ਨਸ਼ੇ ਤੋਂ ਰੋਕਣ ਤੇ ਨਸ਼ੇੜੀਆਂ ਨੇ ਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ, ਕਕਾਰਾਂ ਦੀ ਕੀਤੀ ਬੇਅਦਬੀ

03/26/2017 3:27:26 PM

ਮਲੋਟ (ਜੁਨੇਜਾ) : ਪਿੰਡ ਮੱਲ ਵਾਲਾ ਵਿਖੇ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਇਕ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕਰਕੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਮਲੋਟ ਦੀ ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਰਕੁੱਟ ਦਾ ਸ਼ਿਕਾਰ ਨੌਜਵਾਨ ਗੁਰਚੇਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਹੈ ਪਿਛਲੇ ਹਫ਼ਤੇ ਉਹ ਆਪਣੇ ਘਰ ਪਿੰਡ ਮੱਲਵਾਲਾ ਆਇਆ ਹੋਇਆ ਸੀ। ਉਸਨੇ ਆਪਣੇ ਪਿੰਡ ਦੇ ਰਣਧੀਰ ਸਿੰਘ ਉਰਫ਼ ਧੀਰਾ ਪੁੱਤਰ ਜਗਦੀਸ਼ ਸਿੰਘ ਅਤੇ ਕਟੋਰੇ ਵਾਲਾ ਵਾਸੀ ਗੁਰਮੇਲ ਸਿੰਘ ਉਰਫ਼ ਗੇਲਾ ਪੁੱਤਰ ਸੁੱਖਾ ਸਿੰਘ ਨੂੰ ਨਸ਼ੇ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਮੈਂ ਤੁਹਾਡੇ ਨਸ਼ਾ ਕਰਦਿਆਂ ਦੀ ਵੀਡੀਓ ਬਣਾ ਕੇ ਤੁਹਾਡੇ ਘਰਦਿਆਂ ਨੂੰ ਦਿਖਾਵਾਂਗਾ।
ਇਸੇ ਰੰਜਿਸ਼ ਦੇ ਤਹਿਤ ਦੋਵੇਂ ਦੋਸ਼ੀਆਂ ਨੇ ਸ਼ੁੱਕਰਵਾਰ ਨੂੰ ਉਸ ''ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਅਨੁਸਾਰ ਹਮਲਾਵਰਾਂ ਨੇ ਉਸ ਨੂੰ ਕੇਸਾਂ ਤੋਂ ਫੜ੍ਹ ਕੇ ਜ਼ਮੀਨ ''ਤੇ ਸੁੱਟ ਲਿਆ ਤੇ ਸਿਰ ਤੇ ਸਜਾਈ ਦਸਤਾਰ ਲਾ ਕੇ ਸੁੱਟ ਦਿੱਤੀ ਅਤੇ ਕੁੱਟਮਾਰ ਕੀਤੀ। ਕੇਸ ਖੁੱਲ੍ਹ ਜਾਣ ਕਰਕੇ ਕਕਾਰ ਕੰਘੇ ਦੀ ਵੀ ਬੇਅਦਬੀ ਕੀਤੀ। ਉਸ ਦੇ ਰੌਲਾ ਪਾਉਣ ''ਤੇ ਗੁਰਚੇਤ ਦੇ ਪਿਤਾ ਹਰਜਿੰਦਰ ਸਿੰਘ ਨੇ ਮੌਕੇ ''ਤੇ ਆ ਕੇ ਉਸ ਨੂੰ ਛੁਡਾਇਆ ਅਤੇ ਦੋਵੇਂ ਦੋਸ਼ੀ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

Gurminder Singh

This news is Content Editor Gurminder Singh