ਅਰਬ ਦੀਆਂ ਮੁਸਲਿਮ ਔਰਤਾਂ ਨੂੰ ਚਾਹੀਦੀ ਹੈ ''ਆਜ਼ਾਦੀ''

01/23/2019 7:44:53 AM

ਜੇਕਰ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਰਹਫ ਮੁਹੰਮਦ ਅਲ ਕੁਨੁਨ ਦਾ ਮਾਮਲਾ ਪਹਿਲਾ ਹੈ, ਤਾਂ ਤੁਸੀਂ ਭੁੱਲ ਕਰ ਰਹੇ ਹੋ। ਅਰਬ ਦੇਸ਼ਾਂ ਦੀਅਾਂ ਮੁਸਲਿਮ ਔਰਤਾਂ ਵਿਚਾਲੇ ਆਜ਼ਾਦੀ ਦੀ ਛਟਪਟਾਹਟ ਤੋਂ ਤੁਸੀਂ ਅਣਜਾਣ ਵੀ ਹੋ। ਰਹਫ ਤੋਂ ਪਹਿਲਾਂ ਵੀ ਅਰਬ ਦੇ ਦੇਸ਼ਾਂ ਤੋਂ ਔਰਤਾਂ ਨੇ ਆਪਣੀ ਆਜ਼ਾਦੀ ਲਈ ਕਈ ਵਾਰ ਹਿੰਮਤ ਦਿਖਾਈ ਹੈ, ਯੂਰਪ ਵੱਲ ਛਾਲ ਮਾਰੀ ਹੈ। 
ਕੁਝ ਔਰਤਾਂ ਯੂਰਪ ਦੀ ਖੁੱਲ੍ਹੀ ਹਵਾ ’ਚ ਛਾਲ ਮਾਰਨ ’ਚ ਸਫਲ ਰਹੀਅਾਂ ਹਨ। ਜ਼ਿਆਦਾਤਰ ਔਰਤਾਂ ਅਸਫਲ ਹੋਣ ਜਾਂ ਫਿਰ ਫੜੇ ਜਾਣ ’ਤੇ ਆਪਣੇ ਪਰਿਵਾਰ ਅਤੇ ਮਜ਼ਹਬੀ ਸੱਤਾ ਵਲੋਂ ਸਥਾਪਿਤ ਕਾਨੂੰਨਾਂ ਦੀਅਾਂ ਸ਼ਿਕਾਰ ਵੀ ਹੋਈਅਾਂ ਹਨ, ਆਪਣੀਅਾਂ ਜਾਨਾਂ  ਵੀ ਗੁਆਈਅਾਂ ਹਨ ਪਰ ਇਹ ਸੰਘਰਸ਼ ਜਾਰੀ ਹੈ। 
ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਰਹਫ ਦੇ  ਮਾਮਲੇ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁਨੀਆ ਨੂੰ ਹੈਰਾਨ ਕਰ ਦਿੱਤਾ ਕਿ ਇਸ ਆਧੁਨਿਕ ਯੁੱਗ ਅਤੇ ਸੂਚਨਾ ਕ੍ਰਾਂਤੀ ਦੇ ਧਮਾਕੇ ਦੇ ਦੌਰ ’ਚ ਵੀ ਅਰਬ ਦੇਸ਼ਾਂ ਦੀਅਾਂ ਮੁਸਲਿਮ ਔਰਤਾਂ ਪੱਥਰ ਯੁੱਗ ’ਚ ਹੀ ਜੀਣ ਲਈ ਮਜਬੂਰ ਹਨ ਅਤੇ ਮਜ਼ਹਬੀ ਕਾਨੂੰਨਾਂ, ਪਰਿਵਾਰ ਦੇ ਮਜ਼ਹਬੀ  ਬੰਧਨਾਂ ’ਚ ਬੱਝੀਅਾਂ ਹੋਈਅਾਂ ਹਨ।
 ਸਿਰਫ 18 ਸਾਲ ਦੀ ਰਹਫ  ਨਾਸਤਿਕ ਹੋ ਗਈ ਅਤੇ ਆਪਣੇ ਪਰਿਵਾਰ ਤੋਂ ਬਚਣ ਲਈ ਦੌੜ ਪਈ। ਆਖਿਰ ਉਸ ਦੀ ਹਿੰਮਤ  ਨੇ ਉਸ ਨੂੰ ਸਫਲਤਾ  ਦਿਵਾਈ। ਦੁਨੀਆ ਭਰ ਤੋਂ ਮਿਲੇ ਸਮਰਥਨ ਕਾਰਨ ਉਸ ਨੂੰ ਕੈਨੇਡਾ ’ਚ ਪਨਾਹ ਮਿਲ ਗਈ। ਹੁਣ ਉਹ ਖੁੱਲ੍ਹੀ ਹਵਾ ’ਚ ਸਾਹ ਲੈ ਰਹੀ ਹੈ, ਆਪਣੀ ਮਰਜ਼ੀ ਦੀ ਜ਼ਿੰਦਗੀ ਜੀਣ ਲਈ ਰਾਹ ਬਣਾ ਰਹੀ ਹੈ। 
ਰਹਫ ਤੋਂ ਪਹਿਲਾਂ ਵੀ 24 ਸਾਲ ਦੀ ਅਲਵਾ ਆਪਣੀ 19 ਸਾਲਾ  ਭੈਣ ਨਾਲ ਸਾਊਦੀ ਅਰਬ ਤੋਂ ਜਰਮਨੀ ਭੱਜ ਗਈ ਸੀ। ਅਲਵਾ ਹੁਣ ਆਪਣੀ ਭੈਣ ਨਾਲ ਜਰਮਨੀ ਛੱਡ ਕੇ ਕੈਨੇਡਾ ’ਚ ਰਹਿ ਰਹੀ ਹੈ। ਅਲਵਾ ਕਹਿੰਦੀ ਹੈ ਕਿ ਬੇਸ਼ੱਕ ਉਸ ਨੂੰ ਕੈਨੇਡਾ ’ਚ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਸਾਊਦੀ ਅਰਬ ’ਚ ਤਾਂ ਕੋਈ ਜ਼ਿੰਦਗੀ ਹੀ ਨਹੀਂ ਸੀ, ਇਥੇ ਘੱਟੋ-ਘੱਟ  ਉਨ੍ਹਾਂ  ਨੂੰ ਆਜ਼ਾਦੀ ਤਾਂ ਮਿਲੀ ਹੈ।  ਅਲਵਾ  ਦਾ  ਕਹਿਣਾ  ਹੈ, ‘‘ਆਪਣੀ ਕਿਸਮਤ ਮੈਂ ਇਥੇ ਖ਼ੁਦ ਲਿਖ ਸਕਦੀ ਹਾਂ।’’
 ਹਾਂ-ਪੱਖੀ ਪਹਿਲੂ ਇਹ ਹੈ ਕਿ ਖਾਸ ਕਰਕੇ ਯੂਰਪੀ ਭਾਈਚਾਰਾ ਔਰਤਾਂ ਦੀ ਆਜ਼ਾਦੀ ਦੇ ਖੇਤਰ ’ਚ ਪ੍ਰੇਰਣਾ ਦਾ ਪਾਤਰ ਹੈ।  ਇਥੇ ਔਰਤਾਂ  ਨੂੰ  ਪੂਰੀ ਆਜ਼ਾਦੀ ਹੈ। ਖਾਸ ਕਰਕੇ ਅਰਬ ਦੇਸ਼ਾਂ ਦੀਅਾਂ ਮੁਸਲਿਮ ਔਰਤਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਯੂਰਪੀ ਸਮਾਜ ਅਤੇ ਯੂਰਪੀ ਦੇਸ਼ ਮੋਹਰੀ ਭੂਮਿਕਾ ਨਿਭਾਅ ਰਹੇ ਹਨ। 
ਆਜ਼ਾਦੀ ਕਿਸ ਨੂੰ ਨਹੀਂ ਚਾਹੀਦੀ
ਆਜ਼ਾਦੀ ਕਿਸ ਨੂੰ ਨਹੀਂ ਚਾਹੀਦੀ? ਆਜ਼ਾਦੀ ਕਿਸ ਨੂੰ ਪਸੰਦ ਨਹੀਂ ਹੈ? ਪਿੰਜਰੇ ’ਚ ਬੰਦ ਕੌਣ ਰਹਿਣਾ ਚਾਹੁੰਦਾ ਹੈ? ਆਜ਼ਾਦੀ ਸਾਰਿਅਾਂ ਨੂੰ ਚਾਹੀਦੀ, ਆਜ਼ਾਦੀ ਸਾਰਿਅਾਂ ਨੂੰ ਪਸੰਦ ਹੈ, ਪਿੰਜਰੇ ’ਚ ਬੰਦ ਕੋਈ ਵੀ ਨਹੀਂ ਰਹਿਣਾ ਚਾਹੁੰਦਾ। ਮਨੁੱਖ ਹੋਵੇ ਜਾਂ ਫਿਰ ਜਾਨਵਰ ਜਾਂ ਪੰਛੀ, ਹਰ ਕੋਈ ‘ਆਜ਼ਾਦੀ’ ਚਾਹੁੰਦਾ ਹੈ। ਆਪਣੀ ਇੱਛਾ ਅਨੁਸਾਰ ਜ਼ਿੰਦਗੀ ਜੀਣਾ ਚਾਹੁੰਦਾ ਹੈ।
 ਫਿਰ ਅਰਬ ਦੇ ਮੁਸਲਿਮ ਦੇਸ਼ਾਂ ਦੀਅਾਂ ਔਰਤਾਂ ਨੂੰ ਬੰਧਨ-ਮੁਕਤ ਆਸਮਾਨ ਚਾਹੀਦਾ ਹੈ, ਪੂਰੀ ਤਰ੍ਹਾਂ ਨਾਲ ਪਰਿਵਾਰ ਅਤੇ ਮਜ਼ਹਬੀ ਸੱਤਾ ਦੇ ਕਾਨੂੰਨਾਂ ਤੋਂ ਆਜ਼ਾਦੀ ਚਾਹੀਦੀ  ਹੈ। ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ। ਦੁਨੀਆ ਦੇ ਜ਼ਿਆਦਾਤਰ ਖੇਤਰਾਂ ’ਚ ਸੂਚਨਾ ਕ੍ਰਾਂਤੀ ਦੇ ਦੌਰ ਨੇ ਮਜ਼ਹਬ ਦੀਅਾਂ ਰੂੜਵਾਦੀ  ਰਵਾਇਤਾਂ ’ਤੇ ਹਮਲਾ ਕੀਤਾ ਹੈ,  ਔਰਤਾਂ ਦੀ ਆਜ਼ਾਦੀ ਦੇ ਨਵੇਂ ਆਯਾਮ ਬਣਾਏ  ਹਨ ਪਰ ਬਦਕਿਸਮਤੀ ਨਾਲ ਅੱਜ ਵੀ ਅਰਬ ਦੇ ਮੁਸਲਿਮ ਦੇਸ਼ਾਂ ’ਚ ਕੁਝ ਨਹੀਂ ਬਦਲਿਆ। ਸੂਚਨਾ ਕ੍ਰਾਂਤੀ ਦੇ ਦੌਰ ਨੇ ਵੀ ਉਥੇ ਉਹੋ ਜਿਹੀ ਸਫਲਤਾ ਹਾਸਿਲ  ਨਹੀਂ ਕੀਤੀ, ਜਿਸ  ਦੀ ਉਮੀਦ ਕੀਤੀ ਜਾ ਰਹੀ ਸੀ। ਪੱਥਰ ਯੁੱਗ ਦੀਅਾਂ ਮਜ਼ਹਬੀ ਰਵਾਇਤਾਂ ਅਜੇ ਵੀ ਕਾਇਮ ਹਨ। ਮਜ਼ਹਬੀ ਸੱਤਾ ਤੇ ਮਜ਼ਹਬੀ ਸਮਾਜ ਦੋਵੇਂ ਆਪਣਾ ਗਲਬਾ ਛੱਡਣ ਲਈ ਤਿਆਰ ਨਹੀਂ ਹਨ। 
ਸਮੱਸਿਆ ਇਹ ਹੈ ਕਿ ਜੀਵਨ ਦੀਅਾਂ ਸਾਰੀਅਾਂ ਕਿਰਿਆਵਾਂ ਨੂੰ ਮਜ਼ਹਬੀ ਬੰਧਨਾਂ ’ਚ ਬੰਨ੍ਹ ਦਿੱਤਾ ਗਿਆ ਹੈ, ਖਾਸ ਕਰਕੇ ਔਰਤਾਂ ਦੀ ਹਰ ਆਜ਼ਾਦੀ ਨੂੰ ਮਜ਼ਹਬੀ ਬੰਧਨਾਂ ਨਾਲ ਜਕੜ ਦਿੱਤਾ ਗਿਆ ਹੈ। ਆਧੁਨਿਕ ਯੁੱਗ ’ਚ ਇਨ੍ਹਾਂ ਮਜ਼ਹਬੀ ਪ੍ਰਕਿਰਿਆਵਾਂ ਦਾ ਬੁਰਾ ਨਤੀਜਾ ਵੀ ਘਾਤਕ ਹੁੰਦਾ ਹੈ, ਆਤਮਘਾਤੀ ਹੁੰਦਾ ਹੈ, ਜੋ ਸੱਭਿਅਤਾਵਾਂ ਦਰਮਿਆਨ ਆਪਸੀ ਸਮਝ ਨੂੰ ਰੋਕਦਾ ਹੈ। ਅਰਬ ਦੇ ਮੁਸਲਿਮ ਦੇਸ਼ਾਂ ਦੀ ਗਿਣਤੀ ‘ਬੰਦ ਸਮਾਜ’ ਦੇ ਰੂਪ ’ਚ ਹੋ ਰਹੀ ਹੈ। ਇਸ ਦੇ ਲਈ ਮੁਸਲਿਮ ਦੇਸ਼ਾਂ ਦੀ ਹਨੇਰਗਰਦੀ ਜ਼ਿੰਮੇਵਾਰ ਹੈ। 
ਮਜ਼ਹਬ ਦਾ ਜਾਲ 
ਉਪਭੋਗ ਵਾਲੀ ਮਜ਼ਹਬੀ ਸੱਭਿਅਤਾ ਇਸ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ। ਰਹਫ ਵੀ ਇਹੋ ਕਹਿੰਦੀ ਹੈ ਤੇ ਅਲਵਾ ਵੀ। ਦੋਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਜ਼ਹਬ ਦੇ ਜਾਲ ’ਚ  ਬੰਨ੍ਹ ਦਿੱਤਾ ਗਿਆ ਸੀ। ਇਥੇ ਔਰਤਾਂ ਨੂੰ ਸਿਰਫ ਬੱਚੇ ਜੰਮਣ ਵਾਲੀ ਮਸ਼ੀਨ ਸਮਝ ਲਿਆ ਗਿਆ ਹੈ, ਉਨ੍ਹਾਂ ਨੂੰ ਸਿਰਫ ਮਰਦਾਂ ਦੀਅਾਂ ਗੁਲਾਮ ਸਮਝਿਆ ਜਾਂਦਾ ਹੈ। 
ਅਰਬ ਦੀਅਾਂ ਔਰਤਾਂ ਦਾ ਇਸ ਜਾਲ ’ਚੋਂ ਨਿਕਲਣਾ ਮੁਸ਼ਕਿਲ ਹੈ ਕਿਉਂਕਿ ਸਾਰੀਅਾਂ ਔਰਤਾਂ ਦੀ ਕਿਸਮਤ ਰਹਫ ਜਾਂ ਅਲਵਾ ਵਰਗੀ ਨਹੀਂ ਹੁੰਦੀ, ਸਾਰੀਅਾਂ ਉਨ੍ਹਾਂ ਵਾਂਗ ਹਿੰਮਤ ਨਹੀਂ ਕਰ ਸਕਦੀਅਾਂ।
ਰਹਫ ਤੇ ਅਲਵਾ ਦੀ ਕਿਸਮਤ ਚੰਗੀ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਿੱਖਿਆ ਹਾਸਿਲ ਕਰਨ ਦੀ ਮਨਜ਼ੂਰੀ ਦਿੱਤੀ। ਅਰਬ ਦੀਅਾਂ ਕੁੜੀਅਾਂ ਤਾਂ ਆਪਣੇ ਪਰਿਵਾਰ ਦੀ ਇੱਛਾ ਤੋਂ ਬਿਨਾਂ ਸਿੱਖਿਆ ਵੀ ਹਾਸਿਲ ਨਹੀਂ ਕਰ ਸਕਦੀਅਾਂ, ਕਿਸੇ ਨੂੰ ਮਿਲ ਨਹੀਂ ਸਕਦੀਅਾਂ, ਪਾਸਪੋਰਟ ਤਕ ਬਣਵਾਉਣ ਲਈ ਉਨ੍ਹਾਂ ਨੂੰ ਪਰਿਵਾਰ ਤੋਂ ਸਹਿਮਤੀ ਲੈਣੀ ਪੈਂਦੀ ਹੈ। 
ਅਰਬ ਦੇ ਕਈ ਦੇਸ਼ਾਂ ’ਚ ਔਰਤਾਂ ਇਕੱਲੀਅਾਂ ਬਾਜ਼ਾਰ ਨਹੀਂ ਜਾ ਸਕਦੀਅਾਂ, ਬੱਸ ਜਾਂ ਜਹਾਜ਼ ’ਚ ਸਫਰ ਨਹੀਂ ਕਰ ਸਕਦੀਅਾਂ। ਇਸ ਦੇ ਲਈ ਪਰਿਵਾਰ ਦੇ ਮਰਦ ਮੈਂਬਰਾਂ ਦਾ ਨਾਲ ਹੋਣਾ ਜ਼ਰੂਰੀ ਹੈ। ਬਿਨਾਂ ਮਰਦ ਦੇ ਬਾਜ਼ਾਰ ਜਾਣ ਵਾਲੀਅਾਂ ਔਰਤਾਂ ਦੀ ਹੱਤਿਆ ਤਕ ਹੋ ਜਾਂਦੀ ਹੈ। ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਨ ਵਾਲੀਅਾਂ ਔਰਤਾਂ ਨੂੰ ਮਜ਼ਹਬੀ ਸੱਤਾ ਸਜ਼ਾ ਦਿੰਦੀ ਹੈ। 
ਇਕ-ਦੋ ਸਾਲ ਪਹਿਲਾਂ ਤਕ ਸਾਊਦੀ ਅਰਬ ’ਚ ਹੀ ਔਰਤਾਂ ਦੇ ਕਾਰ ਚਲਾਉਣ ’ਤੇ ਪਾਬੰਦੀ ਸੀ, ਮਰਦਾਂ ਨਾਲ ਬੈਠ ਕੇ ਫੁੱਟਬਾਲ ਦਾ ਮੈਚ ਤਕ ਦੇਖਣ ’ਤੇ ਪਾਬੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਕੁਝ ਸਮਾਂ ਪਹਿਲਾਂ ਸਾਊਦੀ ਅਰਬ ਨੇ ਮੁਸਲਿਮ ਔਰਤਾਂ ਨੂੰ ਕਾਰ ਚਲਾਉਣ ਦਾ ਅਧਿਕਾਰ ਦੇ ਦਿੱਤਾ ਹੈ ਅਤੇ ਫੁੱਟਬਾਲ ਮੈਚ ਦੇਖਣ ਦੀ ਸੀਮਤ ਆਜ਼ਾਦੀ ਵੀ ਦਿੱਤੀ ਹੈ ਪਰ ਅਰਬ ਦੇ ਕਈ ਦੇਸ਼ ਅਜਿਹੇ ਹਨ, ਜਿਥੇ ਔਰਤਾਂ ਨੂੰ ਅਜੇ ਵੀ ਗੱਡੀ ਚਲਾਉਣ ਦੀ ਆਜ਼ਾਦੀ ਨਹੀਂ ਹੈ। 
ਪੈਰ ਦੀ ਜੁੱਤੀ
ਪਾਕਿਸਤਾਨ ’ਚ ਇਸ ਦੀਅਾਂ ਕਈ ਮਿਸਾਲਾਂ ਹਨ, ਜਿਥੇ ਕੱਟੜਪੰਥੀਅਾਂ ਨੇ ਔਰਤਾਂ ਨੂੰ ਸਿਰਫ ਬੱਚੇ ਜੰਮਣ ਵਾਲੀ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ ਜਾਂ ਔਰਤਾਂ ਨੂੰ ਮਰਦਾਂ ਦੇ ‘ਪੈਰ ਦੀ ਜੁੱਤੀ’ ਸਮਝ ਕੇ ਉਨ੍ਹਾਂ ’ਤੇ ਅੱਤਿਆਚਾਰ ਕੀਤੇ ਜਾਂਦੇ ਹਨ। ਪਾਕਿਸਤਾਨ ’ਚ ਗੀਤ-ਸੰਗੀਤ ਨਾਲ ਜੁੜੀਅਾਂ ਕਈ ਚਰਚਿਤ ਔਰਤਾਂ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਦੇ ਲਈ ਦਲੀਲ ਇਹ ਦਿੱਤੀ ਗਈ ਕਿ ਇਹ ਔਰਤਾਂ ਗੀਤ-ਸੰਗੀਤ ਦੇ ਜ਼ਰੀਏ ਮਜ਼ਹਬ ਨੂੰ ਬਦਨਾਮ ਕਰ ਰਹੀਅਾਂ ਸਨ। ਜ਼ਿਕਰਯੋਗ ਹੈ ਕਿ ਰੂੜੀਅਾਂ ’ਚ ਜਕੜੇ ਮਜ਼ਹਬ ਅੰਦਰ ਗੀਤ-ਸੰਗੀਤ ਲਈ ਕੋਈ ਜਗ੍ਹਾ ਨਹੀਂ ਹੁੰਦੀ ਤੇ ਗੀਤ-ਸੰਗੀਤ ਨੂੰ ਉਥੇ ਗੈਰ-ਇਸਲਾਮੀ ਮੰਨਿਆ ਜਾਂਦਾ ਹੈ। 
ਇਹ ਪੱਥਰ ਯੁੱਗ ਨਹੀਂ
ਅਰਬ ਦੇ ਦੇਸ਼ਾਂ ਨੂੰ ਲਿੰਗਕ ਬਰਾਬਰੀ ਤੇ ਔਰਤਾਂ ਦੀ ਆਜ਼ਾਦੀ ਬਾਰੇ ਸੋਚਣਾ ਹੀ ਪਵੇਗਾ, ਬਦਲਦੀ ਦੁਨੀਆ ਨੂੰ ਕਬੂਲ ਕਰਨਾ ਹੀ ਪਵੇਗਾ ਅਤੇ ਵੱਖ-ਵੱਖ ਸੱਭਿਅਤਾਵਾਂ ਨਾਲ ਮਿਲ ਕੇ ਚੱਲਣਾ ਪਵੇਗਾ, ਨਹੀਂ ਤਾਂ ਮੁਸ਼ਕਿਲ ਹੋਵੇਗੀ ਤੇ ਅਰਬ ਦੇਸ਼ ਖ਼ੁਦ ਹੀ ਘਾਟੇ ’ਚ ਰਹਿਣਗੇ ਕਿਉਂਕਿ ਇਹ ਪੱਥਰ ਯੁੱਗ ਤਾਂ ਹੈ ਨਹੀਂ। ਮਜ਼ਹਬ ਨੂੰ ਜਾਣਨ-ਸਮਝਣ ਦੇ ਨਵੇਂ-ਨਵੇਂ ਤਰੀਕੇ ਆ ਗਏ ਹਨ। ਵਿਗਿਆਨਿਕ ਕ੍ਰਾਂਤੀ ਨੇ ਮਜ਼ਹਬੀ ਰਵਾਇਤਾਂ ਅਤੇ ਅੰਧ-ਵਿਸ਼ਵਾਸਾਂ ਨੂੰ ਤੋੜਿਆ ਹੈ। 
ਅਰਬ ਦੀਅਾਂ ਔਰਤਾਂ ਹੁਣ ਯੂਰਪ ਦੀਅਾਂ ਔਰਤਾਂ ਦੀ ਆਜ਼ਾਦੀ ਵੱਲ ਦੇਖ ਰਹੀਅਾਂ ਹਨ ਤੇ ਸਮਝ ਰਹੀਅਾਂ ਹਨ ਕਿ ਉਨ੍ਹਾਂ ਨੂੰ ਵੀ ਯੂਰਪ ਦੀਅਾਂ ਔਰਤਾਂ ਵਾਂਗ ਆਜ਼ਾਦੀ ਚਾਹੀਦੀ ਹੈ। ਜੇ ਇਨ੍ਹਾਂ ਔਰਤਾਂ ਨੂੰ ਆਜ਼ਾਦੀ ਮਿਲੇਗੀ ਤਾਂ ਆਬਾਦੀ ’ਚ ਕੁਝ ਕਮੀ ਆਵੇਗੀ, ਉਨ੍ਹਾਂ ਦੀ ਤਰੱਕੀ ਦੇ ਨਵੇ-ਨਵੇਂ ਰਾਹ ਖੁੱਲ੍ਹਣਗੇ। ਔਰਤਾਂ ਪੜ੍ਹ-ਲਿਖ ਜਾਣਗੀਅਾਂ, ਆਜ਼ਾਦ ਹੋਣਗੀਅਾਂ ਤਾਂ ਉਹ ਪਰਿਵਾਰ ਦੀ ਵਿਵਸਥਾ ਨੂੰ ਵੀ ਮਜ਼ਬੂਤ ਬਣਾ ਸਕਦੀਅਾਂ ਹਨ। 
ਅੱਜ ਅਰਬ ਦੇਸ਼ ਕਿੱਥੇ ਖੜ੍ਹੇ ਹਨ। ਇਨ੍ਹਾਂ ਕੋਲ ਅਥਾਹ ਕੁਦਰਤੀ ਸੋਮੇ ਹਨ, ਪੈਸੇ ਦੀ ਕੋਈ ਘਾਟ ਨਹੀਂ ਹੈ, ਫਿਰ ਵੀ ਇਹ ਯੂਰਪ ਨਾਲੋਂ ਕਿਉਂ ਪੱਛੜੇ ਹੋਏ ਹਨ? ਇਨ੍ਹਾਂ ਕੋਲ ਕੁਸ਼ਲ ਮਜ਼ਦੂਰ ਤੋਂ ਲੈ ਕੇ ਇੰਜੀਨੀਅਰ, ਡਾਕਟਰ ਤੇ ਪ੍ਰਬੰਧ-ਕਰਤਾ ਤਕ ਨਹੀਂ ਹਨ। ਇਸ ਦੇ ਲਈ ਇਨ੍ਹਾਂ ਨੂੰ ਦੂਜੇ ਦੇਸ਼ਾਂ ਵੱਲ ਦੇਖਣਾ ਪੈਂਦਾ ਹੈ। 
ਆਪਣੇ ਕੁਦਰਤੀ ਸੋਮਿਅਾਂ ਦੀ ਵਰਤੋਂ ਲਈ ਵੀ ਇਹ ਅਮਰੀਕਾ ਅਤੇ ਯੂਰਪ ’ਤੇ ਨਿਰਭਰ ਕਰਦੇ ਹਨ। ਇਸ ਲਈ ਅਰਬ ਦੇ ਮੁਸਲਿਮ ਦੇਸ਼ਾਂ ਨੂੰ ਹੁਣ ਔਰਤਾਂ ਪ੍ਰਤੀ ਹੀ ਨਹੀਂ, ਸਗੋਂ ਹਰ ਤਰ੍ਹਾਂ ਦੇ ਮਜ਼ਹਬੀ ਬੰਧਨਾਂ ਤੋਂ ਮੁਕਤ ਹੋਣਾ ਚਾਹੀਦਾ ਹੈ। 
 (guptvishnu@gmail.com)