ਸੱਤਾ ''ਚ ਵਾਪਸੀ ਲਈ ਤਿਆਰ ''ਆਪ''

02/10/2020 12:50:03 AM

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਵਿਚਾਰ-ਵਟਾਂਦਰਾ, ਵਿਚਾਰਧਾਰਾ, ਚੋਣ ਐਲਾਨ ਪੱਤਰ ਅਤੇ ਵਿਕਾਸ ਪ੍ਰਾਜੈਕਟਾਂ 'ਤੇ ਕੋਈ ਚਰਚਾ ਨਹੀਂ ਹੋਈ ਹੈ ਪਰ ਆਮ ਆਦਮੀ ਪਾਰਟੀ (ਆਪ) ਨੇ ਪਿਛਲੇ 5 ਸਾਲਾਂ ਦੌਰਾਨ ਆਪਣੇ ਪ੍ਰਸ਼ਾਸਨ ਵਿਚ ਬਿਜਲੀ, ਪਾਣੀ, ਸਿਹਤ, ਸਿੱਖਿਆ, ਔਰਤਾਂ ਲਈ ਫ੍ਰੀ ਬੱਸ ਯਾਤਰਾ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਬਾਰੇ ਲੋਕਾਂ ਨੂੰ ਦੱਸਿਆ। ਹਾਲਾਂਕਿ ਭਾਜਪਾ ਨੇ ਵਿਕਾਸ ਲਈ ਆਪਣੀ ਯੋਜਨਾ ਬਾਰੇ ਚਰਚਾ ਨਹੀਂ ਕੀਤੀ, ਉੱਥੇ ਹੀ ਉਸ ਨੇ ਆਪਣਾ ਧਿਆਨ ਸ਼ਾਹੀਨ ਬਾਗ 'ਤੇ ਕੇਂਦਰਿਤ ਕੀਤਾ। ਭਾਜਪਾ ਉਮੀਦ ਕਰਦੀ ਹੈ ਕਿ ਉਹ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੇ ਯੋਗ ਹੋਵੇਗੀ। ਭਾਜਪਾ ਅਜਿਹੀ ਵੀ ਉਮੀਦ ਕਰਦੀ ਹੈ ਕਿ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਦੇ ਵਾਅਦੇ ਨਾਲ ਉਹ ਝੁੱਗੀ-ਝੌਂਪੜੀਆਂ ਦਾ ਸਮਰਥਨ ਮੁੜ ਹਾਸਲ ਕਰ ਲਵੇਗੀ ਪਰ ਐਗਜ਼ਿਟ ਪੋਲ ਦਰਸਾਉਂਦੇ ਹਨ ਕਿ 'ਆਪ' ਰਾਸ਼ਟਰੀ ਰਾਜਧਾਨੀ ਦੀ ਸੱਤਾ ਵਿਚ ਵਾਪਸੀ ਲਈ ਤਿਆਰ ਹੈ। ਐਗਜ਼ਿਟ ਪੋਲ ਅਨੁਸਾਰ ਭਾਜਪਾ ਪਿਛਲੀ ਵਾਰ ਹਾਸਲ ਕੀਤੀਆਂ ਗਈਆਂ 3 ਸੀਟਾਂ ਦੀ ਟੈਲੀ ਵਿਚ ਕੁਝ ਸੁਧਾਰ ਕਰੇਗੀ ਅਤੇ ਇਹ ਦੂਸਰੇ ਨੰਬਰ 'ਤੇ ਰਹੇਗੀ। ਪਿਛਲੀ ਵਾਰ ਦਿੱਲੀ ਵਿਚ ਕਾਂਗਰਸ ਰਾਜਨੀਤੀ ਦੀ ਖੇਡ ਵਿਚੋਂ ਬਾਹਰ ਦਿਸੀ। ਜੇਕਰ ਅਸੀਂ ਕਿਸੇ ਸੜਕ 'ਤੇ ਖੜ੍ਹੇ ਵਿਅਕਤੀ ਨੂੰ ਪੁੱਛੀਏ ਜਾਂ ਫਿਰ ਪਾਸ਼ ਕਾਲੋਨੀ ਵਿਚ ਰਹਿ ਰਹੇ ਲੋਕਾਂ ਨੂੰ ਪੁੱਛੀਏ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਈ ਹੈ ਤਾਂ ਨਿਸ਼ਚਿਤ ਤੌਰ 'ਤੇ ਉਨ੍ਹਾਂ ਦਾ ਜਵਾਬ ਹੈ ਅਰਵਿੰਦ ਕੇਜਰੀਵਾਲ। ਅਜਿਹਾ ਜਾਪਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਹੱਕ ਵਿਚ ਇਕ ਲਹਿਰ ਚੱਲ ਰਹੀ ਹੈ। ਇਸ ਵਾਰ ਦਿੱਲੀ ਦੇ ਵੋਟਰ ਖੁੱਲ੍ਹੇ ਤੌਰ ਅਤੇ ਚੀਕ-ਚੀਕ ਕੇ ਸਿੱਖਿਆ, ਸਿਹਤ, ਪਾਣੀ ਅਤੇ ਬਿਜਲੀ ਬਾਰੇ ਬੋਲ ਰਹੇ ਹਨ। ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਦਾ ਫੈਸਲਾ ਪੂਰੇ ਦੇਸ਼ ਦੀ ਸਿਆਸੀ ਸ਼੍ਰੇਣੀ ਨੂੰ ਜਾਵੇਗਾ।

ਪੱਛਮੀ ਬੰਗਾਲ ਵਿਚ ਭਾਜਪਾ ਅਤੇ ਟੀ. ਐੱਮ. ਸੀ. 'ਚ ਖਿੱਚੋਤਾਣ
ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਅਤੇ ਟੀ. ਐੱਮ. ਸੀ. ਵਰਕਰ ਕੋਈ ਵੀ ਮੌਕਾ ਨਹੀਂ ਛੱਡ ਰਹੇ ਜਦੋਂ ਆਪਸ ਵਿਚ ਲੜਿਆ ਨਾ ਜਾ ਸਕੇ। ਹਾਲ ਹੀ ਵਿਚ ਸੀ. ਏ. ਏ. ਪ੍ਰਦਰਸ਼ਨਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਿਚਾਲੇ ਖਿੱਚੋਤਾਣ ਉਸ ਵੇਲੇ ਵਧ ਗਈ, ਜਦੋਂ ਇਕ ਨੇਤਾ ਨੇ ਕੋਲਕਾਤਾ ਬੁੱਕ ਫੇਅਰ ਦੇ ਇਕ ਸਟਾਲ ਦੀ ਯਾਤਰਾ ਕੀਤੀ। 44ਵੇਂ ਕੌਮਾਂਤਰੀ ਕੋਲਕਾਤਾ ਬੁੱਕ ਫੇਅਰ ਦੌਰਾਨ ਕਰੀਬ ਸ਼ਾਮ 4.30 ਵਜੇ ਪੱਛਮੀ ਬੰਗਾਲ ਦੇ ਭਾਜਪਾ ਨੇਤਾ ਰਾਹੁਲ ਸਿਨਹਾ ਜਦੋਂ ਇਕ ਸਟਾਲ ਵਿਚ ਦਾਖਲ ਹੋਏ ਤਾਂ ਦੋਵਾਂ ਧਿਰਾਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ। ਵਿਦਿਆਰਥੀਆਂ ਨੇ ਸਿਨਹਾ ਨੂੰ ਘੇਰ ਲਿਆ ਅਤੇ ਸੀ. ਏ. ਏ. ਅਤੇ ਐੱਨ.ਆਰ. ਸੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਰਾਮ ਮੰਦਰ ਟਰੱਸਟ ਦੀ ਮੈਂਬਰਸ਼ਿਪ ਸਬੰਧੀ ਸਾਧੂ ਅਤੇ ਸ਼ੰਕਰਾਚਾਰੀਆ ਵਿਚਾਲੇ ਮਤਭੇਦ
9 ਨਵੰਬਰ 2019 ਨੂੰ ਰਾਮ ਮੰਦਰ 'ਤੇ ਫੈਸਲਾ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਲਈ ਐਡਵੋਕੇਟ ਕੇ. ਪਾਰਾਸਰਨ ਦੀ ਚੇਅਰਮੈਨਸ਼ਿਪ ਵਿਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਐਲਾਨ ਕੀਤਾ। ਇਹੀ ਪਤਾ ਕੇ. ਪਾਰਾਸਰਨ ਦੇ ਨਿਵਾਸ ਦਾ ਵੀ ਹੋਵੇਗਾ, ਜਿਨ੍ਹਾਂ ਨੇ ਅਯੁੱਧਿਆ ਵਿਵਾਦ ਵਿਚ 9 ਸਾਲ ਹਿੰਦੂ ਪੱਖ ਦੀ ਪੈਰਵੀ ਕੀਤੀ। ਇਕ ਸਮੇਂ ਵਿਚ ਕੇ. ਪਾਰਾਸਰਨ ਕਾਂਗਰਸ ਦੇ ਬੇਹੱਦ ਨੇੜੇ ਸਨ ਪਰ ਹੁਣ ਉਹ ਆਰ. ਐੱਸ. ਐੱਸ. ਦੇ ਨੇੜੇ ਹਨ। ਇਸ ਟਰੱਸਟ ਵਿਚ 15 ਮੈਂਬਰ ਹੋਣਗੇ, ਜਿਨ੍ਹਾਂ ਵਿਚ ਜਗਤ ਗੁਰੂ ਸ਼ੰਕਰਾਚਾਰੀਆ ਪ੍ਰਯਾਗ ਦੇ ਜੋਤਿਸ਼ ਪੀਠਾਧੀਸ਼ਵਰ ਸਵਾਮੀ ਵਾਸੂਦੇਵਾਨੰਦ ਸਰਸਵਤੀ, ਉਡੁੱਪੀ ਦੇ ਪੇਜ਼ਾਵਰ ਮੱਠ ਦੇ ਜਗਤ ਗੁਰੂ ਮਧਵਾਚਾਰੀਆ ਸਵਾਮੀ ਵਿਸ਼ਵ ਪ੍ਰਸੰਨਤੀਰਥ, ਯੁੱਗ ਪੁਰਸ਼ ਪਰਮਾਨੰਦ ਮਹਾਰਾਜ, ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਅਤੇ ਅਯੁੱਧਿਆ ਤੋਂ ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਸ਼ਾਮਲ ਹਨ ਪਰ ਰਾਮ ਜਨਮ ਭੂਮੀ ਨਿਆਸ ਅਤੇ ਵਿਹਿਪ ਪ੍ਰਧਾਨ ਨ੍ਰਿਤ ਗੋਪਾਲ ਦਾਸ ਨੇ ਇਸ ਗੱਲ ਨੂੰ ਲੈ ਕੇ ਆਪਣੀ ਆਵਾਜ਼ ਉਠਾਈ ਕਿ ਦਹਾਕਿਆਂ ਪੁਰਾਣੇ ਸ਼੍ਰੀ ਰਾਮ ਮੰਦਰ ਅੰਦੋਲਨ ਨੂੰ ਚਲਾਉਣ ਵਾਲੇ ਲੋਕਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ? ਇਸ ਦੌਰਾਨ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਕੇਂਦਰ ਦੇ ਮੰਦਰ ਟਰੱਸਟ ਨੂੰ ਸਥਾਪਤ ਕਰਨ ਦੇ ਫੈਸਲੇ ਨੂੰ ਕੋਰਟ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।

'ਵਿਜ਼ਨ ਫਾਰ ਏ ਨੇਸ਼ਨ' ਕਿਤਾਬ ਰਿਲੀਜ਼
ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵਿਚ ਲੋਕ ਧਰਮ ਨਿਰਪੱਖਤਾ ਅਤੇ ਨਾਗਰਿਕਤਾ ਚੁਣੌਤੀ ਸਹਿ ਰਹੇ ਹਨ। ਜੇਕਰ ਕੋਈ ਵਿਅਕਤੀ ਧਰਮ ਨਿਰਪੱਖ ਹੈ ਤਾਂ ਕੁਝ ਲੋਕ ਉਸ ਨੂੰ ਰਾਸ਼ਟਰ ਵਿਰੋਧੀ ਕਹਿੰਦੇ ਹਨ। 'ਵਿਜ਼ਨ ਫਾਰ ਏ ਨੇਸ਼ਨ' ਕਿਤਾਬ ਰਿਲੀਜ਼ ਹੋਣ ਤੋਂ ਬਾਅਦ ਚਿਦਾਂਬਰਮ ਨੇ ਕਿਹਾ ਕਿ ਜੇਕਰ ਅੱਜਕਲ ਕੋਈ ਧਰਮ ਨਿਰਪੱਖ ਹੈ ਤਾਂ ਉਸ ਦੀ ਦੇਸ਼ ਭਗਤੀ ਬਾਰੇ ਪੁੱਛਿਆ ਜਾਂਦਾ ਹੈ। ਇਥੇ ਅਜਿਹੇ ਵੀ ਲੋਕ ਹਨ ਜੋ ਦੂਜਿਆਂ ਦੀ ਨਾਗਰਿਕਤਾ ਬਾਰੇ ਸਵਾਲ ਉਠਾਉਂਦੇ ਹਨ, ਇਹ ਖਤਰੇ ਦੀ ਘੰਟੀ ਹੈ। ਇਸ ਕਿਤਾਬ ਨੂੰ ਰਿਲੀਜ਼ ਸਮ੍ਰਿੱਧ ਭਾਰਤ ਫਾਊਂਡੇਸ਼ਨ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅਨਸਾਰੀ ਅਤੇ ਪੀ. ਚਿਦਾਂਬਰਮ ਅਤੇ ਹੋਰਨਾਂ ਦੀ ਹਾਜ਼ਰੀ ਵਿਚ ਕੀਤਾ ਗਿਆ।

ਆਪਣੇ ਨਿਯੁਕਤੀ ਬੋਰਡ ਦਾ ਗਠਨ ਜਲਦ ਕਰੇਗਾ ਪ੍ਰਸਾਰ ਭਾਰਤੀ
ਇਕ ਖੁਦਮੁਖਤਾਰ ਇਕਾਈ ਦੇ ਤੌਰ 'ਤੇ ਤਿੰਨ ਦਹਾਕੇ ਪਹਿਲਾਂ ਪ੍ਰਸਾਰ ਭਾਰਤੀ ਦੀ ਸਥਾਪਨਾ ਕੀਤੀ ਗਈ ਸੀ। ਹੁਣ ਜਲਦ ਇਹ ਆਪਣੇ ਨਿਯੁਕਤੀ ਬੋਰਡ ਦਾ ਗਠਨ ਕਰੇਗਾ, ਜਿਸ ਨਾਲ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਲਈ ਕਰਮਚਾਰੀਆਂ ਦੀ ਨਿਯੁਕਤੀ ਲੋੜ ਅਨੁਸਾਰ ਸੰਭਵ ਹੋ ਸਕੇਗੀ। ਪ੍ਰਸਾਰ ਭਾਰਤੀ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਪ੍ਰਸਾਰ ਭਾਰਤੀ ਐਕਟ 1990 ਨੂੰ ਇਕ ਜਾਂ ਇਸ ਤੋਂ ਵੱਧ ਨਿਯੁਕਤੀ ਬੋਰਡਾਂ ਦੀ ਸਥਾਪਨਾ ਬਾਰੇ ਕਿਹਾ ਸੀ ਪਰ ਇਸ 'ਤੇ ਕੋਈ ਅਮਲ ਨਹੀਂ ਹੋਇਆ ਕਿਉਂਕਿ ਕੇਂਦਰ ਸਰਕਾਰ ਅਤੇ ਪਬਲਿਕ ਬਰਾਡਕਾਸਟਰ ਦੀ ਅਜਿਹੇ ਕਿਸੇ ਵੀ ਬੋਰਡ ਦੇ ਗਠਨ ਨੂੰ ਲੈ ਕੇ ਇਕ ਰਾਇ ਨਹੀਂ ਸੀ। ਜਦੋਂ ਪ੍ਰਸਾਰ ਭਾਰਤੀ ਦੀ ਸਥਾਪਨਾ ਹੋਈ, ਕਈ ਸਰਕਾਰੀ ਅਧਿਕਾਰੀਆਂ ਨੇ ਡੈਪੂਟੇਸ਼ਨ 'ਤੇ ਇਸ ਨੂੰ ਜੁਆਇਨ ਕੀਤਾ ਪਰ ਹੁਣ ਸਰਕਾਰ ਪ੍ਰਸਾਰ ਭਾਰਤੀ ਲਈ ਇਕ ਰਿਕਰੂਟਮੈਂਟ ਬੋਰਡ ਦੇ ਗਠਨ ਦੀ ਪ੍ਰਕਿਰਿਆ 'ਤੇ ਅਮਲ ਕਰ ਰਹੀ ਹੈ ਅਤੇ ਇਸ ਦਾ ਜਲਦ ਐਲਾਨ ਕੀਤਾ ਜਾਏਗਾ।

                                                                                               —ਰਾਹਿਲ ਨੋਰਾ ਚੋਪੜਾ

KamalJeet Singh

This news is Content Editor KamalJeet Singh