ਆਖਿਰ ਕਦੋਂ ਤਕ ਚੁੱਪ ਰਹਿਣਗੇ ਅਰਵਿੰਦ ਕੇਜਰੀਵਾਲ!

05/17/2017 4:31:21 AM

ਪਿਛਲੇ 10 ਦਿਨਾਂ ਤੋਂ ਪੂਰੇ ਦੇਸ਼ ਨੂੰ ਇਕੋ ਸਵਾਲ ਖਾਈ ਜਾ ਰਿਹਾ ਹੈ ਕਿ ਆਖਿਰ ਅਰਵਿੰਦ ਕੇਜਰੀਵਾਲ ਨੂੰ ਕੀ ਹੋ ਗਿਆ ਹੈ? ਆਖਿਰ ਕੇਜਰੀਵਾਲ ਚੁੱਪ ਕਿਉਂ ਹਨ? ਉਹ ਕੇਜਰੀਵਾਲ, ਜੋ ਇਕ ਛਿੱਕ ਆਉਣ ''ਤੇ ਵੀ ਕੇਂਦਰ ਸਰਕਾਰ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਸਨ, ਉੱਠਦੇ-ਬੈਠਦੇ ਟਵਿਟਰ ''ਤੇ ਆਪਣੀ ਭੜਾਸ ਕੱਢਦੇ ਰਹਿੰਦੇ ਸਨ, ਖ਼ੁਦ ਨੂੰ ਈਮਾਨਦਾਰ ਕਹਿਣ ਤੇ ਦੂਜਿਆਂ ਨੂੰ ਬੇਈਮਾਨ ਕਹਿਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਸਨ, ਆਖਿਰ ਚੁੱਪ ਕਿਉਂ ਹਨ? 
ਕਪਿਲ ਮਿਸ਼ਰਾ ਦੋਸ਼ ਉੱਤੇ ਦੋਸ਼ ਦਾਗ਼ ਰਹੇ ਹਨ। ਕਪਿਲ ਮਿਸ਼ਰਾ ਕੇਜਰੀਵਾਲ ਨੂੰ ਕਾਲਰ ਤੋਂ ਫੜ ਕੇ ਤਿਹਾੜ ਵਿਚ ਛੱਡਣ ਦੀਆਂ ਗੱਲਾਂ ਕਰਦੇ ਹਨ। ਕੇਜਰੀਵਾਲ ''ਤੇ 2 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਲੱਗ ਗਿਆ, ਚੰਦੇ ਵਿਚ ਧੰਦਾ ਕਰਨ ਦਾ ਦੋਸ਼ ਲੱਗ ਗਿਆ, ਹਵਾਲਾ ਅਤੇ ਫਰਜ਼ੀ ਕੰਪਨੀਆਂ ਵਿਚ ਸ਼ਾਮਿਲ ਹੋਣ ਦਾ ਦੋਸ਼ ਲੱਗ ਗਿਆ। ਇਥੋਂ ਤਕ ਕਿ ਕਪਿਲ ਮਿਸ਼ਰਾ ਦੀ ਮਾਂ ਨੇ ਵੀ ਕੇਜਰੀਵਾਲ ਤੋਂ ਜੁਆਬ ਮੰਗੇ। 
ਸਾਰੇ ਟੀ. ਵੀ. ਚੈਨਲ ਪੁੱਛ ਰਹੇ ਹਨ ਕਿ ਕੇਜਰੀਵਾਲ ਚੁੱਪ ਕਿਉਂ ਹਨ? ਉਹ ਜੁਆਬ ਕਿਉਂ ਨਹੀਂ ਦਿੰਦੇ? ਇਕ ਚੈਨਲ ਨੇ ਤਾਂ ਬਕਾਇਦਾ ਘੰਟਿਆਂ ਦਾ ਹਿਸਾਬ ਰੱਖਿਆ ਕਿ ਕੇਜਰੀਵਾਲ ਕਿੰਨੇ ਘੰਟਿਆਂ ਤੋਂ ਚੁੱਪ ਹਨ ਪਰ ਕੇਜਰੀਵਾਲ ਫਿਰ ਵੀ ਨਹੀਂ ਬੋਲੇ। ਕੇਜਰੀਵਾਲ ਵਲੋਂ ਸੰਜੇ ਸਿੰਘ ਬੋਲਦੇ ਹਨ, ਆਸ਼ੂਤੋਸ਼ ਬਲਾਗ ਲਿਖਦੇ ਹਨ ਅਤੇ ਕੇਜਰੀਵਾਲ ਦੀ ਪਤਨੀ ਆਪਣੇ ਪਤੀ ਦੇ ਬਚਾਅ ''ਚ ਸਾਹਮਣੇ ਆ ਜਾਂਦੀ ਹੈ, ਕੇਜਰੀਵਾਲ ਫਿਰ ਵੀ ਨਹੀਂ ਬੋਲ ਰਹੇ। 
ਇੰਨੇ ਚੁੱਪ ਤਾਂ ਉਹ ਉਦੋਂ ਵੀ ਨਹੀਂ ਰਹੇ ਸਨ, ਜਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਸੀ। ਕੇਜਰੀਵਾਲ ਹਰ ਕਦਮ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਦੁਨੀਆ ਭਰ ਨੂੰ ਨਿੰਦਦੇ ਰਹੇ। ਪੰਜਾਬ, ਗੋਆ ਦੀਆਂ ਵਿਧਾਨ ਸਭਾ ਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਹਾਰ ਗਈ ਕਿਉਂਕਿ ਲੋਕਾਂ ਨੇ ਇਹੋ ਮੰਨ ਲਿਆ ਸੀ ਕਿ ਕੇਜਰੀਵਾਲ ਬਸ ਬੋਲਦੇ ਹੀ ਰਹਿੰਦੇ ਹਨ। ਕੇਜਰੀਵਾਲ ਨੇ ਈ. ਵੀ. ਐੱਮ. ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਰੱਖੀ ਤੇ ਸਾਰੇ ਦੇਸ਼ ਵਿਚ ਈ. ਵੀ. ਐੱਮ. ਬਾਰੇ ਸ਼ੱਕ ਪੈਦਾ ਕਰ ਦਿੱਤਾ।
ਪਰ ਹੁਣ ਇੰਨੇ ਦੋਸ਼ ਲੱਗਣ ਤੋਂ ਬਾਅਦ ਕੇਜਰੀਵਾਲ ਚੁੱਪ ਕਿਉਂ ਹਨ? ਪੂਰੀ ਦਿੱਲੀ, ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਇਸ ਦੀ ਵਜ੍ਹਾ ਕੀ ਹੈ? ਹੋ ਸਕਦਾ ਹੈ ਕੇਜਰੀਵਾਲ ਨੇ ਇਹ ਸਹੁੰ ਖਾਧੀ ਹੋਵੇ ਕਿ ਕਪਿਲ ਮਿਸ਼ਰਾ ਦੇ ਦੋਸ਼ਾਂ ਬਾਰੇ ਉਹ ਆਪਣੀ ਜ਼ੁਬਾਨ ਨਹੀਂ ਖੋਲ੍ਹਣਗੇ। 
ਨਾ ਖੋਲ੍ਹਣ ਪਰ ਟਵਿਟਰ, ਫੇਸਬੁੱਕ ਅਤੇ ਸੋਸ਼ਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਤਾਂ ਉਨ੍ਹਾਂ ਦੇ ਜਵਾਬ ਦੀ ਉਡੀਕ ''ਚ ਹਨ। 
ਆਖਿਰ ਦੁਨੀਆ ਨੂੰ ਪਤਾ ਤਾਂ ਲੱਗੇ ਕਿ ਕਪਿਲ ਮਿਸ਼ਰਾ ਜੋ ਕਹਿ ਰਹੇ ਹਨ, ਉਸ ਵਿਚ ਕੇਜਰੀਵਾਲ ਕਿੰਨੀ ਸੱਚਾਈ ਮੰਨਦੇ ਹਨ। ਜਦੋਂ ਤੁਸੀਂ ਦੁਨੀਆ ਭਰ ਨੂੰ ਬੇਈਮਾਨ ਕਹਿੰਦੇ ਹੋ ਤਾਂ ਦੂਜੇ ਚੀਕ-ਚੀਕ ਕੇ ਕਹਿੰਦੇ ਹਨ ਕਿ ਨਹੀਂ, ਅਸੀਂ ਬੇਈਮਾਨ ਨਹੀਂ ਹਾਂ। ਇਹ ਅਧਿਕਾਰ ਤੁਹਾਡੇ ਕੋਲ ਵੀ ਹੈ।
ਜੇ ਕੇਜਰੀਵਾਲ ਕੋਲ ਕੋਈ ਸਬੂਤ ਹਨ ਤਾਂ ਪੇਸ਼ ਕਰਨ ਪਰ ਬਿਨਾਂ ਸਬੂਤ ਦੇ ਤੁਸੀਂ ਬਹੁਤ ਸਾਰੇ ਦੋਸ਼ ਲਾ ਦਿੰਦੇ ਹੋ ਅਤੇ ਕਹਿੰਦੇ ਹੋ ਕਿ ਦੇਸ਼ ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨਾ ਚਾਹੁੰਦਾ ਹੈ। ਹੁਣ ਦੇਸ਼ ਵੀ ਕੇਜਰੀਵਾਲ ਦੇ ਜਵਾਬ ਦੀ ਉਡੀਕ ''ਚ ਹੈ। 
ਹੋ ਸਕਦਾ ਹੈ ਕੇਜਰੀਵਾਲ ਕਪਿਲ ਮਿਸ਼ਰਾ ਦੇ ਵਿਸ਼ਵਾਸਘਾਤ ਤੋਂ ਬਹੁਤ ਦੁਖੀ ਹੋਣ ਤੇ ਮੰਨਦੇ ਹੋਣ ਕਿ ਇਹ ਸਾਰੇ ਦੋਸ਼ ਝੂਠੇ, ਬੇਸਿਰ-ਪੈਰ ਦੇ ਹਨ, ਇਨ੍ਹਾਂ ਦਾ ਜਵਾਬ ਕਿਉਂ ਦਿੱਤਾ ਜਾਵੇ। ਝੂਠ ਦੇ ਪੈਰ ਨਹੀਂ ਹੁੰਦੇ ਤੇ ਕੇਜਰੀਵਾਲ ਉਸ ਝੂਠ ਨੂੰ ਪੈਰ ਨਹੀਂ ਲਾਉਣਾ ਚਾਹੁੰਦੇ ਪਰ ਜਿਸ ਤਰ੍ਹਾਂ ਦੋਸ਼ ਲੱਗ ਰਹੇ ਹਨ, ਉਸ ਨਾਲ ਤਾਂ ਸਾਰੇ ਦੇਸ਼ ''ਚ ਸ਼ੱਕ ਦੀ ਸੂਈ ਘੁੰਮ ਰਹੀ ਹੈ। ਆਖਿਰ ਉਸ ਝੂਠ ਨੂੰ ਝੂਠ ਕਹਿਣ ''ਚ ਕੀ ਬੁਰਾਈ ਹੈ? 
ਇਹ ਵੀ ਹੋ ਸਕਦਾ ਹੈ ਕਿ ਕੇਜਰੀਵਾਲ ਦੁਖੀ ਹੋਣ ਕਰਕੇ ਹੀ ਇਸ ਬਾਰੇ ਕੁਝ ਨਾ ਬੋਲਣਾ ਚਾਹੁੰਦੇ ਹੋਣ। ਸੱਚਮੁਚ ਬਿਨਾਂ ਸਬੂਤਾਂ ਦੇ ਦੋਸ਼ ਲਾਉਣ ''ਤੇ ਦਿਲ ਵਿਚ ਬਹੁਤ ਦਰਦ ਹੁੰਦਾ ਹੈ ਪਰ ਕੇਜਰੀਵਾਲ ਤਾਂ ਖ਼ੁਦ ਵੀ ਅਜਿਹਾ ਹੀ ਕਰਦੇ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਪਹਿਲੀ ਵਾਰ ਇਸ ਦਰਦ ਦਾ ਅਹਿਸਾਸ ਹੋਇਆ ਹੈ ਅਤੇ ਅਜਿਹਾ ਅਹਿਸਾਸ ਹੋਇਆ ਕਿ ਹੁਣ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਬਾਰੇ ਇਕ ਵੀ ਲਫ਼ਜ਼ ਕਹਿਣਾ ਠੀਕ ਨਹੀਂ ਸਮਝਿਆ।
ਫਿਰ ਵੀ ''ਆਮ ਆਦਮੀ ਪਾਰਟੀ'' ਦੇ ਨੇਤਾਵਾਂ ਨੂੰ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਦੋਸ਼ ਸੱਚੇ ਹਨ ਜਾਂ ਝੂਠੇ, ਚਾਹੇ ਉਨ੍ਹਾਂ ਦਾ ਕੋਈ ਸਿਰ-ਪੈਰ ਨਾ ਹੋਵੇ ਪਰ ਫੁਟੇਜ ਲੈਣ ਦੇ ਮਾਮਲੇ ਵਿਚ ਤਾਂ ਕਪਿਲ ਮਿਸ਼ਰਾ ਬਾਜ਼ੀ ਮਾਰ ਰਹੇ ਹਨ, ਘੱਟੋ-ਘੱਟ ਕੇਜਰੀਵਾਲ ਉਸ ਲਿਹਾਜ਼ ਨਾਲ ਜਵਾਬ ਦੇ ਦੇਣ। ਇਨ੍ਹਾਂ ਸਥਿਤੀਆਂ ''ਚ ਜਵਾਬ ਦੇਣਾ ਬਣਦਾ ਹੀ ਹੈ।