ਗੁਰਦਾਸਪੁਰ ''ਚ ਨੌਜਵਾਨ ਨੂੰ ਗੋਲੀ ਮਾਰ ਕੇ ਖੋਹੀ ਵਰਨਾ ਕਾਰ, ਪੁਲਸ ਨੇ ਜਾਰੀ ਕੀਤਾ ਅਲਰਟ

09/05/2020 6:27:37 PM

ਗੁਰਦਾਸਪੁਰ (ਹਰਮਨ, ਜ. ਬ.) : ਬੀਤੀ ਸ਼ਾਮ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਾਈਪਾਸ 'ਤੇ ਇਕ ਹੋਟਲ 'ਚ ਆਏ ਨੌਜਵਾਨ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੇ ਬਲ 'ਤੇ ਵਰਨਾ ਕਾਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਮਾਲਕ ਨੌਜਵਾਨ ਵੱਲੋਂ ਲੁਟੇਰਿਆਂ ਨੂੰ ਕਾਰ ਦੀ ਚਾਬੀ ਦੇਣ ਤੋਂ ਮਨ੍ਹਾ ਕੀਤੇ ਜਾਣ 'ਤੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ ਅਤੇ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ ਨੌਜਵਾਨ ਦੀ ਜਾਣ ਤਾਂ ਬਚ ਗਈ ਪਰ ਗੋਲੀ ਲੱਤ ਨੂੰ ਛੂਹ ਕੇ ਨਿਕਲ ਜਾਣ ਕਾਰਣ ਉਹ ਜ਼ਖਮੀ ਹੋ ਗਿਆ। ਦਿਨ ਦਿਹਾੜੇ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਐੱਸ. ਐੱਸ. ਪੀ. ਡਾ. ਰਾਜਿੰਦਰ ਸਿੰਘ ਸੋਹਲ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਐੱਸ. ਐੱਸ. ਪੀ. ਨੇ ਖੁਦ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੀ ਪੁਲਸ ਨੂੰ ਅਲਰਟ ਕਰ ਕੇ ਖੋਹੀ ਗਈ ਕਾਰ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :  ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ

ਐੱਸ. ਐੱਸ. ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਟ ਮੋਹਨ ਲਾਲ ਦਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਕਿਸੇ ਕੰਮ ਲਈ ਆਪਣੀ ਵਰਨਾ ਕਾਰ ਨੰਬਰ ਪੀ.ਬੀ. 06 ਏ.ਐਕਸ-8405 'ਤੇ ਗੁਰਦਾਸਪੁਰ ਆਇਆ ਸੀ ਅਤੇ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬਾਈਪਾਸ 'ਤੇ ਪਿੰਡ ਬਰਿਆਰ ਨੇੜੇ ਇਕ ਹੋਟਲ ਵਿਚ ਕੁਝ ਖਾਣ-ਪੀਣ ਲਈ ਗਿਆ। ਜਦੋਂ ਉਹ ਕਾਰ ਵਿਚੋਂ ਉਤਰਿਆ ਤਾਂ ਪਿੱਛੋਂ ਆਏ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੇ ਬਲ 'ਤੇ ਉਸ ਕੋਲੋਂ ਕਾਰ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਨੌਜਵਾਨ ਨੇ ਚਾਬੀਆਂ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਤੈਸ਼ 'ਚ ਆਏ ਲੁਟੇਰਿਆਂ ਨੇ ਉਸ 'ਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਲੱਤ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਲੁਟੇਰੇ ਉਸ ਕੋਲੋਂ ਚਾਬੀ ਖੋਹ ਕੇ ਕਾਰ ਲੈ ਕੇ ਫਰਾਰ ਹੋ ਗਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਹਾਲ ਦੀ ਘੜੀ ਇਹ ਲੁੱਟ-ਖੋਹ ਦੀ ਘਟਨਾ ਲੱਗ ਰਹੀ ਹੈ ਪਰ ਪੁਲਸ ਵੱਲੋਂ ਹਰੇਕ ਪੱਖ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

Gurminder Singh

This news is Content Editor Gurminder Singh