4 ਹਜ਼ਾਰ ਰੁਪਏ ਪ੍ਰਤੀ ਕਿਲੋ ਡੋਡੇ ਵੇਚਣ ਜਾ ਰਿਹਾ ਨੌਜਵਾਨ ਗ੍ਰਿਫਤਾਰ

07/24/2017 7:02:15 AM

ਲਾਂਬੜਾ, (ਵਰਿੰਦਰ)— ਇੰਡਸਟ੍ਰੀਅਲ ਏਰੀਆ ਜਲੰਧਰ ਤੋਂ ਇਕ ਵਿਅਕਤੀ ਵਾਸੀ ਜੰਮੂ-ਕਸ਼ਮੀਰ ਪਾਸੋਂ 3 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡੋਡੇ ਖਰੀਦ ਕੇ ਅੱਗੇ ਆਪਣੇ ਗਾਹਕਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਕਿਲੋ ਵੇਚਣ ਵਾਲੇ ਇਕ ਸਮੱਗਲਰ ਨੂੰ ਲਾਂਬੜਾ ਪੁਲਸ ਨੇ 5 ਕਿਲੋ ਡੋਡਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਅੱਜ ਇਥੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਥਾਣਾ ਪੁਲਸ ਵੱਲੋਂ ਨਜ਼ਦੀਕੀ ਪਿੰਡ ਨਿੱਝਰਾਂ ਦੇ ਗੇਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਹੱਥ ਵਿਚ ਇਕ ਪਲਾਸਟਿਕ ਦਾ ਬੋਰਾ ਫੜੀ ਆ ਰਿਹਾ ਸੀ। ਜੋ ਅੱਗੇ ਖੜ੍ਹੀ ਪੁਲਸ ਨੂੰ ਦੇਖ ਘਬਰਾ ਗਿਆ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਬੋਰੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਡੋਡੇ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਮੱਖਣ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਸਦਰ ਫਗਵਾੜਾ ਵਜੋਂ ਦੱਸੀ ਗਈ ਹੈ। ਉਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।