5 ਹਮਲਾਵਰਾਂ ਵਲੋਂ ਨੌਜਵਾਨ ''ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

10/04/2019 5:53:51 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਪੰਜ ਹਮਲਾਵਰਾਂ ਵੱਲੋਂ ਇਕ ਨਿਹੱਥੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ, ਜਿਸਦੇ ਤਹਿਤ ਉਕਤ ਨੌਜਵਾਨ ਜ਼ਖਮੀ ਹਾਲਤ ਵਿਚ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ। ਗੰਭੀਰ ਜ਼ਖਮੀ ਨੌਜਵਾਨ ਪਰਮਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਮੁਹੱਲਾ ਬੜੀ ਸਰਕਾਰ ਵਾਰਡ ਨੰਬਰ 3 ਸ੍ਰੀ ਅਨੰਦਪੁਰ ਸਾਹਿਬ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਕੱਪੜੇ ਦੇ ਸੇਲਜ਼ਮੈਨ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਅੱਜ ਆਪਣੇ ਦੋਸਤ ਦੇ ਮੋਟਰਸਾਈਕਲ 'ਤੇ ਇਕੱਲਾ ਨੂਰਪੁਰਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਸੀ ਕਿ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਨੇੜੇ 2 ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਤੇ ਮੈਂ ਮੋਟਰਸਾਈਕਲ ਰਾਹੀਂ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪਹੁੰਚਿਆ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ।

ਕੀ ਕਹਿਣੈ ਸਬ-ਇੰਸਪੈਕਟਰ ਦਾ
ਤਫਸ਼ੀਸ਼ੀ ਅਫਸਰ ਸਬ-ਇੰਸਪੈਕਟਰ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ 'ਤੇ ਸੰਨੀ, ਸ਼ਿੰਦਰ, ਬਚਿੱਤਰ ਸਿੰਘ, ਨੀਰਜ ਅਤੇ ਮਨੀ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh