਜਿਹੀ ਜਗ੍ਹਾ ਸੀ, ਜੋ ਬਦਲਾਲਊ ਭਾਵਨਾਵਾਂ ਨੂੰ ਜਨਮ ਦਿੰਦੀ ਹੈ ਤੇ ਉਈਗਰ ਪਛਾਣ ਨੂੰ ਖਤਮ ਕਰਦੀ ਹੈ। 
ਹੋਤਾਨਿਸ ਦੇ ਬਾਹਰ ਸਥਿਤ ਇਹ ਕੈਂਪ ਚੀਨੀਅਾਂ ਵਲੋਂ ਪਿਛਲੇ ਕੁਝ ਸਾਲਾਂ ਦੌਰਾਨ ਬਣਾਏ ਗਏ ਸੈਂਕੜੇ ਕੈਂਪਾਂ ’ਚੋਂ ਇਕ ਹੈ। ਇਹ ਇਕ ਮੁਹਿੰਮ ਦਾ ਹਿੱਸਾ ਹੈ, ਜਿਸ ਨੇ ਹਫਤਿਅਾਂ, ਇਥੋਂ ਤਕ ਕਿ ਮਹੀਨਿਅਾਂ ਲਈ ਲੱਖਾਂ ਦੀ ਗਿਣਤੀ ’ਚ ਚੀਨੀ ਮੁਸਲਮਾਨਾਂ ਨੂੰ ਅਪਣਾਇਆ ਹੈ, ਜਿਸ ਨੂੰ ਆਲੋਚਕ ਜ਼ਬਰਦਸਤੀ ਧਰਮ ਜਾਂ  ਸੋਚ ਬਦਲਣ (ਬ੍ਰੇਨਵਾਸ਼ਿੰਗ) ਦਾ ਨਾਂ ਦਿੰਦੇ ਹਨ। 
ਹਾਲਾਂਕਿ ਇਹ ਸ਼ਿਨਜਿਅਾਂਗ ਤਕ ਸੀਮਤ ਹੈ ਪਰ ਮਾਓ ਯੁੱਗ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਵੱਡਾ ਮੁਸਲਮਾਨਾਂ ਨੂੰ ਦਬਾਉਣ ਵਾਲਾ ਪ੍ਰੋਗਰਾਮ ਹੈ, ਜੋ ਕੌਮਾਂਤਰੀ ਆਲੋਚਨਾ ਦਾ ਕੇਂਦਰ ਬਣਿਆ ਹੋਇਆ ਹੈ। ਚੀਨ ਦਹਾਕਿਅਾਂ ਤੋਂ ਸ਼ਿਨਜਿਅਾਂਗ ’ਚ ਇਸਲਾਮ ਦੀ ਪ੍ਰਥਾ ਉੱਤੇ ਪਾਬੰਦੀ ਲਾਉਣ ਅਤੇ ਇਲਾਕੇ ’ਤੇ ਆਪਣੀ ਫ਼ੌਲਾਦੀ ਪਕੜ ਬਣਾਉਣਾ ਚਾਹੁੰਦਾ ਹੈ, ਜਿੱਥੋਂ ਦੀ 2.40 ਕਰੋੜ ਆਬਾਦੀ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਮੁਸਲਿਮ ਜਾਤੀ ਘੱਟਗਿਣਤੀ ਸਮੂਹਾਂ ਨਾਲ ਸਬੰਧਤ ਹੈ, ਜਿਨ੍ਹਾਂ ’ਚੋਂ ਬਹੁਤੇ ਉਈਗੁਰ ਹਨ। 
2014 ’ਚ ਸਰਕਾਰ ਵਿਰੋਧੀ ਹਿੰਸਕ ਹਮਲਿਅਾਂ ਦੇ ਸਿਖਰ ’ਤੇ ਪਹੁੰਚਣ ਮਗਰੋਂ ਕਮਿਊਨਿਸਟ ਪਾਰਟੀ ਦੇ ਮੁਖੀ ਸ਼ੀ ਜਿਨਪਿੰਗ ਨੇ ਫੜੋ-ਫੜੀ ’ਚ ਤੇਜ਼ੀ ਲਿਅਾਂਦੀ ਅਤੇ ਜਾਤੀ ਉਈਗੁਰਾਂ ਅਤੇ ਹੋਰ ਮੁਸਲਿਮ ਘੱਟਗਿਣਤੀਅਾਂ ਨੂੰ ਆਪਣੀ ਪਾਰਟੀ ਦੇ ਸਮਰਥਕ ਤੇ ਵਫ਼ਾਦਾਰ ਨਾਗਰਿਕ ਬਣਾਉਣ ਲਈ ਮੁਆਫੀ ਨਾ ਦੇਣ ਦੀ ਮੁਹਿੰਮ ਚਲਾਈ। 
ਪਿਛਲੇ ਸਾਲ ਮੀਡੀਆ ’ਚ ਆਈਅਾਂ ਰਿਪੋਰਟਾਂ ਅਨੁਸਾਰ ਸ਼ੀ ਜਿਨਪਿੰਗ ਨੇ ਆਪਣੇ ਅਧਿਕਾਰੀਅਾਂ ਨੂੰ ਕਿਹਾ ਕਿ ਸ਼ਿਨਜਿਅਾਂਗ ’ਚ ਅੱਤਵਾਦੀ ਸਰਗਰਮੀਅਾਂ ਰੋਕਣ ਲਈ ਅੱਤਵਾਦੀਅਾਂ ਤੇ ਵੱਖਵਾਦੀਅਾਂ ਵਿਰੁੱਧ ਤਿੱਖੀ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ’ਤੇ ਅਧਿਕਾਰੀਅਾਂ ਨੇ ਵੱਡੇ  ਪੱਧਰ ’ਤੇ ਗ੍ਰਿਫਤਾਰੀਅਾਂ ਤੇ ਪੁਲਸ ਦੀ ਨਿਗਰਾਨੀ ਦਾ ਸਿਲਸਿਲਾ ਵਧਾ ਦਿੱਤਾ ਤੇ ਨਾਲ ਹੀ ਆਪਣੇ ਜਾਸੂਸਾਂ ਦੀ ਵਰਤੋਂ ਵੱਡੇ ਪੱਧਰ ’ਤੇ ਕਰਨੀ ਸ਼ੁਰੂ ਕਰ ਦਿੱਤੀ। ਹੋਰ ਤਾਂ ਹੋਰ, ਕੁਝ ਲੋਕਾਂ ਦੇ ਘਰਾਂ ’ਚ ਕੈਮਰੇ ਤਕ ਲਾ ਦਿੱਤੇ ਗਏ। ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ’ਚ ਸ਼ਿਨਜਿਅਾਂਗ ਦੇ ਮਾਮਲਿਅਾਂ ਬਾਰੇ ਮਾਹਿਰ ਮਾਈਕਲ ਕਲਾਰਕ ਨੇ ਦੱਸਿਆ ਕਿ ਉਥੋਂ ਦੇ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ’ਚ ਹੁਣ ਸਰਕਾਰੀ ਦਖਲ ਇਕ ਆਮ ਗੱਲ ਹੋ ਗਈ ਹੈ। 
ਚੀਨ ਨੇ ਸ਼ਿਨਜਿਅਾਂਗ ’ਚ ਲੋਕਾਂ ’ਤੇ ਤਸ਼ੱਦਦ ਦੀਅਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਪਿਛਲੇ ਮਹੀਨੇ ਜੇਨੇਵਾ ’ਚ ਸੰਯੁਕਤ ਰਾਸ਼ਟਰ ਪੈਨਲ ਦੀ ਇਕ ਰਿਪਰੋਟ ’ਚ ਚੀਨ ਨੇ ਕਿਹਾ ਸੀ ਕਿ ਉਹ ਸਿਖਲਾਈ ਕੈਂਪਾਂ ਦਾ ਸੰਚਾਲਨ ਨਹੀਂ ਕਰਦਾ ਅਤੇ ਜਿਨ੍ਹਾਂ ਅਦਾਰਿਅਾਂ ’ਤੇ ਸਵਾਲ ਉਠਾਏ ਗਏ ਹਨ, ਉਨ੍ਹਾਂ  ਬਾਰੇ ਚੀਨ ਨੇ ਕਿਹਾ ਕਿ ਉਹ ਨੌਕਰੀਅਾਂ ਲਈ ਸਿਖਲਾਈ ਦੇਣ ਵਾਲੇ ਸਾਧਾਰਨ ਪੱਧਰ ਦੇ ਅਦਾਰੇ ਹਨ। ਸ਼ਿਨਜਿਅਾਂਗ ਸਬੰਧੀ ਨੀਤੀ ’ਚ ਦਖ਼ਲ ਰੱਖਣ ਵਾਲੇ ਇਕ ਅਧਿਕਾਰੀ  ਹੂ ਲਿਆਨਹੇ  ਨੇ ਪੈਨਲ ਨੂੰ ਦੱਸਿਆ ਕਿ ਉਥੇ ਕਿਸੇ ਨੂੰ ਵੀ ਤਾਨਾਸ਼ਾਹੀ ਢੰਗ ਨਾਲ ਹਿਰਾਸਤ ’ਚ ਨਹੀਂ ਲਿਆ ਗਿਆ।
ਪਿਛਲੇ ਸਾਲ ਪ੍ਰਕਾਸ਼ਿਤ ਹੋਏ ਇਕ ਅਧਿਐਨ ’ਚ ਦੱਸਿਆ ਗਿਆ ਹੈ ਕਿ ਕੁਝ ਥਾਵਾਂ ’ਤੇ ਅਧਿਕਾਰੀ ਬਿਨਾਂ ਕਿਸੇ ਵਿਤਕਰੇ ਦੇ ਜਾਤੀ ਉਈਗੁਰਾਂ ਨੂੰ ਕੈਂਪਾਂ ’ਚ ਭੇਜ ਰਹੇ ਹਨ ਤਾਂ ਕਿ ਆਬਾਦੀ ਸਮੀਕਰਨ ਪੂਰੇ ਕੀਤੇ ਜਾ ਸਕਣ। ਹੋਤਾਨ ’ਚ ਪਾਰਟੀ ਅਧਿਕਾਰੀਅਾਂ ਵਲੋਂ ਜਾਰੀ ਇਕ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਕਿਸੇ ਵਿਚਾਰਧਾਰਾ ਦੇ ‘ਰੋਗਾਣੂ’  ਤੋਂ ਪੀੜਤ ਹੈ, ਉਸ ਨੂੰ ਜ਼ਰੂਰੀ ਤੌਰ ’ਤੇ ‘ਬੀਮਾਰੀ’ ਵਧਣ ਤੋਂ ਪਹਿਲਾਂ ਤੁਰੰਤ ਤਬਦੀਲੀ ਲਈ ‘ਰਿਹਾਇਸ਼ੀ ਦੇਖ-ਰੇਖ’ ਵਿਚ ਭੇਜਿਆ ਜਾਣਾ ਚਾਹੀਦਾ ਹੈ।                                              (ਟਾ.)