ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ

02/20/2019 11:35:20 AM

ਸੰਗਰੂਰ (ਬੇਦੀ, ਹਰਜਿੰਦਰ)- ਪੰਜਾਬ ਦੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ ਇਕ ਸਾਲ ਪੰਜਾਬ ’ਚ ਰਾਜ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰ ਰਹੇ ਹਨ। ਅਧਿਆਪਕ ਰੋਹ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਮਸਲੇ ਦੇ ਨਿਬੇਡ਼ੇ ਲਈ ਅਧਿਆਪਕਾਂ ਨੂੰ ਵਾਰ-ਵਾਰ ਬੈਠਕਾਂ ਲਈ ਤਾਰੀਖਾਂ ਤਾਂ ਦੇ ਰਹੀ ਹੈ ਪਰ ਉਸ ਤੋਂ ਹਰ ਵਾਰ ਮੁੱਕਰ ਰਹੀ ਹੈ। ਪਟਿਆਲਾ ਵਿਖੇ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਹਜ਼ਾਰਾਂ ਅਧਿਆਪਕਾਂ ’ਤੇ ਪੁਲਸ ਨੇ ਅੰਨ੍ਹਾ ਤਸ਼ੱਦਦ ਕੀਤਾ, ਜਿਸ ਵਿਚ ਅਨੇਕਾਂ ਅਧਿਆਪਕ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਪੰਜਾਬ ਦੇ ਹਰ ਵਰਗ ਵੱਲੋਂ ਇਸ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ ਤੇ ਸਰਕਾਰ ਦੀ ਹਰ ਪਾਸਿਓਂ ਕਿਰਕਿਰੀ ਹੁੰਦੀ ਦੇਖ ਪੰਜਾਬ ਦੇ ਮੁੱਖ ਮੰਤਰੀ ਵੱਲੋਂ 28 ਫਰਵਰੀ ਨੂੰ ਅਧਿਆਪਕ ਸੰਘਰਸ਼ ਕਮੇਟੀ ਨਾਲ ਮੀਟਿੰਗ ਰੱਖੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਨੈਣਾ ਦੇਵੀ ਮੰਦਰ ਦੇ ਪਾਰਕ ਵਿਚ ਅਧਿਆਪਕ ਸੰਘਰਸ਼ ਕਮੇਟੀ ਜ਼ਿਲਾ ਇਕਾਈ ਸੰਗਰੂਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਟਿੱਬਾ, ਫਕੀਰ ਸਿੰਘ ਟਿੱਬਾ, ਜਰਨੈਲ ਸਿੰਘ ਮਿੱਠੇਵਾਲ, ਜੂਝਾਰ ਸਿੰਘ ਅਤੇ ਕੁਲਵਿੰਦਰ ਸਿੰਘ ਜਹਾਗੀਰ ਨੇ ਪ੍ਰਗਟ ਕੀਤੇ। ਅਧਿਆਪਕ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ 28 ਫਰਵਰੀ ਦੀ ਮੀਟਿੰਗ ਵਿਚ ਅਧਿਆਪਕ ਮਸਲਿਆਂ ਦਾ ਸਾਰਥਕ ਹੱਲ ਕਢਵਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਸੇ ਲਡ਼ੀ ਤਹਿਤ ਵੱਡੇ ਇਕੱਠ ਕਰ ਕੇ 23 ਫਰਵਰੀ ਨੂੰ ਸੰਗਰੂਰ ਵਿਖੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ 25 ਫਰਵਰੀ ਨੂੰ ਮਾਲੇਰਕੋਟਲਾ ਵਿਖੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਨ੍ਹਾਂ ਪੱਤਰਾਂ ਰਾਹੀਂ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਅਧਿਆਪਕ ਮਸਲੇ ਹੱਲ ਕਰਵਾਉਣ ਲਈ ਦਬਾਅ ਬਣਾਇਆ ਜਾਵੇਗਾ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ 28 ਫਰਵਰੀ ਨੂੰ ਮੰਗਾਂ ਦਾ ਯੋਗ ਹੱਲ ਨਾ ਕੀਤਾ ਗਿਆ ਤਾਂ ਅਧਿਆਪਕ ਸੰਘਰਸ਼ ਨੂੰ ਹੋਰ ਤਿੱਖਾ ਕਰ ਕੇ ਲੋਕ ਸਭਾ ਚੋਣਾਂ ਦੌਰਾਨ ਪਰਿਵਾਰਾਂ ਸਮੇਤ ਕਾਂਗਰਸੀ ਉਮੀਦਵਾਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ‘ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ’ ਦੇ ਨਾਂ ਹੇਠ ਚੱਲ ਰਹੇ ਰੱਟਾ ਲਾਊ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ ਰੱਖਿਆ ਜਾਵੇਗਾ। 20 ਫਰਵਰੀ ਨੂੰ ਪੰਜਾਬ ਅਤੇ ਯੂਟੀ ਸੰਘਰਸ਼ ਕਮੇਟੀ ਵੱਲੋਂ ਜ਼ਿਲਾ ਪੱਧਰ ’ਤੇ ਬਜਟ ਦੀਆਂ ਕਾਪੀਆਂ ਫੂਕਣ ਦੇ ਪ੍ਰੋਗਰਾਮ ’ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ’ਚ ਜਗਤਾਰ ਸਿੰਘ ਈਲਵਾਲ, ਅਵਤਾਰ ਸਿੰਘ ਭਲਵਾਨ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਅਨਿਲ ਗੋਇਲ, ਗੁਰਜੀਵਨ ਸਿੰਘ, ਸ਼ਿਸ਼ਨ ਕੁਮਾਰ, ਪਰਵਿੰਦਰ ਸਿੰਘ, ਲਖਵੀਰ ਸਿੰਘ, ਵਿਪਨ ਕੁਮਾਰ, ਬੱਗਾ ਸਿੰਘ, ਪਰਮਵੀਰ ਸਿੰਘ, ਕੰਵਲਜੀਤ ਸਿੰਘ ਘੋਡ਼ੇਨਬ, ਹਰਮਿੰਦਰ ਜੀਤ ਸਿੰਘ, ਗੁਰਵਿੰਦਰ ਵਰਮਾ, ਰਾਜਿੰਦਰ ਕੁਮਾਰ, ਸੁਖਵੀਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ, ਸਤਿਨਾਮ ਸਿੰਘ, ਕੁਲਵੀਰ ਸਿੰਘ ਮੌਜੂਦ ਸਨ।