ਝਟਕਈ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਿਆ, ਗੰਭੀਰ ਜ਼ਖਮੀ

08/24/2018 4:57:39 PM

ਬਟਾਲਾ (ਬੇਰੀ) : ਬੀਤੀ ਰਾਤ ਸਿੰਬਲ ਚੌਕ ਸਥਿਤ ਇਕ ਝਟਕਈ ਵੱਲੋਂ ਨਾਲ ਲਗਦੀ ਫਰੂਟ ਦੀ ਦੁਕਾਨ 'ਤੇ ਕੰਮ ਕਰਦੇ ਵਿਅਕਤੀ ਨੂੰ ਬੇਰਹਿਮੀ ਨਾਲ ਵੱਢ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸੂਰਜ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਲੱਲੀਆਂ ਵਾਲੀ ਗਲੀ ਬਟਾਲਾ ਨੇ ਦੱਸਿਆ ਕਿ ਉਸਦਾ ਚਾਚਾ ਦੀਪਕ ਪੁੱਤਰ ਕੁੰਦਨ ਲਾਲ ਜੋ ਸਿੰਬਲ ਚੌਕ 'ਚ ਫਰੂਟ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਨਾਲ ਲੱਗਦੀ ਝਟਕਈ ਦੀ ਦੁਕਾਨ ਕਰਨ ਵਾਲੇ ਦੀਪਕ ਨੇ ਉਸ ਦੇ ਚਾਚੇ ਨੇ ਮੁਰਗਿਆਂ ਵਾਲਾ ਜੰਗਲਾ ਥੋੜਾ ਹਟਾਉਣ ਲਈ ਕਿਹਾ ਤਾਂ ਝਟਕਈ ਨੇ ਆਪਣੇ ਲੜਕੇ ਅਤੇ ਨੌਕਰ ਦੇ ਨਾਲ ਮਿਲ ਕੇ ਉਸਦੇ ਚਾਚਾ ਦੀਪਕ 'ਤੇ ਮੀਟ ਕੱਟਣ ਵਾਲੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। 

ਸੂਰਜ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਆਪਣੇ ਚਾਚੇ ਨੂੰ ਛੁਡਾਉਣ ਲਈ ਜਾ ਰਿਹਾ ਸੀ ਤਾਂ ਉਕਤ ਝਟਕਈ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ ਪਰ ਉਸਨੇ ਭੱਜ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ। ਇਸ ਬਾਰੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਪਰੰਤ ਉਕਤ ਨੌਜਵਾਨ ਨੂੰ ਸਿਵਲ ਹਸਤਪਾਲ ਬਟਾਲਾ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਇਸ ਮਾਮਲੇ ਸਬੰਧੀ ਏ. ਐੱਸ. ਆਈ. ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਦੀਪਕ ਦੇ ਬਿਆਨ ਕਮਲਬੱਧ ਕਰਨ ਦੇ ਬਾਅਦ ਬਣਦੀ ਕਾਨੂੰਨੀ ਕਾਰਵਾਈ ਸਬੰਧਤ ਵਿਅਕਤੀਆਂ ਵਿਰੁੱਧ ਕੀਤੀ ਜਾਵੇਗੀ।