ਹਿੰਦੂਤਵ ਦੇ ਮੁੱਦੇ ’ਤੇ ਪਰਤੀ ਭਾਜਪਾ

04/24/2019 7:11:00 AM

ਕਲਿਆਣੀ ਸ਼ੰਕਰ 
ਅਜਿਹਾ ਲੱਗਦਾ ਹੈ ਕਿ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਕਾਸ ਦੇ ਏਜੰਡੇ ਤੋਂ ਹਟ ਕੇ ਹਿੰਦੂਤਵ ਦੇ ਮੁੱਦੇ ’ਤੇ ਵਾਪਿਸ ਆ ਗਈ ਹੈ। ਹਾਲਾਂਕਿ ਇਹ ਦੋਵੇਂ ਮੁੱਦੇ ਨਾਲੋ-ਨਾਲ ਚੱਲ ਰਹੇ ਹਨ ਪਰ ਦੋ ਪੜਾਵਾਂ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਭਾਜਪਾ ਹਿੰਦੂਤਵ ’ਤੇ ਜ਼ਿਆਦਾ ਕੇਂਦ੍ਰਿਤ ਹੋ ਗਈ ਹੈ। ਇਹ ਗੱਲ ਪਾਰਟੀ ਵਲੋਂ ਭੋਪਾਲ ’ਚ ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਦੇ ਵਿਰੁੱਧ ਸਾਧਵੀ ਪ੍ਰੱਗਿਆ ਠਾਕੁਰ ਨੂੰ ਮੈਦਾਨ ’ਚ ਉਤਾਰਨ ਦੇ ਭਾਜਪਾ ਦੇ ਫੈਸਲੇ ਤੋਂ ਸਪੱਸ਼ਟ ਹੋ ਜਾਂਦਾ ਹੈ। ਭਾਜਪਾ ਦੇ ਨਜ਼ਰੀਏ ਤੋਂ ਪ੍ਰੱਗਿਆ ਠਾਕੁਰ ਨੂੰ ਉਮੀਦਵਾਰ ਬਣਾਉਣ ਨਾਲ ਦੋ ਮਕਸਦ ਪੂਰੇ ਹੁੰਦੇ ਹਨ। ਪਹਿਲਾ, ਕਾਂਗਰਸੀ ਨੇਤਾ ਦਿੱਗਵਿਜੇ ਸਿੰਘ ਨਾਲ ਸਿੱਧੀ ਟੱਕਰ ਤੇ ਦੂਜਾ ਇਸ ਦਾ ਅਸਰ ਨਾ ਸਿਰਫ ਮੱਧ ਪ੍ਰਦੇਸ਼ ’ਚ, ਸਗੋਂ ਗੁਆਂਢੀ ਸੂਬੇ ਮਹਾਰਾਸ਼ਟਰ ’ਚ ਵੀ ਪਵੇਗਾ। ਹਾਲਾਂਕਿ ਭੋਪਾਲ ਸੀਟ ਲਈ ਦੋ ਸਾਬਕਾ ਮੁੱਖ ਮੰਤਰੀਆਂ ਉਮਾ ਭਾਰਤੀ ਤੇ ਸ਼ਿਵਰਾਜ ਸਿੰਘ ਚੌਹਾਨ ਦੇ ਨਾਵਾਂ ’ਤੇ ਵੀ ਚਰਚਾ ਚੱਲ ਰਹੀ ਸੀ ਪਰ ਪਾਰਟੀ ਨੇ ਸ਼ਾਇਦ ਸੰਘ ਦੇ ਇਸ਼ਾਰੇ ’ਤੇ ਸਾਧਵੀ ਨੂੰ ਟਿਕਟ ਦਿੱਤੀ। ਕਿਹਾ ਜਾ ਰਿਹਾ ਹੈ ਕਿ ਸੰਘ ਪਰਿਵਾਰ ਨੇ ਸਾਧੂਆਂ ਨੂੰ ਇਹ ਸੰਦੇਸ਼ ਭੇਜਿਆ ਸੀ ਕਿ ਉਹ ਮੌਜੂਦਾ ਚੋਣਾਂ ’ਚ ਭਾਜਪਾ ਦੇ ਪੱਖ ’ਚ ਵੋਟਾਂ ਜੁਟਾਉਣ। ਕੁਝ ਸਮਾਂ ਪਹਿਲਾਂ ਅਯੁੱਧਿਆ ਵਿਚ ਰਾਮ ਮੰਦਰ ਨਾ ਬਣਾਉਣ ਲਈ ਸਾਧੂਆਂ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ।

ਸਾਧਵੀ ਦੇ ਬਚਾਅ ’ਚ ਉਤਰੇ ਮੋਦੀ

ਸਾਧਵੀ ਪ੍ਰੱਗਿਆ ਠਾਕੁਰ ਨੂੰ ਚੋਣ ਮੈਦਾਨ ’ਚ ਉਤਾਰਨ ਦੇ ਫੈਸਲੇ ਦਾ ਬਚਾਅ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰੱਗਿਆ ਠਾਕੁਰ ਦੀ ਉਮੀਦਵਾਰੀ ਉਨ੍ਹਾਂ ਲੋਕਾਂ ਲਈ ਇਕ ਸੰਕੇਤਕ ਜਵਾਬ ਹੈ, ਜਿਹੜੇ ਹਿੰਦੂ ਸੰਸਕ੍ਰਿਤੀ ਨੂੰ ‘ਅੱਤਵਾਦ’ ਵਜੋਂ ਪ੍ਰਚਾਰਿਤ ਕਰਦੇ ਹਨ ਤੇ ਸਾਧਵੀ ਦੀ ਉਮੀਦਵਾਰੀ ਕਾਂਗਰਸ ਨੂੰ ਮਹਿੰਗੀ ਪਵੇਗੀ। ਜ਼ਿਕਰਯੋਗ ਹੈ ਕਿ ਸਾਧਵੀ ਪ੍ਰੱਗਿਆ ਠਾਕੁਰ ’ਤੇ ਇਕ ਅੱਤਵਾਦੀ ਘਟਨਾ ’ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਗੈਰ-ਕਾਨੂੰਨੀ ਸਰਗਰਮੀਆਂ ਪਾਬੰਦੀ ਕਾਨੂੰਨ ਦੇ ਤਹਿਤ ਦੋਸ਼ ਲੱਗੇ ਸਨ ਪਰ ਉਸ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ, ਹਾਲਾਂਕਿ ਮਾਮਲੇ ਦੀ ਸੁਣਵਾਈ ਕਰ ਰਹੀ ਐੱਨ. ਆਈ. ਏ. ਕੋਰਟ ਨੇ ਅਜੇ ਤਕ ਉਸ ਨੂੰ ਦੋਸ਼-ਮੁਕਤ ਨਹੀਂ ਕੀਤਾ ਹੈ। ਇਹ ਵੀ ਆਪਾ-ਵਿਰੋਧ ਹੀ ਹੈ ਕਿ ਉਹ ਦਿੱਗਵਿਜੇ ਹੀ ਸਨ, ਜਿਨ੍ਹਾਂ ਨੇ ਯੂ. ਪੀ. ਏ. ਦੇ ਕਾਰਜਕਾਲ ਦੌਰਾਨ ‘ਭਗਵਾ ਅੱਤਵਾਦ’ ਸ਼ਬਦ ਉਛਾਲਿਆ ਸੀ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਭਾਜਪਾ ਨੇ ਸਾਧੂਆਂ- ਸੰਨਿਆਸੀਆਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਉਮਾ ਭਾਰਤੀ ਵੀ ਇਸੇ ਤਰ੍ਹਾਂ ਦੀ ਇਕ ਹਾਈ-ਪ੍ਰੋਫਾਈਲ ਨੇਤਾ ਹੈ। ਭਾਜਪਾ ਨੇ ਹਿੰਦੂ ਸਾਧੂ ਜੈਸਿੱਧੇਸ਼ਵਰ ਮਹਾਸਵਾਮੀ ਜੀ ਨੂੰ ਵੀ ਸ਼ੋਲਾਪੁਰ ਤੋਂ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਵਿਰੁੱਧ ਚੋਣ ਮੈਦਾਨ ’ਚ ਉਤਾਰਿਆ ਹੈ। ਹਿੰਦੂਤਵ ਦਾ ਇਕ ਹੋਰ ਚਿਹਰਾ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹਨ, ਜਿਨ੍ਹਾਂ ਨੂੰ ਮੁਸਲਿਮ ਵਿਰੋਧੀ ਬਿਆਨ ਦੇਣ ਕਾਰਨ ਚੋਣ ਕਮਿਸ਼ਨ ਨੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਨੋਟਿਸ ਦਿੰਦਿਆਂ 72 ਘੰਟਿਆਂ ਲਈ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਸੀ।

ਵਿਵਾਦਪੂਰਨ ਟਿੱਪਣੀਆਂ ’ਤੇ ਕਮਿਸ਼ਨ ਨੇ ਮੰਗਿਆ ਜਵਾਬ

ਸਾਧਵੀ ਪ੍ਰੱਗਿਆ ਠਾਕੁਰ ਨੇ ਭਾਜਪਾ ਨੂੰ ਖੁਸ਼ ਕਰਨ ਲਈ ਇਥੋਂ ਤਕ ਕਹਿ ਦਿੱਤਾ ਕਿ ਹੇਮੰਤ ਕਰਕਰੇ ਉਸ ਦੇ ‘ਸਰਾਪ’ ਕਾਰਨ ਮਾਰੇ ਗਏ ਸਨ। ਸ਼ਹੀਦ ਦੇ ਵਿਰੁੱਧ ਅਜਿਹੀ ਟਿੱਪਣੀ ਕਾਰਨ ਲੋਕਾਂ ’ਚ ਕਾਫੀ ਗੁੱਸਾ ਸੀ, ਇਸ ਲਈ ਭਾਜਪਾ ਨੇ ਸਾਧਵੀ ਦੇ ਬਿਆਨਾਂ ਤੋਂ ਦੂਰੀ ਬਣਾ ਲਈ। ਅਗਲਾ ਵਿਵਾਦਪੂਰਨ ਬਿਆਨ ਉਸ ਨੇ ਬਾਬਰੀ ਮਸਜਿਦ ਡੇਗੇ ਜਾਣ ’ਚ ਆਪਣੀ ਭੂਮਿਕਾ ਨੂੰ ਲੈ ਕੇ ਦਿੱਤਾ ਤੇ ਕਿਹਾ, ‘‘ਮੈਂ ਢਾਂਚੇ ਨੂੰ ਤੋੜਨ ਲਈ ਉਸ ’ਤੇ ਚੜ੍ਹੀ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਭਗਵਾਨ ਨੇ ਮੈਨੂੰ ਅਜਿਹਾ ਕਰਨ ਦਾ ਮੌਕਾ ਤੇ ਹਿੰਮਤ ਦਿੱਤੀ ਤੇ ਮੈਂ ਇਹ ਕੀਤਾ।’’ ਚੋਣ ਕਮਿਸ਼ਨ ਨੇ ਇਨ੍ਹਾਂ ਦੋਹਾਂ ਟਿੱਪਣੀਆਂ ਲਈ ਸਾਧਵੀ ਪ੍ਰੱਗਿਆ ਠਾਕੁਰ ਤੋਂ ਜਵਾਬ ਮੰਗਿਆ ਹੈ। ਹਿੰਦੂਤਵ ਦਾ ਮੁੱਦਾ ਮੁੜ ਕੇਂਦਰ ’ਚ ਕਿਉਂ ਆ ਗਿਆ ਹੈ? ਅਸਲ ਵਿਚ ਇਹ ਹਮੇਸ਼ਾ ਬਾਕੀ ਵਿਸ਼ਿਆਂ ਦੇ ਸਮਾਨਾਂਤਰ ਚੱਲਦਾ ਰਿਹਾ ਹੈ। ਪਾਰਟੀ ਨੂੰ ਲੱਗਦਾ ਹੈ ਕਿ ਉਸ ਦੇ ਚੋਣਾਂ ਜਿੱਤਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਮੋਦੀ ਦੀਆਂ ਕਮਜ਼ੋਰੀਆਂ ਨੂੰ ਜ਼ਾਹਿਰ ਕਰਨ ਅਤੇ 2014 ’ਚ ਕੀਤੇ ਗਏ ਵਾਅਦੇ ਪੂਰੇ ਕਰਨ ’ਚ ਮੋਦੀ ਦੇ ਨਾਕਾਮ ਰਹਿਣ ਦੀ ਗੱਲ ਨੂੰ ਸਹੀ ਢੰਗ ਨਾਲ ਨਹੀਂ ਉਠਾ ਸਕੀ। ਵਿਕਾਸ ਦਾ ਪੱਤਾ ਨਾ ਚੱਲਣ ਕਰ ਕੇ ਹੁਣ ਭਾਜਪਾ ਨੇ ਹਿੰਦੂਤਵ ’ਤੇ ਫੋਕਸ ਕਰਨ ਦਾ ਫੈਸਲਾ ਲਿਆ ਹੈ। ਹੁਣ ਤਕ ਭਾਜਪਾ ਨੇ ਇਨ੍ਹਾਂ ਚੋਣਾਂ ਦੌਰਾਨ ਮੋਦੀ ਨੂੰ ਚਿਹਰਾ ਬਣਾਉਂਦਿਆਂ ਪ੍ਰਧਾਨਗੀ ਪ੍ਰਣਾਲੀ ਵਾਂਗ ਚੋਣਾਂ ਲੜਨ ਦੀ ਰਣਨੀਤੀ ਬਣਾਈ ਹੈ। ਪ੍ਰਚਾਰ ਦੌਰਾਨ ਪਾਰਟੀ ਬੇਦਾਗ਼ ਸਰਕਾਰ ਦੀ ਗੱਲ ਕਰਦੀ ਰਹੀ ਹੈ ਤੇ ਵੋਟਰਾਂ ਲਈ ਪਾਰਟੀ ਦਾ ਸੰਦੇਸ਼ ਹੈ ਕਿ ‘‘ਅਸੀਂ ਚੰਗਾ ਕੰਮ ਕੀਤਾ ਹੈ ਪਰ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ।’’ ਪ੍ਰਚਾਰ ਦੌਰਾਨ ਕੌਮੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ’ਤੇ ਮੋਦੀ ਸਰਕਾਰ ਦੇ ਦਲੇਰਾਨਾ ਫੈਸਲਿਆਂ ਦੀ ਗੱਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 7 ਵੱਡੀਆਂ ਕਲਿਆਣਕਾਰੀ ਯੋਜਨਾਵਾਂ ਦੀ ਗੱਲ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਸਵੱਛ ਭਾਰਤ ਅਤੇ ਸਿਹਤ ਬੀਮਾ ਆਦਿ ਸ਼ਾਮਿਲ ਹਨ। ‘ਮਜ਼ਬੂਤ’ ਮੋਦੀ ਸਰਕਾਰ ਅਤੇ ‘ਮਜਬੂਰ’ ਵਿਰੋਧੀ ਧਿਰ ’ਤੇ ਫੋਕਸ ਕੀਤਾ ਜਾਂਦਾ ਹੈ। ਸਭ ਤੋਂ ਜ਼ਿਆਦਾ ਗੱਲ ਕਾਂਗਰਸ ਦੀਆਂ ਨਾਕਾਮੀਆਂ ਦੀ ਕੀਤੀ ਜਾ ਰਹੀ ਹੈ।

ਘਟ ਰਿਹਾ ਹੈ ਪੁਲਵਾਮਾ ਦਾ ਅਸਰ

ਜ਼ਮੀਨੀ ਪੱਧਰ ਤੋਂ ਰਿਪੋਰਟਾਂ ਆਉਣ ਮਗਰੋਂ ਪੁਲਵਾਮਾ ਮਾਮਲੇ ਦਾ ਪ੍ਰਭਾਵ ਘਟ ਰਿਹਾ ਹੈ ਤੇ ਭਾਜਪਾ ਨੂੰ ਆਪਣਾ ਦਾਅ ਬਦਲਣਾ ਪਿਆ ਹੈ। ਸਾਰੇ 5 ਦੱਖਣੀ ਸੂਬਿਆਂ ’ਚ ਲੋਕ ਸਥਾਨਕ ਮੁੱਦਿਆਂ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ। ਲੋਕ ਸਭਾ ’ਚ 130 ਸੰਸਦ ਮੈਂਬਰ ਭੇਜਣ ਵਾਲੇ ਦੱਖਣ ’ਚ ਪਾਕਿਸਤਾਨ ਦੀ ਨਿੰਦਾ ਕਰਨ ਨੂੰ ਲੈ ਕੇ ਬਹੁਤਾ ਉਤਸ਼ਾਹ ਨਹੀਂ ਹੈ। ਭਾਜਪਾ ਵੀ ਇਹ ਜਾਣ ਚੁੱਕੀ ਹੈ ਕਿ ਰਸੋਈ ਗੈਸ ਕੁਨੈਕਸ਼ਨ, ਦਿਹਾਤੀ ਬਿਜਲਈਕਰਨ ਯੋਜਨਾ, ਸਸਤੇ ਮਕਾਨ, ਜਨ-ਧਨ ਬੈਂਕ ਖਾਤੇ ਅਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਰਗੇ ਉਪਾਵਾਂ ਦੇ ਬਾਵਜੂਦ ਮੋਦੀ ਲਹਿਰ ਉਹੋ ਜਿਹੀ ਨਹੀਂ ਬਣ ਸਕੀ, ਜਿਹੋ ਜਿਹੀ 2014 ’ਚ ਸੀ। ਇਹੋ ਵਜ੍ਹਾ ਹੈ ਕਿ ਮੋਦੀ,ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਆਪਣੀਆਂ ਚੋਣ ਰੈਲੀਆਂ ’ਚ ਧਰੁਵੀਕਰਨ ’ਤੇ ਜ਼ੋਰ ਦੇ ਰਹੇ ਹਨ। ਭਾਜਪਾ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਹਿੰਦੂਤਵ ਦੇ ਕਾਰਡ ਦਾ ਇਸਤੇਮਾਲ ਕਰਨਾ ਉਸ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਹੁਣ ਚੋਣਾਂ ਦੇ ਆਉਣ ਵਾਲੇ ਪੜਾਵਾਂ ’ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਦਾ ਇਹ ਦਾਅ ਕਿੰਨਾ ਸਫਲ ਰਹਿੰਦਾ ਹੈ?

(kalyani60@gmail.com)
 

Bharat Thapa

This news is Content Editor Bharat Thapa