ਰਤੋਕੇ ਦੇ ਪ੍ਰਸਿੱਧ ਸਰਕਾਰੀ ਸਕੂਲ ਦੀ ਸਹਾਇਤਾ ਲਈ ਅੱਗੇ ਲਈ ਸਿੰਗਾਪੁਰ ਦੀ ਸਮਾਜ ਸੇਵੀ ਸੰਸਥਾ

12/12/2017 6:15:32 PM

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਰਸਯੋਗ ਸਥਿਤੀ ਦੀ ਕਹਾਣੀ ਉਂਝ ਤਾਂ ਕਿਸੇ ਕੋਲੋਂ ਛਿਪੀ ਨਹੀਂ ਹੈ, ਹਰ ਪਾਸੇ ਗੰਦਗੀ, ਸਕੂਲਾਂ 'ਚ ਬਿਜਲੀ ਦਾ ਸਹੀ ਪ੍ਰਬੰਧ ਨਾ ਹੋਣਾ, ਬੱਚਿਆਂ ਦਾ ਅਨੁਸ਼ਾਸਨ 'ਚ ਨਾ ਰਹਿਣਾ, ਇਥੋਂ ਤਕ ਕੀ ਸਕੂਲ 'ਚ ਅਧਿਆਪਕਾਂ ਦੀ ਗੈਰ ਹਾਜ਼ਰੀ ਤੇ ਬੁਰੇ ਪ੍ਰੀਖਿਆ ਨਤੀਜੇ ਸਰਕਾਰੀ ਸਕੂਲਾਂ ਦੀ ਪਹਿਚਾਣ ਬਣ ਚੁੱਕੇ ਹਨ ਪਰ ਜ਼ਿਲਾ ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਰਤੋਕੇ ਦਾ ਇਕ ਸਰਕਾਰੀ ਪ੍ਰਾਈਮਰੀ ਸਕੂਲ ਅਜਿਹਾ ਵੀ ਹੈ, ਜੋ ਪੰਜਾਬ ਦੇ ਦੂਜੇ ਸਰਕਾਰੀ ਸਕੂਲਾਂ ਤੋਂ ਨਾ ਸਿਰਫ ਵੱਖ ਹੈ ਬਲਕਿ ਇਹ ਸਿੱਖਿਆ, ਸੱਭਿਆਚਾਰਕ ਤੇ ਖੇਡ ਗਤੀਵਿਧੀਆਂ, ਬੱਚੇ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਤੇ ਸਫਾਈ ਵਿਵਸਥਾ 'ਚ ਪ੍ਰਾਈਵੇਟ ਸਕੂਲਾਂ ਤੋਂ ਵੀ ਅੱਗੇ ਹਨ। ਇਹ ਹੀ ਵਜ੍ਹਾ ਹੈ ਕਿ ਨਾ ਸਿਰਫ ਪਿੰਡ ਦੇ ਹੀ ਲੋਕ ਸਗੋਂ ਆਲੇ-ਦੁਆਲੇ ਦੇ ਕਈ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨੂੰ ਇਸ ਸਕੂਲ 'ਚ ਦਾਖਲਾ ਦਿਲਵਾਉਣਾ ਮਾਣ ਦੀ ਗੱਲ ਸਮਝਦੇ ਹਨ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਆਪਣੇ ਘਰ ਬੱਚਾ ਪੈਦਾ ਹੋਣ ਦੇ ਤੁਰੰਤ ਬਾਅਦ ਤੋਂ ਇਸ ਸਕੂਲ 'ਚ ਸਿਫਾਰਿਸ਼ ਲੈ ਕੇ ਆਉਣ ਲੱਗ ਜਾਂਦੇ ਹਨ ਤੇ ਦਾਖਲੇ ਤੋਂ ਦੋ ਸਾਲ ਪਹਿਲਾਂ ਹੀ ਆਪਣੇ ਬੱਚਿਆਂ ਦਾ ਇਸ ਸਕੂਲ 'ਚ ਰਜਿਸਟ੍ਰੇਸ਼ਨ ਕਰਵਾਉਣਾ ਪੈਂਦਾ ਹੈ।
ਬਾਕੀ ਸਕੂਲਾਂ ਦੀ ਤਰ੍ਹਾਂ ਇਸ ਸਕੂਲ ਦਾ ਸਰਕਾਰੀ ਸਮਾਂ ਉਂਝ ਤਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਹੈ ਪਰ ਇਥੋਂ ਦਾ ਸਟਾਫ ਨਿਰਸੁਆਰਥ ਭਾਵ ਨਾਲ ਕੰਮ ਕਰਦਾ ਹੋਇਆ ਰਾਤ ਦੇ 8 ਵਜੇ ਤਕ ਬੱਚਿਆਂ ਨੂੰ ਤਰਾਸ਼ਨ 'ਚ ਲੱਗਾ ਰਹਿੰਦਾ ਹੈ ਤਿੰਨ ਵਜੇ ਤੋਂ ਬਾਅਦ ਨਾ ਸਿਰਫ ਸਕੂਲ ਦਾ ਸਟਾਫ ਕਮਜ਼ੋਰ ਤੇ ਦੂਜੇ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੀ ਸਿੱਖਿਆ ਖੇਤਰ ਦੀਆਂ ਕਮੀਆਂ ਨੂੰ ਦੂਰ ਕਰਨ 'ਚ ਲੱਗ ਜਾਂਦਾ ਹੈ ਸਗੋਂ ਸਕੂਲ ਤੋਂ ਪੜ੍ਹ ਕੇ ਅੱਗੇ ਦੀਆਂ ਜਮਾਤਾਂ ਲਈ ਦੂਜੇ ਸਕੂਲਾਂ 'ਚ ਜਾ ਚੁੱਕੇ ਬੱਚਿਆਂ ਦੀ ਸਿੱਖਿਆ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਜੁੱਟ ਜਾਂਦਾ ਹੈ। ਸ਼ਾਮ ਹੋਣ 'ਤੇ ਬੱਚਿਆਂ ਦੇ ਲਈ ਉਨ੍ਹਾਂ ਦੀ ਰੂਚੀ ਮੁਤਾਬਕ ਵੱਖ-ਵੱਖ ਜੀਵਨ ਦੀ ਕਾਰਜਸ਼ੈਲੀ ਨਾਲ ਜੁੜੀਆਂ ਦੂਜੀਆਂ ਗਤੀਵਿਧੀਆਂ ਮਾਡਲਿੰਗ, ਕਲੇ ਮਾਡਲਿੰਗ, ਲੇਖਣ, ਚਿੱਤਰਕਾਰੀ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਤੇ ਉਨ੍ਹਾਂ 'ਚੋਂ ਦੂਜੇ ਚੰਗੇ ਗੁਣ ਪੈਦਾ ਕਨ ਲਈ ਵੀ ਪੂਰਾ ਜ਼ੋਰ ਲਗਾਇਆ ਜਾਂਦਾ ਹੈ। ਇਹ ਹੀ ਵ੍ਹਜਾ ਹੈ ਕਿ ਸਕੂਲ 'ਚ ਬਚੇ ਹਰ ਸਮੇਂ ਨਾ ਸਿਰਫ ਅਨੁਸ਼ਾਸਨ ਦਾ ਪਾਲਣ ਕਰਦੇ ਸਗੋਂ ਵੱਡਿਆਂ ਦੀ ਇੱਜ਼ਤ ਕਰਦੇ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਨੂੰ ਸਾਫ ਰੱਖਣ 'ਚ ਵੀ ਬੱਚਿਆਂ ਦਾ ਅਹਿਮ ਯੋਗਦਾਨ ਹੈ।
ਸਕੂਲ ਦੀ ਇਸ ਬੁਲੰਦੀ ਦਾ ਜਦ ਸਿੰਗਾਪੁਰ 'ਚ ਸਮਾਜ ਸੇਵਾ ਦਾ ਕੰਮ ਕਰਨ ਵਾਲੀ ਯੰਗ ਸਿੱਖ ਐਸੋਸੀਏਸ਼ਨ ਨਾਮ ਦੀ ਸੰਸਥਾ ਨੂੰ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਤਾਂ ਇਸ ਸਕੂਲ ਦੀ ਮਦਦ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਯੰਗ ਸਿੱਖ ਐਸੋਸੀਏਸ਼ਨ ਦੇ ਪ੍ਰਤੀਨਿਧੀ ਸਤਵੰਤ ਸਿੰਘ ਤੇ ਉਥੋਂ ਦੇ ਕਾਲਜਾਂ 'ਚ ਪੜ੍ਹਨ ਵਾਲੇ 20 ਵਿਦਿਆਰਥੀ, ਜੋ ਕਿ ਮੂਲ ਰੂਪ ਨਾਲ ਭਾਰਤੀ ਹਨ, ਜ਼ਿਲਾ ਸੰਗਰੂਰ 'ਚ ਸਥਿਤ ਇਸ ਸਕੂਲ 'ਚ ਪਹੁੰਚੇ ਹਨ ਤੇ ਉਹ ਨਾ ਸਿਰਫ ਇਸ ਸਕੂਲ 'ਤੇ ਖੁਦ ਪੈਸਾ ਖਰਚ ਕਰ ਇਸ ਦੀ ਦਿਖ ਨੂੰ ਬਦਲ ਰਹੇ ਹਨ ਸਗੋਂ ਖੁਦ 26 ਦਸੰਬਰ ਇਥੇ ਤਕ ਰਹਿ ਕੇ ਇਸ ਸਕੂਲ 'ਚ ਨਵਾਂ ਪੇਂਟ ਵੀ ਖੁਦ ਕਰਨਗੇ।
ਯੰਗ ਸਿੱਖ ਐਸੋਸੀਏਸ਼ਨ ਦੇ ਪ੍ਰਤੀਨਿਧੀ ਤੇ ਸਿੰਗਾਪੁਰ ਤੋਂ ਆਏ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਕੂਲ ਦੀ ਅਕੈਡਮਿਕ ਤੇ ਸੱਭਿਆਚਾਰਕ ਪ੍ਰਾਪਤੀਆਂ ਦੇ ਬਾਰੇ 'ਚ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਕੂਲ ਦੀ ਨੁਹਾਰ ਬਦਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਿਸ਼ਨ ਹਰ ਇਕ ਵਿਅਕਤੀ ਤਕ ਸਿੱਖਿਆ ਪਹੁੰਚਾਉਣਾ ਹੈ ਕਿਉਂਕਿ ਸਿੱਖਿਆ ਨਾਲ ਹੀ ਸਮਾਜ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।