ਅਸੀਂ ਅਤੀਤ ਵਿਚ ਵੀ ਚੀਨ ਨੂੰ ਸਮਝਣ ''ਚ ਗਲਤੀਆਂ ਕਰਦੇ ਰਹੇ ਹਾਂ

07/27/2017 6:44:11 AM

ਡੋਕਲਾਮ ਪਠਾਰ 'ਤੇ ਭਾਰਤ-ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਚੀਨ ਦੇ ਰਵੱਈਏ ਸੰਬੰਧੀ ਪਹਿਲਾਂ ਹੀ ਢੇਰ ਸਾਰੇ ਕਾਗਜ਼ ਕਾਲੇ ਕੀਤੇ ਜਾ ਚੁੱਕੇ ਹਨ। ਸ਼ੀ ਜਿਨਪਿੰਗ ਵਲੋਂ ਸੱਤਾ ਦਾ ਕੇਂਦਰੀਕਰਨ ਆਪਣੇ ਹੱਥਾਂ 'ਚ ਲੈ ਕੇ ਚੀਨੀ ਕਮਿਊਨਿਸਟ ਪਾਰਟੀ ਦੀ ਆਉਣ ਵਾਲੀ ਕਾਂਗਰਸ ਤੋਂ ਲੈ ਕੇ ਚੀਨੀ ਮੀਡੀਆ ਦੀ ਵਧਦੀ ਹਮਲਾਵਰਤਾ ਅਤੇ 'ਵਨ ਬੈਲਟ ਵਨ ਰੋਡ' ਯੋਜਨਾ ਦਾ ਭਾਰਤ ਵਲੋਂ ਬਾਈਕਾਟ ਕੀਤੇ ਜਾਣ 'ਤੇ ਪੇਈਚਿੰਗ ਦੀ ਵਧਦੀ ਨਾਰਾਜ਼ਗੀ ਦੇ ਮੱਦੇਨਜ਼ਰ ਭਾਰਤ ਨੂੰ ਇਹ ਦਿਖਾਉਣ ਕਿ ਦੱਖਣੀ ਏਸ਼ੀਆ ਦਾ ਅਸਲੀ ਬੌਸ ਕੌਣ ਹੈ, ਤਕ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਸਾਹਮਣੇ ਆਏ ਹਨ।
ਬੇਸ਼ੱਕ ਇਹ ਸਾਰੀਆਂ ਗੱਲਾਂ ਚੀਨ ਦੇ ਹਾਲ ਹੀ ਦੇ ਰਵੱਈਏ ਬਾਰੇ ਕੁਝ ਨਾ ਕੁਝ ਕਹਿੰਦੀਆਂ ਹਨ, ਫਿਰ ਵੀ ਆਖਰੀ ਕਾਰਕ ਢਾਂਚਾਗਤ ਹੀ ਹੈ ਭਾਵ ਚੀਨ ਦੀ ਵਧਦੀ ਤਾਕਤ ਆਪਣੇ ਹਿੱਤਾਂ ਅਤੇ ਉਦੇਸ਼ਾਂ ਦੇ ਸੰਬੰਧ 'ਚ ਇਸ ਦਾ ਨਜ਼ਰੀਆ ਬਦਲ ਰਹੀ ਹੈ। ਅੱਜ ਇਸ ਦੇ ਹਿੱਤ ਅਤੀਤ ਦੇ ਮੁਕਾਬਲੇ ਬਹੁਤ ਵਿਆਪਕ ਤੇ ਵਿਸਥਾਰਤ ਰੂਪ ਅਖਤਿਆਰ ਕਰਦੇ ਜਾ ਰਹੇ ਹਨ।
ਭਾਰਤ ਨਾਲ ਇਸ ਦੇ ਟਕਰਾਅ ਤੋਂ ਇਲਾਵਾ ਵੀ ਹਾਲ ਹੀ ਦੇ ਹਫਤਿਆਂ ਦੌਰਾਨ ਚੀਨ ਦੇ ਰਵੱਈਏ 'ਤੇ ਨਜ਼ਰ ਮਾਰੋ। ਪਿਛਲੇ ਹਫਤੇ ਜਾਪਾਨ ਦੇ ਦੱਖਣੀ ਖੇਤਰ ਵਿਚ ਸਥਿਤ ਉਸ ਦੇ 2 ਟਾਪੂਆਂ ਦਰਮਿਆਨ ਜਲਡਮਰੂ ਤੋਂ ਚੀਨ ਦੇ 6 ਲੜਾਕੂ ਜਹਾਜ਼ਾਂ ਨੇ ਜੰਗੀ ਅਭਿਆਸ ਕਰਦਿਆਂ ਉਡਾਣਾਂ ਭਰੀਆਂ। ਜਦੋਂ ਜਾਪਾਨ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਚੀਨ ਨੇ ਜਵਾਬ ਦਿੱਤਾ ਕਿ ਉਸ ਨੂੰ ਉਸ ਦੇ (ਚੀਨ ਦੇ) ਇਸ ਰਵੱਈਏ ਦੀ ਆਦਤ ਪਾਉਣੀ ਪਵੇਗੀ। ਤਾਈਵਾਨੀ ਕੌਮੀ ਰੱਖਿਆ ਮੰਤਰਾਲਾ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਚੀਨ ਦੇ ਬੰਬ ਵਰ੍ਹਾਊ ਜਹਾਜ਼ ਉਸ ਦੀ ਹਵਾਈ ਪੱਟੀ ਦੇ ਐਨ ਨੇੜਿਓਂ ਲੰਘੇ ਸਨ। ਪੂਰਬੀ ਅਫਰੀਕਾ ਦੇ ਦੇਸ਼ ਜਿਬੂਤੀ 'ਚ ਵੀ ਚੀਨ ਨੇ ਆਪਣੇ ਫੌਜੀ ਭੇਜੇ, ਜੋ ਕਿ ਉਥੇ ਉਸ ਵਲੋਂ ਆਪਣਾ ਪਹਿਲਾ ਫੌਜੀ ਅੱਡਾ ਬਣਾਏ ਜਾਣ ਦਾ ਰਸਮੀ ਸਬੂਤ ਹੈ।
2010 ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਚੀਨ ਸਰਕਾਰ ਦੇ ਲੋਕਤੰਤਰਿਕ-ਵਿਰੋਧੀ  ਰਵੱਈਏ ਵਿਰੁੱਧ ਅੰਦੋਲਨ ਕਰਨ ਵਾਲੇ ਲੁਈ ਸ਼ਾਓਬੋ ਦੀ ਮੌਤ 'ਤੇ ਜਦੋਂ ਦੁਨੀਆ ਭਰ ਦੇ ਦੇਸ਼ਾਂ ਨੇ ਦੱਬੇ ਸੁਰ 'ਚ ਸ਼ਰਧਾਂਜਲੀਆਂ ਦਿੱਤੀਆਂ ਤਾਂ ਚੀਨ ਨੇ 'ਇਕ-ਇਕ ਨੂੰ ਦੇਖ ਲਵਾਂਗਾ' ਵਰਗੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਚੀਨ ਨੇ ਤਾਂ ਇਥੋਂ ਤਕ ਕਿਹਾ ਕਿ ਅਜਿਹੇ ਵਿਅਕਤੀ ਨੂੰ ਨੋਬਲ ਪੁਰਸਕਾਰ ਦਿੱਤਾ ਜਾਣਾ ਹੀ ਇਸ ਪੁਰਸਕਾਰ ਦੇ ਮੂਲ ਉਦੇਸ਼ਾਂ ਦੀ ਉਲੰਘਣਾ ਹੈ। ਇਹ ਸਾਰੀਆਂ ਗੱਲਾਂ ਇਕ ਹਫਤੇ 'ਚ ਵਾਪਰ ਗਈਆਂ। ਅੱਜਕਲ ਚੀਨ ਦੁਨੀਆ 'ਚ ਹਰ ਜਗ੍ਹਾ ਦਗੜ-ਦਗੜ ਕਰ ਰਿਹਾ ਹੈ ਅਤੇ ਗਲੋਬਲ ਵਿਵਸਥਾ ਨੂੰ ਚੁਣੌਤੀ ਦੇ ਰਿਹਾ ਹੈ। ਕਈ ਵਾਰ ਤਾਂ ਇਹ ਅਜਿਹਾ ਸਲੂਕ ਕਰਦਾ ਹੈ, ਜਿਵੇਂ ਟਰੰਪ ਦੇ ਯੁੱਗ ਵਿਚ ਸਿਰਫ ਉਹੀ ਸੰਸਾਰਿਕ ਅਰਥਚਾਰੇ ਦੀ ਗਾਰੰਟੀ ਦੇ ਸਕਦਾ ਹੈ। ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਪਿਛਲੇ ਸਾਲ ਸ਼ੀ ਜਿਨਪਿੰਗ ਨੇ ਸੰਸਾਰੀਕਰਨ ਦਾ ਜ਼ੋਰਦਾਰ ਸਮਰਥਨ ਕੀਤਾ ਸੀ, ਜੋ ਇਸ ਤੱਥ ਨੂੰ ਦਰਸਾਉਂਦਾ ਸੀ ਕਿ ਖੁੱਲ੍ਹੇ ਵਪਾਰ ਤੇ ਖੁੱਲ੍ਹੇ ਬਾਜ਼ਾਰ ਦਾ ਝੰਡਾਬਰਦਾਰ ਹੋਣ ਦੀ ਅਮਰੀਕਾ ਦੀ ਰਵਾਇਤੀ ਭੂਮਿਕਾ ਨੂੰ ਚੀਨ ਹਥਿਆਉਣਾ ਚਾਹੁੰਦਾ ਹੈ ਪਰ ਜਿਸ ਕਿਸੇ ਨੇ ਵੀ ਚੀਨ 'ਤੇ ਡੂੰਘਾਈ ਨਾਲ ਨਜ਼ਰ ਮਾਰੀ ਹੈ, ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਬਾਜ਼ਾਰ ਵਿਵਸਥਾ ਦਾ ਨਮੂਨਾ ਹੋਣ ਦਾ ਇਸ ਦਾ ਦਾਅਵਾ ਬਹੁਤ ਕਮਜ਼ੋਰ ਹੈ।
ਸ਼ਾਇਦ ਚੀਨ ਦੇ ਦਿਮਾਗ 'ਚ ਵੀ ਇਹ ਗੱਲ ਹੈ ਕਿ ਇਸ ਵਿਵਸਥਾ ਨੇ ਅਮਰੀਕਾ ਨੂੰ ਬਹੁਤ ਲਾਭ ਪਹੁੰਚਾਇਆ ਹੈ ਅਤੇ ਇਹ ਚੀਨ ਲਈ ਵੀ ਬਹੁਤ ਲਾਹੇਵੰਦ ਹੋਵੇਗੀ। ਉਂਝ ਚੀਨ ਨੇ ਅਮਰੀਕੀ ਅਰਥ ਵਿਵਸਥਾ ਦਾ ਖੁਦ ਵੀ ਖੂਬ ਸ਼ੋਸ਼ਣ ਕੀਤਾ ਹੈ।
ਫਿਰ ਵੀ ਚੀਨ ਨੇ ਜਿਸ ਤਰ੍ਹਾਂ ਆਪਣੀ ਕਰੰਸੀ ਨਾਲ ਛੇੜਖਾਨੀ ਕੀਤੀ ਹੈ ਅਤੇ ਪੂੰਜੀ ਬਾਜ਼ਾਰਾਂ ਨੂੰ ਬੰਦ ਕਰਨ ਦੇ ਨਾਲ-ਨਾਲ ਬਹੁਤ ਹੀ ਸੂਖਮ ਢੰਗ ਨਾਲ ਵਿਦੇਸ਼ੀ ਮਾਲ ਵਿਰੁੱਧ ਟੈਕਸ ਰਹਿਤ ਅੜਿੱਕੇ ਖੜ੍ਹੇ ਕਰ ਕੇ ਵਪਾਰ ਅਸੰਤੁਲਨ ਪੈਦਾ ਕੀਤਾ ਹੈ, ਉਸ ਕਾਰਨ ਚੀਨ ਨੂੰ ਸੰਸਾਰਿਕ ਆਰਥਿਕ ਨੇਤਾ ਕਹਿਣਾ ਬਹੁਤ ਮੁਸ਼ਕਿਲ ਹੈ।
ਫਿਰ ਵੀ ਕੰਨਾਂ ਦੇ ਕੱਚੇ ਲੋਕਾਂ ਦੀ ਸੰਸਾਰਿਕ ਮੰਚਾਂ 'ਤੇ ਵੀ ਘਾਟ ਨਹੀਂ ਹੁੰਦੀ ਤੇ ਦੁਨੀਆ ਚੀਨ ਦੇ ਦਾਅਵਿਆਂ ਨੂੰ ਕਿਸੇ ਹੱਦ ਤਕ ਕਬੂਲ ਕਰਨ ਲੱਗੀ ਹੈ। ਸ਼ਾਇਦ ਨਵੀਂ ਉੱਭਰ ਰਹੀ ਸੰਸਾਰਿਕ ਤਾਕਤ ਉਨ੍ਹਾਂ ਨੂੰ ਆਕਰਸ਼ਕ ਲੱਗਦੀ ਹੈ। ਭਾਰਤ ਦੇ ਲੋਕ ਵੀ ਹੋਰ ਅਣਸੁਖਾਵੇਂ ਸਵਾਲਾਂ ਨੂੰ ਟਾਲ ਕੇ ਚੀਨ ਦੇ ਸ਼ਬਦ ਜਾਲ 'ਤੇ ਭਰੋਸਾ ਕਰਨ ਲੱਗਦੇ ਹਨ। ਜਦੋਂ ਤਕ ਚੀਨ  ਉੱਭਰ ਰਿਹਾ ਹੈ, ਉਦੋਂ ਤਕ ਇਸ ਨੂੰ ਬਾਕੀ ਦੁਨੀਆ ਦੀ ਲੋੜ ਵੀ ਰਹੇਗੀ ਅਤੇ ਇਹ ਉਸ ਪੁਰਾਣੇ ਤੌਰ-ਤਰੀਕੇ ਨੂੰ ਸੰਭਾਲੀ ਰੱਖਣਾ ਚਾਹੇਗਾ, ਜਿਸ ਦੇ ਮੁਤਾਬਿਕ ਸਾਨੂੰ ਸੋਚਣ ਦੀ ਆਦਤ ਪੈ ਚੁੱਕੀ ਹੈ।
ਭਾਰਤੀ ਨੀਤੀਘਾੜੇ ਵੀ ਪਿਛਲੇ ਦੋ ਦਹਾਕਿਆਂ ਤੋਂ ਚੀਨੀ ਪ੍ਰਾਪੇਗੰਡੇ ਦੀ ਧਾਰਾ 'ਚ ਵਗਣ ਤੋਂ ਖੁਦ ਨੂੰ ਰੋਕ ਨਹੀਂ ਸਕੇ ਅਤੇ ਚੀਨ-ਭਾਰਤ ਨੂੰ ਇਕ-ਦੂਜੇ ਦੇ ਬਰਾਬਰ ਰੱਖਦਿਆਂ ਇਸ ਭਰਮ ਦੇ ਸ਼ਿਕਾਰ ਹਨ ਕਿ ਦੋਹਾਂ ਦੇਸ਼ਾਂ ਨੂੰ ਇਕ-ਦੂਜੇ ਦੇ ਬਰਾਬਰ ਰੱਖਣਾ ਕਿਸੇ ਨਾ ਕਿਸੇ ਤਰ੍ਹਾਂ ਦੁਸ਼ਮਣੀ  ਨੂੰ ਟਾਲਣ 'ਚ ਸਹਾਈ ਹੋਵੇਗਾ। ਜਦੋਂ ਚੀਨੀ ਵਾਰਤਾਕਾਰ ਭਾਰਤੀ ਨੀਤੀਘਾੜਿਆਂ ਨੂੰ ਆਪਣੇ ਇਰਾਦੇ ਨੇਕ ਹੋਣ ਦਾ ਭਰੋਸਾ ਦਿਵਾਉਂਦੇ ਰਹੇ ਅਤੇ ਕਹਿੰਦੇ ਰਹੇ ਕਿ ਚੀਨ ਤੇ ਭਾਰਤ ਦੋਹਾਂ ਦੇ ਤਰੱਕੀ ਕਰਨ ਲਈ ਕਾਫੀ ਸੰਭਾਵਨਾਵਾਂ ਹਨ ਤਾਂ ਭਾਰਤੀ ਨੀਤੀਘਾੜੇ ਉਨ੍ਹਾਂ ਦੇ ਛਲਾਵੇ 'ਚ ਆਉਣ ਤੋਂ ਖੁਦ ਨੂੰ ਬਚਾ ਨਹੀਂ ਸਕੇ।
ਚੀਨ ਇਥੇ ਹੀ ਨਹੀਂ ਰੁਕਿਆ ਸਗੋਂ ਉਸ ਨੇ 'ਬ੍ਰਿਕਸ' (ਭਾਵ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਸਾਊਥ ਅਫਰੀਕਾ) ਦਾ ਨਾਟਕ ਸ਼ੁਰੂ ਕਰ ਦਿੱਤਾ। ਸ਼ੁਰੂ ਵਿਚ ਉਹ ਕਿਸੇ ਸ਼ਾਹੂਕਾਰ ਵਾਂਗ ਬਹੁਤ ਦਿਲਖਿੱਚਵੇਂ ਟੋਟਕੇ ਸੁਣਾਉਂਦਾ ਰਿਹਾ ਪਰ ਹੌਲੀ-ਹੌਲੀ ਇਸ ਸੰਗਠਨ ਨੂੰ ਇਕ ਭੂ-ਸਿਆਸੀ ਧੜੇਬੰਦੀ ਦਾ ਰੂਪ ਦੇ ਦਿੱਤਾ। ਭਾਰਤ ਅੱਖਾਂ ਮੀਚ ਕੇ ਇਸ ਧੜੇਬੰਦੀ 'ਚ ਸ਼ਾਮਲ ਹੋ ਗਿਆ ਪਰ ਜਦੋਂ ਚੀਨ ਨੇ 'ਬ੍ਰਿਕਸ' ਨੂੰ ਆਪਣੀ ਖੁਦ ਦੀ ਆਰਥਿਕ ਦਾਦਾਗਿਰੀ ਵਧਾਉਣ ਦੇ ਯੰਤਰ 'ਚ ਬਦਲਣ ਦੇ ਯਤਨ ਸ਼ੁਰੂ ਕਰ ਦਿੱਤੇ ਤਾਂ ਭਾਰਤ ਨੂੰ ਸਮਝ ਆਈ ਕਿ ਕਿਸੇ ਹੋਰ ਨੇ ਉਸ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾ ਲਈ ਹੈ।
ਚੀਨ ਦੀ ਤਾਕਤ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਵਧਦੀ ਜਾ ਰਹੀ ਹੈ ਤੇ ਨਾਲ ਹੀ ਇਸ ਦੇ ਹਿੱਤਾਂ 'ਚ ਵੀ ਵਾਧਾ ਹੋ ਰਿਹਾ ਹੈ। ਪਹਿਲਾਂ ਤਾਂ ਚੀਨ ਨੇ ਦੱਖਣੀ ਏਸ਼ੀਆ 'ਚ ਪੈਰ ਪਸਾਰੇ ਅਤੇ ਫਿਰ ਹਿੰਦ ਮਹਾਸਾਗਰ ਦੇ ਵੱਡੇ ਖੇਤਰ 'ਚ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਭਾਰਤ ਸਿਰਫ ਮੂੰਹ ਦੇਖਦਾ ਰਹਿ ਗਿਆ ਕਿਉਂਕਿ ਇਸ ਨੂੰ ਸੁੱਝ ਹੀ ਨਹੀਂ ਰਿਹਾ ਕਿ ਕਿਹੜਾ ਰੁਖ਼ ਅਪਣਾਇਆ ਜਾਵੇ।
ਸਾਡੇ ਦੇਸੀ 'ਚਾਈਨਾ ਮਾਹਿਰਾਂ' ਨੇ ਸਾਨੂੰ ਭਰੋਸਾ ਦਿਵਾਇਆ ਕਿ ਚੀਨ ਦੇ ਇਰਾਦੇ ਵਿਸਤਾਰਵਾਦੀ ਨਹੀਂ ਹਨ। ਇਸੇ ਭਰਮਾਊ ਵਿਸ਼ਲੇਸ਼ਣ ਦੇ ਆਧਾਰ 'ਤੇ ਅਸੀਂ ਆਪਣੀ ਫੌਜ ਅਤੇ ਫੌਜੀ ਤਿਆਰੀ ਦੀ ਅਣਦੇਖੀ ਕਰਦੇ ਰਹੇ। ਇਥੋਂ ਤਕ ਕਿ ਆਪਣੇ ਸਰਹੱਦੀ ਖੇਤਰਾਂ 'ਚ ਬੁਨਿਆਦੀ ਢਾਂਚਾ ਵਿਕਸਿਤ ਕਰਨ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਅਤੇ ਖੁਦ ਨੂੰ ਇਹ ਕਹਿ ਕੇ ਤਸੱਲੀ ਦਿੰਦੇ ਰਹੇ ਕਿ ਜੇਕਰ ਚੀਨ ਸਾਡੇ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ ਤਾਂ ਸਰਹੱਦਾਂ 'ਤੇ ਕਿਲੇਬੰਦੀ ਦੀ ਕੋਈ ਤੁਕ ਹੀ ਨਹੀਂ।
ਪਰ ਚੀਨ ਅੱਗੇ ਹੀ ਅੱਗੇ ਵਧਦਾ ਗਿਆ। ਇਥੋਂ ਤਕ ਕਿ ਉਸ ਨੇ ਸਾਡੀਆਂ ਸਰਹੱਦਾਂ ਤਕ ਆਪਣਾ ਫੌਜੀ ਢਾਂਚਾ ਵਿਕਸਿਤ ਕਰ ਲਿਆ। ਇਸ ਦੇ ਬਾਵਜੂਦ ਸਾਡੇ ਨੌਕਰਸ਼ਾਹ ਅਤੇ ਮਾਹਿਰ ਇਸੇ ਚਿੰਤਾ 'ਚ ਰਹੇ ਕਿ ਚੀਨ ਦੀਆਂ ਸੰਵੇਦਨਾਵਾਂ ਨੂੰ ਕਿਤੇ ਠੇਸ ਨਾ ਲੱਗੇ।
ਪੇਈਚਿੰਗ ਦੀ ਨਾਰਾਜ਼ਗੀ ਤੋਂ ਡਰਦਿਆਂ ਅਸੀਂ ਦਲਾਈਲਾਮਾ ਤੋਂ ਵੀ ਦੂਰੀ ਬਣਾ ਲਈ ਅਤੇ ਕੋਈ ਵੀ ਨੇਤਾ ਜਾਂ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਜਨਤਕ ਤੌਰ 'ਤੇ ਮਿਲਣ ਨਹੀਂ ਜਾਂਦਾ ਸੀ। ਅਸੀਂ ਆਪਣੇ ਹਮਖਿਆਲ ਦੇਸ਼ਾਂ ਨਾਲ ਜੰਗੀ ਅਭਿਆਸ ਕਰਨ ਤੋਂ ਵੀ ਝਿਜਕਣ ਲੱਗੇ ਕਿ ਕਿਤੇ ਚੀਨ ਇਸ ਨੂੰ ਲੈ ਕੇ ਸਾਡੇ ਬਾਰੇ ਗਲਤ ਸੋਚ ਨਾ ਬਣਾ ਲਵੇ।
ਅਸੀਂ ਅਮਰੀਕਾ ਨਾਲ ਬੁਨਿਆਦੀ ਸਮਝੌਤੇ ਕਰਨ ਤੋਂ ਵੀ ਪ੍ਰਹੇਜ਼ ਕੀਤਾ ਕਿ ਕਿਤੇ ਚੀਨ ਸਾਨੂੰ 'ਅਮਰੀਕੀ ਧੜੇ ਦੇ ਬੰਦੇ' ਨਾ ਸਮਝ ਲਵੇ। ਕਿਸੇ ਨੇ ਵੀ ਇਸ ਗੱਲ ਦੀ ਚਿੰਤਾ ਨਹੀਂ ਕੀਤੀ ਕਿ ਹਿੰਦ ਮਹਾਸਾਗਰ ਦੇ ਖਿੱਤੇ 'ਚ ਚੀਨੀ ਪਣਡੁੱਬੀਆਂ 'ਤੇ ਨਜ਼ਰ ਰੱਖਣ ਦੀ ਸਾਡੀ ਸਮਰੱਥਾ ਵੀ 'ਅਪਾਹਜ' ਬਣ ਕੇ ਰਹਿ ਗਈ ਹੈ। ਇਸ ਸਭ ਕੁਝ ਦਰਮਿਆਨ ਅਸੀਂ ਝੂਠੇ ਹੰਕਾਰ ਵਿਚ ਫਸ ਕੇ ਗੁੱਟ ਨਿਰਲੇਪਤਾ ਦਾ ਰਾਗ ਅਲਾਪਦੇ ਰਹੇ ਕਿਉਂਕਿ ਚੀਨ ਵਲੋਂ ਜਿਸ ਦੁਨੀਆ ਦਾ ਨਕਸ਼ਾ ਘੜਿਆ ਜਾ ਰਿਹਾ ਸੀ, ਉਸ ਵਿਚ ਸਾਡੇ ਹਿੱਤਾਂ ਦੀ ਸਭ ਤੋਂ ਵਧੀਆ ਗਾਰੰਟੀ ਗੁੱਟ ਨਿਰਲੇਪਤਾ ਨਾਲ ਹੀ ਹੋ ਸਕਦੀ ਸੀ।
ਇਥੋਂ ਤਕ ਕਿ ਅੱਜ ਵੀ ਨੀਤੀਘਾੜਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਚੀਨ ਦੇ ਫੌਜੀ ਭੂਟਾਨ ਦੀਆਂ ਸਰਹੱਦਾਂ 'ਤੇ ਦਸਤਕ ਦੇ ਰਹੇ ਹਨ ਤੇ ਭਾਰਤ ਨੂੰ ਧਮਕਾ ਰਹੇ ਹਨ ਤਾਂ ਇਸ 'ਚ ਭਾਰਤ ਦਾ ਆਪਣਾ ਹੀ ਕਸੂਰ ਹੈ ਕਿਉਂਕਿ ਇਸ ਨੇ ਅਮਰੀਕਾ ਨਾਲ ਬਹੁਤ ਨੇੜਤਾ ਵਧਾ ਲਈ ਹੈ। ਇਹ ਸਰਾਸਰ ਬੇਸ਼ਰਮੀ ਅਤੇ ਬੇਹੂਦਗੀ ਹੈ।
ਚੀਨ ਦੀ ਵਧਦੀ ਹਮਲਾਵਰਤਾ ਇਸ ਦੀ ਵਧਦੀ ਤਾਕਤ ਅਤੇ ਆਪਣੇ ਹਿੱਤਾਂ ਦੇ ਬਾਰੇ ਉਸ ਦੀ ਆਪਣੀ ਧਾਰਨਾ ਦਾ ਪ੍ਰਤੀਬਿੰਬ ਹੈ। ਚੀਨ ਦੇ ਇਸ ਰਵੱਈਏ ਦਾ ਭਾਰਤ ਨਾਲ ਕੋਈ ਖਾਸ ਲੈਣਾ-ਦੇਣਾ ਨਹੀਂ। ਅਤੀਤ ਵਿਚ ਅਸੀਂ ਚੀਨ ਨੂੰ ਸਮਝਣ 'ਚ ਗਲਤੀਆਂ ਕਰਦੇ ਰਹੇ ਹਾਂ ਅਤੇ ਅਜਿਹਾ ਖਤਰਾ ਹੈ ਕਿ ਭਵਿੱਖ ਵਿਚ ਅਸੀਂ ਚੀਨ ਦੀਆਂ ਸ਼ਰਾਰਤਾਂ ਨੂੰ ਸਹੀ ਸੰਦਰਭ 'ਚ ਨਹੀਂ ਸਮਝ ਸਕਾਂਗੇ।
ਦੁਨੀਆ ਭਰ 'ਚ ਚੀਨ ਦੀ ਵਧਦੀ ਆਰਥਿਕ ਤੇ ਕੂਟਨੀਤਕ ਮੌਜੂਦਗੀ ਦੇ ਨਾਲ-ਨਾਲ ਹੁਣ ਇਸ ਦੀ ਫੌਜੀ ਮੌਜੂਦਗੀ ਦਰਜ ਹੋਣ ਲੱਗੀ ਅਤੇ ਕਿਸੇ ਵੀ ਮਹਾਸ਼ਕਤੀ ਦਾ ਇਹ ਵਿਸ਼ੇਸ਼ ਲੱਛਣ ਹੁੰਦਾ ਹੈ। ਚੀਨ ਦੀ ਇਸ ਖੂਬੀ ਨੂੰ ਸਮਝਣ ਦਾ ਅਰਥ ਇਹ ਨਹੀਂ ਕਿ ਅਸੀਂ ਜੁਝਾਰੂ ਰੁਖ਼ ਅਪਣਾ ਰਹੇ ਹਾਂ ਸਗੋਂ ਇਹ ਸਿਰਫ ਇਸ ਗੱਲ ਦਾ ਸੂਚਕ ਹੈ ਕਿ ਅਸੀਂ ਆਪਣੀ ਕਾਫੀ ਤਿਆਰੀ ਜ਼ਰੂਰ ਕਰਾਂਗੇ।
('ਲਾਈਵ ਮਿੰਟ' ਤੋਂ ਧੰਨਵਾਦ ਸਹਿਤ)