ਚੀਨ ਵੱਲੋਂ ਇਕ ਅੱਤਵਾਦੀ ਨੂੰ ਸਮਰਥਨ ਦੇਣਾ ਜਾਇਜ਼ ਨਹੀਂ

11/15/2017 7:57:59 AM

ਇਹ ਇਕ ਜਾਣੀ-ਪਛਾਣੀ ਕਵਾਇਦ ਹੈ। ਅਰੁਣਾਚਲ ਪ੍ਰਦੇਸ਼ 'ਚ ਭਾਰਤ ਦੇ ਸ਼ਾਸਨ ਦਾ ਚੀਨ ਵਿਰੋਧ ਕਰਦਾ ਹੈ। ਦੂਜੇ ਪਾਸੇ ਭਾਰਤ ਇਸ ਵਿਰੋਧ ਨੂੰ ਅਣਡਿੱਠ ਕਰਦਾ ਹੈ ਅਤੇ ਇਸ ਉੱਤਰ-ਪੂਰਬੀ ਸੂਬੇ ਨੂੰ ਆਪਣਾ ਮੰਨਦਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰੁਣਾਚਲ ਦੌਰੇ ਤੋਂ ਚੀਨ ਨਾਰਾਜ਼ ਹੈ, ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਦਲਾਈਲਾਮਾ ਉਥੇ ਗਏ ਸਨ ਤਾਂ ਕਾਫੀ ਰੌਲਾ ਪਿਆ ਸੀ।
ਚੀਨ ਤੇ ਭਾਰਤ ਸਰਹੱਦੀ ਅਸਲੀ ਲਾਈਨ ਨੂੰ ਲੈ ਕੇ ਸ਼ਾਇਦ ਹੀ ਕਦੇ ਸਹਿਮਤ ਹੋਏ ਹੋਣ। ਬੀਜਿੰਗ ਨੇ 1962 'ਚ ਹਮਲਾ ਕਰ ਦਿੱਤਾ, ਜਦੋਂ ਭਾਰਤ ਨੇ ਆਪਣੇ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਵਾਰ ਭਾਰਤ ਨੇ ਡੋਕਲਾਮ ਦੇ ਡੈੱਡਲਾਕ ਸਮੇਂ ਆਪਣੀ ਤਾਕਤ ਵੀ ਦਿਖਾਈ ਤੇ ਚੀਨ ਨੂੰ ਆਪਣੀ ਫੌਜ ਭਾਰਤੀ ਸਰਹੱਦ ਤੋਂ ਪਿੱਛੇ ਹਟਾਉਣੀ ਪਈ। ਤਣਾਅ ਤੋਂ ਬਾਅਦ ਸਤੰਬਰ ਵਿਚ ਹੋਏ 'ਬ੍ਰਿਕਸ ਸੰਮੇਲਨ' ਵਿਚ ਹਿੱਸਾ ਲੈਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਣਾਅ ਨੂੰ ਘੱਟ ਕੀਤਾ। 
ਇਸ ਯਾਤਰਾ ਦਾ ਹਾਂ-ਪੱਖੀ ਪਹਿਲੂ ਇਹ ਹੈ ਕਿ ਦੋਹਾਂ ਦੇਸ਼ਾਂ ਨੇ ਅੱਤਵਾਦੀਆਂ ਵਿਰੁੱਧ ਲੜਨ ਦਾ ਸੰਕਲਪ ਦੁਹਰਾਇਆ ਪਰ ਇਥੇ ਵੀ ਚੀਨ ਨੇ ਆਪਣਾ ਰਵੱਈਆ ਦਿਖਾ ਦਿੱਤਾ ਅਤੇ ਬਦਨਾਮ ਅੱਤਵਾਦੀ ਮਸੂਦ ਅਜ਼ਹਰ 'ਤੇ ਪਾਬੰਦੀ ਲਾਉਣ ਦੀ ਸੰਯੁਕਤ ਰਾਸ਼ਟਰ ਦੀ ਤਜਵੀਜ਼ ਨੂੰ ਰੋਕ ਦਿੱਤਾ, ਜਿਸ ਕਾਰਨ ਮਸੂਦ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ। 
ਚੀਨ ਤੇ ਪਾਕਿਸਤਾਨ ਦੀ ਮਜ਼ਬੂਤ ਹੋ ਰਹੀ ਦੋਸਤੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਚੀਨ ਨੇ ਅਰੁਣਾਚਲ ਤੋਂ ਜਾਣ ਵਾਲੇ ਭਾਰਤੀਆਂ ਦੇ ਵੀਜ਼ੇ ਨੂੰ 'ਨੱਥੀ' ਕਰਨਾ ਸ਼ੁਰੂ ਕਰ ਦਿੱਤਾ ਸੀ। ਚੀਨ ਇਹ ਦਰਸਾਉਣਾ ਚਾਹੁੰਦਾ ਸੀ ਕਿ ਇਹ ਵੱਖਰਾ ਇਲਾਕਾ ਹੈ, ਜੋ ਭਾਰਤ ਦਾ ਹਿੱਸਾ ਨਹੀਂ ਹੈ। ਨਵੀਂ ਦਿੱਲੀ ਨੇ ਇਹ ਅਪਮਾਨ ਚੁੱਪ-ਚੁਪੀਤੇ ਸਹਿਣ ਕਰ ਲਿਆ।
ਅਤੀਤ 'ਚ ਚੀਨ ਨੇ ਅਰੁਣਾਚਲ ਨੂੰ ਭਾਰਤ ਦਾ ਹਿੱਸਾ ਦਿਖਾਉਣ ਵਾਲੇ ਨਕਸ਼ਿਆਂ ਨੂੰ ਬਿਨਾਂ ਵਿਰੋਧ ਪ੍ਰਵਾਨ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਵਿਵਾਦ ਅਰੁਣਾਚਲ ਤੇ ਚੀਨ ਵਿਚਾਲੇ ਇਕ ਛੋਟੇ ਜਿਹੇ ਇਲਾਕੇ ਨੂੰ ਲੈ ਕੇ ਸੀ। ਅਰੁਣਾਚਲ ਦੀ ਸਥਿਤੀ 'ਤੇ ਸ਼ਾਇਦ ਹੀ ਸਵਾਲ ਉਠਾਇਆ ਗਿਆ ਸੀ। ਚੀਨ ਲਈ ਤਿੱਬਤ ਉਸੇ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਭਾਰਤ ਲਈ ਕਸ਼ਮੀਰ, ਜਿਥੇ ਆਜ਼ਾਦੀ ਦੀ ਮੰਗ ਹੋ ਰਹੀ ਹੈ। ਹਾਲਾਂਕਿ ਇਕ ਫਰਕ ਹੈ, ਦਲਾਈਲਾਮਾ ਚੀਨ ਅੰਦਰ ਇਕ ਖੁਦਮੁਖਤਿਆਰ ਦਰਜਾ ਕਬੂਲਣ ਲਈ ਤਿਆਰ ਹਨ ਤੇ ਕਸ਼ਮੀਰ ਆਜ਼ਾਦੀ ਚਾਹੁੰਦਾ ਹੈ।
ਸ਼ਾਇਦ ਇਕ ਦਿਨ ਕਸ਼ਮੀਰੀ ਉਸੇ ਤਰ੍ਹਾਂ ਦਾ ਦਰਜਾ ਮੰਨਣ ਲਈ ਰਾਜ਼ੀ ਹੋ ਜਾਣਗੇ। ਸਮੱਸਿਆ ਇੰਨੀ ਗੁੰਝਲਦਾਰ ਹੈ ਕਿ ਇਕ ਛੋਟੀ ਜਿਹੀ ਤਬਦੀਲੀ ਵੀ ਵੱਡੀ ਮੁਸੀਬਤ ਲਿਆ ਸਕਦੀ ਹੈ, ਇਸ ਲਈ ਇਹ ਜੋਖਮ ਨਹੀਂ ਉਠਾਇਆ ਜਾ ਸਕਦਾ।
ਮੈਂ ਬੋਮਡਿਲਾ ਗਿਆ ਹਾਂ, ਜਿਥੋਂ ਦਲਾਈਲਾਮਾ ਭਾਰਤ 'ਚ ਦਾਖਲ ਹੋਏ ਸਨ। ਉਨ੍ਹਾਂ ਦੀ ਜ਼ਮੀਨ (ਤਿੱਬਤ) 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ ਤੇ ਉਥੋਂ ਦੀ ਸੱਭਿਅਤਾ ਵੀ ਨਸ਼ਟ ਕਰ ਦਿੱਤੀ। ਚੀਨ ਨੇ ਉਥੇ ਸਾਮਵਾਦ ਠੋਸ ਦਿੱਤਾ ਹੈ ਅਤੇ ਦਲਾਈਲਾਮਾ ਤੇ ਉਨ੍ਹਾਂ ਦੇ ਬੁੱਧ ਮੱਠਾਂ ਪ੍ਰਤੀ ਜ਼ਰਾ ਵੀ ਸਤਿਕਾਰ ਨਹੀਂ ਦਿਖਾਇਆ ਹੈ। 
ਦਲਾਈਲਾਮਾ ਦੀ ਅਰੁਣਾਚਲ ਯਾਤਰਾ ਨੇ ਉਸ ਸਮੇਂ ਦੀ ਯਾਦ ਤਾਜ਼ਾ ਕਰ ਦਿੱਤੀ, ਜਦੋਂ ਚੀਨ ਨੇ ਤਿੱਬਤ 'ਤੇ ਕਬਜ਼ਾ ਨਹੀਂ ਕੀਤਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਦੋਂ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਚੀਨ ਦੇ ਪ੍ਰਧਾਨ ਮੰਤਰੀ ਚਾ ਐਨ ਲਾਈ ਨਾਲ ਉਨ੍ਹਾਂ ਦੇ ਨਿੱਜੀ ਸੰਬੰਧ ਸਨ। ਇਹ ਇਕ ਵੱਖਰੀ ਕਹਾਣੀ ਹੈ ਕਿ ਉਨ੍ਹਾਂ ਨੇ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਅਤੇ ਭਾਰਤ 'ਤੇ ਹਮਲਾ ਕਰ ਦਿੱਤਾ। ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਹੁਣ ਇਸ ਨੂੰ ਖਾਲੀ ਕਰਨ ਦਾ ਕੋਈ ਇਰਾਦਾ ਨਹੀਂ ਦਰਸਾ ਰਿਹਾ ਹੈ। ਤਿੱਬਤ ਵਿਸ਼ਵਾਸਘਾਤ ਦੀ ਇਕ ਵੱਖਰੀ ਕਹਾਣੀ ਹੈ। ਇਹ ਸੱਚ ਹੈ ਕਿ ਤਿੱਬਤ ਬੀਜਿੰਗ ਦੀ ਪ੍ਰਭੂਸੱਤਾ ਹੇਠ ਸੀ ਪਰ ਇਹ ਮੰਨਿਆ ਜਾਂਦਾ ਸੀ ਕਿ ਇਸ ਦੀ ਖੁਦਮੁਖਤਿਆਰੀ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਪ੍ਰਭੂਸੱਤਾ ਦਾ ਅਰਥ ਕਿਸੇ ਸਰਕਾਰ ਦਾ ਸਿਆਸੀ ਕੰਟਰੋਲ ਹੁੰਦਾ ਹੈ, ਨਾ ਕਿ ਉਸ ਸੂਬੇ ਨੂੰ ਆਪਣੇ ਨਾਲ ਮਿਲਾਉਣਾ। ਜਦੋਂ ਭਾਰਤ ਨੇ ਤਿੱਬਤ 'ਤੇ ਚੀਨ ਦੀ ਪ੍ਰਭੂਸੱਤਾ ਕਬੂਲੀ, ਉਦੋਂ ਉਹ ਉਸ ਦਾ ਹਿੱਸਾ ਵੀ ਨਹੀਂ ਸੀ। ਨਹਿਰੂ ਨਾਲ ਚੀਨ ਨੇ ਦੁਬਾਰਾ ਉਦੋਂ ਵਿਸ਼ਵਾਸਘਾਤ ਕੀਤਾ, ਜਦੋਂ ਉਸ ਨੇ ਲਹਾਸਾ 'ਚ ਦਲਾਈਲਾਮਾ ਦਾ ਰਹਿਣਾ ਮੁਸ਼ਕਿਲ ਕਰ ਦਿੱਤਾ। ਸਭ ਤੋਂ ਵੱਡਾ ਵਿਸ਼ਵਾਸਘਾਤ ਤਾਂ 1962 'ਚ ਹੋਇਆ, ਜਦੋਂ ਚੀਨ ਨੇ ਭਾਰਤ 'ਤੇ ਹਮਲਾ ਕੀਤਾ ਸੀ।
ਬੇਸ਼ੱਕ ਹੀ ਦਲਾਈਲਾਮਾ ਦੀ ਯਾਤਰਾ ਨੇ ਤਿੱਬਤ ਨੂੰ ਲੈ ਕੇ ਖਦਸ਼ੇ ਪੈਦਾ ਨਾ ਕੀਤੇ ਹੋਣ ਪਰ ਇਸ ਨੇ ਬੀਜਿੰਗ ਵਲੋਂ ਕੀਤੇ ਗਏ ਇਕ ਰਲੇਵੇਂ 'ਤੇ ਮੁੜ ਬਹਿਸ ਛੇੜ ਦਿੱਤੀ ਹੈ। ਚੀਨ ਨੇ ਇਸ ਯਾਤਰਾ ਨੂੰ ਉਕਸਾਉਣ ਵਾਲੀ ਕਾਰਵਾਈ ਦੱਸਿਆ ਤੇ ਚਿਤਾਵਨੀ ਦਿੱਤੀ ਕਿ ਦਲਾਈਲਾਮਾ ਦੀ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ਆਮ ਸਬੰਧਾਂ ਨੂੰ ਪ੍ਰਭਾਵਿਤ ਕਰੇਗੀ। ਡੋਕਲਾਮ ਨਾਲ ਇਹ ਮਾਮਲਾ ਹੋਰ ਤੇਜ਼ ਹੋ ਗਿਆ। ਇਸ ਦੇ ਬਾਵਜੂਦ ਭਾਰਤ ਆਪਣੀ ਜਗ੍ਹਾ ਡਟੇ ਰਹਿਣ 'ਚ ਸਫਲ ਰਿਹਾ।
ਅਸਲ 'ਚ ਭਾਰਤ ਨਾਲ ਚੀਨ ਦੀ ਸਮੱਸਿਆ ਦੀਆਂ ਜੜ੍ਹਾਂ ਭਾਰਤ-ਚੀਨ ਦੀ ਸਰਹੱਦ ਨੂੰ ਅੰਗਰੇਜ਼ਾਂ ਵਲੋਂ ਤੈਅ ਕਰਨ 'ਚ ਹਨ। ਚੀਨ 'ਮੈਕਮੋਹਨ ਲਾਈਨ' ਨੂੰ ਮੰਨਣ ਤੋਂ ਇਨਕਾਰ ਕਰਦਾ ਹੈ, ਜੋ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਦੱਸਦੀ ਹੈ। ਇਸ ਇਲਾਕੇ 'ਚ ਹੋਣ ਵਾਲੀ ਹਰੇਕ ਸਰਗਰਮੀ ਨੂੰ ਚੀਨ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ।
ਵਿਰੋਧ ਦੇ ਬਾਵਜੂਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵਲੋਂ 'ਵਿਵਾਦਪੂਰਨ' ਇਲਾਕੇ ਦਾ ਕੀਤਾ ਗਿਆ ਦੌਰਾ ਇਹੋ ਦਰਸਾਉਂਦਾ ਹੈ ਕਿ ਨਵੀਂ ਦਿੱਲੀ ਸੰਘਰਸ਼ ਲਈ ਤਿਆਰ ਹੈ, ਜੇ ਉਹ ਸਾਹਮਣੇ ਆਉਂਦਾ ਹੈ। 1962 'ਚ ਭਾਰਤੀ ਫੌਜ ਦੇ ਜਵਾਨਾਂ ਕੋਲ ਪਹਾੜਾਂ 'ਤੇ ਜੰਗ ਕਰਨ ਲਾਇਕ ਬੂਟ ਤਕ ਨਹੀਂ ਸਨ ਪਰ ਅੱਜ ਭਾਰਤ ਨੂੰ ਇਕ ਤਾਕਤ ਮੰਨਿਆ ਜਾਂਦਾ ਹੈ। 
ਅਜਿਹਾ ਲੱਗਦਾ ਹੈ ਕਿ ਚੀਨ ਭਾਰਤ ਨੂੰ ਉਦੋਂ ਤਕ ਉਕਸਾਉਂਦਾ ਰਹੇਗਾ, ਜਦੋਂ ਤਕ ਭਾਰਤ ਦੇ ਸਬਰ ਦਾ ਪਿਆਲਾ ਨਹੀਂ ਭਰ ਜਾਂਦਾ। ਜਦੋਂ ਜੰਗ ਨਾ ਕਰਨੀ ਹੋਵੇ ਤਾਂ ਇਹੋ ਇਕ ਬਦਲ ਰਹਿ ਜਾਂਦਾ ਹੈ। ਭਾਰਤ ਸਾਹਮਣੇ ਅੱਜ ਸਥਿਤੀ ਇਹ ਹੈ ਕਿ ਬਿਨਾਂ ਸੰਘਰਸ਼ ਦੇ ਜਵਾਬੀ ਵਾਰ ਕਿਵੇਂ ਕਰੇ। 
ਬੀਜਿੰਗ ਭਾਰਤ ਨਾਲ 'ਹਿੰਦੀ-ਚੀਨੀ ਭਾਈ-ਭਾਈ' ਵਾਲਾ ਦ੍ਰਿਸ਼ ਵਾਪਸ ਲਿਆਉਣਾ ਚਾਹੁੰਦਾ ਹੈ ਪਰ ਨਵੀਂ ਦਿੱਲੀ ਚੀਨ 'ਤੇ ਭਰੋਸਾ ਨਹੀਂ ਕਰ ਸਕਦੀ, ਖਾਸ ਕਰਕੇ ਉਦੋਂ, ਜਦੋਂ ਉਹ ਭਾਰਤ ਨੂੰ ਚਾਰੇ ਪਾਸਿਓਂ ਘੇਰ ਰਿਹਾ ਹੋਵੇ। ਚੀਨ ਨੇ ਨੇਪਾਲ ਨੂੰ ਬਹੁਤ ਵੱਡਾ ਕਰਜ਼ਾ ਦਿੱਤਾ ਹੋਇਆ ਹੈ ਅਤੇ ਚੀਨ ਦੀ ਹਦਾਇਤ 'ਤੇ ਹੀ ਸ਼੍ਰੀਲੰਕਾ ਬੰਦਰਗਾਹ ਬਣਾ ਰਿਹਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੀ ਚੀਨ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਭ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾ ਸਕਦਾ। ਜੰਗ ਤੋਂ ਇਲਾਵਾ ਭਾਰਤ ਕੋਲ ਹੋਰ ਵੀ ਬਦਲ ਹਨ। ਤਾਈਵਾਨ ਇਕ 'ਤਰੁੱਪ ਦਾ ਪੱਤਾ' ਹੈ, ਜੋ ਚੀਨ ਦੀ ਬਹਿਸ ਦੀ ਸ਼ੁਰੂਆਤ ਕਰਵਾ ਸਕਦਾ ਹੈ। 
ਅੱਤਵਾਦ ਦਾ ਮਸਲਾ ਤਾਂ ਹਰ ਵੇਲੇ ਖੜ੍ਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਚੀਨੀ ਆਗੂ ਨਾਲ ਇਸ ਗੱਲ 'ਤੇ ਸਹਿਮਤ ਹੋਏ ਕਿ ਅੱਤਵਾਦ ਦੋਵਾਂ ਦੇਸ਼ਾਂ ਦੀ ਸਾਂਝੀ ਚਿੰਤਾ ਹੈ। ਚੀਨ 'ਚ ਰਹਿਣ ਵਾਲੇ ਮੁਸਲਮਾਨਾਂ ਦੀ ਆਬਾਦੀ ਦਾ ਇਕ ਹਿੱਸਾ ਜ਼ੋਰ ਦਿਖਾਉਣ ਲੱਗਾ ਹੈ ਪਰ ਚੀਨ ਦੇ ਨੇਤਾ ਇਸ ਬਗਾਵਤ ਨੂੰ ਅਣਡਿੱਠ ਕਰ ਰਹੇ ਹਨ।
ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਚੀਨ ਦੇ ਮੁਸਲਮਾਨ ਜੋ ਕਰ ਰਹੇ ਹਨ, ਉਸ ਨੂੰ ਦੂਜੇ ਦੇਸ਼ਾਂ ਦੇ ਮੁਸਲਮਾਨਾਂ ਦਾ ਸਮਰਥਨ ਮਿਲਿਆ ਹੋਇਆ ਹੈ। ਫਿਰ ਵੀ ਚੀਨ ਨੂੰ ਗੈਰ-ਮੁਸਲਿਮ ਦੇਸ਼ਾਂ ਦੀ ਸਹਾਇਤਾ ਮਿਲੇਗੀ, ਕਿਉਂਕਿ ਉਹ ਅੱਤਵਾਦ ਨੂੰ ਮੁਸਲਿਮ ਸੌੜੇਪਣ ਦੇ ਰੂਪ 'ਚ ਦੇਖਦੇ ਹਨ।
(kuldipnayar੦੯@gmail.com)