ਸਾਵਧਾਨ! ਤੁਹਾਡਾ ਸਮਾਰਟ ਟੀ. ਵੀ. ਕਿਤੇ ਤੁਹਾਡੇ ਬੈੱਡਰੂਮ ''ਚ ਝਾਤੀ ਤਾਂ ਨਹੀਂ ਮਾਰ ਰਿਹੈ

07/14/2019 6:06:57 AM

ਰਾਜੇਸ਼ ਕੁਮਾਰ (ਬਦਲਿਆ ਹੋਇਆ ਨਾਂ) ਨੂੰ ਆਪਣੇ ਬੈੱਡਰੂਮ 'ਚ ਸਮਾਰਟ ਟੀ. ਵੀ. 'ਤੇ ਪੋਰਨ ਦੇਖਣ ਦੀ ਆਦਤ ਸੀ ਅਤੇ ਉਹ ਆਮ ਤੌਰ 'ਤੇ ਬਾਲਗਾਂ ਲਈ ਬਣੀਆਂ ਵੈੱਬਸਾਈਟਸ ਦੇਖਦਾ ਸੀ।
ਭਾਵੇਂ ਹਾਲ ਹੀ 'ਚ ਇਸ ਵਿਆਹੁਤਾ ਵਿਅਕਤੀ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ, ਜਦੋਂ ਉਸ ਨੇ ਆਪਣੀ ਪਤਨੀ ਨਾਲ ਸਾਂਝੇ ਕੀਤੇ ਨਿੱਜੀ ਪਲਾਂ ਨੂੰ ਅਜਿਹੀ ਹੀ ਇਕ ਵੈੱਬਸਾਈਟ 'ਤੇ ਦੇਖਿਆ।
ਜਿਹੜੇ ਸਾਈਬਰ ਸਕਿਓਰਿਟੀ ਮਾਹਿਰਾਂ ਦੇ ਨਾਲ ਰਾਜੇਸ਼ ਨੇ ਸੰਪਰਕ ਕੀਤਾ, ਨੇ ਅਖੀਰ ਦੇਖਿਆ ਕਿ ਉਨ੍ਹਾਂ ਦੇ ਕਮਰੇ 'ਚ ਲੱਗਾ ਸਮਾਰਟ ਟੀ. ਵੀ. ਹੈਕ ਕਰ ਲਿਆ ਗਿਆ ਸੀ ਅਤੇ ਉਸ ਦੇ ਕੈਮਰੇ ਦੀ ਕਾਰਜ ਪ੍ਰਣਾਲੀ ਨੂੰ ਫੁਟੇਜ ਲੈਣ ਲਈ ਦੂਰੋਂ (ਰਿਮੋਟਲੀ) ਵਰਤਿਆ ਗਿਆ ਸੀ ਅਤੇ ਉਹ ਵੀ ਰਾਜੇਸ਼ ਨੂੰ ਪਤਾ ਲੱਗੇ ਬਿਨਾਂ।
ਸੂਰਤ ਦੇ ਇਕ ਪੌਸ਼ ਇਲਾਕੇ ਵਿਚ ਰਹਿਣ ਵਾਲਾ ਰਾਜੇਸ਼ ਪੋਰਨ ਸਾਈਟ 'ਤੇ ਆਪਣੀ ਅਤੇ ਆਪਣੀ ਪਤਨੀ ਦੀ ਵੀਡੀਓ ਦੇਖ ਕੇ ਨਾ ਸਿਰਫ ਹੈਰਾਨ ਰਹਿ ਗਿਆ, ਸਗੋਂ ਅਤਿਅੰਤ ਦੁਖੀ ਵੀ ਹੋ ਗਿਆ। ਜਨਤਕ ਸ਼ਰਮਿੰਦਗੀ ਦੇ ਡਰ ਕਾਰਣ ਉਸ ਨੇ ਪੁਲਸ ਨਾਲ ਸੰਪਰਕ ਨਹੀਂ ਕੀਤਾ ਪਰ ਇਸ ਦੀ ਬਜਾਏ ਕੁਝ ਅਜਿਹੇ ਸਾਈਬਰ ਸਕਿਓਰਿਟੀ ਮਾਹਿਰਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੂੰ ਇਹ ਜਾਂਚ ਕਰਨ ਲਈ ਕਿ ਅਜਿਹਾ ਕਿਉਂ ਹੋਇਆ, ਅਜਿਹੇ ਉੱਚ ਤਕਨੀਕੀ ਅਪਰਾਧਾਂ ਦੀ ਜਾਣਕਾਰੀ ਸੀ।
ਇਕ ਰਿਪੋਰਟ ਅਨੁਸਾਰ ਮਾਹਿਰਾਂ ਨੇ ਰਾਜੇਸ਼ ਦੇ ਕਮਰੇ ਵਿਚ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਉਥੇ ਕੋਈ ਲੁਕੋਇਆ ਹੋਇਆ ਕੈਮਰਾ ਨਹੀਂ ਮਿਲਿਆ। ਕਾਫੀ ਸਮੇਂ ਤੱਕ ਤਾਂ ਉਹ ਚਕਰਾਏ ਰਹੇ ਕਿ ਕਿਵੇਂ ਇਸ ਵੀਡੀਓ ਨੂੰ ਰਿਕਾਰਡ ਅਤੇ ਆਨਲਾਈਨ ਅਪਲੋਡ ਕੀਤਾ ਗਿਆ? ਫਿਰ ਉਨ੍ਹਾਂ ਦੀ ਨਜ਼ਰ ਕਮਰੇ 'ਚ ਲੱਗੇ ਸਮਾਰਟ ਟੀ. ਵੀ. 'ਤੇ ਪਈ।
ਇਸ ਤੋਂ ਬਾਅਦ ਕੀਤੀਆਂ ਗਈਆਂ ਜਾਂਚਾਂ ਵਿਚ ਖੁਲਾਸਾ ਹੋਇਆ ਕਿ ਕਿਉਂਕਿ ਰਾਜੇਸ਼ ਪੋਰਨ ਸਾਈਟਸ ਦੇਖਦਾ ਸੀ, ਅਜਿਹੀ ਹੀ ਇਕ ਸਾਈਟ 'ਤੇ ਹੈਕਰ ਨੇ ਸ਼ਾਇਦ ਉਸ ਦੇ ਟੀ. ਵੀ. ਨੂੰ ਹੈਕ ਕਰ ਲਿਆ ਹੋਵੇਗਾ, ਠੀਕ ਉਸੇ ਤਰ੍ਹਾਂ, ਜਿਵੇਂ ਕੰਪਿਊਟਰ ਨੂੰ ਅਤੇ ਲਾਈਵ ਫੀਡ ਰਿਕਾਰਡ ਕਰਨ ਲਈ ਦੂਰ ਬੈਠੇ ਹੀ ਉਸ ਦੇ ਇਨਬਿਲਟ ਕੈਮਰੇ ਦੀ ਵਰਤੋਂ ਕੀਤੀ। ਕਿਉਂਕਿ ਟੀ. ਵੀ. ਵਾਈ-ਫਾਈ ਲਈ ਸਮਰੱਥ ਸੀ, ਇਸ ਲਈ ਰਿਕਾਰਡ ਕੀਤੇ ਗਏ ਵੀਡੀਓ ਨੂੰ ਵੀ ਆਨਲਾਈਨ ਅਪਲੋਡ ਕਰ ਦਿੱਤਾ ਗਿਆ ਸੀ।
ਫਿਰ ਰਾਜੇਸ਼ ਨੇ ਰਿਕਾਰਡ ਕੀਤੇ ਗਏ ਵੀਡੀਓ ਨੂੰ ਹਟਾਉਣ ਲਈ ਸਾਈਬਰ ਸਕਿਓਰਿਟੀ ਮਾਹਿਰਾਂ ਦੀ ਮਦਦ ਲਈ ਪਰ ਇਹ ਘਟਨਾਚੱਕਰ ਇਕ ਵੱਡਾ ਸਵਾਲ ਖੜ੍ਹਾ ਕਰ ਦਿੰਦਾ ਹੈ ਕਿ ਨਵੇਂ ਯੁੱਗ ਦੀ ਤਕਨੀਕ ਕਿਸ ਹੱਦ ਤੱਕ ਸਾਡੀਆਂ ਨਿੱਜੀ ਥਾਵਾਂ 'ਚ ਘੁਸਪੈਠ ਕਰ ਸਕਦੀ ਹੈ।
ਬਹੁਤ ਸਾਰੇ ਨਿਰਮਾਤਾ ਆਪਣੇ ਟੀ. ਵੀ. ਸੈੱਟਾਂ ਨੂੰ ਸੁਰੱਖਿਆ ਫੀਚਰਜ਼ ਦੇ ਨਾਲ ਲੈਸ ਕਰਦੇ ਹਨ ਪਰ ਇਹ ਸੁਰੱਖਿਅਤ ਦਿਖਾਈ ਨਹੀਂ ਦਿੰਦੇ ਹਨ ਕਿਉਂਕਿ ਹੈਕਰਜ਼ ਨੂੰ ਅਜਿਹੇ ਮਾਮਲਿਆਂ 'ਚ ਲੀਡ ਹਾਸਿਲ ਹੁੰਦੀ ਹੈ। ਇਕ ਅਜਿਹੇ ਦਿਨ ਜਾਂ ਸਮੇਂ 'ਚ ਜਦੋਂ ਸਰਕਾਰੀ ਵੈੱਬਸਾਈਟਸ, ਬੈਂਕਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀਆਂ ਉੱਚ ਤਕਨੀਕੀ ਸੁਰੱਖਿਆ ਪ੍ਰਣਾਲੀਆਂ ਵੀ ਸੁਰੱਖਿਅਤ ਨਹੀਂ ਹਨ, ਕੈਮਰਿਆਂ ਦੇ ਨਾਲ ਆਉਂਦੇ ਕਮਰਸ਼ੀਅਲ ਟੀ. ਵੀ. ਦਰਅਸਲ ਹੈਕ ਕਰਨੇ ਬਹੁਤ ਹੀ ਆਸਾਨ ਹਨ।

                                                                                        —ਐੱਨ. ਤ੍ਰਿਵੇਦੀ

KamalJeet Singh

This news is Content Editor KamalJeet Singh