ਸ਼ੱਕੀ ਹਲਾਤਾਂ 'ਚ ਨੌਜਵਾਨ ਦੀ ਹੋਈ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ (ਵੀਡੀਓ)

07/16/2018 11:29:29 AM

ਝਬਾਲ (ਲਾਲੂਘੁੰਮਣ) - ਥਾਣਾ ਝਬਾਲ ਦੇ ਪਿੰਡ ਭੁੱਚਰ ਕਲਾਂ ਵਾਸੀ ਇਕ ਨੌਜਵਾਨ ਦੀ ਐਤਵਾਰ ਨੂੰ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ, ਜਿਸ ਨੇ ਪਿੰਡ ਵਾਸੀਆਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪਿੰਡ 'ਚ ਬਣੀ ਨਸ਼ਾ ਵਿਰੋਧੀ ਕਮੇਟੀ ਵੱਲੋਂ ਪਿੰਡ 'ਚ ਦਹਿਸ਼ਤ ਫੈਲਾਉਣ ਦੇ ਦੋਸ਼ ਲਾਉਂਦਿਆਂ ਆਪਣੇ ਲੜਕੇ ਦੀ ਮੌਤ ਦਾ ਕਾਰਨ ਕਮੇਟੀ ਨੂੰ ਦੱਸਿਆ ਹੈ। 
ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੇ ਤਾਏ ਪ੍ਰਗਟ ਸਿੰਘ ਅਤੇ ਮਾਤਾ ਬਲਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਹਿਲਾਂ ਨਸ਼ੇ ਕਰਨ ਦਾ ਆਦਿ ਸੀ ਪਰ ਹੁਣ ਉਹ ਨਸ਼ੇ ਛੱਡ ਚੁੱਕਿਆ ਸੀ। ਸੋਸ਼ਲ ਮੀਡੀਆ 'ਤੇ ਨਸ਼ੇੜੀਆਂ ਨੂੰ ਕੁੱਟਮਾਰ ਕਰਨ ਦੀਆਂ ਆ ਰਹੀਆਂ ਵੀਡੀਓ ਨੂੰ ਵੇਖ ਕੇ ਉਹ ਕਈ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ। ਉਸ ਨੂੰ ਡਰ ਸੀ ਕਿ ਉਕਤ ਕਮੇਟੀ ਵਾਲੇ ਉਸ ਨੂੰ ਵੀ ਚੁੱਕ ਕੇ ਨਾ ਲੈ ਜਾਣ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਆਪਣੀ ਗਲੀ ਦੇ ਮੋੜ 'ਤੇ ਖੜ੍ਹਾ ਸੀ ਤਾਂ ਉਕਤ ਕਮੇਟੀ ਵਾਲੇ ਨਾਅਰੇਬਾਜ਼ੀ ਕਰਦੇ ਹੋਏ ਆ ਰਹੇ ਸਨ, ਜਿਨ੍ਹਾਂ ਨੂੰ ਵੇਖ ਕੇ ਜਦ ਉਹ ਘਰ ਵੱਲ ਨੂੰ ਦੌੜਿਆ ਤਾਂ ਰਸਤੇ 'ਚ ਨੰਬਰਦਾਰ ਦੀ ਕੰਧ ਟੱਪ ਕੇ ਲੁੱਕਣ ਦੀ ਕੋਸ਼ਿਸ਼ ਕਰਨ 'ਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਗੱਲ ਦਾ ਪਤਾ ਲੱਗਣ 'ਤੇ ਉਸ ਨੂੰ ਚੁੱਕ ਕੇ ਘਰ ਲਿਆਂਦਾ ਗਿਆ। ਡਾਕਟਰ ਨੇ ਉਸ ਦਾ ਇਲਾਜ ਕਰਦਿਆਂ ਗੁਲੂਕੋਜ਼ ਦੀਆਂ ਬੋਤਲਾਂ ਵੀ ਲਵਾਈਆਂ ਪਰ ਉਸ ਨੂੰ ਹੋਸ਼ ਨਹੀਂ ਆਈ ਅਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। 


ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਉਸ ਦੀ ਮੌਤ ਨੂੰ ਕਥਿਤ ਨਸ਼ਾ ਵਿਰੋਧੀ ਕਮੇਟੀ ਵੱਲੋਂ ਪਿੰਡ 'ਚ ਫੈਲਾਈ ਜਾ ਰਹੀ ਦਹਿਸ਼ਤ ਬਾਰੇ ਦੱਸਦਿਆਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀਆਂ ਕਮੇਟੀਆਂ 'ਤੇ ਕਾਨੂੰਨ ਅਤੇ ਨਿਯਮ ਲਾਗੂ ਕੀਤੇ ਜਾਣ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਸ਼ਲਾਘਾਯੋਗ ਹੈ ਪਰ ਨਸ਼ੇੜੀਆਂ ਪ੍ਰਤੀ ਰਵੱਈਆ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਇਕ ਭਰਾ ਫੌਜ 'ਚ ਨੌਕਰੀ ਕਰ ਰਿਹਾ ਹੈ। ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਅਤੇ ਨਾ ਹੀ ਕਿਸੇ ਵੱਲੋਂ ਕੋਈ ਸ਼ਿਕਾਇਤ ਦਰਜ ਕਰਾਈ ਗਈ ਹੈ। ਜੇਕਰ ਨੌਜਵਾਨ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।