ਜ਼ਿਲੇ ਦੇ 24,727 ਪਰਿਵਾਰਾਂ ਨੂੰ ਮਿਲੇਗੀ 5 ਲੱਖ ਰੁਪਏ ਤਕ ਦੀ ਮੁਫਤ ਇਲਾਜ ਸਹੂਲਤ : ਡਾ.ਗੁਰਿੰਦਰ ਕੌਰ

02/16/2019 4:52:04 AM

ਰੋਪੜ (ਤ੍ਰਿਪਾਠੀ,ਮਨੋਰੰਜਨ)—ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਜਾ ਰਹੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਸਬੰਧੀ ਸਿਵਲ ਸਰਜਨ ਦਫਤਰ ਵਿੱਖੇ ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ 1 ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਲਾਈ ਗਈ। ਵਰਕਸ਼ਾਪ ’ਚ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਤੇ ਨੋਡਲ ਅਫ਼ਸਰਾਂ ਤੋਂ ਇਲਾਵਾਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਕੰਪਿਊਟਰ ਆਪ੍ਰੇਟਰਾਂ ਨੇ ਭਾਗ ਲਿਆ। ਡਾ. ਚਾਵਲਾ ਨੇ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਇਸ ਸਿਹਤ ਬੀਮਾ ਯੋਜਨਾ ਅਧੀਨ ਸਾਲ 2011 ਦੀ ਸਮਾਜਕ, ਆਰਥਕ ਅਤੇ ਜਾਤੀ ਅਧਾਰਤ ਜਨਗਣਨਾ ਦੇ ਆਧਾਰ ’ਤੇ ਪੰਜਾਬ ’ਚ ਲਗਭਗ 43 ਲੱਖ ਪਰਿਵਾਰ ਕਵਰ ਕੀਤੇ ਜਾਣਗੇ। ਇਨ੍ਹਾਂ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਸਾਲਾਨਾ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜ਼ਿਲੇ ’ਚ 24,727 ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ,ਜਿਨ੍ਹਾਂ ਨੂੰ ਇਸ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਟ੍ਰੇਨਿੰਗ ’ਚ ਹਾਜ਼ਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਸਟਾਫ ਨੂੰ ਇਸ ਯੋਜਨਾ ਅਧੀਨ ਲਾਭ ਪਾਤਰੀ ਦੀ ਪਛਾਣ ਕਰਨ,ਰਿਕਾਰਡ ਮੇਨਟੇਨ ਕਰਨ ਅਤੇ ਹੋਰ ਲੋਡ਼ੀਂਦੀ ਕਾਰਵਾਈ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹਰਵਿੰਦਰ ਸਿੰਘ, ਰਵਿੰਦਰ ਠਾਕੁਰ, ਨਰਿੰਦਰ ਕੁਮਾਰ , ਮਹਿੰਦਰ ਸਿੰਘ, ਹਰਬੰਸ ਸਿੰਘ, ਐੱਨ.ਪੀ. ਸ਼ਰਮਾ, ਰਾਜਵਿੰਦਰ ਕੋਰ, ਊਸ਼ਾ ਕਿਰਨ, ਸਤਵਿੰਦਰਪਾਲ ਸਿੰਘ(ਸਾਰੇ ਡਾ.), ਜਗਤ ਰਾਮ, ਪਰਮਜੀਤ ਕੌਰ, ਵੈਸ਼ਾਲੀ ਦੁੱਗਲ,ਕੁਲਦੀਸ਼ ਕੌਰ ਅਤੇ ਬਲਾਕਾਂ ਦੇ ਕੰਪਿਊਟਰ ਆਪ੍ਰੇਟਰ ਹਾਜ਼ਰ ਸਨ।