ਪੇਪਰ ਦੇਣ ਜਾ ਰਹੇ ਵਿਦਿਆਰਥੀ ਦੀ ਪਲਟੀ ਗੱਡੀ

02/16/2019 4:17:24 AM

ਰੋਪੜ (ਗੁਰਭਾਗ)-ਟ੍ਰੈਫਿਕ ਪੁਲਸ ਮੁਲਾਜ਼ਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਅਤੇ ਜਗ੍ਹਾ-ਜਗ੍ਹਾ ਸੈਮੀਨਾਰ ਲਾ ਕੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦਿੱਤੇ ਜਾਣ। ਪਰ ਲੋਕਾਂ ਦਾ ਇਸ ਗੱਲ ਉੱਤੇ ਜ਼ਿਆਦਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿਸ ਦੀ ਮਿਸਾਲ ਅੱਜ ਨੰਗਲ ਵਿਚ ਇਕ ਹਾਦਸੇ ਦੌਰਾਨ ਉਦੋਂ ਵੇਖਣ ਨੂੰ ਮਿਲੀ ਜਦੋਂ ਇਕ ਸਕੂਲ ਵਿਦਿਆਰਥੀ ਦਾ ਸਡ਼ਕ ਹਾਦਸੇ ਵਿਚ ਵਾਲ-ਵਾਲ ਬਚਾਅ ਹੋ ਗਿਆ। ਅੱਜ ਸਵੇਰੇ 9 ਵਜੇ ਦੇ ਕਰੀਬ ਸਟਾਫ ਕਲੱਬ, ਲਾਲ ਟੈਂਕੀ ਸਡ਼ਕ ’ਤੇ ਇਕ ਗੱਡੀ ਪਲਟ ਕੇ ਟਰਾਂਸਫਾਰਮਰ ਅੱਗੇ ਨਾਲੇ ਵਿਚ ਡਿੱਗੀ। ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਹਰੇ ਰੰਗ ਦੀ ਕਾਰ ਲਾਲ ਟੈਂਕੀ ਵੱਲੋਂ ਸਟਾਫ ਕਲੱਬ ਵੱਲ ਨੂੰ ਆ ਰਹੀ ਸੀ। ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਤੇ ਬੇਕਾਬੂ ਹੋ ਕੇ ਸਰਕਾਰੀ ‘ਵੀ’ ਬਲਾਕ ਸਾਹਮਣੇ ਪਲਟ ਗਈ। ਹੈਰਾਨੀ ਉਦੋਂ ਹੋਈ ਜਦੋਂ ਵੇਖਿਆ ਕਿ ਗੱਡੀ ਨੂੰ ਚਲਾਉਣ ਵਾਲਾ ਕੋਈ ਤਜਰਬੇਕਾਰ ਡਰਾਈਵਰ ਨਹੀਂ ਬਲਕਿ ਸਕੂਲੀ ਵਿਦਿਆਰਥੀ ਸੀ। ਬਾਅਦ ’ਚ ਪਤਾ ਲੱਗਾ ਕਿ ਵਿਦਿਆਰਥੀ ਮੁਹੱਲਾ ਰਾਮ ਨਗਰ ਦਾ ਸੀ ਤੇ ਨੰਗਲ ਦੇ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਸੀ, ਜੋ ਪੇਪਰ ਦੇਣ ਸਕੂਲ ਜਾ ਰਿਹਾ ਸੀ।