ਪੱਛਮੀ ਦੇਸ਼ਾਂ ਤੇ ਰੂਸ ਵਿਚਾਲੇ ਤਣਾਅ ਵਧਿਆ : ''ਠੰਡੀ ਜੰਗ'' ਦੇ ਬੱਦਲ ਘਿਰਨ ਲੱਗੇ

03/18/2018 7:50:30 AM

ਬ੍ਰਿਟੇਨ 'ਚ ਪਨਾਹ ਲਈ ਬੈਠੇ ਇਕ ਸਾਬਕਾ ਰੂਸੀ ਜਾਸੂਸ ਤੇ ਉਸ ਦੀ ਜਵਾਨ ਧੀ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਮਾਰ ਦੇਣ ਦੀ ਕੋਸ਼ਿਸ਼ ਦੇ ਮਾਮਲੇ ਨੂੰ ਲੈ ਕੇ ਬ੍ਰਿਟੇਨ ਤੇ ਰੂਸ ਵਿਚਾਲੇ ਤਲਵਾਰਾਂ ਖਿੱਚੀਆਂ ਗਈਆਂ ਹਨ ਤੇ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਇੰਨਾ ਗੰਭੀਰ ਰੂਪ ਅਖਤਿਆਰ ਕਰ ਗਿਆ ਹੈ ਕਿ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ 23 ਰੂਸੀ ਕੂਟਨੀਤਕਾਂ ਨੂੰ ਫੌਰਨ ਬ੍ਰਿਟੇਨ 'ਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਹੈ। 
ਅਮਰੀਕਾ ਅਤੇ ਪੱਛਮ ਦੇ ਹੋਰ ਵੱਡੇ ਦੇਸ਼ਾਂ, ਜਿਵੇਂ ਜਰਮਨੀ ਤੇ ਫਰਾਂਸ ਨੇ ਵੀ ਬ੍ਰਿਟਿਸ਼ ਕਾਰਵਾਈ ਦਾ ਸਮਰਥਨ ਕਰਦਿਆਂ ਰੂਸ ਦੀ ਸਖਤ ਨਿੰਦਾ ਕੀਤੀ ਹੈ, ਜਿਸ ਨਾਲ ਪੱਛਮੀ ਦੇਸ਼ਾਂ ਅਤੇ ਰੂਸ ਵਿਚਾਲੇ ਠੰਡੀ ਜੰਗ ਦੇ ਬੱਦਲ ਘਿਰਦੇ ਨਜ਼ਰ ਆ ਰਹੇ ਹਨ।
ਇਸ ਨਾਲ ਸਥਿਤੀ ਇੰਨੀ ਗੰਭੀਰ ਹੋ ਗਈ ਹੈ, ਜੋ ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ। ਰੂਸੀ ਕੂਟਨੀਤਕਾਂ ਨੂੰ ਬ੍ਰਿਟੇਨ 'ਚੋਂ ਕੱਢੇ ਜਾਣ ਦੀ ਕਾਰਵਾਈ ਦੇ ਜਵਾਬ ਵਿਚ ਰੂਸ ਨੇ ਵੀ 23 ਬ੍ਰਿਟਿਸ਼ ਕੂਟਨੀਤਕਾਂ ਨੂੰ ਮਾਸਕੋ 'ਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਹੈ।
ਰੂਸ ਨੇ ਮਾਸਕੋ 'ਚ ਬ੍ਰਿਟਿਸ਼ ਕੌਂਸਲ ਦਾ ਦਫਤਰ ਅਤੇ ਸੇਂਟ ਪੀਟਰਸਬਰਗ 'ਚ ਬ੍ਰਿਟਿਸ਼ ਦੂਤਘਰ ਨੂੰ ਬੰਦ ਕਰ ਦੇਣ ਦਾ ਹੁਕਮ ਦਿੱਤਾ ਹੈ। ਸਥਿਤੀ 'ਤੇ ਵਿਚਾਰ ਕਰਨ ਲਈ ਬ੍ਰਿਟੇਨ ਨੇ ਕੌਮੀ ਸੁਰੱਖਿਆ ਕਮੇਟੀ ਦੀ ਮੀਟਿੰਗ ਸੱਦੀ ਹੈ। 
ਬ੍ਰਿਟੇਨ ਦਾ ਸਿਆਸੀ ਮਾਹੌਲ ਇਸ ਸਮੇਂ ਇੰਨਾ ਗਰਮਾ ਚੁੱਕਾ ਹੈ ਕਿ ਟੀ. ਵੀ. ਚੈਨਲ, ਰੇਡੀਓ ਅਤੇ ਅਖ਼ਬਾਰਾਂ ਸਭ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਤਿੱਖੇ ਪ੍ਰਚਾਰ ਦਾ ਨਿਸ਼ਾਨਾ ਬਣਾਇਆ ਹੋਇਆ ਹੈ। ਇਹ ਸਥਿਤੀ ਪਿਛਲੇ 2 ਹਫਤਿਆਂ ਤੋਂ ਉਸ ਵੇਲੇ ਤੋਂ ਚੱਲ ਰਹੀ ਹੈ, ਜਦੋਂ ਰੂਸ ਦੇ ਇਕ ਜਾਸੂਸ ਸਰਜੀ ਸਕ੍ਰਿਪਲ ਤੇ ਉਸ ਦੀ 33 ਸਾਲਾ ਧੀ ਯੂਲੀਆ ਬ੍ਰਿਟੇਨ ਦੇ ਸ਼ਹਿਰ ਸਾਲਿਸਬਰੀ 'ਚ ਇਕ ਪਾਰਕ ਦੇ ਬੈਂਚ 'ਤੇ ਬੇਹੋਸ਼ ਮਿਲੇ। ਸਰਜੀ ਰੂਸ ਦੀ ਖੁਫੀਆ ਏਜੰਸੀ ਦਾ ਜਾਸੂਸ ਸੀ ਪਰ ਉਹ ਦੋਗਲੀ ਖੇਡ ਖੇਡਦਿਆਂ ਰੂਸ ਦੇ ਰਾਜ਼ ਬ੍ਰਿਟੇਨ ਦੀ ਖੁਫੀਆ ਸੰਸਥਾ ਨੂੰ ਪਹੁੰਚਾਉਣ ਦਾ ਕੰਮ ਵੀ ਕਰਦਾ ਸੀ। ਫੜੇ ਜਾਣ 'ਤੇ ਰੂਸ ਸਰਕਾਰ ਨੇ ਉਸ ਨੂੰ 13 ਸਾਲ ਕੈਦ ਦੀ ਸਜ਼ਾ ਦੇ ਕੇ ਜੇਲ 'ਚ ਰੱਖਿਆ ਹੋਇਆ ਸੀ। 
ਉਸੇ ਤਰ੍ਹਾਂ ਰੂਸ ਦੀ ਇਕ ਮਹਿਲਾ ਜਾਸੂਸ ਵੀ ਬ੍ਰਿਟੇਨ ਦੀ ਕੈਦ 'ਚ ਸੀ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਸਮਝੌਤੇ ਦੇ ਜ਼ਰੀਏ ਇਨ੍ਹਾਂ ਕੈਦੀਆਂ ਦਾ ਆਪਸ 'ਚ ਤਬਾਦਲਾ ਕਰ ਲਿਆ ਗਿਆ। ਬ੍ਰਿਟੇਨ ਨੇ ਸਰਜੀ ਨੂੰ ਆਪਣੇ ਦੇਸ਼ 'ਚ ਪਨਾਹ ਦੇ ਦਿੱਤੀ ਤੇ ਉਦੋਂ ਤੋਂ ਉਹ ਆਪਣੀ ਧੀ ਨਾਲ ਸਾਲਿਸਬਰੀ 'ਚ ਰਹਿ ਰਿਹਾ ਸੀ। 
4 ਮਾਰਚ ਨੂੰ ਦੁਪਹਿਰੇ ਦੋਵੇਂ ਪਿਓ-ਧੀ ਇਕ ਪਾਰਕ ਦੇ ਬੈਂਚ 'ਤੇ ਬੇਹੋਸ਼ ਮਿਲੇ। ਉਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਇਟਾਲੀਅਨ ਰੈਸਟੋਰੈਂਟ 'ਚ ਖਾਣਾ ਖਾਧਾ ਸੀ। ਬ੍ਰਿਟਿਸ਼ ਸਰਕਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਕੋਈ ਜ਼ਹਿਰੀਲਾ ਪਦਾਰਥ ਖੁਆ ਕੇ ਮਾਰ ਦੇਣ ਦੀ ਸਾਜ਼ਿਸ਼ ਰੂਸ ਸਰਕਾਰ ਨੇ ਉਸੇ ਤਰ੍ਹਾਂ ਰਚੀ ਸੀ, ਜਿਸ ਤਰ੍ਹਾਂ 5 ਸਾਲ ਪਹਿਲਾਂ ਇਕ ਹੋਰ ਰੂਸੀ ਜਾਸੂਸ ਨੂੰ ਦੋਗਲੇਪਣ ਦੇ ਸ਼ੱਕ ਵਿਚ ਲੰਡਨ ਵਿਖੇ ਜ਼ਹਿਰੀਲਾ ਟੀਕਾ ਲਾ ਕੇ ਸ਼ੱਕੀ ਹਾਲਤਾਂ 'ਚ ਮਾਰ ਦਿੱਤਾ ਗਿਆ ਸੀ ਪਰ ਇਸ ਘਟਨਾ 'ਚ ਰੂਸ ਦਾ ਹੱਥ ਹੋਣ ਦਾ ਅਜੇ ਤਕ ਕੋਈ ਠੋਸ ਸਬੂਤ ਨਹੀਂ ਮਿਲਿਆ।
ਦੋਵੇਂ ਪਿਓ-ਧੀ ਗੰਭੀਰ ਹਾਲਤ 'ਚ ਹਸਪਤਾਲ ਵਿਚ ਦਾਖਲ ਹਨ। ਜਿਹੜੇ ਜ਼ਹਿਰੀਲੇ ਪਦਾਰਥ ਦੀ ਉਨ੍ਹਾਂ ਉੱਤੇ ਵਰਤੋਂ ਕੀਤੀ ਗਈ, ਉਸ ਦੇ ਨਮੂਨਿਆਂ ਦਾ ਲੈਬਾਰਟਰੀ 'ਚ ਪ੍ਰੀਖਣ ਕੀਤਾ ਜਾ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਅਜਿਹਾ ਰਹੱਸਮਈ ਰਸਾਇਣਕ ਪਦਾਰਥ ਹੈ, ਜਿਸ ਦੀ ਅਜੇ ਤਕ ਕੋਈ ਪਛਾਣ ਨਹੀਂ ਹੋ ਸਕੀ। 
ਸਰਜੀ ਤੇ ਯੂਲੀਆ ਦੇ ਬੇਹੋਸ਼ ਮਿਲਣ ਦੀ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਬ੍ਰਿਟੇਨ ਨੇ ਰੂਸ 'ਤੇ ਦੋਸ਼ ਲਾਇਆ ਕਿ ਉਹ ਇਸ ਦੇਸ਼ 'ਚ ਗੁਪਤ ਭੰਨ-ਤੋੜੂ ਸਰਗਰਮੀਆਂ 'ਚ ਸ਼ਾਮਿਲ ਹੈ, ਜਦਕਿ ਰੂਸ ਨੇ ਇਸ ਤੋਂ ਇਨਕਾਰ ਕੀਤਾ ਹੈ। 
ਰੂਸ ਤੋਂ ਸਪੱਸ਼ਟੀਕਰਨ ਮੰਗਦਿਆਂ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪੁਤਿਨ ਨੂੰ ਸਿੱਧਾ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ 24 ਘੰਟਿਆਂ ਅੰਦਰ ਸਥਿਤੀ ਸਪੱਸ਼ਟ ਕਰ ਦੇਣ ਦਾ ਅਲਟੀਮੇਟਮ ਦਿੱਤਾ। ਸਮੇਂ ਸਿਰ ਜਵਾਬ ਨਾ ਆਉਣ 'ਤੇ ਬ੍ਰਿਟਿਸ਼ ਸਰਕਾਰ ਵਲੋਂ 23 ਰੂਸੀ ਕੂਟਨੀਤਕਾਂ ਨੂੰ ਬ੍ਰਿਟੇਨ 'ਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਗਿਆ।
ਰੂਸ ਨੇ ਵੀ ਜੁਆਬੀ ਕਾਰਵਾਈ ਦੌਰਾਨ 23 ਬ੍ਰਿਟਿਸ਼ ਕੂਟਨੀਤਕਾਂ ਨੂੰ ਮਾਸਕੋ 'ਚੋਂ ਨਿਕਲ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਕ ਰੂਸੀ ਰੇਡੀਓ ਨੇ ਆਪਣੇ ਪ੍ਰਸਾਰਣ 'ਚ ਕਿਹਾ ਹੈ ਕਿ ਦੇਸ਼ ਨਾਲ ਗੱਦਾਰੀ ਕਰਨ ਵਾਲੇ ਕਿਤੇ ਵੀ ਜਾ ਲੁਕਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 
ਸਥਿਤੀ ਨੇ ਇਕ ਹੋਰ ਗੰਭੀਰ ਕਰਵਟ ਲਈ ਹੈ। ਸਰਜੀ ਤੇ ਯੂਲੀਆ ਦੀ ਬੇਹੋਸ਼ੀ ਦੀ ਘਟਨਾ ਤੋਂ 11 ਦਿਨਾਂ ਬਾਅਦ ਲੰਡਨ 'ਚ ਇਕ ਹੋਰ ਰੂਸੀ ਵਪਾਰੀ ਆਪਣੇ ਘਰ ਅੰਦਰ ਮਰਿਆ ਮਿਲਿਆ। ਨਿਕੋਲਾਈ ਗਲੁਸ਼ਕੋਵ ਨਾਮੀ ਵਪਾਰੀ ਬਾਰੇ ਦੱਸਿਆ ਗਿਆ ਹੈ ਕਿ ਉਹ ਸਰਜੀ ਦਾ ਮਿੱਤਰ ਅਤੇ ਪੁਤਿਨ ਦਾ ਆਲੋਚਕ ਸੀ। 
ਪੁਲਸ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ ਤੇ ਇਸ ਦੀ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਜੀ ਅਤੇ ਯੂਲੀਆ ਨੂੰ ਜ਼ਹਿਰ ਦਿੱਤੇ ਜਾਣ ਅਤੇ ਗਲੁਸ਼ਕੋਵ ਦੀ ਮੌਤ ਦਾ ਆਪਸ 'ਚ ਕੋਈ ਸਬੰਧ ਹੈ, ਇਸ ਬਾਰੇ ਅਜੇ ਕੋਈ ਵਿਆਖਿਆ ਨਹੀਂ ਕੀਤੀ ਗਈ। 
ਇਸ ਸਾਰੀ ਘਟਨਾ ਤੋਂ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਸਿਆਸੀ/ਕੂਟਨੀਤਕ ਲਾਭ ਮਿਲਣ ਦੀ ਸੰਭਾਵਨਾ ਹੈ। ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਮੁੱਦੇ ਦਾ ਅਜੇ ਤਕ ਕੋਈ ਤਸੱਲੀਬਖਸ਼ ਹੱਲ ਨਾ ਨਿਕਲ ਸਕਣ ਕਾਰਨ ਥੈਰੇਸਾ ਮੇ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਸੀ। ਰੂਸ ਵਿਰੁੱਧ ਸਖ਼ਤ ਰੁਖ਼ ਅਪਣਾ ਕੇ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਮੁੜ ਮਜ਼ਬੂਤ ਬਣਾਉਣ ਦਾ ਮੌਕਾ ਮਿਲ ਗਿਆ ਹੈ। 
ਵੱਡੇ ਯੂਰਪੀਅਨ ਦੇਸ਼ਾਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਜਰਮਨੀ ਦੀ ਚਾਂਸਲਰ ਮਾਰਕੇਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਰੂਸ ਵਿਰੁੱਧ ਕਾਰਵਾਈ ਦਾ ਸਮਰਥਨ ਮਿਲ ਜਾਣ ਤੋਂ ਬਾਅਦ ਥੈਰੇਸਾ ਮੇ ਖ਼ੁਦ ਨੂੰ ਪਹਿਲਾਂ ਨਾਲੋਂ ਮਜ਼ਬੂਤ ਸਥਿਤੀ 'ਚ ਮਹਿਸੂਸ ਕਰ ਰਹੀ ਹੈ ਪਰ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਰੂਸ ਵਿਰੁੱਧ ਕਾਰਵਾਈ ਦੇ ਪੱਖ ਵਿਚ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। 
ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਵਿਰੁੱਧ ਜੋ ਵੀ ਕਿਹਾ ਜਾ ਰਿਹਾ ਹੈ, ਉਹ ਸ਼ੱਕ ਦੇ ਆਧਾਰ 'ਤੇ ਹੀ ਕਿਹਾ ਜਾ ਰਿਹਾ ਹੈ। ਇਸ ਗੱਲ ਦਾ ਅਜੇ ਕੋਈ ਪੁਖਤਾ ਸਬੂਤ ਨਹੀਂ ਹੈ ਕਿ ਸਰਜੀ ਤੇ ਉਸ ਦੀ ਧੀ ਨੂੰ ਜੋ ਵੀ ਕੋਈ ਜ਼ਹਿਰੀਲੀ ਚੀਜ਼ ਖੁਆਈ ਗਈ ਹੈ, ਉਸ ਪਿੱਛੇ ਰੂਸ ਦਾ ਹੱਥ ਹੈ। 
                         (krishanbhatia@btinternet.com)