ਅਟਲ ਯੁੱਗ ਦਾ ਗਵਾਹ ਹੋਣਾ ਮਾਣ ਵਾਲੀ ਗੱਲ

08/27/2018 7:01:10 AM

ਅਟਲ ਬਿਹਾਰੀ ਵਾਜਪਾਈ ਅਤੇ ਸਵ. ਅਟਲ ਬਿਹਾਰੀ ਵਾਜਪਾਈ, ਇਨ੍ਹਾਂ ਦੋਹਾਂ ਸ਼ਬਦਾਂ ਵਿਚਾਲੇ ਸਵਰਗਵਾਸੀ ਦੀ ਇਹ ਉਪਮਾ ਦਿਲ ਕਿਤਿਓਂ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਸਵੀਕਾਰ ਹੋ ਵੀ ਕਿਵੇਂ ਸਕਦਾ ਹੈ? ਉਹ ਅਟਲ ਬਿਹਾਰੀ ਵਾਜਪਾਈ, ਜਿਨ੍ਹਾਂ ਦੀ ਅਟਲ ਸਾਫ-ਸੁਥਰੀ, ਅੱਜ ਦੇ ਦੌਰ ਵਿਚ ਕਰੀਬ-ਕਰੀਬ ਅਸੰਭਵ ਜਿਹੀ ਨਿਸ਼ਕਪਟ ਅਤੇ ਨਿਸ਼ਠ ਰਾਜਨੀਤੀ ਨੇ ਭਾਰਤੀ ਜਨਤਾ ਪਾਰਟੀ ਨੂੰ ਹੀ ਨਹੀਂ, ਸਗੋਂ ਸਮੁੱਚੀ ਸਿਆਸੀ ਬਰਾਦਰੀ ਨੂੰ ਇਕ ਨਵਾਂ ਰਾਹ ਦਿਖਾਇਆ, ਮਨ ਇਹ ਕਿਵੇਂ ਮੰਨ ਲਵੇ ਕਿ ਉਹ ਅਟਲ ਹੁਣ ਨਹੀਂ ਹਨ। ਜੇਕਰ ਮਨ ਇਹ ਮੰਨ ਲਵੇ ਤਾਂ ਇਹ ਵੀ ਅਟਲ ਹੈ ਕਿ ਰਾਜਨੀਤੀ ਦੀ ਨੀਤੀ ਹੀ ਨਹੀਂ ਰਹੀ। ਉਨ੍ਹਾਂ ਨੇ ਅਪੋਜ਼ੀਸ਼ਨ ਵਿਚ ਰਹਿੰਦੇ ਹੋਏ ਇਕ ਆਦਰਸ਼ ਸਥਾਪਿਤ ਕੀਤਾ ਤਾਂ ਸੱਤਾ ਵਿਚ ਰਹਿੰਦੇ ਹੋਏ ਇਕ ਸਮੂਹਿਕਤਾ ਦੀ ਸੰਸਕ੍ਰਿਤੀ ਨੂੰ ਜਨਮ ਦਿੱਤਾ। ਦਰਅਸਲ, ਕੋਈ ਐਵੇਂ ਹੀ ਅਟਲ ਬਿਹਾਰੀ ਵਾਜਪਾਈ ਨਹੀਂ ਹੋ ਜਾਂਦਾ। ਅਟਲ ਬਿਹਾਰੀ ਵਾਜਪਾਈ ਹੋਣ ਲਈ ਜੀਵਨ ਅਰਪਣ ਕਰਨਾ ਪੈਂਦਾ ਹੈ, ਤਪੱਸਿਆ ਕਰਨੀ ਪੈਂਦੀ ਹੈ, ਆਪਣੀਆਂ ਇੱਛਾਵਾਂ ਨੂੰ ਦੇਸ਼ ਲਈ ਤਿਆਗਣਾ ਪੈਂਦਾ ਹੈ ਅਤੇ ਫਿਰ ਹੀ ਅਟਲ, ਅਟਲ ਬਿਹਾਰੀ ਵਾਜਪਾਈ ਬਣ ਸਕਦਾ ਹੈ। 
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਸ ਯੁੱਗ ਦਾ ਗਵਾਹ ਹਾਂ, ਜਿਸ ਯੁੱਗ ਵਿਚ ਅਟਲ ਬਿਹਾਰੀ ਵਾਜਪਾਈ ਹੋਏ। ਮੈਂ ਬੇਹੱਦ ਗੌਰਵਸ਼ਾਲੀ ਮਹਿਸੂਸ ਕਰਦਾ ਹਾਂ ਕਿ ਜਿਸ ਪਾਰਟੀ ਨੂੰ ਅਟਲ ਬਿਹਾਰੀ ਵਾਜਪਾਈ ਵਰਗੇ ਮਾਲੀ ਨੇ ਸਿੰਜਿਆ, ਉਸ ਭਾਜਪਾ ਦੇ ਬੋਹੜ ਦਾ ਇਕ ਪੱਤਾ ਅੱਜ ਮੈਂ ਵੀ ਹਾਂ। 
ਅੱਜ ਜਦੋਂ ਕਈ ਵਾਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਜੀਵਨ ਦੀ ਇਕ ਨਿਸ਼ਚਿਤ ਧਾਰਾ ਨੂੰ ਸਿਆਸਤ ਵੱਲ ਕਿਵੇਂ ਮੋੜ ਲਿਆ, ਤਾਂ ਇਕ ਪਲ ਦੀ ਵੀ ਦੇਰੀ ਕੀਤੇ ਬਿਨਾਂ ਅੰਤਰ-ਮਨ ਤੋਂ ਇਹ ਜਵਾਬ ਆਉਂਦਾ ਹੈ ਕਿ ਅਟਲ ਬਿਹਾਰੀ ਵਾਜਪਾਈ ਵਰਗੀਆਂ ਸ਼ਖ਼ਸੀਅਤਾਂ ਦੀ ਪ੍ਰੇਰਨਾ ਹੀ ਉਹ ਸ਼ਕਤੀ ਸੀ, ਜੋ ਮੈਨੂੰ ਇਸ ਰਾਹ 'ਤੇ ਲੈ ਆਈ। 
ਮੈਨੂੰ ਅੱਜ ਉਹ ਪਲ ਯਾਦ ਆ ਰਿਹਾ ਹੈ, ਜਦੋਂ ਮੈਂ ਆਪਣੇ ਜੀਵਨ ਦੀ ਪਹਿਲੀ ਚੋਣ ਲੜੀ। ਮੇਰੇ ਸਮਰਥਨ ਵਿਚ ਜਨਸਭਾ ਲਈ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਝੱਜਰ (ਹਰਿਆਣਾ) ਆਏ ਅਤੇ ਮੰਚ ਤੋਂ 'ਪਾਂਚਜਨਯ' ਵਾਂਗ ਨਾਦ ਕੀਤਾ। 
'ਕੌਰਵਾਂ ਦੀ ਚਾਲ ਸਫਲ ਨਹੀਂ ਹੋਣੀ ਚਾਹੀਦੀ। ਧਰਮ ਦਾ ਝੰਡਾ ਲਹਿਰਾਉਣਾ ਤੁਹਾਡੇ ਹੱਥ 'ਚ ਹੈ। ਲੋਕਤੰਤਰ ਦੀ ਸੱਚੀ ਸੇਵਾ ਤੁਹਾਡੇ ਹੱਥ 'ਚ ਹੈ। ਇਸ ਵਾਰ ਅਭਿਮਨਿਊ ਨੂੰ ਜਨਤਾ ਚੱਕਰਵਿਊ 'ਚੋਂ ਬਾਹਰ ਕੱਢੇਗੀ, ਅਜਿਹਾ ਮੇਰਾ ਵਿਸ਼ਵਾਸ ਹੈ ਅਤੇ ਮੇਰਾ ਜਨਤਾ ਨੂੰ ਸੱਦਾ ਹੈ ਕਿ ਇਸ ਵਾਰ ਅਭਿਮਨਿਊ ਚੱਕਰਵਿਊ ਵਿਚ ਫਸਣਾ ਨਹੀਂ ਚਾਹੀਦਾ।'
ਇਹ ਆਵਾਜ਼ ਅੱਜ ਵੀ ਮੈਨੂੰ ਆਪਣੇ ਕਰਮ ਪੱਥ ਲਈ ਉਤਸ਼ਾਹਿਤ ਕਰਦੀ ਹੈ, ਊਰਜਾ ਦਿੰਦੀ ਹੈ। ਜਦੋਂ ਮੈਂ ਕਦੇ ਨਿਰਾਸ਼ ਹੁੰਦਾ ਤਾਂ ਕਵੀ ਅਟਲ ਜੀ ਦੀ ਦਿੱਖ ਅਤੇ ਉਨ੍ਹਾਂ ਦੇ ਇਹ ਸ਼ਬਦ ਮੈਨੂੰ ਫਿਰ ਤੋਂ ਕਰਮਸ਼ੀਲ ਹੋਣ ਦੀ ਪ੍ਰੇਰਨਾ ਦਿੰਦੇ ਹਨ ਕਿ—
ਬਾਧਾਏਂ ਆਤੀ ਹੈਂ ਆਏਂ
ਘਿਰੇ ਪ੍ਰਲਯ ਕੀ ਘੋਰ ਘਟਾਏਂ
ਪਾਂਵੋਂ ਕੇ ਨੀਚੇ ਅੰਗਾਰੇ,
ਸਿਰ ਪਰ ਬਰਸੇ ਯਦਿ ਜਵਾਲਾਏਂ,
ਨਿਜ ਹਾਥੋਂ ਮੇਂ ਹੰਸਤੇ-ਹੰਸਤੇ,
ਆਗ ਲਗਾਕਰ ਜਲਨਾ ਹੋਗਾ।
ਕਦਮ ਮਿਲਾਕਰ ਚਲਨਾ ਹੋਗਾ।
ਅਟਲ ਜੀ ਦੀਆਂ ਇਹ ਉਹ ਸਤਰਾਂ ਹਨ, ਜੋ ਰੋਮ-ਰੋਮ ਵਿਚ ਇਕ ਊਰਜਾ ਦਾ ਸੰਚਾਰ ਕਰਦੀਆਂ ਹਨ। 
2005 ਤੋਂ ਬਾਅਦ ਜਦੋਂ ਉਨ੍ਹਾਂ ਨੇ ਕਰੀਬ-ਕਰੀਬ ਸਿਆਸਤ ਤੋਂ ਸੰਨਿਆਸ ਲੈ ਹੀ ਲਿਆ, ਉਨ੍ਹਾਂ ਦਾ ਸਿਆਸੀ ਕਾਰਜਕਾਲ ਬੇਸ਼ੱਕ ਹੀ ਖਤਮ ਹੋ ਗਿਆ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਹਮੇਸ਼ਾ ਮੈਨੂੰ ਰਫਤਾਰ ਪ੍ਰਦਾਨ ਕੀਤੀ। ਮੇਰੇ ਵਰਗਾ ਛੋਟਾ ਜਿਹਾ ਵਰਕਰ ਵੀ ਉਨ੍ਹਾਂ ਦੇ ਘਰ ਕਦੇ ਵੀ ਆ-ਜਾ ਸਕਦਾ ਸੀ। ਮੈਨੂੰ ਇਕ ਗੱਲ ਯਾਦ ਆਉਂਦੀ ਹੈ। ਮੈਂ ਇਕ ਵਾਰ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ। ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਮੈਂ ਕਿਹਾ—ਠੀਕ ਹੈ, ਉਨ੍ਹਾਂ ਨੂੰ ਆਰਾਮ ਕਰਨ ਦਿਓ ਅਤੇ ਇਹ ਕਹਿ ਕੇ ਮੈਂ ਵਾਪਿਸ ਪਰਤਣ ਲੱਗਾ, ਬਸ ਦਰਵਾਜ਼ੇ ਤਕ ਹੀ ਪਹੁੰਚਿਆ ਸੀ ਕਿ ਪਿੱਛਿਓਂ ਆਵਾਜ਼ ਆਈ। ਉਹ ਆਵਾਜ਼ ਇਕ ਸੁਰੱਖਿਆ ਮੁਲਾਜ਼ਮ ਦੀ ਸੀ। ਉਨ੍ਹਾਂ ਕਿਹਾ—ਅਟਲ ਜੀ ਤੁਹਾਨੂੰ ਅੰਦਰ ਬੁਲਾ ਰਹੇ ਹਨ। ਮੈਂ ਅੰਦਰ ਗਿਆ। ਅੰਦਰ ਜਾਂਦੇ ਹੀ ਵਾਜਪਾਈ ਜੀ ਦੇ ਮੂੰਹ 'ਤੇ ਪਿਆਰ ਭਰੀ ਮੁਸਕਰਾਹਟ ਦਿਸੀ। ਸਰੀਰਕ ਦੁੱਖ ਤਾਂ ਉਨ੍ਹਾਂ ਨੂੰ ਬਹੁਤ ਸੀ ਪਰ ਆਪਣਿਆਂ ਨੂੰ ਮਿਲਣ ਦੀ ਪ੍ਰਬਲ ਇੱਛਾ ਅਤੇ ਖੁਸ਼ੀ ਉਨ੍ਹਾਂ ਨੂੰ ਜ਼ਿਆਦਾ ਲੱਗ ਰਹੀ ਸੀ। ਬਹੁਤ ਹੀ ਪਿਆਰ ਨਾਲ ਆਪਣੇ ਹੀ ਅੰਦਾਜ਼ ਵਿਚ ਉਨ੍ਹਾਂ ਨੇ ਪੁੱਛਿਆ—ਕਿਵੇਂ ਆਉਣਾ ਹੋਇਆ ਕੈਪਟਨ ਸਾਹਿਬ! ਮੈਂ ਕਿਹਾ—ਕੁਝ ਨਹੀਂ, ਮੈਂ ਸਿਰਫ ਤੁਹਾਡੇ ਦਰਸ਼ਨ ਕਰਨ ਆਇਆ ਸੀ। ਅਟਲ ਜੀ ਖਿੜਖਿੜਾ ਪਏ ਅਤੇ ਹੱਥ ਰੱਖਦੇ ਹੋਏ ਆਪਣੇ ਅੰਦਾਜ਼ ਵਿਚ ਗਰਮਜੋਸ਼ੀ ਨਾਲ ਕਿਹਾ—ਪਰ ਤੁਸੀਂ ਤਾਂ ਦਰਸ਼ਨ ਕੀਤੇ ਬਿਨਾਂ ਹੀ ਜਾ ਰਹੇ ਸੀ। ਮੈਂ ਹੱਸ ਪਿਆ, ਜੁਆਬ-ਰਹਿਤ ਸੀ ਪਰ ਉਸ ਦੁੱਖ ਦੇ ਸਮੇਂ ਵੀ ਉਨ੍ਹਾਂ ਦੀ ਸਹਿਜਤਾ ਨਾਲ ਉਨ੍ਹਾਂ ਦੀ ਮਹਾਨਤਾ ਦੇ ਦਰਸ਼ਨ ਕਰ ਰਿਹਾ ਸੀ। 
ਅਕਸਰ ਵਾਜਪਾਈ ਜੀ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਬਹੁਤ ਚੰਗੇ ਆਦਮੀ ਸਨ ਪਰ ਗਲਤ ਪਾਰਟੀ 'ਚ ਸਨ। ਇਸ 'ਤੇ ਅਟਲ ਜੀ ਬੜਾ ਹੀ ਰੌਚਕ ਜਵਾਬ ਦਿੰਦੇ ਸਨ। ਇਕ ਵਾਰ ਤਾਂ ਸੰਸਦ ਵਿਚ ਹੀ ਉਨ੍ਹਾਂ ਦਾ ਜਵਾਬ ਸੁਣਿਆ ਅਤੇ ਪੂਰਾ ਸਦਨ ਹੱਸ ਪਿਆ। ਉਨ੍ਹਾਂ ਨੇ ਕਿਹਾ ਕਿ ਲੋਕ ਕਹਿੰਦੇ ਹਨ ਵਾਜਪਾਈ ਤਾਂ ਚੰਗੇ ਹਨ ਪਰ ਪਾਰਟੀ ਗਲਤ ਹੈ। ਓ ਭਰਾ ਜੀ, ਜਦੋਂ ਵਾਜਪਾਈ ਚੰਗੇ ਹਨ ਤਾਂ ਪਾਰਟੀ ਗਲਤ ਕਿਵੇਂ ਹੋ ਸਕਦੀ ਹੈ।
ਅੱਜ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਜੀਵਨ ਸਾਡੇ ਲਈ ਇਕ ਦਰਸ਼ਨ ਬਣ ਚੁੱਕਾ ਹੈ। ਅਟਲ ਇਕ ਵਿਚਾਰ ਹੈ। 1950, 60, 70, 80, 90 ਅਤੇ 2000 ਦੇ ਦਹਾਕਿਆਂ ਵਿਚ ਉਨ੍ਹਾਂ ਦੇ ਕਈ ਸਿਆਸੀ ਸਰੂਪ ਦਿਖਾਈ ਦਿੰਦੇ ਹਨ। ਕਦੇ ਉਹ ਨਹਿਰੂ ਦੇ ਸਾਹਮਣੇ ਹੋ ਕੇ ਉਨ੍ਹਾਂ ਦੀ ਵੀ ਆਲੋਚਨਾ ਕਰਦੇ ਹਨ, ਤਾਂ ਕਦੇ ਆਪਣੇ ਓਜਸਵੀ ਭਾਸ਼ਣਾਂ ਨਾਲ ਸਮੁੱਚੇ ਸਦਨ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਸੰਯੁਕਤ ਰਾਸ਼ਟਰ ਨੂੰ ਹਿੰਦੀ ਵਿਚ ਸੰਬੋਧਨ ਕਰ ਕੇ ਉਹ ਇਕ ਨਵੀਂ ਭਾਰਤੀ ਰਵਾਇਤ ਪਾਉਂਦੇ ਹਨ, ਤਾਂ ਉਹ ਸਪੱਸ਼ਟ ਰਾਸ਼ਟਰਵਾਦ ਦੀ ਨੁਮਾਇਸ਼ ਵੀ ਕਰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਪੀੜ੍ਹੀਆਂ ਲਈ ਇਹ ਜ਼ਰੂਰੀ ਵੀ ਹੈ। ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾ ਕਿੱਥੇ ਮਿਲਣਗੇ, ਜੋ ਗਵਾਲੀਅਰ ਵਿਚ ਕਾਊਂਟਿੰਗ ਦੇ ਦਿਨ ਆਪਣੀ ਕਰਾਰੀ ਹਾਰ 'ਤੇ ਠਹਾਕਾ ਲਾਉਂਦੇ ਹੋਏ ਦਿਸਦੇ ਹਨ ਅਤੇ ਇਹ ਕਹਿੰਦੇ ਹਨ ਕਿ ਹੁਣ ਭੁੱਖ ਲੱਗ ਗਈ, ਪੇਟ ਪੂਜਾ ਕੀਤੀ ਜਾਵੇ। ਭੁੱਖੇ ਪੇਟ ਨਾ ਹੋਏ ਗੋਪਾਲਾ.........। ਉਥੇ ਹੀ ਅਟਲ ਜੀ ਸਦਨ ਵਿਚ ਇਕ ਵੋਟ ਤੋਂ ਸਰਕਾਰ ਡਿੱਗ ਜਾਣ 'ਤੇ ਆਪਣੇ ਕਮਰੇ ਦੇ ਅੰਦਰ ਹੰਝੂਆਂ ਨੂੰ ਰੋਕੇ ਹੋਏ ਭਰੇ ਗਲ਼ੇ ਨਾਲ ਆਪਣੇ ਮਿੱਤਰਾਂ ਨੂੰ ਕਹਿੰਦੇ ਹਨ ਕਿ ਅਸੀਂ ਇਕ ਵੋਟ ਨਾਲ ਹਾਰ ਗਏ। ਇਕ ਹਾਰ 'ਤੇ ਠਹਾਕਾ ਇਸ ਲਈ ਕਿਉਂਕਿ ਇਹ ਉਨ੍ਹਾਂ ਦੀ ਨਿੱਜੀ ਹਾਰ ਸੀ ਅਤੇ ਦੂਜੀ ਹਾਰ 'ਤੇ ਹੰਝੂ ਇਸ ਲਈ ਕਿਉਂਕਿ ਇਹ ਸਭ ਦੀਆਂ ਉਮੀਦਾਂ ਦੀ ਹਾਰ ਸੀ। ਅਟਲ ਜੀ ਦੂਜਿਆਂ ਦੀਆਂ ਉਮੀਦਾਂ ਨੂੰ ਤੋੜਨਾ ਨਹੀਂ ਜਾਣਦੇ ਸਨ। 
ਅਟਲ ਜੀ ਉਮੀਦਾਂ ਦੇ ਨੇਤਾ ਸਨ ਅਤੇ ਇਸੇ ਉਮੀਦ ਨੇ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਅਜਿਹਾ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣਾਇਆ, ਜਿਨ੍ਹਾਂ ਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ। ਇਨ੍ਹਾਂ ਹੀ ਉਮੀਦਾਂ ਨੇ ਇਕ ਅਜਿਹੀ ਸੰਸਕ੍ਰਿਤੀ ਨੂੰ ਜਨਮ ਦਿੱਤਾ, ਜੋ ਗੱਠਜੋੜ ਦੀ ਸੰਸਕ੍ਰਿਤੀ ਕਹਾਉਣ ਲੱਗੀ। ਮਨਭੇਦ ਅਤੇ ਮਤਭੇਦ ਵਰਗੇ ਸ਼ਬਦਾਂ ਦਾ ਗੱਠਜੋੜ ਦੀ ਰਾਜਨੀਤੀ ਵਿਚ ਸਭ ਤੋਂ ਪਹਿਲਾ ਪ੍ਰਯੋਗ ਕਰਨ ਵਾਲੇ ਅਟਲ ਜੀ ਦੇਸ਼ ਦੇ ਇਕ-ਇਕ ਵਿਅਕਤੀ ਦੇ ਮਨ 'ਚ ਵਸੇ ਹੋਏ ਹਨ। ਇਹ ਦੇਸ਼ ਨੇ ਵੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੇ ਦਿਨ ਦਿਖਾ ਦਿੱਤਾ, ਨਹੀਂ ਤਾਂ ਕਈ ਸਾਲਾਂ ਤੋਂ ਸਿਆਸੀ ਜੀਵਨ ਤੋਂ ਦੂਰ ਏਕਾਂਤਵਾਸੀ ਅਟਲ ਜੀ ਦੇ ਜਾਣ ਨਾਲ ਸੋਗ ਦਾ ਇਕ ਅਜਿਹਾ ਵਾਤਾਵਰਣ ਨਾ ਬਣਦਾ, ਜਿਹੋ ਜਿਹਾ ਦਿਸਿਆ। ਜਿਹੋ ਜਿਹਾ ਮਹਿਸੂਸ ਹੋਇਆ, ਘਰ-ਘਰ ਵਿਚ ਲੋਕਾਂ ਨੂੰ ਕਹਿੰਦੇ ਸੁਣਿਆ ਜਾ ਰਿਹਾ ਸੀ ਕਿ ਅਜਿਹਾ ਲੱਗ ਰਿਹਾ ਹੈ ਕਿ ਕੋਈ ਆਪਣਾ ਚਲਾ ਗਿਆ, ਘਰ ਦਾ ਬਜ਼ੁਰਗ ਚਲਾ ਗਿਆ। 
ਅਟਲ ਜੀ ਦੀ ਇਸ ਧਰਤੀ 'ਤੇ ਯਾਤਰਾ ਖਤਮ ਹੋਈ। ਉਹ ਇਕ ਨਵੀਂ ਅਨੰਤ ਯਾਤਰਾ ਲਈ ਨਿਕਲ ਚੁੱਕੇ ਹਨ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਨਹੀਂ, ਉਨ੍ਹਾਂ ਦੀ ਅਨੰਤ ਯਾਤਰਾ ਲਈ ਸ਼ੁੱਭ-ਕਾਮਨਾ ਦਿੰਦੇ ਹਾਂ ਅਤੇ ਉਮੀਦਾਂ ਦੇ ਉਸ ਵਿਸ਼ਵ ਦੇ ਮਹਾਨ ਨੇਤਾ, ਸਾਡੇ ਭਾਰਤ ਰਤਨ ਨੂੰ ਉਨ੍ਹਾਂ ਦੀਆਂ ਹੀ ਸਤਰਾਂ ਦੇ ਜ਼ਰੀਏ ਇਕ ਉਮੀਦ 'ਚ ਪ੍ਰਗਟਾਵਾ ਕਰਦੇ ਹਾਂ, ਜਿਸ ਵਿਚ ਉਹ ਕਹਿੰਦੇ ਹਨ ਕਿ ਉਹ ਵਾਪਿਸ ਆਉਣਗੇ—
ਠਨ ਗਈ!
ਮੌਤ ਸੇ ਠਨ ਗਈ!
ਰਾਸਤਾ ਰੋਕ ਕਰ ਵਹ ਖੜੀ ਹੋ ਗਈ,
ਯੋਂ ਲਗਾ ਜ਼ਿੰਦਗੀ ਸੇ ਬੜੀ ਹੋ ਗਈ।
ਮੌਤ ਕੀ ਉਮਰ ਕਯਾ ਹੈ, ਦੋ ਪਲ ਭੀ ਨਹੀਂ,
ਜ਼ਿੰਦਗੀ ਸਿਲਸਿਲਾ, ਆਜ ਕਲ ਕੀ ਨਹੀਂ।
ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ,
ਲੌਟਕਰ ਆਊਂਗਾ, ਕੂਚ ਸੇ ਕਿਉਂ ਡਰੂੰ।
ਅਸਲ ਵਿਚ ਦਿਸਹੱਦਾ ਵੀ ਝੁਕ ਕੇ ਜਿਨ੍ਹਾਂ ਨੂੰ ਪ੍ਰਣਾਮ ਕਰਦਾ ਹੋਵੇ, ਅਜਿਹੀ ਅਟਲ ਸ਼ਖ਼ਸੀਅਤ ਆਪਣੇ ਲਾਡਲੇ ਸਪੂਤ ਨੂੰ ਇਹ ਧਰਤੀ, ਇਹ ਭਾਰਤ ਭੂਮੀ ਫਿਰ ਆਪਣੀ ਗੋਦ ਵਿਚ ਲੈਣ ਲਈ ਹਮੇਸ਼ਾ ਕਾਹਲੀ ਰਹੇਗੀ। ਅਟਲ ਜੀ ਅਸੀਂ ਬਿਲਕੁਲ ਨਾਉਮੀਦ ਨਹੀਂ ਹਾਂ। ਅਟਲ ਵਿਚਾਰ ਅਮਰ ਹੈ। ਅੰਤਰ-ਮਨ ਨਾਲ ਦੇਖੋਗੇ, ਅਟਲ ਜੀ ਜ਼ਰੂਰ ਆਉਣਗੇ।