ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਨਿੱਕੀ ਜਿਹੀ ਗੱਲ ਨੇ ਉਜਾੜ ਦਿੱਤੀਆਂ ਖੁਸ਼ੀਆਂ

02/23/2018 7:17:44 PM

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਆਵਲਾ) : ਘਰੇਲੂ ਵਿਵਾਦ ਦੇ ਚੱਲਦ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰਨ ਦੇ ਮਾਮਲੇ ਵਿਚ ਥਾਣਾ ਅਮੀਰਖਾਸ ਦੀ ਪੁਲਸ ਨੇ 2 ਔਰਤਾਂ ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਏ.ਐਸ.ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾ ਵਿਚ ਮ੍ਰਿਤਕ ਲੜਕੇ ਦੇ ਪਿਤਾ ਜੋਗਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਭੁਰਾਨ ਭੱਟੀ ਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਯਾਦਵਿੰਦਰ ਸਿੰਘ (21) ਦਾ ਵਿਆਹ ਪੂਜਾ ਰਾਣੀ ਪੁੱਤਰੀ ਸੋਨਾ ਸਿੰਘ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਹੋਇਆ ਸੀ ਅਤੇ ਇਨ੍ਹਾਂ ਦਾ ਆਪਸੀ ਝਗੜਾ ਹੋਣ ਕਾਰਨ ਪੂਜਾ ਰਾਣੀ ਨੂੰ ਉਸਦੀ ਮਾਂ ਬੀਰੋ ਬਾਈ ਆਪਣੇ ਨਾਲ ਲੈ ਗਈ।
ਸ਼ਿਕਾਇਤਕਰਤਾ ਅਨੁਸਾਰ ਯਾਦਵਿੰਦਰ ਸਿੰਘ ਆਪਣੀ ਮਾਂ ਗੁਰਜੀਤ ਕੌਰ ਨੂੰ ਲੈ ਕੇ ਪੂਜਾ ਰਾਣੀ ਨੂੰ ਲੈਣ ਗਏ ਸਨ, ਜਿਥੇ ਯਾਦਵਿੰਦਰ ਸਿੰਘ ਦਾ ਪੂਜਾ ਰਾਣੀ ਨਾਲ ਝਗੜਾ ਹੋ ਗਿਆ, ਜਿਸਨੇ ਘਰ ਆ ਕੇ ਗੁੱਸੇ ਵਿਚ ਜ਼ਹਿਰੀਲੀ ਦਵਾਈ ਪੀ ਲਈ ਅਤੇ ਗੁਰੂਹਰਸਹਾਏ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਪੂਜਾ ਰਾਣੀ, ਸੱਸ ਬੀਰੋ ਬਾਈ ਅਤੇ ਕਾਲਾ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।