''ਜੋਮੈਟੋ ਮੁਲਾਜ਼ਮਾਂ'' ਦੇ ਲੇਬਰ ਤੋਂ ਵੀ ਮਾੜੇ ਹਾਲ, ਕੰਪਨੀ ਖਿਲਾਫ ਲਾਇਆ ਧਰਨਾ

07/16/2019 4:34:10 PM

ਲੁਧਿਆਣਾ (ਨਰਿੰਦਰ) : ਸ਼ਹਿਰ 'ਚ ਸੈਂਕੜੇ ਜੋਮੈਟੋ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਕੰਪਨੀ ਖਿਲਾਫ ਖੂਬ ਭੜਾਸ ਕੱਢੀ ਅਤੇ ਧਰਨਾ ਲਾ ਦਿੱਤਾ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਜਾਣਕਾਰੀ ਮੁਤਾਬਕ ਜੋਮੈਟੋ ਮੁਲਾਜ਼ਮਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ 40 ਰੁਪਏ ਗੇੜੇ ਦੇ ਹਿਸਾਬ ਨਾਲ ਮਿਲਦੇ ਸਨ ਪਰ ਹੁਣ ਇਸ 'ਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਰੇਟਿੰਗ 'ਚ ਵੀ 5 ਰੁਪਏ ਦੀ ਕਟੌਤੀ ਕਰ ਦਿੱਤੀ ਹੈ।

ਮੁਲਾਜ਼ਮਾਂ ਨੇ ਕਿਹਾ ਕਿ ਇਹ ਸਰਾਸਰ ਉਨ੍ਹਾਂ ਨਾਲ ਧੱਕਾ ਹੈ ਅਤੇ ਉਹ ਕਿਸੇ ਵੀ ਹਾਲ 'ਚ ਕੰਪਨੀ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਮਜ਼ਦੂਰ ਮਜ਼ੂਦਰੀ ਵੀ ਕਰਦਾ ਹੈ ਤਾਂ ਵੀ ਉਨ੍ਹਾਂ ਨਾਲੋਂ ਜ਼ਿਆਦਾ ਕਮਾਉਂਦਾ ਹੈ ਪਰ ਉਨ੍ਹਾਂ ਦੇ ਤਾਂ ਲੇਬਰ ਤੋਂ ਵੀ ਬੁਰੇ ਹਾਲ ਹਨ। ਮੁਲਾਜ਼ਮਾਂ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਉਹ ਆਪਣੀ ਜਾਨ ਜੋਖਮ 'ਚ ਪਾ ਕੇ ਡਲਿਵਰੀ ਕਰਦੇ ਹਨ ਪਰ ਕੰਪਨੀ ਵਲੋਂ ਉਨ੍ਹਾਂ ਨੂੰ ਕੋਈ ਸੁਰੱਖਿਆ ਜਾਂ ਸਹੂਲਤ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਮੋਬਾਇਲ ਅਤੇ ਵਾਹਨ ਦਾ ਕੋਈ ਖਰਚਾ ਦਿੱਤਾ ਜਾਂਦਾ ਹੈ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕੰਪਨੀ ਸਿਰਫ ਆਪਣੀ ਮਨਮਾਨੀ ਕਰਦੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। 

Babita

This news is Content Editor Babita