14 ਦਿਨ ਪਹਿਲਾਂ ਲਾਪਤਾ ਨੌਜਵਾਨ ਦੀ ਲਾਸ਼ ਛੱਪੜ ’ਚੋਂ ਮਿਲੀ

01/10/2023 4:28:18 PM

ਸਮਾਣਾ (ਦਰਦ, ਅਸ਼ੋਕ) : 26 ਦਸੰਬਰ ਤੋਂ ਪਿੰਡ ਰਤਨਹੇੜੀ ਦੇ ਲਾਪਤਾ ਨੌਜਵਾਨ ਦੀ ਲਾਸ਼ 14 ਦਿਨ ਬਾਅਦ ਸੋਮਵਾਰ ਨੂੰ ਪਿੰਡ ਗੜ੍ਹੀ ਸਾਹਿਬ ਨੇੜਿਓਂ ਛੱਪੜ ਵਿੱਚੋਂ ਮਿਲੀ। ਜਿਸ ਦੀ ਲਾਸ਼ ਨੂੰ ਸਿਟੀ ਪੁਲਸ ਮੁਲਾਜ਼ਮਾਂ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ। ਜਾਣਕਾਰੀ ਦਿੰਦਿਆਂ ਸਿਟੀ ਪੁਲਸ ਦੇ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਯਾਦਵਿੰਦਰ ਸਿੰਘ (33) ਦੇ ਪਿਤਾ ਰੂੜ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਨੂੰਹ ਬੀਮਾਰ ਹੋਣ ਕਾਰਨ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ। ਜਿਸ ਦੀ 26 ਦਸੰਬਰ ਨੂੰ ਉਸ ਦਾ ਪੁੱਤਰ ਯਾਦਵਿੰਦਰ ਸਿੰਘ ਮੋਟਰਸਾਈਕਲ ਤੇ ਪਿੰਡ ਤੋਂ ਰੋਟੀ ਲੈ ਕੇ ਆਇਆ ਸੀ ਪਰ ਉਹ ਵਾਪਸ ਘਰ ਨਹੀਂ ਪਰਤਿਆ। 

ਇਸ ਦੀ ਸੂਚਨਾ ਸਿਟੀ ਪੁਲਸ ਨੂੰ ਦੇ ਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ 6 ਜਨਵਰੀ ਨੂੰ ਉਸ ਦਾ ਮੋਟਰਸਾਈਕਲ ਗੜ੍ਹੀ ਸਾਹਿਬ ਨੇੜੇ ਲੰਘਦੀ ਨਹਿਰ ਦੇ ਖਤਾਨਾਂ ਵਿਚੋਂ ਮਿਲਿਆ। ਜਿਸ ਤੋਂ ਬਾਅਦ ਉਸਦੀ ਉਸੇ ਇਲਾਕੇ ਵਿਚ ਭਾਲ ਕੀਤੀ ਜਾ ਰਹੀ ਸੀ। ਸੋਮਵਾਰ ਸਵੇਰੇ ਛੱਪੜ ਵਿਚ ਕੋਈ ਤਰਦੀ ਚੀਜ਼ ਨਜ਼ਰ ਆਈ, ਜਦੋਂ ਬਾਹਰ ਕੱਢਿਆ ਤਾਂ ਉਹ ਯਾਦਵਿੰਦਰ ਸਿੰਘ ਦੀ ਲਾਸ਼ ਸੀ। ਅਧਿਕਾਰੀ ਅਨੁਸਾਰ ਮ੍ਰਿਤਕ ਦੇ ਵਾਰਸਾ ਦੇ ਬਿਆਨਾਂ ਦੇ ਆਧਾਰ ’ਤੇ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Gurminder Singh

This news is Content Editor Gurminder Singh