ਸੈਕੁਲਰਵਾਦੀਆਂ ਦੀ ਕਮਜ਼ੋਰ, ਪਖੰਡ ਭਰੀ ਸਿਆਸਤ ਕਾਰਨ ''ਸੈਕੁਲਰਵਾਦ'' ਸੰਕਟ ''ਚ

03/23/2017 8:13:54 AM

ਜਦੋਂ ਯੋਗੀ ਆਦਿੱਤਿਆਨਾਥ ਯੂ. ਪੀ. ਦੇ ਮੁੱਖ ਮੰਤਰੀ ਬਣੇ, ਉਦੋਂ ਇਕ ਸੈਕੁਲਰ ਮਿੱਤਰ ਨਾਲ ਮੇਰਾ ਸਾਹਮਣਾ ਹੋਇਆ। ਉਸ ਦੇ ਚਿਹਰੇ ''ਤੇ ਮਾਤਮ, ਨਿਰਾਸ਼ਾ ਤੇ ਚਿੰਤਾ ਸੀ। ਉਸ ਨੇ ਕਿਹਾ, ''''ਦੇਸ਼ ''ਚ ਨੰਗੀ ਫਿਰਕਾਪ੍ਰਸਤੀ ਜਿੱਤ ਰਹੀ ਹੈ। ਅਜਿਹੀ ਸਥਿਤੀ ''ਚ ਤੁਹਾਡੇ ਵਰਗੇ ਲੋਕ ਵੀ ਸੈਕੁਲਰਵਾਦ ਦੀ ਆਲੋਚਨਾ ਕਰਦੇ ਹਨ ਤਾਂ ਦੁੱਖ ਹੁੰਦਾ ਹੈ।''''
ਮੈਂ ਹੈਰਾਨ ਸੀ, ਇਸ ਲਈ ਕਿਹਾ, ''''ਆਲੋਚਨਾ ਤਾਂ ਲਗਾਅ ਨਾਲ ਪੈਦਾ ਹੁੰਦੀ ਹੈ। ਜੇ ਤੁਸੀਂ ਕਿਸੇ ਵਿਚਾਰ ਨਾਲ ਜੁੜੇ ਹੋ ਤਾਂ ਤੁਹਾਡਾ ਫਰਜ਼ ਹੈ ਕਿ ਤੁਸੀਂ ਉਸ ਦੇ ਸੰਕਟ ਬਾਰੇ ਈਮਾਨਦਾਰੀ ਨਾਲ ਸੋਚੋ। ਸੈਕੁਲਰਵਾਦ ਇਸ ਦੇਸ਼ ਦਾ ਪਵਿੱਤਰ ਸਿਧਾਂਤ ਹੈ ਤੇ ਜਿਨ੍ਹਾਂ ਦੀ ਇਸ ਸਿਧਾਂਤ ''ਚ ਆਸਥਾ ਹੈ, ਉਨ੍ਹਾਂ ਦਾ ਧਰਮ ਹੈ ਕਿ ਉਹ ਸੈਕੁਲਰਵਾਦ ਦੇ ਨਾਂ ''ਤੇ ਪਖੰਡ ਭਰੀ ਸਿਆਸਤ ਦਾ ਭਾਂਡਾ ਭੰਨਣ।''''
ਉਹ ਮਿੱਤਰ ਸੰਤੁਸ਼ਟ ਨਹੀਂ ਸੀ ਅਤੇ ਕਹਿਣ ਲੱਗਾ, ''''ਹੁਣ ਜਲੇਬੀ ਨਾ ਬਣਾਓ, ਸਿੱਧਾ-ਸਿੱਧਾ ਦੱਸੋ ਕਿ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ''ਤੇ ਤੁਹਾਨੂੰ ਡਰ ਨਹੀਂ ਲੱਗਦਾ?''''
ਮੈਂ ਸਿੱਧੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ''''ਡਰ ਤਾਂ ਨਹੀਂ ਲੱਗਦਾ, ਹਾਂ ਦੁੱਖ ਜ਼ਰੂਰ ਹੋਇਆ ਹੈ, ਜਿਸ ਨੂੰ ਇਸ ਦੇਸ਼ ''ਤੇ ਮਾਣ ਹੋਵੇ, ਉਸ ਨੂੰ ਕਿਸੇ ਅਜਿਹੇ ਨੇਤਾ ਦੇ ਇੰਨੇ ਉੱਚੇ ਅਹੁਦੇ ''ਤੇ ਬੈਠਣ ''ਤੇ ਸ਼ਰਮ ਕਿਵੇਂ ਨਹੀਂ ਆਵੇਗੀ? ਜੋ ਧਰਮ ਨੂੰ ਕੱਪੜਿਆਂ ''ਚ ਨਹੀਂ, ਆਤਮਾ ''ਚ ਲੱਭਦਾ ਹੈ, ਉਹ ਨਫਰਤ ਦੇ ਕਾਰੋਬਾਰ ਨੂੰ ''ਧਾਰਮਿਕ'' ਕਿਵੇਂ ਕਹਿ ਸਕਦਾ ਹੈ?''''
ਹੁਣ ਉਸ ਦੇ ਚਿਹਰੇ ''ਤੇ ਕੁਝ ਅਪਣੱਤ ਜਿਹੀ ਝਲਕੀ ਤਾਂ ਉਸ ਨੇ ਕਿਹਾ, ''''ਤੁਸੀਂ ਸਾਫ ਕਹੋ ਨਾ ਕਿ ਮੋਦੀ, ਅਮਿਤ ਸ਼ਾਹ ਤੇ ਸੰਘ ਪਰਿਵਾਰ ਵਾਲੇ ਦੇਸ਼ ਨੂੰ ਵੰਡਣ ''ਤੇ ਤੁਲੇ ਹੋਏ ਹਨ।''''
ਮੈਂ ਸਹਿਮਤ ਨਹੀਂ ਸੀ, ਇਸ ਲਈ ਕਿਹਾ, ''''ਸੈਕੁਲਰਵਾਦੀ ਸੋਚਦੇ ਹਨ ਕਿ ਸੰਘ ਦੇ ਕੂੜ-ਪ੍ਰਚਾਰ, ਨਫਰਤ ਫੈਲਾਊ ਮੁਹਿੰਮ ਤੇ ਭਾਜਪਾ ਦੀ ਸਿਆਸਤ ਨੇ ਅੱਜ ਸੈਕੁਲਰਵਾਦ ਨੂੰ ਸੰਕਟ ''ਚ ਫਸਾ ਦਿੱਤਾ ਹੈ ਪਰ ਇਤਿਹਾਸ ''ਚ ਹਾਰੀਆਂ ਹੋਈਆਂ ਤਾਕਤਾਂ ਆਪਣੇ ਵਿਰੋਧੀਆਂ ਨੂੰ ਦੋਸ਼ ਦਿੰਦੀਆਂ ਹਨ।
ਸੱਚ ਇਹ ਹੈ ਕਿ ਇਸ ਦੇਸ਼ ''ਚ ਸੈਕੁਲਰਵਾਦ ਖੁਦ ਸੈਕੁਲਰਵਾਦ ਦੇ ਵਿਚਾਰ ਤੇ ਸੈਕੁਲਰਵਾਦੀਆਂ ਦੀ ਕਮਜ਼ੋਰ, ਪਖੰਡ ਭਰੀ ਸਿਆਸਤ ਕਾਰਨ ਸੰਕਟ ''ਚ ਹੈ।''''
ਮੇਰੇ ਮਿੱਤਰ ਦੇ ਚਿਹਰੇ ''ਤੇ ਸ਼ਸ਼ੋਪੰਜ ਜਿਹੀ ਦੇਖ ਕੇ ਮੈਂ ਗੱਲ ਅੱਗੇ ਵਧਾਈ, ''''ਸੰਕਟ ਦੀ  ਇਸ ਘੜੀ ''ਚ ਸੈਕੁਲਰ ਸਿਆਸਤ ਦਿਸ਼ਾਹੀਣ ਹੈ, ਘਬਰਾਈ ਹੋਈ ਹੈ। ਸੜਕ ''ਤੇ ਫਿਰਕਾਪ੍ਰਸਤੀ ਦਾ ਵਿਰੋਧ ਕਰਨ ਦੀ ਬਜਾਏ ਸੱਤਾ ਦੇ ਗਲਿਆਰਿਆਂ ''ਚ ਇਹ ਸ਼ਾਰਟਕੱਟ ਲੱਭ ਰਹੀ ਹੈ, ਭਾਜਪਾ ਦੀ ਹਰ ਛੋਟੀ-ਵੱਡੀ ਹਾਰ ''ਚ ਆਪਣੀ ਜਿੱਤ ਦੇਖ ਰਹੀ ਹੈ, ਹਰੇਕ ਮੋਦੀ ਵਿਰੋਧੀ ਨੂੰ ਆਪਣਾ ਹੀਰੋ ਬਣਾਉਣ ਲਈ ਉਤਾਵਲੀ ਹੈ।
ਫਿਰਕੂ ਸਿਆਸਤ ਆਪਣੇ ਨਾਪਾਕ ਇਰਾਦਿਆਂ ਲਈ ਸੰਕਲਪਬੱਧ ਹੈ ਅਤੇ ਇਸ ਮਾਇਨੇ ''ਚ ਸੱਚੀ ਹੈ। ਆਤਮ ਬਲ ਅਤੇ ਸੰਕਲਪਹੀਣ ਸੈਕੁਲਰ ਸਿਆਸਤ ਅੱਧੇ ਸੱਚ ਦਾ ਸਹਾਰਾ ਲੈਣ ਲਈ ਮਜਬੂਰ ਹੈ। ਫਿਰਕਾਪ੍ਰਸਤੀ ਨਿੱਤ ਨਵੀਂ ਰਣਨੀਤੀ ਲੱਭ ਰਹੀ ਹੈ, ਆਪਣੀ ਜ਼ਮੀਨ ''ਤੇ ਆਪਣੀ ਲੜਾਈ ਲੜ ਰਹੀ ਹੈ। ਸੈਕੁਲਰਵਾਦ ਲਕੀਰ ਦਾ ਫਕੀਰ ਹੈ, ਦੂਜੇ ਦੀ ਜ਼ਮੀਨ ''ਤੇ ਲੜਾਈ ਹਾਰਨ ਲਈ ਸਰਾਪਿਆ ਹੈ। ਫਿਰਕਾਪ੍ਰਸਤੀ ਹਮਲਾਵਰ ਹੈ ਤਾਂ ਸੈਕੁਲਰਵਾਦ ਰੱਖਿਆਤਮਕ।
ਫਿਰਕਾਪ੍ਰਸਤੀ ਸਰਗਰਮ ਹੈ ਤਾਂ ਸੈਕੁਲਰਵਾਦ ਪ੍ਰਤੀਕਿਰਿਆ ਤਕ ਸੀਮਤ ਹੈ। ਫਿਰਕਾਪ੍ਰਸਤੀ ਸੜਕ ''ਤੇ ਉਤਰੀ ਹੋਈ ਹੈ, ਸੈਕੁਲਰਵਾਦ ਕਿਤਾਬਾਂ ਅਤੇ ਸੈਮੀਨਾਰਾਂ ''ਚ ਕੈਦ ਹੈ। ਫਿਰਕਾਪ੍ਰਸਤੀ ਲੋਕਮਤ ਤਕ ਪਹੁੰਚ ਰਹੀ ਹੈ ਤਾਂ ਸੈਕੁਲਰਵਾਦ ਪੜ੍ਹੇ-ਲਿਖੇ ਵਰਗ ਦੀ ਰਾਏ ''ਚ ਸਿਮਟਿਆ ਹੋਇਆ ਹੈ। ਸਾਡੇ ਸਮੇਂ ਦੀ ਇਹੋ ਤ੍ਰਾਸਦੀ ਹੈ ਕਿ ਇਕ ਪਾਸੇ ਬਹੁਗਿਣਤੀਵਾਦ ਦਾ ਨੰਗਾ ਨਾਚ ਹੁੰਦਾ ਹੈ ਤਾਂ ਦੂਜੇ ਪਾਸੇ ਥੱਕੇ-ਹਾਰੇ ਸੈਕੁਲਰਵਾਦ ਦੀ ਕਵਾਇਦ।''''
ਉਸ ਤੋਂ ਤੈਅ ਨਹੀਂ ਹੋ ਰਿਹਾ ਸੀ ਕਿ ਮੈਂ ਦੋਸਤ ਹਾਂ ਜਾਂ ਦੁਸ਼ਮਣ, ਫਿਰ ਮੈਂ ਇਤਿਹਾਸ ਦਾ ਸਹਾਰਾ ਲਿਆ ਤੇ ਕਿਹਾ, ''''ਆਜ਼ਾਦੀ ਤੋਂ ਪਹਿਲਾਂ ਸੈਕੁਲਰ ਭਾਰਤ ਦਾ ਸੁਪਨਾ ਕੌਮੀ ਅੰਦੋਲਨ ਦਾ ਹਿੱਸਾ ਸੀ ਤੇ ਸਾਰੇ ਧਰਮਾਂ ਦੇ ਲੋਕ ਸਮਾਜਿਕ ਸੁਧਾਰ ਲਈ ਵਚਨਬੱਧ ਸਨ। ਆਜ਼ਾਦੀ ਤੋਂ ਬਾਅਦ ਸੈਕੁਲਰਵਾਦ ਇਸ ਦੇਸ਼ ਦੀ ਮਿੱਟੀ ਨਾਲੋਂ ਕੱਟਿਆ ਗਿਆ। ਸੈਕੁਲਰਵਾਦੀਆਂ ਨੇ ਮੰਨ ਲਿਆ ਕਿ ਸੰਵਿਧਾਨ ''ਚ ਲਿਖੀ ਇਬਾਰਤ ਨਾਲ ਹੀ ਸੈਕੁਲਰ ਭਾਰਤ ਸਥਾਪਿਤ ਹੋ ਗਿਆ। ਉਨ੍ਹਾਂ ਨੇ ਅਸ਼ੋਕ, ਅਕਬਰ ਤੇ ਗਾਂਧੀ ਦੀ ਭਾਸ਼ਾ ਛੱਡ ਕੇ ਵਿਦੇਸ਼ੀ ਮੁਹਾਵਰਾ ਬੋਲਣਾ ਸ਼ੁਰੂ ਕਰ ਦਿੱਤਾ।
ਸੈਕੁਲਰਵਾਦ ਦਾ ਸਰਕਾਰੀ ਅਨੁਵਾਦ ''ਧਰਮ-ਨਿਰਪੱਖਤਾ'' ਇਸੇ ਉਦਾਰੀ ਸੋਚ ਦਾ ਨਮੂਨਾ ਹੈ। ਧਰਮ ਦੇ ਸੰਸਥਾਗਤ ਰੂਪਾਂ ਤੇ ਵੱਖ-ਵੱਖ ਧਰਮਾਂ ਦਰਮਿਆਨ ਨਿਰਪੱਖ ਰਹਿਣ ਦੀ ਨੀਤੀ ਹੌਲੀ-ਹੌਲੀ ਧਰਮ ਪ੍ਰਤੀ ਨਿਰਪੱਖਤਾ ''ਚ ਬਦਲ ਗਈ। ਸੈਕੁਲਰਵਾਦ ਦਾ ਅਰਥ ਨਾਸਤਿਕ ਹੋਣਾ ਅਤੇ ਇਕ ਔਸਤਨ ਭਾਰਤੀ ਦੀ ਆਸਥਾ ਨਾਲੋਂ ਬੇਮੁੱਖ ਹੋਣਾ ਬਣ ਗਿਆ। ਇਸ ਤਰ੍ਹਾਂ ਸੈਕੁਲਰਵਾਦ ਦਾ ਵਿਚਾਰ ਭਾਰਤੀ ਲੋਕਾਂ ਦੇ ਦਿਮਾਗ ''ਚੋਂ ਹਟਦਾ ਗਿਆ।''''
ਹੁਣ ਮੇਰੇ ਮਿੱਤਰ ਤੋਂ ਰਿਹਾ ਨਹੀਂ ਗਿਆ ਤੇ ਉਹ ਬੋਲਿਆ, ''''ਭਾਵ ਤੁਸੀਂ ਵੀ ਮੰਨਦੇ ਹੋ ਕਿ ਸੈਕੁਲਰਵਾਦ ਵੋਟ ਬੈਂਕ ਦੀ ਸਿਆਸਤ ਹੈ?''''
ਮੈਂ ਦੱਸਿਆ, ''''ਇਹ ਕੌੜਾ ਸੱਚ ਹੈ, ਆਜ਼ਾਦੀ ਅੰਦੋਲਨ ''ਚ ਸੈਕੁਲਰਵਾਦ ਇਕ ਜੋਖਿਮ ਭਰਪੂਰ ਸਿਧਾਂਤ ਸੀ ਅਤੇ ਆਜ਼ਾਦੀ ਤੋਂ ਬਾਅਦ ਇਹ ਇਕ ਸਹੂਲਤਮਈ ਸਿਆਸਤ ''ਚ ਬਦਲ ਗਿਆ। ਚੋਣ ਸਿਆਸਤ ''ਚ ਬੈਠੇ ਬਿਠਾਏ ਘੱਟਗਿਣਤੀਆਂ ਦੀਆਂ ਵੋਟਾਂ ਹਾਸਿਲ ਕਰਨ ਦਾ ਨਾਅਰਾ ਬਣ ਗਿਆ। ਜਿਵੇਂ-ਜਿਵੇਂ ਕਾਂਗਰਸ ਦੀ ਕੁਰਸੀ ਨੂੰ ਖਤਰਾ ਵਧਣ ਲੱਗਾ, ਤਿਵੇਂ-ਤਿਵੇਂ ਘੱਟਗਿਣਤੀਆਂ ਦੀਆਂ ਵੋਟਾਂ ''ਤੇ ਕਾਂਗਰਸ ਦੀ ਨਿਰਭਰਤਾ ਵਧਣ ਲੱਗੀ। ਹੁਣ ਘੱਟਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਨੂੰ ਵੋਟ ਬੈਂਕ ਵਾਂਗ ਬੰਨ੍ਹੀ ਰੱਖਣਾ ਕਾਂਗਰਸ ਦੀ ਚੋਣ ਮਜਬੂਰੀ ਹੈ।''''
ਹੁਣ ਮੇਰੇ ਦੋਸਤ ਦੀ ਦ੍ਰਿਸ਼ਟੀ ਵਕਰ ਸੀ। ਉਸ ਨੇ ਪੁੱਛਿਆ, ''''ਤਾਂ ਹੁਣ ਤੁਸੀਂ ਇਹ ਵੀ ਕਹੋਗੇ ਕਿ ਮੁਸਲਮਾਨਾਂ ਦਾ ਤੁਸ਼ਟੀਕਰਨ ਵੀ ਇਕ ਕੌੜਾ ਸੱਚ ਹੈ।''''
ਮੈਂ ਕਿਹਾ ਕਿ ਤੁਸ਼ਟੀਕਰਨ ਮੁਸਲਮਾਨਾਂ ਦਾ ਨਹੀਂ, ਉਨ੍ਹਾਂ ਦੇ ਕੁਝ ਮੁੱਲਿਆਂ ਦਾ ਹੋਇਆ ਹੈ। ਆਜ਼ਾਦੀ ਤੋਂ ਬਾਅਦ ਮੁਸਲਿਮ ਸਮਾਜ ਅਣਦੇਖੀ, ਪੱਛੜੇਪਣ ਅਤੇ ਵਿਤਕਰੇ ਦਾ ਸ਼ਿਕਾਰ ਸੀ। ਦੇਸ਼ ਦੀ ਵੰਡ ਕਾਰਨ ਅਚਾਨਕ ਲੀਡਰਸ਼ਿਪ ਵਿਹੂਣੇ ਇਸ ਸਮਾਜ ਨੂੰ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਦੀ ਲੋੜ ਸੀ ਪਰ ਇਸ ਬੁਨਿਆਦੀ ਲੋੜ ਨੂੰ ਪੂਰੀ ਕੀਤੇ ਬਿਨਾਂ ਇਸ ਸਮਾਜ ਦੀਆਂ ਵੋਟਾਂ ਹਾਸਿਲ ਕਰਨ ਦੀ ਸਿਆਸਤ ਨੇ ਸੈਕੁਲਰਵਾਦ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ।
ਨਤੀਜਾ ਇਹ ਹੋਇਆ ਕਿ ਸੈਕੁਲਰ ਸਿਆਸਤ ਮੁਸਲਮਾਨਾਂ ਨੂੰ ਬੰਧਕ ਬਣਾਈ ਰੱਖਣ ਦੀ ਸਿਆਸਤ ਬਣ ਗਈ—ਮੁਸਲਮਾਨਾਂ ਨੂੰ ਡਰਾ ਕੇ ਰੱਖੋ, ਹਿੰਸਾ ਤੇ ਦੰਗਿਆਂ ਦਾ ਡਰ ਦਿਖਾਉਂਦੇ ਜਾਓ ਤੇ ਉਨ੍ਹਾਂ ਦੀਆਂ ਵੋਟਾਂ ਲੈਂਦੇ ਜਾਓ। ਸਿੱਟੇ ਵਜੋਂ ਮੁਸਲਿਮ ਸਿਆਸਤ ਮੁਸਲਮਾਨਾਂ ਦੇ ਬੁਨਿਆਦੀ ਸਵਾਲਾਂ ਤੋਂ ਹਟ ਕੇ ਸਿਰਫ ਸੁਰੱਖਿਆ ਦੇ ਸਵਾਲ ਅਤੇ ਕੁਝ ਧਾਰਮਿਕ-ਸੱਭਿਆਚਾਰਕ ਪ੍ਰਤੀਕਾਂ (ਉਰਦੂ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਨਿਕਾਹ ਦੇ ਕਾਨੂੰਨ) ਦੇ ਆਲੇ-ਦੁਆਲੇ ਸਿਮਟ ਗਈ।
ਜਿਹੜੀ ਖੇਡ ਪਹਿਲਾਂ ਕਾਂਗਰਸ ਨੇ ਸ਼ੁਰੂ ਕੀਤੀ, ਉਸੇ ਨੂੰ ਬਾਅਦ ''ਚ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਜਨਤਾ ਦਲ (ਯੂ) ਅਤੇ ਖੱਬੇਪੱਖੀਆਂ ਨੇ ਵੀ ਅਪਣਾ ਲਿਆ। ਡਰ ਦੇ ਮਾਰੇ ਮੁਸਲਮਾਨ ਸੈਕੁਲਰ ਪਾਰਟੀਆਂ ਦੇ ਬੰਧਕ ਬਣ ਗਏ। ਮੁਸਲਮਾਨ ਪੱਛੜਦੇ ਗਏ ਤੇ ਸੈਕੁਲਰ ਸਿਆਸਤ ਵਧਦੀ-ਫੁੱਲਦੀ ਗਈ। ਮੁਸਲਿਮ ਸਮਾਜ ਅਣਦੇਖੀ ਤੇ ਵਿਤਕਰੇ ਦਾ ਸ਼ਿਕਾਰ ਬਣਿਆ ਰਿਹਾ ਪਰ ਉਨ੍ਹਾਂ ਦੀਆਂ ਵੋਟਾਂ ਦੇ ਠੇਕੇਦਾਰਾਂ ਦਾ ਵਿਕਾਸ ਹੁੰਦਾ ਗਿਆ। ਵੋਟ ਬੈਂਕ ਦੀ ਇਸ ਘਿਨੌਣੀ ਸਿਆਸਤ ਨੂੰ ਸੈਕੁਲਰ ਸਿਆਸਤ ਕਿਹਾ ਜਾਣ ਲੱਗਾ।
ਅਮਲ ''ਚ ਸੈਕੁਲਰ ਸਿਆਸਤ ਦਾ ਮਤਲਬ ਹੋ ਗਿਆ ਘੱਟਗਿਣਤੀਆਂ ਦੇ ਪੱਖ ''ਚ ਖੜ੍ਹੇ ਨਜ਼ਰ ਆਉਣਾ। ਸ਼ੁਰੂਆਤ ਪਹਿਲਾਂ ਜਾਇਜ਼ ਹਿੱਤਾਂ ਦੀ ਰੱਖਿਆ ਤੋਂ ਹੋਈ ਤੇ ਹੌਲੀ-ਹੌਲੀ ਜਾਇਜ਼-ਨਾਜਾਇਜ਼ ਹਰ ਤਰ੍ਹਾਂ ਦੀ ਤਰਫਦਾਰੀ ਨੂੰ ਸੈਕੁਲਰਵਾਦ ਕਿਹਾ ਜਾਣ ਲੱਗਾ। ਔਸਤਨ ਹਿੰਦੂ ਨੂੰ ਲੱਗਣ ਲੱਗਾ ਕਿ ਸੈਕੁਲਰਵਾਦੀ ਜਾਂ ਤਾਂ ਅਧਰਮੀ ਹਨ ਜਾਂ ਵਿਧਰਮੀ। ਉਸ ਦੀ ਨਜ਼ਰ ''ਚ ਸੈਕੁਲਰਵਾਦ ਮੁਸਲਿਮਪ੍ਰਸਤੀ ਜਾਂ ਘੱਟਗਿਣਤੀਆਂ ਦੇ ਤੁਸ਼ਟੀਕਰਨ ਦਾ ਸਿਧਾਂਤ ਲੱਗਣ ਲੱਗਾ।
ਦੂਜੇ ਪਾਸੇ ਮੁਸਲਮਾਨਾਂ ਨੂੰ ਵੀ ਲੱਗਣ ਲੱਗਾ ਕਿ ਸੈਕੁਲਰ ਸਿਆਸਤ ਉਨ੍ਹਾਂ ਨੂੰ ਬੰਧਕ ਬਣਾਈ ਰੱਖਣ ਦੀ ਸਾਜ਼ਿਸ਼ ਹੈ। ਇਸ ਨਾਲੋਂ ਤਾਂ ਬਿਹਤਰ ਹੈ ਕਿ ਉਹ ਖੁੱਲ੍ਹ ਕੇ ਆਪਣੇ ਭਾਈਚਾਰੇ ਦੀ ਪਾਰਟੀ ਬਣਾ ਲੈਣ। ਇਸ ਤਰ੍ਹਾਂ ਦੇਸ਼ ਦਾ ਇਕ ਪਵਿੱਤਰ ਸਿਧਾਂਤ ਸਭ ਤੋਂ ਵੱਡਾ ਢਕਵੰਜ ਬਣ ਗਿਆ।
''''ਤੁਸੀਂ ਕਹਿ ਰਹੇ ਹੋ ਕਿ ਅਸੀਂ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕਰੀਏ ਕਿ ਉਨ੍ਹਾਂ ਦੇ ਬਹਾਨੇ ਸਾਡੀਆਂ ਅੱਖਾਂ ਖੁੱਲ੍ਹ ਗਈਆਂ ਹਨ?'''' ਇੰਨਾ ਕਹਿ ਕੇ ਅਤੇ ਮੇਰੇ ਜਵਾਬ ਦੀ ਉਡੀਕ ਕੀਤੇ ਬਿਨਾਂ ਉਹ ਸੱਜਣ ਅੱਗੇ ਵਧ ਗਿਆ। ਮੈਨੂੰ ਲੱਗਾ ਕਿ ਉਸ ਦੇ ਚਿਹਰੇ ''ਤੇ ਓਨੀ ਨਿਰਾਸ਼ਾ ਨਹੀਂ ਸੀ, ਉਸ ਦੀ ਚਾਲ ''ਚ ਇਕ ਫੁਰਤੀ ਸੀ।                       yyopinion@gmail.com