ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼

06/11/2023 10:19:03 PM

ਪਾਇਲ (ਵਿਨਾਇਕ)-ਪਾਇਲ ਦੇ ਕੱਦੋਂ ਰੋਡ ’ਤੇ ਬਣੇ ਇਕ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਚ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਨਹਿਰ ’ਚ ਸੁੱਟ ਦਿੱਤਾ ਗਿਆ। ਤਕਰੀਬਨ ਡੇਢ ਮਹੀਨੇ ਤੱਕ ਮ੍ਰਿਤਕ ਦੇ ਵਾਰਿਸਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਸਗੋਂ ਕੇਂਦਰ ਦੇ ਪ੍ਰਬੰਧਕ ਮ੍ਰਿਤਕ ਦੇ ਵਾਰਿਸਾਂ ਨਾਲ ਉਲਝਦੇ ਰਹੇ। ਬਾਅਦ ਵਿਚ ਜਦੋਂ ਮ੍ਰਿਤਕ ਦੇ ਵਾਰਿਸਾਂ ਨੇ ਪਾਇਲ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ ਤਾਂ ਸੱਚਾਈ ਲਾਪਤਾ ਨੌਜਵਾਨ ਦੀ ਪੁਲਸ ਵੱਲੋਂ ਭਾਲ ਸ਼ੁਰੂ ਕਰਨ ਉਪਰੰਤ ਸਾਹਮਣੇ ਆਉਂਦੀ ਗਈ।

ਇਹ ਖ਼ਬਰ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਭਾਰਤੀ ਸਰਹੱਦ ’ਚ ਮੁੜ ਦਾਖ਼ਲ ਹੋਇਆ ਡ੍ਰੋਨ

ਇਸ ਘਟਨਾ ਸਬੰਧੀ ਪਾਇਲ ਪੁਲਸ ਨੇ 5 ਮੁਲਜ਼ਮਾਂ ਪ੍ਰਨੀਤ ਸਿੰਘ ਪੁੱਤਰ ਹਰਬੰਤ ਸਿੰਘ ਵਾਸੀ ਵਾਰਡ ਨੰ. 5 ਪਾਇਲ, ਹਰਮਨਪ੍ਰੀਤ ਸਿੰਘ ਤੇ ਵਿਕਰਮ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਦਹੇੜੂ ਥਾਣਾ ਸਦਰ ਖੰਨਾ, ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਦਹੇੜੂ ਥਾਣਾ ਸਦਰ ਖੰਨਾ, ਪ੍ਰਦੀਪ ਸਿੰਘ ਵਾਸੀ ਪਿੰਡ ਬਰਮਹਪੁਰਾ ਵਿਰੁੱਧ ਕਤਲ ਦੀ ਧਾਰਾ 302 ਆਈ.ਪੀ.ਸੀ. ਅਤੇ ਕੁੱਟਮਾਰ ਦੀ ਧਾਰਾ ਤਹਿਤ ਪਾਇਲ ਥਾਣੇ ਵਿਚ ਮਾਮਲਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : 9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ

ਇਥੇ ਜ਼ਿਕਰਯੋਗ ਹੈ ਕਿ ਪਾਇਲ ਦੇ ਕੱਦੋਂ ਰੋਡ ’ਤੇ ਸਥਿਤ ਗੁਰੂ ਕ੍ਰਿਪਾ ਵਿਦਿਆਲਿਆ ਨਾਂ ਦੇ ਮਕਾਨ ’ਚ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਤੌਰ ’ਤੇ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ, ਜਿਥੇ ਅੰਮ੍ਰਿਤਸਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਤਕਰੀਬਨ ਦੋ ਮਹੀਨੇ ਪਹਿਲਾਂ ਦਾਖ਼ਲ ਹੋਇਆ ਸੀ। ਅੰਮ੍ਰਿਤਸਰ ਦੇ ਫਤਿਹ ਸਿੰਘ ਨੂੰ ਤਕਰੀਬਨ ਪੰਜ ਮਹੀਨੇ ਇਸ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸੈਂਟਰ ਵਿਚ ਦਾਖ਼ਲ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਕੀਤਾ ਜਾਂਦਾ ਰਿਹਾ ਹੈ। ਮ੍ਰਿਤਕ ਅਮਨਦੀਪ ਸਿੰਘ ਦੀ ਮੁਲਜ਼ਮਾਂ ਵੱਲੋਂ ਕੰਮ ਨਾ ਕਰਨ ਕਾਰਨ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ, ਜਿਸ ਕਾਰਨ ਹੀ ਉਸ ਦੀ ਮੌਤ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪੁਲਸ ਅਧਿਕਾਰੀਆਂ ਅਨੁਸਾਰ ਅਮਨਦੀਪ ਸਿੰਘ ਨੂੰ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਚ ਪਹਿਲਾਂ ‘ਬੇਰਿਹਮੀ’ ਨਾਲ ਕੁੱਟਿਆ ਗਿਆ ਉਪਰੰਤ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮੰਤਵ ਨਾਲ ਨਹਿਰ ’ਚ ਸੁੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਈ ਲਾਇਆ ਗਿਆ ਸੀ। ਅਮਨਦੀਪ ਹੌਲੀ-ਹੌਲੀ ਕੱਪੜੇ ਧੋ ਰਿਹਾ ਸੀ। ਇਸ ਕਾਰਨ ਉਕਤ ਮੁਲਜ਼ਮਾਂ ਨੇ ਰਾਤ ਨੂੰ ਹਾਲ ਦੇ ਅੰਦਰ ਅਮਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਤਿਹ ਸਿੰਘ ਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਕੁੱਟਮਾਰ ਦੌਰਾਨ ਅਮਨਦੀਪ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਅਮਨਦੀਪ ਸਿੰਘ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਸੈਂਟਰ ਵਿਚ ਦਾਖ਼ਲ ਹੋਰ ਨੌਜਵਾਨਾਂ ਨੂੰ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਮੁਲਜ਼ਮ ਨਸ਼ਾ ਛੁਡਾਊ ਕੇਂਦਰ ਵਿਚ ਕਹਿਣ ਲੱਗੇ ਕਿ ਉਨ੍ਹਾਂ ਨੇ ਅਮਨਦੀਪ ਸਿੰਘ ਨੂੰ ਆਪਣੇ ਘਰ ਛੱਡ ਦਿੱਤਾ ਹੈ। ਇਸੇ ਦੌਰਾਨ 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ ਛੁਡਾਊ ਕੇਂਦਰ ਆਇਆ, ਜਿਸ ਨੇ ਅਮਨਦੀਪ ਸਿੰਘ ਬਾਰੇ ਪੁੱਛਿਆ। ਇਸ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰਵਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ’ਤੇ ਦੋਸ਼ ਲਗਾਇਆ ਕਿ ਉਹ ਖੁਦ ਨਸ਼ਾ ਕਰਕੇ ਕੇਂਦਰ ’ਚ ਠਹਿਰੇ ਨੌਜਵਾਨਾਂ ’ਤੇ ਥਰਡ ਡਿਗਰੀ ਦੀ ਵਰਤੋਂ ਕਰਦੇ ਸਨ।

ਡੰਡੇ ਨਾਲ ਗੁਪਤ ਅੰਗਾਂ ’ਤੇ ਵਾਰ ਕਰਕੇ ਥਰਡ ਡਿਗਰੀ ਟਾਰਚਰ ਦਿੱਤਾ

ਗ਼ੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨਾਂ ’ਤੇ ਥਰਡ ਡਿਗਰੀ ਤਸ਼ੱਦਦ ਕੀਤਾ ਗਿਆ। ਇਥੇ ਵੀ ਗੁਪਤ ਅੰਗਾਂ ’ਤੇ ਡੰਡੇ ਮਾਰੇ ਗਏ। ਇਸ ਸੈਂਟਰ ’ਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਨੇ ਕੈਮਰੇ ਦੇ ਸਾਹਮਣੇ ਸਾਰੇ ਰਾਜ਼ ਖੋਲ੍ਹ ਦਿੱਤੇ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਨਸ਼ਾ ਛੁਡਾਉਣ ਵਾਲੇ ਖੁਦ ਵੀ ਨਸ਼ੇ ਵਿਚ ਆ ਕੇ ਅੱਤਿਆਚਾਰ ਕਰਦੇ ਸਨ। ਪਾਇਲ ਦੇ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਦੀ ਨਹਿਰ ’ਚੋਂ ਖੋਜ ਕੀਤੀ ਜਾ ਰਹੀ ਹੈ।

ਪਾਇਲ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਮਹੀਨੇ ਤੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਉਸ ਦੇ ਭਰਾ ਨੂੰ ਮਿਲਣ ਨਹੀਂ ਦੇ ਰਹੇ ਸਨ ਅਤੇ ਪੜਤਾਲ ਦੌਰਾਨ ਪ੍ਰਬੰਧਕਾਂ ਵੱਲੋਂ ਅਣਮਨੁੱਖੀ ਸਲੂਕ ਅਤੇ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਪਤਾ ਲੱਗਣ ’ਤੇ 5 ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ।

Manoj

This news is Content Editor Manoj