ਲੁਧਿਆਣਾ ਦੇ ਨੌਜਵਾਨ ਪੰਜਾਬ ਤੋਂ ਜਮ੍ਹਾ ਡਰੱਗ ਮਨੀ ਨੂੰ ਹਵਾਲੇ ਤਹਿਤ ਭੇਜਦੇ ਸਨ ਬਾਹਰ, ਤਰਨਤਾਰਨ ਪੁਲਸ ਵੱਲੋਂ ਗ੍ਰਿਫਤਾਰ

09/09/2023 3:44:45 PM

ਲੁਧਿਆਣਾ (ਪੰਕਜ) : ਤਰਨਤਾਰਨ ਪੁਲਸ ਵੱਲੋਂ ਹੈਰੋਇਨ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਸਮੇਤ ਜਿਸ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ’ਚ ਲੁਧਿਆਣਾ ਦੇ 2 ਨੌਜਵਾਨ ਵੀ ਸ਼ਾਮਲ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਤੋਂ ਕਰੋੜਾਂ ਰੁਪਏ ਦੀ ਡਰੱਗ ਮਨੀ ਹਵਾਲਾ ਜ਼ਰੀਏ ਬਾਹਰ ਭੇਜਣ ਦਾ ਕਾਰੋਬਾਰ ਕਰ ਰਹੇ ਸਨ। ਤਰਨਤਾਰਨ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਸ਼ਾਮਲ ਸੁਖਮਨ ਸਿੰਘ ਅਤੇ ਸੁਸ਼ਾਂਤ ਸਮੇਤ 6 ਮੁਲਜ਼ਮਾਂ ਨੂੰ ਭਾਰੀ ਮਾਤਰਾ ’ਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਕਈ ਮਹੀਨਿਆਂ ਤੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਸ ਗਿਰੋਹ ਵੱਲੋਂ ਇਕੱਤਰ ਹੋਣ ਵਾਲੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਕਿੱਥੇ ਖਪਾਈ ਜਾ ਰਹੀ ਸੀ, ਜਦੋਂ ਇਸ ਮਾਮਲੇ ’ਚ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਲੁਧਿਆਣਾ ਦੀ ਕਰਮਸਰ ਕਾਲੋਨੀ, ਟਿੱਬਾ ਰੋਡ ’ਤੇ ਰਹਿਣ ਵਾਲੇ 2 ਨੌਜਵਾਨ ਨੀਰਜ ਕੁਮਾਰ ਅਤੇ ਅਭਿਸ਼ੇਕ ਜੋ ਕਿ ਆਪਸ ਵਿਚ ਕਜ਼ਨ ਵੀ ਹਨ, ਤਰਨਤਾਰਨ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਡਰੱਗ ਵੇਚਣ ਵਾਲੇ ਡੀਲਰਾਂ ਕੋਲੋਂ ਇਕੱਤਰ ਹੋਣ ਵਾਲੀ ਕਰੋੜਾਂ ਰੁਪਏ ਦੀ ਡਰੱਗ ਮਨੀ ਨੂੰ ਪੈਨ ਇੰਡੀਆ ਨੈੱਟਵਰਕ ਅਤੇ ਹਵਾਲਾ ਜ਼ਰੀਏ ਟਿਕਾਣੇ ਲਗਾਉਣ ਦਾ ਕੰਮ ਕਰ ਰਹੇ ਸਨ। ਇਨ੍ਹਾਂ ਦੋਵੇਂ ਮੁਲਜ਼ਮਾਂ ਤੋਂ ਪੁਲਸ ਨੇ 83 ਲੱਖ 60 ਹਜ਼ਾਰ ਰੁਪਏ ਦੇ ਕਰੀਬ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ‘ਭਾਰਤ’ ਨਾਮਕਰਨ ਨੂੰ ਲੈ ਕੇ ਛਿੜੀ ਬਹਿਸ : ਖ਼ਰਚ ਹੋਣਗੇ 14,000 ਕਰੋੜ

‘ਜਗ ਬਾਣੀ’ ਨੇ ਜਦੋਂ ਇਨ੍ਹਾਂ ਮੁਲਜ਼ਮਾਂ ਸਬੰਧੀ ਏਰੀਆ ’ਚ ਜਾ ਕੇ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ’ਚੋਂ ਇਕ ਦਾ ਪਿਤਾ ਕਬਾੜ ਦਾ ਕੰਮ ਕਰਦਾ ਹੈ ਅਤੇ ਦੋਵੇਂ ਪਿਛਲੇ ਕਈ ਮਹੀਨੇ ਤੋਂ ਹਵਾਲੇ ਦੇ ਕਾਰੋਬਾਰ ’ਚ ਸ਼ਾਮਲ ਹਨ ਅਤੇ ਇਸੇ ਧੰਦੇ ’ਚੋਂ ਉਨ੍ਹਾਂ ਨੇ ਆਪਣਾ ਮਕਾਨ ਖਰੀਦਿਆ ਸੀ ਅਤੇ ਲਗਜ਼ਰੀ ਲਾਈਫ ਜਿਊਂ ਰਹੇ ਸਨ। ਦੋਵਾਂ ਦੇ ਪਿੱਛੇ ਮੱਧ ਪ੍ਰਦੇਸ਼ ਦੇ ਸਤਨਾ ਦਾ ਇਕ ਵੱਡਾ ਕਾਰੋਬਾਰੀ ਹੈ, ਜੋ ਅਸਲ ’ਚ ਪੰਜਾਬ ਦੇ ਕਈ ਡਰੱਗ ਡੀਲਰਾਂ ਦੇ ਲਗਾਤਾਰ ਸੰਪਰਕ ’ਚ ਸੀ ਅਤੇ ਨਾਲ ਹੀ ਡਰੱਗ ਮਨੀ ਨੂੰ ਹਵਾਲਾ ਜ਼ਰੀਏ ਦੂਜੇ ਸੂਬਿਆਂ ਨੂੰ ਭੇਜਣ ਦਾ ਕੰਮ ਕਰ ਰਿਹਾ ਹੈ। ਤਰਨਤਾਰਨ ਪੁਲਸ ਦੇ ਹੱਥ ਜੋ ਅਹਿਮ ਕੜੀ ਲੱਗੀ ਹੈ, ਜੇਕਰ ਉਸ ’ਤੇ ਗੰਭੀਰਤਾ ਨਾਲ ਜਾਂਚ-ਪੜਤਾਲ ਹੁੰਦੀ ਹੈ ਤਾਂ ਡਰੱਗ ਦੇ ਕਾਲੇ ਕਾਰੋਬਾਰ ’ਚ ਸਰਗਰਮ ਕਈ ਵੱਡੇ ਮਗਰਮੱਛ ਕਾਨੂੰਨ ਦੇ ਸ਼ਿਕੰਜੇ ’ਚ ਫਸ ਸਕਦੇ ਹਨ। ਜੇਕਰ ਪੁਲਸ ਹਵਾਲਾ ਕਿੰਗਪਿਨ ਤੱਕ ਪੁੱਜ ਜਾਂਦੀ ਹੈ ਤਾਂ ਉਸ ਰਾਹੀਂ ਪੰਜਾਬ ’ਚ ਨਸ਼ਾ ਵੇਚ ਕੇ ਨੌਜਵਾਨੀ ਨੂੰ ਬਰਬਾਦੀ ਕੰਢੇ ਪਹੁੰਚਾਉਣ ਵਾਲੇ ਕਈ ਸਫੇਦਪੋਸ਼ ਬੇਨਕਾਬ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : 30 ਅਕਤੂਬਰ ਤੋਂ ਬਦਲਣਗੇ ਰਾਹੁਲ ਦੇ ਸਿਤਾਰੇ!, ਨਵੇਂ ਗੱਠਜੋੜ ਨੂੰ ਬੁਲੰਦੀਆਂ ’ਤੇ ਲਿਜਾਣਗੇ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha