''ਗੈਰ-ਹਿੰਦੂਆਂ'' ਨੂੰ ਮੰਦਿਰਾਂ ''ਚ ਕਿਉਂ ਨਹੀਂ ਜਾਣ ਦਿੱਤਾ ਜਾਂਦਾ

09/25/2017 7:41:18 AM

ਓਡਿਸ਼ਾ 'ਚ ਦੁਰਯੋਧਨ ਅਤੇ ਦੁਸ਼ਾਸਨ ਦੋਵੇਂ ਨਾਂ ਬਹੁਤ ਆਮ ਹਨ। ਮੈਂ ਇਹ ਗੱਲ ਉਦੋਂ ਤਕ ਨਹੀਂ ਜਾਣਦਾ ਸੀ, ਜਦੋਂ ਤਕ ਮੈਂ ਭੁਵਨੇਸ਼ਵਰ ਅਤੇ ਪੁਰੀ ਦੀ ਯਾਤਰਾ ਨਹੀਂ ਕੀਤੀ। ਇਸ ਹਫਤੇ ਮੈਂ ਉਥੇ ਮਹਾਨ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਗਿਆ। ਮੈਂ ਆਮ ਤੌਰ 'ਤੇ ਇਨ੍ਹਾਂ ਸਥਾਨਾਂ 'ਤੇ ਇਸ ਲਈ ਜਾਂਦਾ ਹਾਂ ਕਿ ਉਨ੍ਹਾਂ ਦਾ ਇਤਿਹਾਸ ਤੇ ਵਾਸਤੂ ਕਲਾ ਮੈਨੂੰ ਬਹੁਤ ਆਕਰਸ਼ਿਤ ਕਰਦੀ ਹੈ। ਅਜਿਹੇ ਸਥਾਨਾਂ 'ਤੇ ਜਾ ਕੇ ਹੀ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਭਾਰਤ ਸੰਸਕ੍ਰਿਤਕ ਦ੍ਰਿਸ਼ਟੀ ਤੋਂ ਇਕਰੂਪ ਨਹੀਂ ਹੈ, ਬੇਸ਼ੱਕ ਬਾਹਰੀ ਤੌਰ 'ਤੇ ਅਜਿਹਾ ਕਿੰਨਾ ਵੀ ਅਹਿਸਾਸ ਕਿਉਂ ਨਾ ਹੁੰਦਾ ਹੋਵੇ।
ਜਿਵੇਂ ਕਿ ਸਾਨੂੰ ਪੜ੍ਹਾਇਆ ਜਾਂਦਾ ਹੈ, ਦੁਸ਼ਾਸਨ ਨੂੰ ਮਹਾਭਾਰਤ ਜੰਗ ਦਾ ਖ਼ਲਨਾਇਕ ਮੰਨਿਆ ਜਾਂਦਾ ਹੈ। ਅਜਿਹੇ ਵਿਚ ਗੁਜਰਾਤ ਤਾਂ ਕੀ, ਭਾਰਤ ਦੇ ਕਿਸੇ ਵੀ ਸਥਾਨ 'ਤੇ ਕੋਈ ਮਾਤਾ-ਪਿਤਾ ਆਪਣੇ ਬੇਟੇ ਦਾ ਨਾਂ ਦੁਸ਼ਾਸਨ ਰੱਖਦੇ ਹਨ ਤਾਂ ਇਹ ਸੱਚਮੁਚ ਹੀ ਹੈਰਾਨੀਜਨਕ ਗੱਲ ਹੋਵੇਗੀ। ਸਪੱਸ਼ਟ ਹੈ ਕਿ ਓਡਿਸ਼ਾ ਵਾਸੀ ਬਹੁਤ ਦਿਲਚਸਪ ਕਿਸਮ ਦੇ ਲੋਕ ਹਨ। ਉਨ੍ਹਾਂ ਵਿਚ ਸੰਸਕ੍ਰਿਤੀ ਇੰਨੀ ਡੂੰਘੀ ਹੈ ਕਿ ਉਨ੍ਹਾਂ ਨੂੰ ਬਹੁਤ ਸਖ਼ਤ ਮਿਹਨਤ ਵਾਲੇ 'ਬਲਿਊ ਕਾਲਰ' ਕੰਮ-ਧੰਦੇ ਨਾਲ ਕਰਦੇ ਹੋਏ ਅਨੇਕ ਸਾਲਾਂ ਤਕ ਦੇਖਣ ਤੋਂ ਬਾਅਦ ਵੀ ਸਾਡੇ 'ਚੋਂ ਜ਼ਿਆਦਾਤਰ ਲੋਕ ਉਨ੍ਹਾਂ ਦੀ ਥਾਹ ਨਹੀਂ ਪਾ ਸਕਦੇ।
ਆਪਣੀ ਤਾਜ਼ਾ ਯਾਤਰਾ ਦੌਰਾਨ ਮੈਂ ਆਪਣੇ ਸਹੁਰਾ ਪਰਿਵਾਰ ਨੂੰ ਨਾਲ ਲੈ ਕੇ ਗਿਆ ਸੀ, ਜੋ ਕਿ ਬੰਗਾਲੀ ਬ੍ਰਾਹਮਣ ਹੈ ਅਤੇ ਮੇਰੀ ਤੁਲਨਾ ਵਿਚ ਪੂਜਾ-ਪਾਠ ਵਿਚ ਜ਼ਿਆਦਾ ਦਿਲਚਸਪੀ ਲੈਂਦਾ ਹੈ। ਮੈਨੂੰ ਭਗਵਾਨ ਦੇ ਨਾਲ ਕੋਈ ਖਾਸ ਸਮੱਸਿਆ ਨਹੀਂ ਹੈ ਪਰ ਮੇਰੇ 'ਤੇ ਪਹਿਲਾਂ ਹੀ ਇੰਨੀ ਪ੍ਰਭੂ ਦੀ ਕ੍ਰਿਪਾ ਹੈ ਕਿ ਹੋਰ ਜ਼ਿਆਦਾ ਚੀਜ਼ਾਂ ਮੰਗਣਾ ਮੇਰੇ ਲਈ ਪ੍ਰੇਸ਼ਾਨੀ ਦਾ ਸਬੱਬ ਹੈ। ਇਹੀ ਕਾਰਨ ਹੈ ਕਿ ਮੈਂ ਧਾਰਮਿਕ ਅਸਥਾਨਾਂ 'ਤੇ ਜਾ ਕੇ ਵਰਦਾਨਾਂ ਦੀ ਮੰਗ ਨਹੀਂ ਕਰਦਾ।
ਜਗਨਨਾਥ ਮੰਦਿਰ ਕੋਲ ਅਨੇਕ ਭਾਸ਼ਾਵਾਂ 'ਚ ਇਕ ਪੱਟੀ ਲੱਗੀ ਹੋਈ ਹੈ, ਜਿਸ 'ਤੇ ਲਿਖਿਆ ਹੈ ਕਿ ਸਿਰਫ ਹਿੰਦੂਆਂ ਨੂੰ ਹੀ ਦਾਖਲੇ ਦੀ ਇਜਾਜ਼ਤ ਹੈ। ਮੈਂ ਇਹ ਮੰਨਦਾ ਹਾਂ ਕਿ ਇਸ ਦੇ ਪਿੱਛੇ ਜੋ ਵਿਵੇਕ ਕੰਮ ਕਰਦਾ ਹੈ, ਉਹ ਮੇਰੀ ਸਮਝ ਤੋਂ ਪਰ੍ਹੇ ਹੈ। ਗਿਰਜਾਘਰਾਂ ਵਿਚ ਅਜਿਹਾ ਕੋਈ ਨਿਯਮ ਨਹੀਂ ਹੈ। ਇਥੋਂ ਤਕ ਕਿ ਸਭ ਤੋਂ ਪ੍ਰਸਿੱਧ ਵੈਟੀਕਨ ਵਿਚ ਵੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੈ। ਅਸਲ ਵਿਚ ਮੈਂ ਉਥੇ ਦੇਖਿਆ ਹੈ ਕਿ ਈਸਾਈ ਧਰਮ ਨਾਲ ਸੰਬੰਧਿਤ ਪ੍ਰਾਚੀਨ ਕਲਾ ਵਸਤੂਆਂ ਬਹੁਤ ਮਾਣ ਨਾਲ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਸਾਊਦੀ ਅਰਬ ਵਾਲੇ ਮੱਕਾ ਵਿਚ ਗੈਰ-ਮੁਸਲਮਾਨਾਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ, ਹਾਲਾਂਕਿ ਸਾਨੂੰ ਇਹ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਵਾਰ ਉਥੋਂ ਦੀ ਯਾਤਰਾ ਕੀਤੀ ਸੀ।
ਕੁਝ ਸਾਲ ਪਹਿਲਾਂ ਲਾਹੌਰ ਵਿਚ ਮੈਂ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਆਪਣੇ ਕੁਝ ਸਥਾਨਕ ਦੋਸਤਾਂ ਨਾਲ ਦੇਖਣ ਗਿਆ ਸੀ। ਉਥੇ ਗੁਰਦੁਆਰੇ ਦੇ ਬਾਹਰ ਇਕ ਬੋਰਡ ਲੱਗਾ ਹੋਇਆ ਸੀ, ਜੋ ਸ਼ਾਇਦ ਪਾਕਿਸਤਾਨ ਦੀ ਸਰਕਾਰ ਵਲੋਂ ਲਾਇਆ ਗਿਆ ਸੀ ਕਿ ਮੁਸਲਮਾਨਾਂ ਦਾ ਦਾਖਲਾ ਉਥੇ ਮਨ੍ਹਾ ਹੈ। ਅਸੀਂ ਬੋਰਡ 'ਤੇ ਲਿਖੀ ਹੋਈ ਜਾਣਕਾਰੀ ਦੀ ਪਰਵਾਹ ਨਹੀਂ ਕੀਤੀ ਅਤੇ ਜਦੋਂ ਗੁਰਦੁਆਰੇ ਦੇ ਸੇਵਾਦਾਰਾਂ ਨੇ ਸਾਨੂੰ ਪੁੱਛਿਆ ਕਿ ਅਸੀਂ ਕਿਸ ਮਜ਼੍ਹਬ ਨਾਲ ਸੰਬੰਧਿਤ ਹਾਂ, ਤਾਂ ਮੇਰੇ ਸਾਥੀਆਂ ਨੇ ਝੂਠ ਨਹੀਂ ਬੋਲਿਆ। ਮੇਰੇ ਸਥਾਨਕ ਦੋਸਤਾਂ ਦੇ ਇਕ ਬੱਚੇ ਦਾ ਨਾਂ ਅਰਜੁਨ ਸੀ। ਜਦੋਂ ਸਿੱਖ ਸੇਵਾਦਾਰਾਂ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਅਪੀਲ ਕੀਤੀ ਕਿ ਅਸੀਂ ਬੱਚਾ ਉਨ੍ਹਾਂ ਕੋਲ ਹੀ ਖੇਡਣ ਲਈ ਛੱਡ ਜਾਈਏ। ਬੱਚੇ ਨੂੰ ਛੱਡ ਕੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚਲੇ ਗਏ।
ਭਾਰਤ 'ਚ ਮਸਜਿਦਾਂ, ਗਿਰਜਾਘਰਾਂ ਤੇ ਗੁਰਦੁਆਰਿਆਂ ਵਿਚ ਕਿਸੇ ਦਾ ਵੀ ਦਾਖਲਾ ਮਨ੍ਹਾ ਨਹੀਂ ਹੈ ਅਤੇ ਮੈਂ ਤਾਂ ਹਿੰਦੂ ਭਰਾਵਾਂ ਨੂੰ ਉਤਸ਼ਾਹਿਤ ਕਰਾਂਗਾ ਕਿ ਆਪਣੀ ਸਥਾਨਕ ਮਸਜਿਦ ਦੇ ਅੰਦਰ ਜਾ ਕੇ ਦੇਖਣ, ਉਨ੍ਹਾਂ ਦਾ ਸਵਾਗਤ ਹੋਵੇਗਾ ਅਤੇ ਉਹ ਇਸ ਤੋਂ ਬਹੁਤ ਪ੍ਰਭਾਵਿਤ ਹੋਣਗੇ, ਬੇਸ਼ੱਕ ਉਹ ਇਸਲਾਮ 'ਚ ਰੁਚੀ ਲੈਂਦੇ ਹੋਣ ਜਾਂ ਨਾ।
ਆਖਿਰ ਜੋ ਲੋਕ ਸਾਡੇ ਧਰਮ ਤੇ ਆਸਥਾ ਬਾਰੇ ਜਿਗਿਆਸਾ ਰੱਖਦੇ ਹਨ ਪਰ ਪੈਦਾ ਕਿਸੇ ਹੋਰ ਧਰਮ 'ਚ ਹੋਏ ਹਨ, ਉਨ੍ਹਾਂ ਨੂੰ ਮੰਦਿਰ ਵਿਚ ਜਾਣ ਤੋਂ ਮਨ੍ਹਾ ਕਿਉਂ ਕੀਤਾ ਜਾਵੇ? ਇਸ ਮਨਾਹੀ ਦਾ ਆਧਾਰ ਇਹ ਤਾਂ ਹੋ ਨਹੀਂ ਸਕਦਾ ਕਿ ਹਿੰਦੂ ਧਰਮ ਗ੍ਰੰਥਾਂ ਵਿਚ ਅਜਿਹਾ ਵਿਧਾਨ ਹੈ। ਜੇਕਰ ਧਰਮ ਗ੍ਰੰਥਾਂ ਵਿਚ ਅਜਿਹਾ ਕਿਹਾ ਗਿਆ ਹੁੰਦਾ ਤਾਂ ਸਾਰੇ ਮੰਦਿਰਾਂ ਵਿਚ ਨਿਯਮਿਤ ਰਵਾਇਤ ਹੁੰਦੀ ਕਿ ਗ਼ੈਰ-ਹਿੰਦੂਆਂ ਦਾ ਦਾਖਲਾ ਮਨ੍ਹਾ ਹੈ। ਫਿਰ ਵੀ ਸਾਨੂੰ ਵੱਧ ਤੋਂ ਵੱਧ ਸਥਾਨਾਂ 'ਤੇ ਅਜਿਹੀ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਪ੍ਰਮੁੱਖ ਮੰਦਿਰਾਂ ਵਲੋਂ ਵਿਦੇਸ਼ੀ ਸੈਲਾਨੀਆਂ ਅਤੇ ਗੈਰ-ਹਿੰਦੂਆਂ ਦੇ ਦਾਖਲੇ 'ਤੇ ਮਨਾਹੀ ਲਾਗੂ ਕੀਤੀ ਜਾਂਦੀ ਹੈ। ਮੈਂ ਅਜਿਹਾ ਹੀ ਇਕ ਪਾਬੰਦੀ ਦਾ ਹੁਕਮ ਮਦੁਰਾਏ ਦੇ ਪ੍ਰਸਿੱਧ ਮਿਨਾਕਸ਼ੀਪੁਰ ਮੰਦਿਰ ਵਿਚ ਅਤੇ ਨੇਪਾਲ ਦੇ ਪਸ਼ੂਪਤੀਨਾਥ ਮੰਦਿਰ 'ਚ ਦੇਖਿਆ ਸੀ।
ਮਹਾਨ ਗਾਇਕ ਯੇਸ਼ੂਦਾਸ ਈਸਾਈ ਪਰਿਵਾਰ ਵਿਚ ਪੈਦਾ ਹੋਏ ਸਨ ਪਰ ਉਨ੍ਹਾਂ ਨੂੰ ਗੁਰੂਵਾਯੁਰ ਵਰਗੇ ਮੰਦਿਰਾਂ ਵਿਚ ਭਜਨ ਗਾਉਣ ਤੋਂ ਲਗਾਤਾਰ ਰੋਕਿਆ ਜਾਂਦਾ ਹੈ। 30 ਸਤੰਬਰ ਨੂੰ ਉਨ੍ਹਾਂ ਨੂੰ ਪਦਮਨਾਭ ਸਵਾਮੀ ਮੰਦਿਰ ਵਿਚ ਭਜਨ ਗਾਉਣ ਦੀ ਇਜਾਜ਼ਤ ਮਿਲ ਗਈ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਇਜਾਜ਼ਤ ਤਾਂ ਹੀ ਮਿਲੀ, ਜਦੋਂ ਉਨ੍ਹਾਂ ਨੇ ਸਹੁੰ-ਪੱਤਰ ਦੇ ਕੇ ਕਿਹਾ ਕਿ ਉਹ ਹਿੰਦੂ ਮਾਨਤਾਵਾਂ ਵਿਚ ਵਿਸ਼ਵਾਸ ਰੱਖਦੇ ਹਨ।
ਹੋਰਨਾਂ ਮਜ਼੍ਹਬਾਂ ਦੇ ਲੋਕਾਂ ਨੂੰ ਖ਼ੁਦ ਤੋਂ ਦੂਰ ਰੱਖਣ ਦਾ ਕਾਰਨ ਸ਼ਾਇਦ ਇਹ ਹੈ ਕਿ ਹਿੰਦੂ ਧਰਮ ਤਬਦੀਲੀ ਨਹੀਂ ਕਰਦੇ। ਇਸ ਲਈ ਉਨ੍ਹਾਂ ਨੂੰ ਧਰਮ ਤਬਦੀਲ ਕਰਨ ਵਾਲੇ ਫਿਰਕਿਆਂ ਨੂੰ ਆਪਣੇ ਦਾਇਰੇ ਤੋਂ ਬਾਹਰ ਰੱਖਣ ਦਾ ਅਧਿਕਾਰ ਹੈ ਪਰ ਇਸ ਗੱਲ ਨੂੰ ਪ੍ਰਮਾਣਿਤ ਕਰਨਾ ਮੁਸ਼ਕਿਲ ਹੈ। ਤੱਥ ਇਹ ਹੈ ਕਿ ਮੰਦਿਰਾਂ ਨੇ ਹਮੇਸ਼ਾ ਹੀ ਕੁਝ ਲੋਕਾਂ ਲਈ ਦਾਖਲਾ ਰੋਕਿਆ ਹੋਇਆ ਹੈ, ਖਾਸ ਤੌਰ 'ਤੇ ਜਦਕਿ ਉਹ ਹਿੰਦੂ ਹੀ ਹਨ।
ਵਰਣਨਯੋਗ ਹੈ ਕਿ 1930 ਵਿਚ ਗਾਂਧੀ ਨੂੰ ਉਦੋਂ ਭੁੱਖ ਹੜਤਾਲ 'ਤੇ ਬੈਠਣਾ ਪਿਆ ਸੀ, ਜਦੋਂ ਮੇਰੇ ਹੀ ਪਾਟੀਦਾਰ ਫਿਰਕੇ ਵਲੋਂ ਸੰਚਾਲਿਤ ਸਵਾਮੀ ਨਾਰਾਇਣ ਸੰਪਰਦਾ ਦੇ ਮੰਦਿਰਾਂ ਨੇ ਹੇਠਲੀਆਂ ਜਾਤੀਆਂ ਦੇ ਲੋਕਾਂ ਦੀ ਮੰਦਿਰ ਵਿਚ ਦਾਖਲੇ ਦੀ ਮਨਾਹੀ ਕਰ ਦਿੱਤੀ ਸੀ। ਅਸਲ ਵਿਚ ਸਵਾਮੀ ਨਾਰਾਇਣ ਸੰਪਰਦਾ ਨੇ ਤਾਂ ਅਦਾਲਤ ਵਿਚ ਖ਼ੁਦ ਨੂੰ ਇਕ ਘੱਟਗਿਣਤੀ ਫਿਰਕੇ ਦੇ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਸੀ। ਉਹ ਆਪਣੇ ਹੀ ਧਰਮ ਦੀਆਂ ਕਥਿਤ ਅਛੂਤ ਜਾਤੀਆਂ ਨੂੰ ਮੰਦਿਰ ਵਿਚ ਦਾਖਲਾ ਦੇਣ 'ਤੇ ਰਾਜ਼ੀ ਹੋਣ ਦੀ ਬਜਾਏ ਖ਼ੁਦ ਨੂੰ ਗੈਰ-ਹਿੰਦੂ ਫਿਰਕਾ ਦੱਸਣ ਲਈ ਤਿਆਰ ਸਨ। ਅਜਿਹੇ ਵਿਚ ਕੀ ਇਹ ਮੰਨਿਆ ਜਾਵੇ ਕਿ ਜਾਤੀ ਦੀ ਪਵਿੱਤਰਤਾ ਬਣਾਈ ਰੱਖਣ ਦੀ ਅਗਾਊਂ ਧਾਰਨਾ ਹੀ ਉਹ ਕਾਰਨ ਹੈ, ਜਿਸ ਕਾਰਨ ਮੰਦਿਰਾਂ ਵਿਚ ਹੋਰਨਾਂ ਲੋਕਾਂ ਦੀ ਮਨਾਹੀ ਵਰਜਿਤ ਹੈ? ਮੈਂ ਉਮੀਦ ਕਰਦਾ ਹਾਂ ਕਿ ਇਹ ਕਾਰਨ ਨਹੀਂ ਹੋਣਾ ਚਾਹੀਦਾ।
ਜਗਨਨਾਥ ਮੰਦਿਰਾਂ ਦੇ ਪੰਡਿਆਂ ਨੇ ਜਦੋਂ ਇੰਦਰਾ ਗਾਂਧੀ ਦੇ ਮੰਦਿਰ ਵਿਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਸੀ ਤਾਂ ਇਹ ਗੱਲ ਦੁਨੀਆ ਭਰ ਵਿਚ ਚਰਚਿਤ ਹੋਈ ਸੀ, ਹਾਲਾਂਕਿ ਇੰਦਰਾ ਗਾਂਧੀ ਹਿੰਦੂ ਪਰਿਵਾਰ ਵਿਚ ਪੈਦਾ ਹੋਈ ਸੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਹਿੰਦੂ ਦੇ ਰੂਪ ਵਿਚ ਹੋਇਆ ਸੀ। 2012 ਵਿਚ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਜਗਨਨਾਥ ਦੇ ਪੰਡਿਆਂ ਨੇ ਅਜਿਹੀਆਂ ਪੱਟੀਆਂ ਲਗਵਾਈਆਂ ਹਨ, ਜਿਨ੍ਹਾਂ 'ਤੇ ਲਿਖਿਆ ਹੋਇਆ ਹੈ ਕਿ 'ਸਿਰਫ ਸਨਾਤਨੀ ਹਿੰਦੂਆਂ ਨੂੰ ਹੀ ਦਾਖਲੇ ਦੀ ਇਜਾਜ਼ਤ ਹੈ।'
ਮੈਂ ਖ਼ੁਦ ਅਜਿਹੀ ਕੋਈ ਪੱਟੀ ਨਹੀਂ ਦੇਖੀ ਪਰ ਇਹ ਗੱਲ ਬਹੁਤ ਵੱਡੀ ਬੁਝਾਰਤ ਹੈ। ਸਨਾਤਨੀ ਹਿੰਦੂ ਤਾਂ ਪੂਰੀ ਤਰ੍ਹਾਂ ਵਰਣ ਵਿਵਸਥਾ 'ਤੇ ਆਸਥਾ ਰੱਖਦਾ ਹੈ, ਜਿਸ ਦੀ ਸੰਵਿਧਾਨ ਦੀਆਂ ਧਾਰਾਵਾਂ-14-17 'ਚ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਸਿਰਫ ਉਹੀ ਵਿਅਕਤੀ ਸਹੀ ਅਰਥਾਂ ਵਿਚ ਸਨਾਤਨੀ ਹੈ, ਜੋ ਵਰਣ ਵਿਵਸਥਾ ਦੀ ਪਾਲਣਾ ਕਰਦਾ ਹੈ ਅਤੇ ਇਹ ਸਵੀਕਾਰ ਕਰਦਾ ਹੈ ਕਿ ਸ਼ੂਦਰਾਂ ਨੂੰ ਵੇਦ-ਗਿਆਨ ਨਹੀਂ ਦਿੱਤਾ ਜਾਣਾ ਚਾਹੀਦਾ।
ਅਜਿਹੇ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਪੰਡੇ ਆਖਿਰ ਮੰਦਿਰਾਂ 'ਚ ਕਿਹੜੇ ਲੋਕਾਂ ਨੂੰ ਦਾਖਲੇ ਦੀ ਇਜਾਜ਼ਤ ਦੇਣ ਦਾ ਯਤਨ ਕਰ ਰਹੇ ਹਨ? ਇਹ ਪੱਟੀ ਸਿਰਫ ਉਦੋਂ ਲਾਈ ਗਈ ਸੀ, ਜਦੋਂ ਓਡਿਸ਼ਾ ਦੀ ਇਕ ਔਰਤ ਨਾਲ ਵਿਆਹ ਰਚਾਉਣ ਵਾਲੇ ਇਕ ਅਮਰੀਕੀ ਨੇ ਜਗਨਨਾਥ ਰੱਥ ਯਾਤਰਾ 'ਚ ਹਿੱਸਾ ਲੈਣ ਦਾ ਯਤਨ ਕੀਤਾ ਅਤੇ ਪੰਡਿਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਉਸ ਦੀ ਪਤਨੀ ਸਿਲਪੀ ਬੋਰਲ ਨੂੰ ਸਮਾਚਾਰ ਰਿਪੋਰਟਾਂ ਵਿਚ ਇਹ ਕਹਿੰਦੇ ਦਿਖਾਇਆ ਗਿਆ : ''ਇਹ ਅਨਿਆਂ ਹੈ। ਜਦੋਂ ਭਗਵਾਨ ਜਗਨਨਾਥ ਨੂੰ ਸ੍ਰਿਸ਼ਟੀ ਦਾ ਸਵਾਮੀ ਮੰਨਿਆ ਜਾਂਦਾ ਹੈ ਤਾਂ ਕੋਈ ਵਿਅਕਤੀ ਮੇਰੇ ਪਤੀ ਨੂੰ ਮੰਦਿਰ ਵਿਚ ਦਾਖਲੇ ਤੋਂ ਇਨਕਾਰ ਕਿਵੇਂ ਕਰ ਸਕਦਾ ਹੈ?'' ਮੈਂ ਇਸ ਔਰਤ ਦਾ ਦਰਦ ਸਮਝਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਪੁਰੀ ਦੇ ਨਾਲ-ਨਾਲ ਹੋਰ ਮੰਦਿਰ ਵੀ ਸਪੱਸ਼ਟ ਤੌਰ 'ਤੇ ਇਹ ਵਿਆਖਿਆ ਕਰਨ ਕਿ ਉਹ ਕੁਝ ਲੋਕਾਂ ਨੂੰ ਮੰਦਿਰਾਂ ਦੇ ਧਾਰਮਿਕ ਅਨੁਸ਼ਠਾਨਾਂ ਤੋਂ ਬਾਹਰ ਕਿਉਂ ਰੱਖਣਾ ਚਾਹੁੰਦੇ ਹਨ?
ਜਿਥੋਂ ਤਕ ਜਗਨਨਾਥ ਮੰਦਿਰ ਦਾ ਸਵਾਲ ਹੈ, ਇਹ ਵਾਸਤੂ ਕਲਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮੂਰਤੀਆਂ ਕਾਰਨ ਬਹੁਤ ਖੂਬਸੂਰਤ ਹੈ। ਇਹ ਮੂਰਤੀਆਂ ਮਨੁੱਖੀ ਆਕ੍ਰਿਤੀਆਂ ਨਾਲ ਮੇਲ ਨਹੀਂ ਖਾਂਦੀਆਂ, ਸਗੋਂ ਆਪਣੇ ਆਪ ਵਿਚ ਅਦਭੁੱਤ ਹਨ। ਅਸੀਂ ਮੰਦਿਰ ਵਿਚ ਉਦੋਂ ਪਹੁੰਚੇ, ਜਦੋਂ ਉਥੇ ਅੰਤਿਮ ਆਰਤੀ ਚੱਲ ਰਹੀ ਸੀ ਤੇ ਮੰਦਿਰ ਦੇ ਅੰਦਰ ਸਿਰਫ ਕੁਝ ਹੀ ਲੋਕ ਰਹਿ ਗਏ ਸਨ।
ਭਗਵਾਨ ਜਗਨਨਾਥ ਦੀ ਮੂਰਤੀ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਭੀੜ ਵੱਲ ਮੁੜਿਆ ਤੇ ਇਹ ਨਜ਼ਾਰਾ ਵੀ ਬਹੁਤ ਅਨਮੋਲ ਸੀ। ਭਾਰਤੀ ਲੋਕ ਪ੍ਰਾਰਥਨਾ ਦੇ ਸਿਲਸਿਲੇ ਵਿਚ ਬਾਹਰੀ ਅਡੰਬਰ ਜ਼ਿਆਦਾ ਕਰਦੇ ਹਨ। ਕਦੇ ਉਹ ਹੱਥ ਉਪਰ ਚੁੱਕਦੇ ਹਨ ਅਤੇ ਕਦੇ ਦੰਡੌਤ ਵਜੋਂ ਝੁਕ ਜਾਂਦੇ ਹਨ, ਕਦੇ ਲੇਟਦੇ ਹੋਏ ਅੱਗੇ ਵਧਦੇ ਹਨ। ਇਸ ਦਾ ਇਕ ਕਾਰਨ ਸ਼ਾਇਦ ਇਹ ਹੈ ਕਿ ਸਾਡੀ ਪ੍ਰਾਰਥਨਾ ਗਿਰਜਾਘਰ, ਮਸਜਿਦ, ਗੁਰਦੁਆਰੇ ਵਾਂਗ ਭਾਈਚਾਰਕ ਨਹੀਂ, ਸਗੋਂ ਵਿਅਕਤੀ-ਕੇਂਦ੍ਰਿਤ ਹੈ ਕਿ ਮੂਰਤੀ ਦੀ ਸਾਡੇ 'ਤੇ ਵਿਸ਼ੇਸ਼ ਤੌਰ 'ਤੇ ਨਜ਼ਰ ਪਏ।
ਇਸ ਉਦੇਸ਼ ਨਾਲ ਅਸੀਂ ਅਜਿਹੀਆਂ ਹਰਕਤਾਂ ਜਾਂ ਇਸ਼ਾਰੇ ਕਰਦੇ ਹਾਂ, ਜਿਸ ਨਾਲ ਮੂਰਤੀ ਸਾਨੂੰ ਅਨੇਕ ਲੋਕਾਂ 'ਚੋਂ ਵੱਖ ਪਛਾਣ ਲਵੇ। (ਕੀ ਕੁਝ ਲੋਕਾਂ ਨੂੰ ਬਾਹਰ ਰੱਖਣ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਮੂਰਤੀ ਦਾ ਪੂਰਾ ਧਿਆਨ ਆਪਣੇ ਲਈ ਰਾਖਵਾਂ ਰੱਖਣਾ ਚਾਹੁੰਦੇ ਹਾਂ?)
ਆਰਤੀ ਲਈ ਆਏ ਹੋਏ ਜ਼ਿਆਦਾਤਰ ਲੋਕ ਕਾਫੀ ਗਰੀਬ ਸਨ ਪਰ ਉਨ੍ਹਾਂ ਦੇ ਚਿਹਰੇ ਸੱਚਮੁਚ ਦੀ ਸ਼ਰਧਾ, ਜਜ਼ਬਾਤ ਅਤੇ ਸਮਰਪਣ ਦਾ ਪ੍ਰਦਰਸ਼ਨ ਕਰਦੇ ਸਨ ਤੇ ਮੈਂ ਇਸ ਦ੍ਰਿਸ਼ ਤੋਂ ਪ੍ਰਭਾਵਿਤ ਹੋ ਗਿਆ ਸੀ। ਮੈਂ ਚਾਹਾਂਗਾ ਕਿ ਵੱਧ ਤੋਂ ਵੱਧ ਲੋਕ ਹਿੰਦੂ ਸ਼ਰਧਾ ਦੇ ਜਜ਼ਬਾਤ ਅਤੇ ਆਨੰਦ ਦੇ ਪਲਾਂ ਦਾ ਅਹਿਸਾਸ ਕਰਨ ਤੇ ਦੂਜਿਆਂ ਦੇ ਅਜਿਹੇ ਅਹਿਸਾਸਾਂ ਦੇ ਦਰਸ਼ਨ ਕਰ ਕੇ ਖ਼ੁਦ ਆਨੰਦ ਮਾਣਨ।