ਮਾਲੇਰਕੋਟਲਾ ਪੁਲਸ ਨੂੰ ਮਿਲੀ ਸਫ਼ਲਤਾ, ਹਰਿਆਣਾ ਦੇ ਡਿਲੀਵਰੀਮੈਨ ਦਾ ਕਤਲ ਕਰਨ ਵਾਲੇ 2 ਲੁਟੇਰੇ ਗ੍ਰਿਫ਼ਤਾਰ

05/21/2023 11:19:25 AM

ਮਾਲੇਰਕੋਟਲਾ (ਜ਼ਹੂਰ) : ਲੰਘੀ 10 ਮਈ ਦੀ ਰਾਤ ਨੂੰ ਸਥਾਨਕ ਲੁਧਿਆਣਾ ਤੋਂ ਮਾਲੇਰਕੋਟਲਾ ਦਿੱਲੀ ਮੁੱਖ ਮਾਰਗ, ਧੂਰੀ ਰੋਡ ’ਤੇ ਪਿੰਡ ਰਟੋਲਾਂ ਨੇੜੇ ਟਰੱਕ ਚਾਲਕ ਦੇ ਡਿਲੀਵਰੀਮੈਨ ਦੇ ਹੋਏ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਮਾਲੇਰਕੋਟਲਾ ਪੁਲਸ ਨੇ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਲੰਘੀ 10 ਮਈ ਨੂੰ ਮੁੱਦਈ ਮੁਕੱਦਮਾ ਕਵਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਮਰਤਾਂ, ਜ਼ਿਲ੍ਹਾ ਫਤਿਹਾਬਾਦ ਅਤੇ ਡਿਲੀਵਰੀਮੈਨ ਮਹਿੰਦਰ ਸ਼ਰਮਾ ਪੁੱਤਰ ਮੇਘ ਰਾਜ ਵਾਸੀ ਹਿਸਾਰ (ਹਰਿਆਣਾ) ਜੋ ਮਾਰਬਲ ਚਾਹ ਕੰਪਨੀ ਦੀ ਗੱਡੀ ’ਚ ਉਕਲਾਣਾ ਮੰਡੀ ਤੋਂ ਚਾਹ ਪੱਤੀ ਲੋਡ ਕਰ ਕੇ ਜਲੰਧਰ ਗਏ ਸੀ। ਇਸ ਦੌਰਾਨ ਜਦੋਂ ਉਹ ਗੱਡੀ ਖਾਲੀ ਕਰ ਕੇ ਵਾਪਸੀ ’ਤੇ ਕਰੀਬ 10:30 ਵਜੇ ਰਾਤ ਨੂੰ ਪਿੰਡ ਰਟੋਲਾ ਪੁੱਜੇ ਤਾਂ ਗੱਡੀ ਦੇ ਪਿੱਛੇ ਇਕ ਮੋਟਰਸਾਈਕਲ, ਜਿਸ ’ਤੇ ਦੋ ਵਿਅਕਤੀ ਸਵਾਰ ਸਨ ਆਏ, ਜਿਨ੍ਹਾਂ ਨੇ ਗੱਡੀ ਦੇ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਰੋਕ ਲਈ। ਜਿਸ ਤੋਂ ਬਾਅਦ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਗੱਡੀ ਦੀ ਚਾਬੀ ਕੱਢ ਲਈ ਅਤੇ ਗੱਡੀ ’ਚ ਚੜ੍ਹ ਕੇ ਮੁੱਦਈ ਦੀ ਵੱਖੀ ’ਤੇ ਚਾਕੂ ਮਾਰ ਕੇ ਕਿਹਾ, ਜੋ ਕੁਝ ਤੇਰੇ ਕੋਲ ਹੈ ਉਹ ਕੱਢ ਦੇ।

ਇਹ ਵੀ ਪੜ੍ਹੋ- ਲੋਕ ਸਭਾ ਸੀਟ ਜਿੱਤਣ ਮਗਰੋਂ MP ਸੁਸ਼ੀਲ ਰਿੰਕੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਮੁੱਦਈ ਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ ਹੈ ਤਾਂ ਇੰਨੇ ’ਚ ਮੁੱਦਈ ਦੇ ਬਰਾਬਰ ਬੈਠੇ ਮਹਿੰਦਰ ਸ਼ਰਮਾ ਉਕਤ ਨੇ ਨਾਮਾਲੂਮ ਵਿਅਕਤੀ ਨੂੰ ਗਾਲੀ ਗਲੋਚ ਕੀਤਾ ਤਾਂ ਨਾਮਾਲੂਮ ਵਿਅਕਤੀ ਗੱਡੀ ’ਚੋਂ ਹੇਠਾਂ ਉਤਰ ਗਿਆ ਅਤੇ ਮਹਿੰਦਰ ਸ਼ਰਮਾ ਵੀ ਗੱਡੀ ’ਚੋਂ ਥੱਲੇ ਆ ਗਿਆ। ਉਕਤ ਵਿਅਕਤੀ ਨੇ ਆਪਣੇ ਹੱਥ ’ਚ ਫੜਿਆ ਚਾਕੂ ਪਹਿਲਾਂ ਮਹਿੰਦਰ ਸ਼ਰਮਾ ਦੇ ਮੱਥੇ ’ਤੇ ਮਾਰਿਆ ਅਤੇ ਫਿਰ ਦੂਜੀ ਵਾਰ ਚਾਕੂ ਢਿੱਡ ’ਚ ਸੱਜੇ ਪਾਸੇ ਸਿੱਧਾ ਮਾਰਿਆ, ਜਿਸ ਨਾਲ ਮਹਿੰਦਰ ਸ਼ਰਮਾ ਹੇਠਾਂ ਡਿੱਗ ਗਿਆ। ਫਿਰ ਜਦੋਂ ਮੁੱਦਈ ਮਹਿੰਦਰ ਸ਼ਰਮਾ ਨੂੰ ਸੰਭਾਲਣ ਲੱਗਾ ਤਾਂ ਐਨੇ ’ਚ ਉਕਤ ਵਿਅਕਤੀ ਆਪਣਾ ਮੋਟਰਸਾਈਕਲ ਚੁੱਕ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਬਹਿਬਲ ਗੋਲੀ ਕਾਂਡ : ਅਦਾਲਤ ਨੇ 1 ਜੁਲਾਈ ਤੱਕ ਮੁਲਤਵੀ ਕੀਤੀ ਕੇਸ ਦੀ ਸੁਣਵਾਈ

ਮਹਿੰਦਰ ਸ਼ਰਮਾ ਦੀ ਦੌਰਾਨੇ ਇਲਾਜ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਮੌਤ ਹੋ ਗਈ ਸੀ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 56 ਮਿਤੀ 11 ਮਈ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਅਮਰਗੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਦੀਪਕ ਹਿਲੋਰੀ ਦੇ ਨਿਰਦੇਸ਼ਾਂ ਹੇਠ ਬਣਾਈ ਗਈ ਟੀਮ, ਜਿਸ ’ਚ ਉਹ ਖ਼ੁਦ ਅਤੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ, ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਮਾਲੇਰਕੋਟਲਾ ਦੀ ਜ਼ੇਰੇ ਨਿਗਰਾਨੀ ਹੇਠ ਇੰਸਪੈਕਟਰ ਹਰਸਿਮਰਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਅਮਰਗੜ੍ਹ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ. ਆਈ. ਏ., ਸਟਾਫ਼ ਮਾਹੋਰਾਣਾ ਅਤੇ ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਇੰਚਾਰਜ ਚੌਂਕੀ ਹਿੰਮਤਾਨਾ ਨੇ ਕਾਰਵਾਈ ਕਰਦਿਆਂ ਮੁਹੰਮਦ ਰਫ਼ੀ ਪੁੱਤਰ ਤਾਜ ਮੁਹੰਮਦ ਵਾਸੀ ਸਦਰਾਬਾਦ ਥਾਣਾ ਅਮਰਗੜ੍ਹ ਅਤੇ ਮੇਜਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਈਸਾਪੁਰ ਲੰਡਾ ਥਾਣਾ ਸਦਰ ਧੂਰੀ ਨੂੰ ਮਾਮਲੇ ’ਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪਤਨੀ ਵੱਲੋਂ ਰੋਕਣ 'ਤੇ ਵੀ ਨਾਜਾਇਜ਼ ਸੰਬੰਧਾਂ ਤੋਂ ਨਾ ਟਲਿਆ ਪਤੀ, ਚੁੱਕਿਆ ਖੌਫ਼ਨਾਕ ਕਦਮ

ਉਨ੍ਹਾਂ ਦੱਸਿਆ ਕਿ ਉਪਰੋਕਤ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਵਿਅਕਤੀ ਟਰੱਕਾਂ ਨੂੰ ਘੇਰ ਕੇ ਉਨ੍ਹਾਂ ਦੇ ਡਰਾਈਵਰ ਕੰਡਕਟਰ ਨੂੰ ਡਰਾ ਧਮਕਾ ਕੇ ਉਨ੍ਹਾਂ ਪਾਸੋਂ ਪੈਸੇ ਦੀ ਖੋਹ ਕਰਦੇ ਸਨ। ਇਸੇ ਤਰ੍ਹਾਂ ਹੀ ਲੰਘੀ 10 ਮਈ ਨੂੰ ਇਨ੍ਹਾਂ ਵਲੋਂ ਟਰੱਕ ਨੂੰ ਘੇਰ ਕੇ ਡਰਾਇਵਰ/ਕੰਡਕਟਰ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਕੰਡਕਟਰ ਵਲੋਂ ਵਿਰੋਧ ਕਰਨ 'ਤੇ ਉਸ ਦੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਹੰਮਦ ਆਰਿਫ਼ 'ਤੇ ਵੱਖ-ਵੱਖ ਥਾਣਿਆਂ ਅੰਦਰ ਪਹਿਲਾਂ ਵੀ 5 ਮਾਮਲੇ ਦਰਜ ਹਨ ਅਤੇ ਫੜੇ ਗਏ ਦੂਜੇ ਵਿਅਕਤੀ ਮੇਜਰ ਸਿੰਘ ਖ਼ਿਲਾਫ਼ ਵੀ 2 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto