ਖ਼ਤਰੇ ''ਚ ਲੱਗਦੀ ਹੈ ਅਰਵਿੰਦ ਕੇਜਰੀਵਾਲ ਦੀ ਕੁਰਸੀ

04/30/2017 1:50:51 AM

ਕੀ ਅਰਵਿੰਦ ਕੇਜਰੀਵਾਲ ਨੂੰ ਨਰਿੰਦਰ ਮੋਦੀ ''ਤੇ ਨਿੱਜੀ ਮਾਰੂ ਟਿੱਪਣੀਆਂ ਕਰਨੀਆਂ ਮਹਿੰਗੀਆਂ ਪੈ ਸਕਦੀਆਂ ਹਨ? ਕਹਿੰਦੇ ਹਨ ਕਿ ਮੋਦੀ ਦੇ ਬਹੁਤ ਪਿਆਰੇ ਰਣਨੀਤੀਕਾਰ ਅਮਿਤ ਸ਼ਾਹ ਨੇ ਦਿੱਲੀ ਲਈ ਆਪਣੀ ਨਵੀਂ ਵਿਊ-ਰਚਨਾ ਘੜ ਲਈ ਹੈ ਤੇ ਜੇ ਸਭ ਕੁਝ ਇਸੇ ਮੁਤਾਬਿਕ ਚੱਲਿਆ ਤਾਂ ਆਉਣ ਵਾਲੇ ਮਹੀਨਿਆਂ ''ਚ ਦਿੱਲੀ ਦੀ ਗੱਦੀ ਤੋਂ ਕੇਜਰੀਵਾਲ ਨੂੰ ਹੱਥ ਧੋਣੇ ਪੈ ਸਕਦੇ ਹਨ।
ਇਸ ਗੱਲ ਦੇ ਸੰਕੇਤ ਭਾਜਪਾ ਦੇ ਦਿੱਲੀ ਵਾਲੇ ਇੰਚਾਰਜ ਸ਼ਿਆਮ ਜਾਜੂ ਦੇ ਉਸ ਬਿਆਨ ਤੋਂ ਮਿਲਦੇ ਹਨ, ਜਿਸ ਵਿਚ ਉਨ੍ਹਾਂ ਨੇ ਸਾਫ ਤੌਰ ''ਤੇ ਕਿਹਾ ਹੈ ਕਿ ਅਗਲੇ 3-4 ਮਹੀਨਿਆਂ ਵਿਚ ਦਿੱਲੀ ਦੀ ਸਰਕਾਰ ਡਿਗ ਸਕਦੀ ਹੈ। ਰਾਜੌਰੀ ਗਾਰਡਨ ਉਪ-ਚੋਣ ਵਿਚ ਕਰਾਰੀ ਹਾਰ ਤੋਂ ਬਾਅਦ ਇਸ ਸਮੇਂ ਦਿੱਲੀ ਵਿਚ ''ਆਪ'' ਕੋਲ 66 ਵਿਧਾਇਕ ਹਨ, ਜਿਨ੍ਹਾਂ ''ਚੋਂ 3-4 ਤਾਂ ਪਹਿਲਾਂ ਹੀ ਮੁਕੱਦਮਿਆਂ ਵਿਚ ਫਸੇ ਹੋਏ ਹਨ, ਜਦਕਿ 21 ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਚੋਣ ਕਮਿਸ਼ਨ ਦਾ ਫੈਸਲਾ ਆਉਣ ਵਾਲਾ ਹੈ। ਜੇਕਰ ਉਨ੍ਹਾਂ ਦੇ ਵਿਰੁੱਧ ਫੈਸਲਾ ਆਉਂਦਾ ਹੈ ਤਾਂ ਭਾਜਪਾ ਦੇ ਸੂਤਰਾਂ ਮੁਤਾਬਿਕ 15 ਹੋਰ ''ਆਪ'' ਵਿਧਾਇਕ ਲਗਾਤਾਰ ਭਾਜਪਾ ਦੇ ਸੰਪਰਕ ''ਚ ਹਨ।
ਸਵਰਾਜ ਪਾਰਟੀ ਦੇ ਯੋਗੇਂਦਰ ਯਾਦਵ ਅਤੇ ''ਆਪ'' ਤੋਂ ਨਾਰਾਜ਼ ਚੱਲ ਰਹੇ ਕੁਮਾਰ ਵਿਸ਼ਵਾਸ ਸੰਪਰਕ ਸੂਤਰ ਦਾ ਕੰਮ ਕਰ ਰਹੇ ਹਨ। ''ਆਪ'' ਦੇ ਕੁਝ ਵਿਧਾਇਕ ਸਿੱਧੇ ਭਾਜਪਾ ਦੇ ਸੰਪਰਕ ਵਿਚ ਦੱਸੇ ਜਾਂਦੇ ਹਨ। ਭਾਜਪਾ ਸਹੀ ਮੌਕੇ ਦੀ ਉਡੀਕ ਵਿਚ ਹੈ ਅਤੇ ਕੇਜਰੀਵਾਲ ਦੇ ਇਰਾਦਿਆਂ ''ਤੇ ਉਦੋਂ ਝਾੜੂ ਫੇਰਨ ਦੀ ਤਿਆਰੀ ਹੈ, ਜਦੋਂ ''ਆਪ'' ਦਾ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ।
ਈ. ਵੀ. ਐੱਮ. ਦੇ ਮੁੱਦੇ ''ਤੇ ਫਿਰੇਗਾ ਝਾੜੂ
ਲੱਗਭਗ 2 ਦਿਨ ਪਹਿਲਾਂ ਕੇਜਰੀਵਾਲ ਦੇ ਕੋਰ ਗਰੁੱਪ ਦੇ ਤਿੰਨ ਅਹਿਮ ਮੈਂਬਰ ਸੰਜੇ ਸਿੰਘ, ਆਸ਼ੀਸ਼ ਖੇਤਾਨ ਅਤੇ ਆਸ਼ੂਤੋਸ਼ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੇ ਨਾਲ ਕੁਮਾਰ ਵਿਸ਼ਵਾਸ ਵੀ ਸਨ। ਦਿੱਲੀ ਦੀਆਂ ਐੱਮ. ਸੀ. ਡੀ. ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਨੇ ਕੇਜਰੀਵਾਲ ਦੇ ਇਨ੍ਹਾਂ ਨੇੜਲਿਆਂ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ ਹੈ। ਇਨ੍ਹਾਂ ਨੇਤਾਵਾਂ ਨੇ ਇਕ ਸੁਰ ਵਿਚ ਕੇਜਰੀਵਾਲ ਨੂੰ ਕਿਹਾ ਕਿ ਹੁਣ ਨਾਂਹ-ਪੱਖੀ ਸਿਆਸਤ ਛੱਡਣੀ ਪਵੇਗੀ।
ਸੂਤਰ ਦੱਸਦੇ ਹਨ ਕਿ ਇਨ੍ਹਾਂ ਨੇਤਾਵਾਂ ਦਾ ਸਪੱਸ਼ਟ ਤੌਰ ''ਤੇ ਮੰਨਣਾ ਸੀ ਕਿ ਹੁਣ ਈ. ਵੀ. ਐੱਮ. ਦੇ ਮੁੱਦੇ ਨੂੰ ਠੰਡੇ ਬਸਤੇ ਵਿਚ ਪਾਉਣਾ ਹੀ ਪਾਰਟੀ ਲਈ ਬਿਹਤਰ ਹੋਵੇਗਾ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਕੋਰ ਕਮੇਟੀ ਦੀ ਇਸ ਮੀਟਿੰਗ ''ਚ ਕੁਮਾਰ ਵਿਸ਼ਵਾਸ ਸਭ ਤੋਂ ਵੱਧ ਖੁੱਲ੍ਹ ਕੇ ਬੋਲੇ ਤੇ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਆਪਣੇ ਮਨ ਦੀ ਪੂਰੀ ਭੜਾਸ ਕੱਢੀ।
ਵਿਸ਼ਵਾਸ ਦਾ ਭਗਵਾ ਰੰਗ
''ਆਪ'' ਦੇ ਅਹਿਮ ਥੰਮ੍ਹ ਕੁਮਾਰ ਵਿਸ਼ਵਾਸ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਇਕ ਦਿਨ ਪਹਿਲਾਂ ''ਇੰਡੀਆ ਟੁਡੇ'' ਗਰੁੱਪ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਨੇ ਖੁੱਲ੍ਹ ਕੇ ਆਪਣੇ ਮਨ ਦੀਆਂ ਗੱਲਾਂ ਕਹੀਆਂ। ਸੂਤਰ ਦੱਸਦੇ ਹਨ ਕਿ ਕੁਮਾਰ ਨੇ ਉਸੇ ਦਿਨ ''ਆਪ'' ਨੂੰ ਛੱਡਣ ਦਾ ਮਨ ਬਣਾ ਲਿਆ ਸੀ, ਜਦੋਂ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਸ਼ੇਅਰ ਟਵੀਟ ਕੀਤਾ ਸੀ।
ਕੇਜਰੀਵਾਲ ਦੇ ਨਿੱਜੀ ਸਹਾਇਕ ਵੈਭਵ ਮਹੇਸ਼ਵਰੀ ਨੇ ਇਸ ਦਾ ਨੋਟਿਸ ਲੈਂਦਿਆਂ ਕੁਮਾਰ ਵਿਰੁੱਧ ਸੋਸ਼ਲ ਮੀਡੀਆ ''ਤੇ ਇਕ ਮੁਹਿੰਮ ਛੇੜ ਦਿੱਤੀ। ਵੈਭਵ ਦਾ ਕਹਿਣਾ ਸੀ ਕਿ ਲੋਕ ਇਥੇ ਜਿੱਤ ਦਾ ਸਿਹਰਾ ਲੈਣ ਤਾਂ ਆ ਜਾਂਦੇ ਹਨ ਪਰ ਹਾਰ ਵੇਲੇ ਮੂੰਹ ਲੁਕੋ ਲੈਂਦੇ ਹਨ। ਵੈਭਵ ਦੇ ਇਸ ਟਵੀਟ ਤੋਂ ਬਾਅਦ ਕੇਜਰੀਵਾਲ ਦੀ ਪੂਰੀ ਈ-ਆਰਮੀ ਸੋਸ਼ਲ ਮੀਡੀਆ ਦੇ ਸਹਾਰੇ ਕੁਮਾਰ ਵਿਸ਼ਵਾਸ ''ਤੇ ਟੁੱਟ ਪਈ ਪਰ ਕੁਮਾਰ ਨੂੰ ਬਚਾਉਣ ਲਈ ਉਦੋਂ ਵੀ ਕੇਜਰੀਵਾਲ ਅੱਗੇ ਨਹੀਂ ਆਏ। ਸ਼ਾਜ਼ੀਆ ਇਲਮੀ ਵਾਂਗ ਕੁਮਾਰ ਵਿਸ਼ਵਾਸ ਨੇ ਵੀ ਪਾਰਟੀ ਵਿਚ ਰਹਿ ਕੇ ਭਾਜਪਾ ਵਿਚ ਜਾਣ ਦੀ ਜ਼ਮੀਨ ਤਿਆਰ ਕਰ ਲਈ।
ਰਾਜ ਸਭਾ ਅਤੇ ''ਆਪ''
ਜੇਕਰ ਕੇਜਰੀਵਾਲ ਦੇ ਹੱਥੋਂ ਦਿੱਲੀ ਦੀ ਗੱਦੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਕ ਹੋਰ ਕਰਾਰਾ ਝਟਕਾ ਸਹਿਣ ਲਈ ਤਿਆਰ ਰਹਿਣਾ ਪਵੇਗਾ। ਅਗਲੇ ਸਾਲ ਦਿੱਲੀ ਤੋਂ ਰਾਜ ਸਭਾ ਦੀਆਂ 3 ਸੀਟਾਂ ''ਆਪ'' ਦੇ ਖਾਤੇ ਵਿਚ ਆਉਣੀਆਂ ਹਨ। ਪਹਿਲਾਂ ਇਨ੍ਹਾਂ ਤਿੰਨਾਂ ਸੀਟਾਂ ਲਈ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਅਤੇ ਕੁਮਾਰ ਵਿਸ਼ਵਾਸ ਦਾ ਦਾਅਵਾ ਸਭ ਤੋਂ ਮਜ਼ਬੂਤ ਸੀ।
ਸਮਾਂ ਬਦਲਿਆ ਤਾਂ ਦਿੱਲੀ ਵਿਚ ''ਆਪ'' ਦੀ ਸਿਆਸਤ ਵੀ ਬਦਲ ਗਈ, ਕੇਜਰੀਵਾਲ ਦੇ ਭਰੋਸੇਮੰਦ ਬਦਲ ਗਏ, ਵਫ਼ਾਦਾਰੀਆਂ ਬਦਲੀਆਂ ਤੇ ਨਾਲ ਹੀ ਰਾਜ ਸਭਾ ਦੀਆਂ ਇਨ੍ਹਾਂ ਤਿੰਨਾਂ ਸੀਟਾਂ ਲਈ ਲੱਗਭਗ ਚਿਹਰੇ ਵੀ ਤੈਅ ਹੋ ਗਏ। ਇਹ ਤਿੱਕੜੀ ਸੀ ਸੰਜੇ ਸਿੰਘ, ਆਸ਼ੀਸ਼ ਖੇਤਾਨ ਅਤੇ ਆਸ਼ੂਤੋਸ਼ ਪਰ ਹੁਣ ਜਿਸ ਤਰ੍ਹਾਂ ਦਿੱਲੀ ਦੀ ਸਿਆਸਤ ਕਰਵਟਾਂ ਬਦਲ ਰਹੀ ਹੈ, ਇਥੇ ਕੁਝ ਵੀ ਹੋ ਸਕਦਾ ਹੈ ਤੇ ਦਿੱਲੀ ਤੋਂ ਰਾਜ ਸਭਾ ਦੀਆਂ ਇਹ ਤਿੰਨੇ ਸੀਟਾਂ ਭਾਜਪਾ ਦੀ ਝੋਲੀ ਵਿਚ ਵੀ ਜਾ ਸਕਦੀਆਂ ਹਨ।
ਦਿੱਲੀ ਦਾ ਮੇਅਰ ਇਕ
ਦਿੱਲੀ ਨਗਰ ਨਿਗਮ ਵਿਚ ਆਪਣੀ ਬੰਪਰ ਜਿੱਤ ਤੋਂ ਬਾਅਦ ਭਾਜਪਾ ਐੱਮ. ਸੀ. ਡੀ. ਵਿਚ ਕਈ ਨਵੀਆਂ ਤਜਵੀਜ਼ਾਂ ਨੂੰ ਹਰੀ ਝੰਡੀ ਦਿਖਾ ਸਕਦੀ ਹੈ। ਭਾਜਪਾ ਦੇ ਸੂਤਰਧਾਰਾਂ ਦੀ ਰਾਏ ਹੈ ਕਿ ਬੇਸ਼ੱਕ ਹੀ ਐੱਮ. ਸੀ. ਡੀ. ਨੂੰ 3 ਵੱਖ-ਵੱਖ ਜ਼ੋਨਾਂ ਵਿਚ ਵੰਡ ਦਿੱਤਾ ਗਿਆ ਹੋਵੇ ਪਰ ਇਸ ਦਾ ਮੇਅਰ ਇਕ ਹੀ ਹੋਣਾ ਚਾਹੀਦਾ ਹੈ। ਹੁਣ ਤਕ ਤਿੰਨਾਂ ਜ਼ੋਨਾਂ ਲਈ ਵੱਖ-ਵੱਖ ਮੇਅਰ ਚੁਣੇ ਜਾਂਦੇ ਰਹੇ ਹਨ ਪਰ ਭਾਜਪਾ ਇਸ ਗੱਲ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰ ਰਹੀ ਹੈ ਕਿ ਮੇਅਰ ਇਕ ਹੀ ਹੋਵੇ ਪਰ ਤਿੰਨਾਂ ਜ਼ੋਨਾਂ ਲਈ ਕਮਿਸ਼ਨਰ ਵੱਖ-ਵੱਖ ਰੱਖੇ ਜਾ ਸਕਦੇ ਹਨ।
65 ਲੱਖ ਦਾ ਘਾਹ
ਉਂਝ ਤਾਂ ਨਿਆਇਕ ਤੇ ਸੰਵਿਧਾਨਿਕ ਪ੍ਰਕਿਰਿਆਵਾਂ ''ਚ ਲੋਕਾਂ ਦਾ ਭਰੋਸਾ ਕਾਇਮ ਕਰਨ ''ਚ ਭਾਰਤੀ ਨਿਆਂ ਪ੍ਰਣਾਲੀ ਦੀ ਇਕ ਅਹਿਮ ਭੂਮਿਕਾ ਹੈ, ਫਿਰ ਵੀ ਕੁਝ ਨਿਆਂ ਰੱਖਿਅਕਾਂ ਦੀ ਹੋਛੀ ਮਾਨਸਿਕਤਾ ਕਾਰਨ ਇਸ ਦੇ ਵੱਕਾਰ ਨੂੰ ਠੇਸ ਲੱਗਦੀ ਰਹਿੰਦੀ ਹੈ। ਉੱਤਰੀ ਭਾਰਤ ਦੇ ਇਕ ਪ੍ਰਮੁੱਖ ਸੂਬੇ ਨੂੰ ਜਦੋਂ ਦੱਖਣ ਭਾਰਤ ਦੇ ਇਕ ਮੁੱਖ ਜੱਜ ਮਿਲੇ ਤਾਂ ਉਨ੍ਹਾਂ ਦੇ ਸਵਾਗਤ ਵਿਚ ਸੂਬੇ ਦੇ ਲੋਕਾਂ ਨੇ ਪਲਕਾਂ ਵਿਛਾ ਦਿੱਤੀਆਂ। ਉਨ੍ਹਾਂ ਦੀ ਰਿਹਾਇਸ਼ ਤੇ ਕੰਪਲੈਕਸ ਨੂੰ ਸਜਾਇਆ ਗਿਆ ਤੇ ਸਿਰਫ ਘਾਹ ਲਾਉਣ ਲਈ ਹੀ ਹੈਦਰਾਬਾਦ ਦੀ ਇਕ ਕੰਪਨੀ ਨੂੰ ਕਥਿਤ ਤੌਰ ''ਤੇ 65 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ।
ਪਰ ਸਮੇਂ ਦਾ ਚੱਕਰ ਦੇਖੋ, ਸਿਰਫ 3 ਮਹੀਨਿਆਂ ਵਿਚ ਹੀ ਜੱਜ ਸਾਹਿਬ ਦੀ ਬਦਲੀ ਦਿੱਲੀ ਹੋ ਗਈ ਤੇ ਉਨ੍ਹਾਂ ਦੀ ਥਾਂ ਜਿਹੜੇ ਜੱਜ ਸਾਹਿਬ ਆਏ, ਉਨ੍ਹਾਂ ਨੂੰ 65 ਲੱਖ ਦਾ ਇਹ ਘਾਹ ਪਸੰਦ ਨਹੀਂ ਆਇਆ। ਫਿਰ ਇਹ ਘਾਹ ਪੁੱਟਵਾ ਦਿੱਤਾ ਗਿਆ ਤੇ ਨਵੇਂ ਜੱਜ ਦੇ ਪਸੰਦ ਦੇ ਘਾਹ ਲਈ ਕਿਸੇ ਹੋਰ ਕੰਪਨੀ ਨੂੰ ਆਰਡਰ ਦਿੱਤੇ ਗਏ।
ਹੁਣ ਤਿਵਾੜੀ ਦੀ ਵਾਰੀ
ਜਦੋਂ ਤੋਂ ਯੂ. ਪੀ. ਵਿਚ ਯੋਗੀ ਸਰਕਾਰ ਬਣੀ ਹੈ, ਸੂਬੇ ਦੇ ਇਕ ਸਾਬਕਾ ਬਾਹੂਬਲੀ ਹਰੀਸ਼ੰਕਰ ਤਿਵਾੜੀ ਦੇ ਚੰਗੇ ਦਿਨ ਹਵਾ ਹੋ ਗਏ ਹਨ, ਨਹੀਂ ਤਾਂ ਯੂ. ਪੀ. ਵਿਚ ਅਖਿਲੇਸ਼ ਸਰਕਾਰ ਬਣਨ ਤੋਂ ਪਹਿਲਾਂ ਤਿਵਾੜੀ ਜੀ ਦਾ ਇਹ ਰਿਕਾਰਡ ਸੀ ਕਿ ਯੂ. ਪੀ. ਵਿਚ ਬਣਨ ਵਾਲੀ ਹਰੇਕ ਸਰਕਾਰ ਵਿਚ ਉਹ ਮੰਤਰੀ ਰਹੇ—ਚਾਹੇ ਭਾਜਪਾ ਦੀ ਸਰਕਾਰ ਹੋਵੇ ਜਾਂ ਸਪਾ ਦੀ ਜਾਂ ਬਸਪਾ ਦੀ।
ਹੁਣ ਇਕ ਜੰਗਲ ''ਚ ਦੋ ਸ਼ੇਰ ਤਾਂ ਰਹਿ ਨਹੀਂ ਸਕਦੇ, ਸੋ ਤਿਵਾੜੀ ਜੀ ਦੇ ਗੋਰਖਪੁਰ ਵਿਚ ਸਥਿਤ ਮਕਾਨ ਦੇ ਕੰਪਲੈਕਸ ਵਿਚ ਜਾਂਚ ਏਜੰਸੀਆਂ ਦਾ ਛਾਪਾ ਪੈ ਗਿਆ ਅਤੇ ਤਿਵਾੜੀ ਸਮਰਥਕਾਂ ਨੇ ਇਸ ਨੂੰ ਝੱਟਪਟ ਠਾਕੁਰ ਬਨਾਮ ਬ੍ਰਾਹਮਣ ਦੀ ਜੰਗ ਦਾ ਨਾਂ ਦੇ ਦਿੱਤਾ।
ਹਰੀਸ਼ੰਕਰ ਤਿਵਾੜੀ ਦੇ ਸਮਰਥਕਾਂ ਨੇ ਖੂਬ ਹੰਗਾਮਾ ਕੀਤਾ, ਇਥੋਂ ਤਕ ਕਿ ਕਮਿਸ਼ਨਰੀ ਦੇ ਗੇਟ ਤਕ ਤੋੜ ਦਿੱਤੇ ਗਏ। ਤਿਵਾੜੀ ਦਾ ਸੱਜਾ ਹੱਥ ਕਹੇ ਜਾਣ ਵਾਲੇ ਬ੍ਰਜੇਸ਼ ਪਾਠਕ ਪਹਿਲਾਂ ਬਸਪਾ ਵਿਚ ਗਏ ਤੇ ਫਿਰ ਉਹ ਲਖਨਊ ਤੋਂ ਇਸ ਵਾਰ ਭਾਜਪਾ ਦੀ ਟਿਕਟ ''ਤੇ ਚੋਣ ਜਿੱਤ ਗਏ।
ਉਹ ਤਿਵਾੜੀ ਜੀ ਦੇ ਬੇਟੇ ਵਿਨੇ ਸ਼ੰਕਰ ਤਿਵਾੜੀ ਦੇ ਗੂੜ੍ਹੇ ਮਿੱਤਰ ਰਹਿ ਚੁੱਕੇ ਹਨ ਪਰ ਇਸ ਸੰਕਟ ਦੀ ਘੜੀ ਵਿਚ ਤਿਵਾੜੀ ਨੂੰ ਬ੍ਰਜੇਸ਼ ਪਾਠਕ ਤੋਂ ਵੀ ਕੋਈ ਸਹਾਇਤਾ ਨਹੀਂ ਮਿਲ ਸਕੀ, ਹਾਲਾਂਕਿ ਤਿਵਾੜੀ ਵਿਰੁੱਧ ਝੰਡਾ ਬੁਲੰਦ ਕਰਨ ਵਿਚ ਗੋਰਖਪੁਰ ਦੇ ਵਿਧਾਇਕ ਰਾਧਾਮੋਹਨ ਸਿੰਘ ਹੀ ਸਭ ਤੋਂ ਅੱਗੇ ਹਨ। ਯਾਦ ਰਹੇ ਕਿ ਰਾਧਾਮੋਹਨ ਨੂੰ ਜਦੋਂ ਭਾਜਪਾ ਨੇ ਟਿਕਟ ਨਹੀਂ ਦਿੱਤੀ ਤਾਂ ਯੋਗੀ ਨੇ ਉਨ੍ਹਾਂ ਨੂੰ ਆਪਣੀ ਹਿੰਦੂ ਵਾਹਿਨੀ ਤੋਂ ਚੋਣ ਲੜਵਾ ਦਿੱਤੀ ਤੇ ਰਾਧਾਮੋਹਨ ਜਿੱਤ ਗਏ। ਅੱਜ ਰਾਧਾਮੋਹਨ ਗੋਰਖਪੁਰ ਨੂੰ ''ਅਪਰਾਧ ਮੁਕਤ'' ਬਣਾਉਣ ਲਈ ਸਭ ਤੋਂ ਜ਼ਿਆਦਾ ਪ੍ਰਦਰਸ਼ਨ ਕਰ ਰਹੇ ਹਨ।
...ਤੇ ਆਖਿਰ ''ਚ  
ਜਸਟਿਸ ਰੰਜਨ ਗੋਗੋਈ ਦੇ ਬੈਂਚ ਨੇ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ ਕਿ ਲੋਕਪਾਲ ਦੀ ਨਿਯੁਕਤੀ ਕਿਉਂ ਅਟਕੀ ਹੋਈ ਹੈ? ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਇਸ ਸਮੇਂ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਹੈ, ਇਸੇ ਲਈ ਫੈਸਲਾ ਲੈਣ ''ਚ ਰੁਕਾਵਟ ਆ ਰਹੀ ਹੈ, ਤਾਂ ਮਾਣਯੋਗ ਅਦਾਲਤ ਨੇ ਜਾਣਨਾ ਚਾਹਿਆ ਕਿ ਫਿਰ ਸੀ. ਬੀ. ਆਈ. ਨਿਰਦੇਸ਼ਕ ਦੀ ਨਿਯੁਕਤੀ ਕਿਵੇਂ ਹੋ ਗਈ, ਉਸ ਵਿਚ ਵੀ ਤਾਂ ਵਿਰੋਧੀ ਧਿਰ ਦੇ ਨੇਤਾ ਦੀ ਰਾਏ ਲੈਣੀ ਹੁੰਦੀ ਹੈ?              (gossipguru.in)