ਅਮਰੀਕੀ ਅਰਥਚਾਰੇ ਦੀ ''ਦਹਾੜ'' ਹੀ ਸਟਾਕ ਬਾਜ਼ਾਰਾਂ ਨੂੰ ਲੈ ਬੈਠੀ

02/09/2018 7:31:27 AM

ਬੀਤੇ ਸ਼ੁੱਕਰਵਾਰ ਅਮਰੀਕਾ ਦੇ ਸਟਾਕ ਬਾਜ਼ਾਰ ਲੜਖੜਾ ਗਏ ਅਤੇ ਇਹ ਸਿਲਸਿਲਾ ਸੋਮਵਾਰ ਵੀ ਜਾਰੀ ਰਿਹਾ। ਡਾਊ ਦਾ ਸੂਚਕ ਅੰਕ ਤਾਂ ਇਕ ਬਿੰਦੂ 'ਤੇ 1600 ਅੰਕ ਹੇਠਾਂ ਖਿਸਕ ਗਿਆ ਸੀ, ਭਾਵ ਕਿ 46 ਫੀਸਦੀ ਦੀ ਗਿਰਾਵਟ ਪਰ ਬਾਅਦ ਵਿਚ ਇਹ ਕੁਝ ਸੰਭਲ ਗਿਆ ਅਤੇ ਗਿਰਾਵਟ ਸਿਰਫ 1100 ਅੰਕ ਰਹਿ ਗਈ।
ਸਿਰਫ ਇਕ ਹਫਤਾ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਇਹ ਕਹਿ ਕੇ ਆਪਣੀ ਪਿੱਠ ਥਾਪੜ ਰਹੇ ਸਨ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਟਾਕ ਬਾਜ਼ਾਰ ਉੱਪਰ ਜਾ ਰਿਹਾ ਹੈ ਪਰ ਬੀਤੇ ਸ਼ੁੱਕਰਵਾਰ ਤੋਂ ਜਦੋਂ ਤੋਂ ਸੂਚਕ ਅੰਕ ਹੇਠਾਂ ਖਿਸਕਣੇ ਸ਼ੁਰੂ ਹੋਏ ਹਨ, ਰਾਸ਼ਟਰਪਤੀ ਨੇ ਆਪਣੀ ਜ਼ੁਬਾਨ ਤਕ ਨਹੀਂ ਖੋਲ੍ਹੀ।
ਟਰੰਪ ਦੇ ਆਲੋਚਕਾਂ ਨੇ ਕਿਹਾ ਹੈ ਕਿ ਸਟਾਕ ਮਾਰਕੀਟ ਦੀ ਅਸਫਲਤਾ ਜਾਂ ਸਫਲਤਾ ਨੂੰ ਉਸ ਦੇ ਰੁਝਾਨਾਂ ਨਾਲ ਜੋੜਨਾ ਟਰੰਪ ਲਈ ਮਜ਼ਾਕ ਵਾਲੀ ਗੱਲ ਹੈ। ਉਂਝ ਸਟਾਕ ਮਾਰਕੀਟ ਦੀ ਗਿਰਾਵਟ ਦਾ ਕਾਰਨ ਇਹ ਨਹੀਂ ਕਿ ਨਿਵੇਸ਼ਕਾਂ ਨੂੰ ਡੀਰੈਗੂਲੇਸ਼ਨ ਅਤੇ ਟੈਕਸ ਕਟੌਤੀ ਵਰਗੇ ਟਰੰਪ ਦੇ ਆਰਥਿਕ ਉਤਸ਼ਾਹ ਵਰਗੇ ਕਦਮਾਂ 'ਤੇ ਭਰੋਸਾ ਨਾ ਹੋਵੇ ਜਾਂ ਉਹ ਇਹ ਸਮਝਦੇ ਹੋਣ ਕਿ ਅਜਿਹੇ ਕਦਮ ਕਿਸੇ ਵੀ ਸਮੇਂ ਅਸਫਲ ਹੋ ਸਕਦੇ ਹਨ ਜਾਂ ਮੂਧੇ-ਮੂੰਹ ਡਿੱਗ ਸਕਦੇ ਹਨ, ਅਸਲੀਅਤ ਤਾਂ ਇਸ ਦੇ ਬਿਲਕੁਲ ਉਲਟ ਹੈ। 
ਨਿਵੇਸ਼ਕਾਂ ਨੂੰ ਭਰੋਸਾ ਹੈ ਕਿ ਆਰਥਿਕ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੀਆਂ ਟਰੰਪ ਦੀਆਂ ਨੀਤੀਆਂ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਹਨ, ਇਥੋਂ ਤਕ ਕਿ ਇਨ੍ਹਾਂ ਨੀਤੀਆਂ ਨਾਲ ਅਰਥ ਵਿਵਸਥਾ ਲੋੜ ਤੋਂ ਜ਼ਿਆਦਾ ਗਰਮਾਹਟ ਫੜ ਸਕਦੀ ਹੈ ਤੇ ਮਜਬੂਰ ਹੋ ਕੇ ਫੈਡਰਲ ਰਿਜ਼ਰਵ (ਭਾਵ ਅਮਰੀਕੀ ਰਿਜ਼ਰਵ ਬੈਂਕ) ਅਰਥ ਵਿਵਸਥਾ ਨੂੰ ਠੰਡੀ ਕਰਨ ਲਈ ਵਿਆਜ ਦਰਾਂ ਵਿਚ ਵਾਧਾ ਕਰ ਸਕਦੀ ਹੈ ਅਤੇ ਉਹ ਵੀ ਉਮੀਦ ਨਾਲੋਂ ਕਿਤੇ ਵੱਧ ਅਤੇ ਕਿਤੇ ਛੇਤੀ।
ਕਦੇ-ਕਦੇ ਹਾਲਾਤ ਅਜਿਹੇ ਹੁੰਦੇ ਹਨ ਕਿ ਤੁਹਾਡੀਆਂ ਪੌਂ-ਬਾਰ੍ਹਾਂ ਹੁੰਦੀਆਂ ਹਨ। ਬੀਤੇ ਸ਼ੁੱਕਰਵਾਰ ਜਿਸ ਗੱਲ ਨੇ ਗਿਰਾਵਟ ਦਾ ਰੁਝਾਨ ਸ਼ੁਰੂ ਕੀਤਾ, ਉਹ ਸੀ ਅਮਰੀਕਾ ਵਿਚ ਉਮੀਦ ਨਾਲੋਂ ਕਿਤੇ ਜ਼ਿਆਦਾ ਰੋਜ਼ਗਾਰ ਵਾਧਾ। ਉਂਝ ਬਾਜ਼ਾਰਾਂ ਦੀ 'ਦਰੁਸਤੀ' ਦੀਆਂ ਹਰ ਤਰ੍ਹਾਂ ਦੀਆਂ ਗੱਲਾਂ ਦੇ ਬਾਵਜੂਦ ਤਕਨੀਕੀ ਤੌਰ 'ਤੇ ਇਹ ਦਰੁਸਤੀ 10 ਫੀਸਦੀ ਜਾਂ ਇਸ ਨਾਲੋਂ ਜ਼ਿਆਦਾ ਦੀ ਗਿਰਾਵਟ ਨੂੰ ਪ੍ਰਤੀਬਿੰਬਤ ਕਰਦੀ ਹੈ। 
ਬਾਜ਼ਾਰਾਂ ਦੀ ਗਿਰਾਵਟ ਬੇਸ਼ੱਕ ਬਹੁਤ ਵੱਡੀ ਦਿਖਾਈ ਕਿਉਂ ਨਾ ਦਿੰਦੀ ਹੋਵੇ ਪਰ ਅਸਲ ਵਿਚ ਇਹ ਗਿਰਾਵਟ ਸਿਰਫ 8.5 ਫੀਸਦੀ ਹੈ ਅਤੇ ਗਿਰਾਵਟ ਦੀ ਇਸ ਪ੍ਰਕਿਰਿਆ ਵਿਚ ਅਰਥ ਵਿਵਸਥਾ ਦਸੰਬਰ ਦੇ ਮੱਧ ਵਾਲੀ ਸਥਿਤੀ ਵਿਚ ਪਹੁੰਚ ਗਈ ਹੈ, ਜਦੋਂ ਨਿਵੇਸ਼ਕਾਂ ਦੀਆਂ ਵਾਛਾਂ ਰੋਜ਼ਗਾਰ ਦੇ ਵਾਧੇ ਕਾਰਨ ਖਿੜੀਆਂ ਹੋਈਆਂ ਸਨ। 
ਬਾਜ਼ਾਰ ਤਾਂ ਹਮੇਸ਼ਾ ਤੇਜ਼ ਸਫਲਤਾ ਤੋਂ ਬਾਅਦ ਡਿੱਗਣੇ ਹੀ ਹੁੰਦੇ ਹਨ। ਪਿਛਲੇ ਹਫਤੇ ਦੀ ਸ਼ੁਰੂਆਤ ਵਿਚ ਗੋਲਡਮੈਨ ਸਾਕਸ ਦੇ ਗਲੋਬਲ ਇਕਵਿਟੀ ਮੁੱਖ ਰਣਨੀਤੀਕਾਰ ਪੀਟਰ ਓਪਨਹਾਈਮਰ ਨੇ ਇਹ ਭਵਿੱਖਬਾਣੀ ਕੀਤੀ ਸੀ, ''ਚੰਗਿਆੜੀ ਬੇਸ਼ੱਕ ਕਿਸੇ ਵੀ ਕਾਰਨ ਭੜਕੇ ਪਰ ਆਉਣ ਵਾਲੇ ਮਹੀਨਿਆਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਦਰੁਸਤਗੀ ਦੀ ਬਹੁਤ ਪੱਕੀ ਸੰਭਾਵਨਾ ਹੈ।''
ਆਸ਼ਾਵਾਦ ਦੇ ਢੋਲ-ਨਗਾਰੇ ਵਜਾਉਣ ਦੇ ਬਾਵਜੂਦ ਕੁਝ ਨਿਵੇਸ਼ਕ ਮੱਧਮ ਸੁਰ ਵਿਚ ਇਹ ਸੁਝਾਅ ਦੇ ਰਹੇ ਸਨ ਕਿ ਜੇ ਮੁਦਰਾਸਫੀਤੀ ਦੀ ਸੰਭਾਵਨਾ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸਟਾਕ ਮਾਰਕੀਟ ਨੇ ਮਹਿੰਗੀ ਨਜ਼ਰ ਆਉਣਾ ਸ਼ੁਰੂ ਕਰ ਦਿੱਤਾ ਸੀ। ਸ਼ਿਕਾਗੋ ਵਿਚ ਸਥਿਤ ਹੈੱਜ ਫੰਡ 'ਸਿਟਾਡਿਲ' ਦੀ ਸਹਿ-ਬਾਨੀ ਕੇਨ ਗ੍ਰਿਫਨ ਨੇ ਪਿਛਲੇ ਹਫਤੇ ਨਿਵੇਸ਼ਕਾਂ ਨੂੰ ਕੀਤੀ ਇਕ ਟਿੱਪਣੀ ਵਿਚ ਕਿਹਾ ਸੀ—
''ਗਲੋਬਲ ਅਰਥ ਵਿਵਸਥਾ ਦੀ ਦਹਾੜ ਅਤੇ ਸੋਮਿਆਂ ਦੀ ਵਰਤੋਂ ਵਿਚ ਵਧਦੀ ਤੰਗੀ ਕਾਰਨ ਅਸੀਂ ਬਹੁਤ ਸਾਵਧਾਨੀ ਨਾਲ ਇਨ੍ਹਾਂ ਸੰਭਾਵਨਾਵਾਂ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਾਂ ਕਿ ਕਿਸੇ ਵੀ ਸਮੇਂ ਮੁਦਰਾਸਫੀਤੀ ਸਭ ਕੁਝ ਨੂੰ ਉਲਟਾ-ਪੁਲਟਾ ਕਰ ਸਕਦੀ ਹੈ।''
ਪਿਛਲੇ ਹਫਤੇ ਦਾਵੋਸ 'ਚ ਜੇ. ਪੀ. ਮੋਰਗਨ ਸ਼ੇਜ਼ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਮੀਦਿਮੋਨ ਨੇ ਚਿਤਾਵਨੀ ਦਿੱਤੀ ਕਿ ''ਸਭ ਕੁਝ ਇੰਨਾ ਵਧੀਆ ਚੱਲ ਰਿਹਾ ਹੈ ਕਿ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਿਰਫ 1 ਸਾਲ ਵਿਚ ਅਸੀਂ ਇਥੇ ਹੀ ਬੈਠੇ ਆਪਣਾ ਸਿਰ ਖੁਰਕ ਰਹੇ ਹੋਵਾਂਗੇ, ਮੱਥਾ ਪਿੱਟ ਰਹੇ ਹੋਵਾਂਗੇ ਕਿ ਮੁਦਰਾਸਫੀਤੀ ਇੰਨੀ ਉੱਚੀ ਕਿਉਂ ਚਲੀ ਗਈ ਹੈ ਅਤੇ ਤਨਖਾਹਾਂ ਇੰਨੀਆਂ ਕਿਉਂ ਵਧਾਉਣੀਆਂ ਪਈਆਂ ਹਨ।''
ਆਸ਼ਾਵਾਦ ਇਕ ਆਰਥਿਕ ਸੂਚਕ ਅੰਕ ਤਾਂ ਹੋ ਸਕਦਾ ਹੈ ਪਰ ਗੁਗਨਹਾਈਮ ਪਾਰਟਨਰਜ਼ ਦੇ ਮੁੱਖ ਨਿਵੇਸ਼ ਅਧਿਕਾਰੀ ਸਕਾਟ ਮਿਨਰਡ ਨੇ ਨਿਵੇਸ਼ਕਾਂ ਲਈ ਟਿੱਪਣੀ ਲਿਖੀ, ''ਗਲੋਬਲ ਆਰਥਿਕ ਵਾਧੇ ਬਾਰੇ ਦਾਵੋਸ ਮੀਟਿੰਗ ਵਿਚ ਇੰਨਾ ਜ਼ਿਆਦਾ ਆਸ਼ਾਵਾਦ ਦਿਖਾਈ ਦੇ ਰਿਹਾ ਸੀ ਕਿ ਮੈਨੂੰ ਚਿੰਤਾ ਹੋਣ ਲੱਗੀ ਹੈ। ਜਿੱਥੇ ਗਲੋਬਲ ਅਰਥ ਵਿਵਸਥਾ ਲਗਾਤਾਰ ਤੇਜ਼ੀ ਫੜ ਰਹੀ ਹੈ, ਉਥੇ ਹੀ ਅਮਲੀ ਰੂਪ ਵਿਚ ਹਰ ਕਿਸੇ ਨੂੰ ਨਿਸ਼ਚਿੰਤ ਭਾਵਨਾ ਨਾਲ ਆਸ਼ਾਵਾਦੀ ਵਿਚਾਰ ਪ੍ਰਗਟਾਉਂਦਿਆਂ ਦੇਖ ਕੇ ਮੈਨੂੰ ਕਿਸੇ ਅਣਹੋਣੀ ਦਾ ਖ਼ਦਸ਼ਾ ਸਤਾਉਣ ਲੱਗਦਾ ਹੈ।''