ਨਰਮੇ ’ਤੇ ਆੜ੍ਹਤ ਦੀ ਦਰ ਘਟਾਉਣ ਦੇ ਰੋਸ ਵਜੋਂ ਆੜ੍ਹਤੀਆਂ ਨੇ ਕਾਰੋਬਾਰ ਕੀਤਾ ਬੰਦ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

09/03/2022 2:17:05 PM

ਤਪਾ ਮੰਡੀ (ਸ਼ਾਮ, ਗਰਗ) : ਆੜ੍ਹਤੀਆ ਐਸੋਸੀਏਸ਼ਨ ਤਪਾ ਨੇ ਨਰਮੇ ’ਤੇ ਆੜ੍ਹਤ ਦੀ ਦਰ ਢਾਈ ਫ਼ੀਸਦੀ ਤੋਂ ਇੱਕ ਫ਼ੀਸਦੀ ਕੀਤੇ ਜਾਣ ਦੇ ਰੋਸ ਵਜੋਂ ਅਪਣੇ ਕਾਰੋਬਾਰ ਬੰਦ ਕਰ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ ਨੇ ਕਿਹਾ ਕਿ ਜੇਕਰ ਪੰਜਾਬ ’ਚ ਆੜ੍ਹਤ ਦੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ ਹਰ ਵਰਗ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਮਾਨ ਨੇ ਆੜ੍ਹਤੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ’ਤੇ ਆੜ੍ਹਤੀਆਂ, ਮਜ਼ਦੂਰਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਪਰ ਰੋਜ਼ਗਾਰ ਦੇਣ ਦੀ ਬਜਾਏ ਖੋਹਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰ ਨੇ ਮੂੰਗੀ ਦੀ ਸਿੱਧੀ ਖ਼ਰੀਦ ਕਰ ਕੇ ਕਿਸਾਨਾਂ ਤੇ ਆੜ੍ਹਤੀਆਂ ਦਾ ਨਹੂੰ ਮਾਸ ਦਾ ਰਿਸ਼ਤਾ ਤੋੜਿਆ ਹੈ ਅਤੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਸੀ.ਸੀ.ਆਈ. ਕਾਟਨ ਕਾਰਪੋਰੇਸ਼ਨ ਨੇ ਆੜ੍ਹਤੀਆਂ ਨੂੰ ਵੱਖ ਕਰ ਕੇ ਮੰਦਭਾਗਾ ਫੈਸਲਾ ਲਿਆ ਸੀ। ਜਿਸ ਦੇ ਰੋਸ ਵਜੋਂ ਆੜ੍ਹਤੀਆਂ ਵੱਲੋਂ ਆਪਣੇ ਕਾਰੋਬਾਰ ਬੰਦ ਕਰ ਕੇ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਆੜ੍ਹਤੀਏ ਅਸ਼ੋਕ ਕੁਮਾਰ ਮੋਲਾ ਮੋੜ, ਜਵਾਹਰ ਲਾਲ ਕਾਂਸਲ, ਰਾਜ ਕੁਮਾਰ ਤਾਜੋਕੇ, ਰਘੂਨਾਥ ਢਿੱਲਵਾਂ, ਮੋਹਣ ਲਾਲ ਧੂਰਕੋਟੀਆਂ, ਹੇਮ ਰਾਜ ਸ਼ੰਟੀ ਮੋੜ, ਅਨਿਲ ਕੁਮਾਰ ਭੈਣੀ, ਮਨੋਜ ਕੁਮਾਰ, ਰਾਜ ਕੁਮਾਰ ਮੋੜ, ਵਕੀਲ ਬਦਰਾ, ਸੁਰੇਸ਼ ਕੁਮਾਰ ਪੱਖੋ, ਪਵਨ ਕੁਮਾਰ ਪੱਖੋ ਦਾ ਕਹਿਣਾ ਹੈ ਕਿ ਸੂਬੇ ’ਚ ‘ਆਪ’ ਸਰਕਾਰ ਬਣਨ ’ਤੇ ਆੜ੍ਹਤੀ ਵਰਗ ਨੂੰ ਉਮੀਦ ਸੀ ਕਿ ਸਰਕਾਰ ਉਨ੍ਹਾਂ ਦੇ ਵਪਾਰ ਨੂੰ ਵੀ ਖ਼ੁਸ਼ਹਾਲ ਬਣਾਏਗੀ ਪਰ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਆੜ੍ਹਤੀਆ ਨੇ ਸਰਕਾਰ ਤੋਂ ਮੰਗ ਕੀਤੀ ਫੈਸਲੇ ਨੂੰ ਸਰਕਾਰ ਤੁਰੰਤ ਵਾਪਸ ਲਵੇ ਨਹੀਂ ਤਾਂ ਆੜ੍ਹਤੀਆ ਨੂੰ ਸੰਘਰਸ਼ ਦਾ ਬਿਗੁਲ ਵਜਾਉਣਾ ਪਵੇਗਾ।

Anuradha

This news is Content Editor Anuradha