ਚੀਨ ਨੇ ਕਿਊਬਾ ਨਾਲ ਰਣਨੀਤਕ ਗੱਠਜੋੜ ਬਣਾਇਆ

06/17/2023 6:02:29 PM

ਚੀਨ ਅਤੇ ਅਮਰੀਕਾ ’ਚ ਇਨ੍ਹੀਂ ਦਿਨੀਂ ਰਣਨੀਤਕ ਜੰਗ ਤੇਜ਼ ਹੁੰਦੀ ਜਾ ਰਹੀ ਹੈ, ਚੀਨ ਹਰ ਤਰ੍ਹਾਂ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅਮਰੀਕਾ ਨੂੰ ਘੇਰੇ ਅਤੇ ਇਸ ਲਈ ਚੀਨ ਨੇ ਨਾ ਸਿਰਫ ਅਮਰੀਕਾ ਦੇ ਗੁਆਂਢੀ ਦੇਸ਼ਾਂ ਸਗੋਂ ਦੱਖਣ-ਪੂਰਬੀ ਪ੍ਰਸ਼ਾਂਤ ਮਹਾਸਾਗਰੀ ਦੇਸ਼ਾਂ ਦੇ ਨਾਲ ਵੀ ਜੰਗੀ ਸਹਿਯੋਗ ਕੀਤਾ ਅਤੇ ਅਮਰੀਕਾ ਦੇ ਮਿੱਤਰ ਦੇਸ਼ਾਂ ਨੂੰ ਘੇਰਨ ਦੀ ਮੁਹਿੰਮ ਸ਼ੁਰੂ ਕੀਤੀ। ਚੀਨ ਹੁਣ ਅਮਰੀਕਾ ਨੂੰ ਲੈ ਕੇ ਹਮਲਾਵਰ ਹੋਣ ਲੱਗਾ ਹੈ। ਚੀਨ ਜਿੰਨਾ ਅੰਦਰੂਨੀ ਮੁਸੀਬਤਾਂ ਨਾਲ ਘਿਰਦਾ ਜਾ ਰਿਹਾ ਹੈ, ਓਨਾ ਹੀ ਅਮਰੀਕਾ ਵਿਰੁੱਧ ਬੜਬੋਲਾ ਹੁੰਦਾ ਜਾ ਰਿਹਾ ਹੈ। ਅਮਰੀਕਾ ਨੂੰ ਘੇਰਨ ਲਈ ਚੀਨ ਨੇ ਹਾਲ ਹੀ ’ਚ ਉਸ ਦੇ ਗੁਆਂਢੀ ਅਤੇ ਸੀਤ ਜੰਗ ਦੇ ਉਸ ਦੇ ਧੁਰ ਵਿਰੋਧੀ ਦੇਸ਼ ਕਿਊਬਾ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਕਿਊਬਾ ਨੇ ਚੀਨ ਨੂੰ ਆਪਣੀ ਸਰਹੱਦ ’ਚ ਇਲੈਕਟ੍ਰਾਨਿਕ ਕੇਂਦਰ ਸਥਾਪਿਤ ਕਰਨ ਦੀ ਛੋਟ ਦੇ ਦਿੱਤੀ ਹੈ। ਇਸ ਸਮਝੌਤੇ ਤਹਿਤ ਚੀਨ ਆਪਣੇ ਇਲੈਕਟ੍ਰਾਨਿਕ ਜਾਸੂਸੀ ਉਪਕਰਣ ਕਿਊਬਾ ’ਚ ਲਾਵੇਗਾ, ਜਿਸ ਨਾਲ ਉਹ ਅਮਰੀਕੀ ਸਮੁੰਦਰੀ ਫੌਜ ਦੀਆਂ ਸਰਗਰਮੀਆਂ ਅਤੇ ਦੂਜੇ ਸਮੁੰਦਰੀ ਬੇੜਿਆਂ ਦੀ ਆਵਾਜਾਈ ’ਤੇ ਤਿੱਖੀ ਨਜ਼ਰ ਰੱਖ ਸਕੇਗਾ। ਅਮਰੀਕੀ ਤੱਟਾਂ ਤੋਂ ਸਿਰਫ 90 ਮੀਲ ਦੀ ਦੂਰੀ ’ਤੇ ਚੀਨੀ ਜਾਸੂਸੀ ਉਪਕਰਣਾਂ ਦੇ ਲੱਗਣ ਨਾਲ ਅਮਰੀਕੀ ਸਮੁੰਦਰੀ ਬੇੜਿਆਂ ਦੀ ਹਰ ਸਰਗਰਮੀ ’ਤੇ ਚੀਨ ਦੀ ਨਜ਼ਰ ਹੋਵੇਗੀ ਜੋ ਅਮਰੀਕਾ ਨਾਲ ਤਣਾਅ ਜਾਂ ਜੰਗ ਦੇ ਸਮੇਂ ਅਮਰੀਕਾ ਲਈ ਘਾਤਕ ਸਾਬਤ ਹੋ ਸਕਦੀ ਹੈ। ਸੀਤ ਜੰਗ ਦੇ ਦੌਰਾਨ ਪਿਛਲੇ 60 ਸਾਲਾਂ ਤੋਂ ਅਮਰੀਕਾ ਵੱਲੋਂ ਅਣਡਿੱਠ ਕੀਤੇ ਜਾਣ ਕਾਰਨ ਕੈਰੇਬੀਆਈ ਦੇਸ਼ ਕਿਊਬਾ ਇਕ ਗਰੀਬ ਦੇਸ਼ ਬਣ ਕੇ ਰਹਿ ਗਿਆ ਹੈ, ਜਿਸ ਨੂੰ ਇਸ ਸਮੇਂ ਆਪਣੇ ਵਿਕਾਸ ਲਈ ਪੈਸਿਆਂ ਅਤੇ ਉਦਯੋਗੀਕਰਨ ਦੀ ਬਹੁਤ ਲੋੜ ਹੈ। ਆਪਣੀ ਅਣਡਿੱਠਤਾ ਕਾਰਨ ਕਿਊਬਾ ਅਮਰੀਕਾ ਦਾ ਧੁਰ ਵਿਰੋਧੀ ਬਣ ਚੁੱਕਾ ਹੈ, ਅਜਿਹੇ ’ਚ ਚੀਨ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਤੇ ਕਿਊਬਾ ਨਾਲ ਸਮਝੌਤੇ ਲਈ ਚੀਨ ਨੇ ਉਸ ਨੂੰ ਅਰਬਾਂ ਡਾਲਰ ਿਦੱਤੇ ਹਨ ਜਿਸ ਨਾਲ ਕਿਊਬਾ ਦੇ ਤੱਟਾਂ (ਸਮੁੰਦਰੀ ਕੰਢਿਆਂ) ’ਤੇ ਛੇਤੀ ਹੀ ਚੀਨੀ ਨਿਰਮਾਣ ਸ਼ੁਰੂ ਕੀਤਾ ਜਾ ਸਕੇ। ਸ਼ੀ ਜਿਨਪਿੰਗ ਦੀ ਇਹ ਹਰਕਤ ਅਮਰੀਕਾ ਨੂੰ ਇਹ ਦਿਖਾਉਣ ਲਈ ਕੀਤੀ ਜਾ ਰਹੀ ਹੈ ਕਿ ਚੀਨ ਵੀ ਅਮਰੀਕਾ ਦੇ ਗੁਆਂਢ ’ਚ ਆਪਣਾ ਡੇਰਾ ਲਾ ਸਕਦਾ ਹੈ। ਚੀਨ ਦੀਆਂ ਹਰਕਤਾਂ ਤੋਂ ਅਜਿਹਾ ਲੱਗਦਾ ਹੈ ਕਿ ਚੀਨ ਅਮਰੀਕਾ ਨਾਲ ਦੋ-ਦੋ ਹੱਥ ਕਰਨ ਦੇ ਮੂਡ ’ਚ ਹੈ। ਸ਼ੀ ਅਮਰੀਕਾ ਨੂੰ ਆਪਣੀ ਫੌਜੀ ਤਾਕਤ ਦਿਖਾਉਣੀ ਚਾਹੁੰਦੇ ਹਨ ਫਿਰ ਭਾਵੇਂ ਹੀ ਇਹ ਮਾਮਲਾ ਕਿਊਬਾ ’ਚ ਇਲੈਕਟ੍ਰਾਨਿਕ ਜਾਸੂਸੀ ਯੰਤਰ ਲਾ ਕੇ ਅਮਰੀਕੀ ਸਮੁੰਦਰੀ ਸਰਗਰਮੀਆਂ ’ਤੇ ਨਜ਼ਰ ਰੱਖਣ ਦਾ ਹੀ ਕਿਉਂ ਨਾ ਹੋਵੇ।

ਓਧਰ ਇਸ ਬਾਰੇ ਅਮਰੀਕੀ ਧਿਰ ਦਾ ਕਹਿਣਾ ਹੈ ਕਿ ਜੇ ਚੀਨ ਦੀ ਗੱਲ ਸੱਚ ਹੈ ਤਾਂ ਇਹ ਗੱਲ ਜੋਅ ਬਾਈਡੇਨ ਨੂੰ ਪ੍ਰੇਸ਼ਾਨ ਕਰ ਸਕਦੀ ਹੈ ਤੇ ਅਜਿਹੇ ’ਚ ਉਹ ਚੁੱਪ ਨਹੀਂ ਬੈਠ ਸਕਦੇ, ਉਨ੍ਹਾਂ ਨੂੰ ਚੀਨ ਨੂੰ ਜਵਾਬ ਦੇਣ ਲਈ ਮੀਡੀਆ ਸਾਹਮਣੇ ਆਉਣਾ ਪਵੇਗਾ ਪਰ ਅਮਰੀਕੀ ਜਾਣਕਾਰਾਂ ਆ ਕਹਿਣਾ ਹੈ ਕਿ ਅਸਲ ’ਚ ਇਸ ਗੱਲ ’ਚ ਕੋਈ ਸੱਚਾਈ ਨਹੀਂ। ਕਿਊਬਾ ਨੂੰ ਲੈ ਕੇ ਪਿਛਲੀ ਵਾਰ ਤਣਾਅ ਸਾਲ 1962 ’ਚ ਪੈਦਾ ਹੋਇਆ ਸੀ ਜਦ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ ਨੇ ਕਿਊਬਾ ਨੂੰ ਪ੍ਰਮਾਣੂ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਸਮੇਂ ਖਰੁਸ਼ਚੇਵ ਨੇ ਕਿਹਾ ਸੀ ਕਿ ਮੁਨਰੋ ਸਿਧਾਂਤ ਮਰ ਚੁੱਕਾ ਹੈ ਅਤੇ ਉਨ੍ਹਾਂ ਨੇ ਪ੍ਰਮਾਣੂ ਹਥਿਆਰਾਂ ਨਾਲ ਲੱਦੇ ਆਪਣੇ ਮਾਲਵਾਹਕ ਸਮੁੰਦਰੀ ਬੇੜੇ ਨੂੰ ਹਵਾਨਾ ਲਈ ਰਵਾਨਾ ਕਰ ਦਿੱਤਾ ਸੀ ਪਰ ਖਰੁਸ਼ਚੇਵ ਦਾ ਸੁਪਨਾ ਇੰਨਾ ਸੌਖਾ ਨਹੀਂ ਸੀ ਕਿਉਂਕਿ ਉਸ ਸਮੇਂ ਅਮਰੀਕੀ ਰਾਸ਼ਟਰਪਤੀ ਜਾਨ ਐੱਫ. ਕੈਨੇਡੀ ਨੇ ਮੁਨਰੋ ਸਿਧਾਂਤ ਨੂੰ ਫਿਰ ਤੋਂ ਜੀਵਿਤ ਕੀਤਾ ਅਤੇ ਰੂਸੀ ਸਮੁੰਦਰੀ ਬੇੜਿਆਂ ਨੂੰ ਕਿਊਬਾ ਆਉਣ ਤੋਂ ਰੋਕਣ ਲਈ ਆਪਣੇ ਜੰਗੀ ਬੇੜਿਆਂ ਨੂੰ ਕਿਊਬਾ ਅੱਗੇ ਖੜ੍ਹਾ ਕਰ ਦਿੱਤਾ ਸੀ, ਇਸ ਦੇ ਜਵਾਬ ’ਚ ਰੂਸੀ ਬੇੜਿਆਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਸੀ। ਓਧਰ ਚੀਨ ਆਪਣੀ ਇਸ ਚਲਾਕ ਹਰਕਤ ਨੂੰ ਸਹੀ ਠਹਿਰਾਉਣ ਲਈ ਬਹੁਤ ਸਾਰੀਆਂ ਕੂੜ ਦਲੀਲਾਂ ਦੇ ਰਿਹਾ ਹੈ ਜਿਨ੍ਹਾਂ ’ਚੋਂ ਇਕ ਹੈ ਅਮਰੀਕਾ ’ਤੇ ਦੋਸ਼ ਲਾਉਣਾ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਪੂਰੀ ਦੁਨੀਆ ’ਚ ਆਪਣੀ ਸਰਦਾਰੀ ਦਿਖਾਉਣਾ ਚਾਹੁੰਦਾ ਹੈ ਤੇ ਉਸ ਦੇ ਆਪਣੇ ਹਿੱਤ ਦੁਨੀਆ ਦੇ ਕਾਨੂੰਨਾਂ ਤੋਂ ਉਪਰ ਹਨ। ਇਸ ਦੇ ਨਾਲ ਹੀ ਚੀਨ ਨੇ ਆਸਟ੍ਰੇਲੀਆ ਨਾਲ ਤਣਾਅ ਹੋਣ ਦੇ ਬਾਅਦ ਉਸ ਕੋਲ ਸਥਿਤ ਸੋਲੋਮੋਨ ਟਾਪੂ ਦੇ ਨਾਲ ਸੁਰੱਖਿਆ ਅਤੇ ਬਿਪਤਾ ਦੇ ਸਮੇਂ ਲੋਕਾਂ ਦੀ ਮਦਦ ਕਰਨ ਦੇ ਨਾਂ ’ਤੇ ਇਕ ਸਮਝੌਤਾ ਕੀਤਾ।

ਚੀਨ ਇਸ ਸਮੇਂ ਅਮਰੀਕਾ ਸਮੇਤ ਪੱਛਮੀ ਸ਼ਕਤੀਆਂ ਨੂੰ ਘੇਰਨ ਦੀ ਕੋਸ਼ਿਸ਼ ਇਸ ਲਈ ਕਰ ਰਿਹਾ ਹੈ ਕਿਉਂਕਿ ਆਪਣੀਆਂ ਗਲਤ ਨੀਤੀਆਂ ਕਾਰਨ ਚੀਨ ਸਰਕਾਰ ਆਪਣੇ ਹੀ ਘਰ ’ਚ ਲੋਕਾਂ ਨਾਲ ਘਿਰ ਗਈ ਹੈ। ਉਸ ਨੂੰ ਆਪਣੀ ਸੱਤਾ ਹੱਥੋਂ ਜਾਣ ਦਾ ਡਰ ਸਤਾ ਰਿਹਾ ਹੈ, ਇਸ ਲਈ ਚੀਨੀ ਜਨਤਾ ’ਚ ਰਾਸ਼ਟਰਵਾਦ ਜਗਾਉਣ ਦੇ ਨਾਂ ’ਤੇ ਚੀਨ ਬਾਹਰੀ ਦੁਨੀਆ ਤੋਂ ਖਤਰਾ ਮੁੱਲ ਲੈ ਰਿਹਾ ਹੈ ਜੋ ਆਉਣ ਵਾਲੇ ਸਮੇਂ ’ਚ ਉਸ ਨੂੰ ਬਹੁਤ ਭਾਰੀ ਪੈ ਸਕਦਾ ਹੈ। ਉੱਥੇ ਹੀ ਚੀਨ ਨੂੰ ਜਵਾਬ ਦੇਣ ਲਈ ਅਮਰੀਕਾ ਨੇ ਆਸਟ੍ਰੇਲੀਆ ਦੇ ਉੱਤਰ ਅਤੇ ਇੰਡੋਨੇਸ਼ੀਆ ਕੋਲ ਪਾਪੂਆ ਨਿਊ ਗਿਨੀ ਦੇਸ਼ ਨਾਲ ਰਣਨੀਤਕ ਸਮਝੌਤਾ ਕਰ ਲਿਆ ਜਿਸ ਨਾਲ ਸਮਾਂ ਰਹਿੰਦਿਆਂ ਉਹ ਪ੍ਰਸ਼ਾਂਤ ਖੇਤਰ ’ਚ ਚੀਨ ਨੂੰ ਘੇਰ ਸਕੇ।

Anuradha

This news is Content Editor Anuradha