ਪੰਜਾਬ ''ਚ ਚੋਣਾਂ ਅੱਜ, ਖਿੱਚ ਦਾ ਕੇਂਦਰ ਬਣਨਗੀਆਂ ''ਦਿਲਚਸਪ ਗੱਲਾਂ''

09/19/2018 7:41:40 AM

ਚੰਡੀਗੜ੍ਹ : ਸੂਬੇ 'ਚ ਅੱਜ ਜ਼ਿਲਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਸੂਬਾ ਪੁਲਸ ਤੇ ਸਰਕਾਰ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਿਆਸੀ ਦਲਾਂ 'ਚ ਪਿਛਲੇ ਦਿਨਾਂ ਦੌਰਾਨ ਬਣੇ ਤਣਾਅ ਕਾਰਨ ਪੁਲਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਸੰਵੇਦਨਸ਼ੀਲ ਥਾਵਾਂ 'ਤੇ ਜ਼ਿਆਦਾ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਪੁਲਸ ਦੇ 50 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਕਈ ਦਿਲਚਸਪ ਗੱਲਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਸਕਦੀਆਂ ਹਨ।
ਪਹਿਲੀ ਵਾਰ ਔਰਤਾਂ ਨੂੰ ਮਿਲਿਆ 50 ਫੀਸਦੀ ਰਾਖਵਾਂਕਰਨ
ਸੂਬੇ 'ਚ ਪਹਿਲੀ ਵਾਰ ਇਨ੍ਹਾਂ ਚੋਣਾਂ ਦੌਰਾਨ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਵੀ ਦਿੱਤਾ ਜਾਣਾ ਹੈ। ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ। ਪੰਜਾਬ ਦੇ ਦਿਹਾਤੀ ਖੇਤਰਾਂ ਨਾਲ ਸਬੰਧਤ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਨੇ ਪਿਛਲੇ ਤਿੰਨ ਕੁ ਹਫਤਿਆਂ ਤੋਂ ਹਲਕਿਆਂ 'ਚ ਹੀ ਡੇਰੇ ਲਾਏ ਹੋਏ ਹਨ। 
ਪਹਿਲੀ ਵਾਰ ਹੋਵਗਾ ਨੋਟਾ ਦਾ ਇਸਤੇਮਾਲ
ਇਨ੍ਹਾਂ ਚੋਣਾਂ 'ਚ ਵੋਟਰਾਂ ਨੂੰ 'ਨੋਟਾ' ਦਾ ਹੱਕ ਦਿੱਤਾ ਜਾ ਰਿਹਾ ਹੈ। ਬਲਾਕ ਸਮਿਤੀ ਤੇ ਜ਼ਿਲਾ ਪਰਿਸ਼ਦ ਦੀਆਂ ਵੋਟਾਂ ਇਕੱਠੇ ਇੱਕੋ ਸਮੇਂ ਹੋਣਗੀਆਂ। 'ਨੋਟਾ' ਦਾ ਮਤਲਬ ਹੈ ਕਿ ਜੇਕਰ ਕਿਸੇ ਵੋਟਰ ਨੂੰ ਵੋਟਾਂ 'ਚ ਖੜ੍ਹਾ ਹੋਇਆ ਕਿਸੇ ਵੀ ਪਾਰਟੀ ਦੇ ਉਮੀਦਵਾਰ ਪਸੰਦ ਨਹੀਂ ਆਉਂਦਾ ਤਾਂ ਉਹ ਨੋਟਾ (ਨਨ ਆਫ ਦਿ ਅਬਵ) ਨੂੰ ਵੋਟ ਪਾ ਸਕਦਾ ਹੈ ਮਤਲਬ ਹੈ ਕਿ ਉਪਰੋਕਤ ਦਿੱਤੇ ਹੋਏ ਉਮੀਦਵਾਰਾਂ 'ਚੋਂ ਉਸ ਨੇ ਕਿਸੇ ਨੂੰ ਵੋਟ ਨਹੀਂ ਪਾਈ। 
ਕਾਂਗਰਸ-ਅਕਾਲੀਆਂ 'ਚ ਸਖਤ ਟਕਰਾਅ
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਹੀ ਕਾਂਗਰਸ ਅਤੇ ਅਕਾਲੀ ਕਾਰਕੁੰਨਾਂ ਵਿਚਕਾਰ ਟਕਰਾਅ ਚੱਲ ਰਿਹਾ ਹੈ। ਨਾਮਾਂਕਣ ਦੌਰਾਨ ਵੀ ਕਈ ਥਾਵਾਂ 'ਤੇ ਦੋਹਾਂ ਪਾਰਟੀਆਂ ਦੇ ਆਗੂਆਂ ਵਲੋਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹਰ ਕਿਸੇ ਦੀ ਨਜ਼ਰ ਇਨ੍ਹਾਂ ਵੋਟਾਂ 'ਤੇ ਹੈ ਕਿ ਆਖਰ ਇਕ-ਦੂਜੇ 'ਤੇ ਦੋਸ਼ ਲਾਉਣ ਵਾਲੀਆਂ ਪਾਰਟੀਆਂ 'ਚੋਂ ਕਿਹੜੀ ਪਾਰਟੀ ਜਿੱਤ ਦਾ ਝੰਡਾ ਲਹਿਰਾਉਂਦੀ ਹੈ। ਇਸੇ ਨੂੰ ਮੁੱਖ ਰੱਖਦਿਆਂ ਚੋਣਾਂ ਦੌਰਾਨ ਪੂਰੇ ਸੂਬੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।