Year Ender 2019 : ਮਾਨ, ਮੂਸੇ ਵਾਲਾ ਤੇ ਢੱਡਰੀਆਂ ਵਾਲੇ ਕਾਰਨ ਸੁਰਖੀਆਂ 'ਚ ਰਿਹਾ ਸੰਗਰੂਰ

12/31/2019 12:06:16 PM

ਪਟਿਆਲਾ/ਰੱਖੜਾ (ਰਾਣਾ) : ਸਾਲ 2019 ਵਿਚ ਸਾਰੇ ਸੰਸਾਰ ਅੰਦਰ ਸੁਰਖੀਆਂ ਬਟੋਰਨ ਵਿਚ ਪੰਜਾਬ ਦਾ ਚਰਚਿਤ ਜ਼ਿਲਾ ਸੰਗਰੂਰ ਸਭ ਤੋਂ ਅੱਗੇ ਰਿਹਾ। ਮੈਂਬਰ ਪਾਰਲੀਮੈਂਟ 2019 ਦੀਆਂ ਚੋਣਾਂ ਤੋਂ ਲੈ ਕੇ ਭਗਵੰਤ ਮਾਨ ਦੀ ਮੁੜ ਪਾਰਲੀਮੈਂਟ ਵਿਚ ਹੋਈ ਐਂਟਰੀ ਨੇ ਜਿਥੇ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦਿੱਤੀ, ਉਥੇ ਹੀ ਉਨ੍ਹਾਂ ਜਿੱਤ ਤੋਂ ਬਾਅਦ ਲੋਕ ਸਭਾ ਦੇ ਸਮੁੱਚੇ ਸੈਸ਼ਨਾਂ ਵਿਚ ਭਖਵੇਂ ਮੁੱਦਿਆਂ 'ਤੇ ਬੋਲ ਕੇ ਸੂਬੇ ਦੇ ਹੱਕਾਂ ਅਤੇ ਹਿਤਾਂ ਲਈ ਵਿਚਾਰ ਪੇਸ਼ ਕੀਤੇ। ਆਪਣੀ ਬੋਲਣ ਕਲਾ ਕਾਰਨ ਲੋਕ ਸਭਾ ਵਿਚ ਸਾਰੀਆਂ ਪਾਰਟੀਆਂ ਦੇ ਮੁਖੀਆਂ ਸਮੇਤ ਲੋਕ ਸਭਾ ਸਪੀਕਰ ਨੂੰ ਵੀ ਪ੍ਰਭਾਵਤ ਕਰਨ ਵਿਚ ਸਫਲ ਰਹੇ।

ਜ਼ਿਕਰਯੋਗ ਹੈ ਕਿ ਸੰਗਰੂਰ ਪਾਰਲੀਮੈਂਟ ਸੀਟ ਤੋਂ ਹੁਣ ਤੱਕ ਮੁੜ ਕੋਈ ਵੀ ਉਮੀਦਵਾਰ ਜੇਤੂ ਨਹੀਂ ਬਣਿਆ ਪਰ ਭਗਵੰਤ ਮਾਨ ਇਕੱਲਾ ਅਜਿਹਾ ਆਗੂ ਹੋ ਨਿੱਬੜਿਆ, ਜੋ ਮੁੜ ਜੇਤੂ ਬਣਿਆ। ਦੂਜੀ ਵਾਰ ਜੇਤੂ ਹੋਣ ਪਿੱਛੇ ਚੋਣਾਂ ਸਮੇਂ ਪ੍ਰਚਾਰ ਦੌਰਾਨ ਪੰਜਾਬੀ ਗਾਇਕ ਆਰ. ਨੇਤ ਦੇ ਗੀਤ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦਬਦਾ ਕਿੱਥੇ ਐ?' ਨੂੰ ਹਰ ਰੈਲੀ, ਹਰ ਮੀਟਿੰਗ ਵਿਚ ਅਤੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਚੱਲਣ ਵਾਲੇ ਇਸ ਗੀਤ ਸਦਕਾ ਹੀ ਭਗਵੰਤ ਮਾਨ ਜੇਤੂ ਬਣਿਆ।

ਇਸੇ ਤਰ੍ਹਾਂ ਮੈਨਹੋਲ ਵਿਚ ਡਿੱਗਣ ਵਾਲਾ ਫਤਿਹਵੀਰ ਸਿੰਘ ਵੀ ਸੰਗਰੂਰ ਜ਼ਿਲੇ ਦਾ ਹੀ ਸੀ, ਜਿਸ ਨੂੰ ਮੈਨਹੋਲ ਵਿਚੋਂ ਕੱਢਣ ਲਈ ਕਈ ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਵੀ ਅਸਫਲਤਾ ਹੱਥ ਲੱਗੀ। ਇਸ ਅਸਫਲਤਾ ਦਾ ਮੁੱਖ ਕਾਰਨ ਸਰਕਾਰੀ ਤੰਤਰ ਦਾ ਫੇਲ ਹੋਣਾ ਅਤੇ ਅਜਿਹੀਆਂ ਘਟਨਾਵਾਂ ਦੌਰਾਨ ਵਰਤੀ ਜਾਣ ਵਾਲੀ ਮਸ਼ੀਨਰੀ ਦਾ ਮੌਜੂਦ ਨਾ ਹੋਣਾ ਮੰਨਿਆ ਗਿਆ।

ਉਥੇ ਹੀ ਪੂਰੀ ਦੁਨੀਆ ਵਿਚ ਪੰਜਾਬੀ ਗਾਇਕੀ ਦੀ ਛਾਪ ਛੱਡਣ ਵਾਲੇ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨੂੰ ਲੈ ਕੇ ਜਿੱਥੇ ਚਰਚਾ ਵਿਚ ਬਣੇ ਰਹੇ, ਉਥੇ ਇਕ ਗੀਤ 'ਜੱਟੀ ਜਿਊਣੇ ਮੌੜ ਵਰਗੀ' ਨੂੰ ਲੈ ਕੇ ਵਿਵਾਦਾਂ ਵਿਚ ਵੀ ਘਿਰੇ ਰਹੇ। ਅਸਲ ਵਿਚ ਸਿੱਧੂ ਦੇ ਇਸ ਗੀਤ 'ਚ ਮਾਈ ਭਾਗੋ ਜੀ ਦਾ ਜ਼ਿਕਰ ਸੀ, ਜਿਸ ਨੂੰ ਲੈ ਕੇ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਸਿੱਧੂ ਮੂਸੇ ਵਾਲਾ ਦਾ ਸਖਤ ਵਿਰੋਧ ਕੀਤਾ ਗਿਆ। ਸਿੱਖ ਜਥੇਬੰਦੀਆਂ ਨੇ ਮੂਸੇ ਦੇ ਘਰ ਹੱਲਾ ਬੋਲ ਦਿੱਤਾ। ਮਾਮਲਾ ਕਾਫੀ ਉਲਝਣ ਕਾਰਨ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਵੱਲੋਂ ਮੁਆਫੀ ਮੰਗਣ ਉਪਰੰਤ ਮਾਮਲਾ ਸ਼ਾਂਤ ਹੋਇਆ।

ਇਸ ਜ਼ਿਲੇ ਨਾਲ ਸਬੰਧਤ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਮੁੜ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨਾ ਵੀ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸੇ ਤਰ੍ਹਾਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਹੀ ਪਾਰਟੀ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਕੇ ਮੁੜ ਜ਼ਿਲਾ ਸੰਗਰੂਰ ਨੂੰ ਚਰਚਾ ਵਿਚ ਲਿਆ ਦਿੱਤਾ। ਪਿਛਲੇ ਲੰਮੇਂ ਸਮੇਂ ਤੋਂ ਕੈਬਨਿਟ ਮੰਤਰੀ ਬਣਨ ਦੀ ਆਸ ਲਾਈ ਬੈਠੇ ਵਿਜੇ ਇੰਦਰ ਸਿੰਗਲਾ ਨੂੰ ਵੀ ਵੱਡੇ ਮਹਿਕਮੇ ਦੀ ਕਮਾਂਡ ਮਿਲਣ ਤੋਂ ਬਾਅਦ ਬੇਰੋਜ਼ਗਾਰ ਟੀਚਰਾਂ ਵੱਲੋਂ ਧਰਨਾ ਲਾਉਣ ਸਮੇਂ ਭੱਦੀ ਸ਼ਬਦਾਵਲੀ ਵਰਤਣ ਕਾਰਨ ਮਾਮਲਾ ਲੋਕ ਸਭਾ ਸੈਸ਼ਨ ਵਿਚ ਗੂੰਜਿਆ। ਪੰਜਾਬ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ।

ਚੰਗਾਲੀ ਵਾਲਾ ਦੇ ਦਲਿਤ ਵਿਅਕਤੀ ਨਾਲ ਹੋਈ ਕੁੱਟ-ਮਾਰ ਦਾ ਮਾਮਲਾ ਵੀ ਸਰਕਾਰ ਦੇ ਗਲ ਦੀ ਹੱਡੀ ਬਣਿਆ ਰਿਹਾ। ਟਕਸਾਲੀ ਬਾਬਿਆਂ ਨੂੰ ਗੁਰਬਾਣੀ ਦੇ ਤਰਕ ਨਾਲ ਚੁਣੌਤੀਆਂ ਦੇਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਮਲੇ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਇਸ ਖਿਲਾਫ ਕੁਝ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜ ਕੇ ਕਾਰਵਾਈ ਦੀ ਮੰਗ ਕੀਤੀ। ਮਾਮਲਾ ਉਲਝਦਾ ਵੇਖ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਾਲ ਦੇ ਅਖੀਰ ਵਿਚ ਬੁੱਧੀਜੀਵੀਆਂ ਦੀ ਇਕ ਕਮੇਟੀ ਬਣਾ ਦਿੱਤੀ ਗਈ, ਜਿਸ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਭਾਈ ਰਣਜੀਤ ਸਿੰਘ ਨੂੰ ਕਿਹਾ ਗਿਆ ਪਰ ਭਾਈ ਰਣਜੀਤ ਸਿੰਘ ਦੇ ਵਿਦੇਸ਼ ਗਏ ਹੋਣ ਕਾਰਨ ਅਤੇ ਭਾਈ ਰਣਜੀਤ ਸਿੰਘ ਨੇ ਬਣਾਈ ਗਈ ਕਮੇਟੀ ਨੂੰ ਸਿਰੇ ਤੋਂ ਨਕਾਰਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੂੰ ਖੁਦ ਗੁਰ-ਇਤਿਹਾਸ ਅਤੇ ਗੁਰਬਾਣੀ ਵਿਆਖਿਆ ਕਰਨ ਦੀ ਅਪੀਲ ਕਰ ਕੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਸੁਨੇਹਾ ਦੇ ਦਿੱਤਾ, ਜਿਸ ਕਾਰਨ ਸਮੁੱਚਾ ਮਾਮਲਾ ਇਕ ਟੇਢੀ ਖੀਰ ਬਣ ਕੇ ਰਹਿ ਗਿਆ ਹੈ। 2020 ਵਿਚ ਭਾਈ ਰਣਜੀਤ ਸਿੰਘ ਦੇ ਵਿਦੇਸ਼ ਤੋਂ ਆਉਣ ਮਗਰੋਂ ਇਹ ਮਾਮਲਾ ਕੀ ਰੰਗ ਵਿਖਾਏਗਾ? ਇਹ ਤਾਂ ਸਮਾਂ ਹੀ ਦੱਸੇਗਾ।

cherry

This news is Content Editor cherry