ਸਾਲ 2019 : ਵਤਨ ਖਾਤਰ ਸ਼ਹੀਦ ਹੋਏ ਪੰਜਾਬ ਦੇ ਇਹ ਮਹਾਨ ਸੂਰਮੇ

12/30/2019 11:14:38 AM

ਜਲੰਧਰ - ਪੰਜਾਬ ਦੀ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ’ਤੇ ਰਹਿ ਰਹੇ ਕਈ ਮਹਾਨ ਯੋਧਿਆਂ ਨੇ ਦੇਸ਼ ਦੀ ਖਾਤਰ ਸਰਹੱਦ ’ਤੇ ਦੁਸ਼ਮਣਾਂ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ। 2019 ਜਿਥੇ ਕੌੜੀਆਂ ਅਤੇ ਮਿੱਠੀਆਂ ਯਾਦਾਂ ਛੱਡ ਕੇ ਸਾਨੂੰ ਸਭ ਨੂੰ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਕਈ ਜਵਾਨ ਇਸ ਸਾਲ ਸਰਹੱਦ ’ਤੇ ਸ਼ਹੀਦ ਹੋ ਕੇ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਏ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮਹਾਨ ਯੋਧਿਆਂ ਅਤੇ ਸੂਰਬੀਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਸਾਲ 2019 ’ਚ ਆਪਣੀ ਜਾਨ ਵਤਨ ਦੇ ਲੇਖੇ ਲਗਾ ਦਿੱਤੀ। 

ਸ਼ਹੀਦ ਮਨਿੰਦਰ ਸਿੰਘ 
ਦੀਨਾਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾਂ 'ਚ ਹੋਏ ਆਤਮਘਾਤੀ ਹਮਲੇ ’ਚ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਦਾ ਰਹਿਣ ਵਾਲਾ ਸ਼ਹੀਦ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਟੁਕੜੀ ਨੇ ਸਲਾਮੀ ਦਿੰਦੇ ਹੋਏ ਸ਼ਹੀਦ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਮਨਿੰਦਰ ਸਿੰਘ ਦੀ ਮਾਂ ਨੇ ਇਸ ਮੌਕੇ ਜਿਥੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ ਗਏ, ਉਥੇ ਹੀ 'ਪਾਕਿ ਮੁਰਦਾਬਾਦ' ਦੇ ਵੀ ਜੰਮ ਕੇ ਨਾਅਰੇ ਲਗਾਏ। ਸ਼ਹੀਦ ਮਨਿੰਦਰ ਸਿੰਘ ਦੀ ਅਰਥੀ ਨੂੰ ਵੱਡੀ ਭੈਣ ਲਵਲੀ ਨੇ ਮੋਢਾ ਦਿਤਾ ਅਤੇ ਛੋਟੇ ਭਰਾ ਲਵਕਿਸ਼ ਸਿੰਘ ਵਲੋਂ ਅਗਨੀ ਦਿੱਤੀ। 


 
ਸ਼ਹੀਦ ਜੈਮਲ ਸਿੰਘ
ਮੋਗਾ- ਜੰਮੂ ਦੇ ਪੁਲਵਾਮਾ ਖੇਤਰ ’ਚ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਹਮਲੇ ’ਚ 44 ਸੀ.ਆਰ.ਪੀ.ਐੱਫ ਦਾ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਜੈਮਲ ਸਿੰਘ ਦਾ ਅੰਤਿਮ ਸੰਸਕਾਰ ਮੋਗਾ ਜ਼ਿਲੇ ਦੇ ਪਿੰਡ ਘਲੋਟੀ ਖੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਦੱਸ ਦੇਈਏ ਕਿ ਸ਼ਹੀਦ ਜੈਮਲ ਸਿੰਘ ਮਨ ’ਚ ਦੇਸ਼ ਭਗਤੀ ਦਾ ਜਜ਼ਬਾ ਹੋਣ ਕਰਕੇ 23 ਅਪ੍ਰੈਲ 1993 ਨੂੰ ਸੀ.ਆਰ.ਪੀ.ਐੱਫ ’ਚ ਭਰਤੀ ਹੋ ਗਿਆ ਸੀ। ਉਸ ਨੇ ਦਿੱਲੀ, ਆਸਾਮ, ਊਧਮਪੁਰ, ਜੰਮੂ, ਮਣੀਪੁਰ, ਰਾਂਚੀ ਆਦਿ ਅਨੇਕਾਂ ਥਾਵਾਂ ’ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ।

ਸ਼ਹੀਦ ਸੁਖਜਿੰਦਰ ਸਿੰਘ
ਤਰਨਤਾਰਨ - ਸ਼੍ਰੀਨਗਰ ਦੇ ਪੁਲਵਾਮਾ ਅਧੀਨ ਆਉਂਦੇ ਆਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਨਾਲ ਲੋਹਾ ਲੈਣ ਜਾ ਰਿਹਾ ਸੀ.ਆਰ.ਪੀ.ਐੱਫ. ਦਾ ਜਵਾਨ ਸੁਖਜਿੰਦਰ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਸੁਖਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਜ਼ਿਲਾ ਤਰਨਤਾਰਨ ਦੇ ਗੰਡੀਵਿੰਡ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਸੁਖਜਿੰਦਰ ਨੂੰ ਬਚਪਨ ਤੋਂ ਹੀ ਸ਼ੌਕ ਹੀ ਸੀ ਕਿ ਉਹ ਸੀ. ਆਰ. ਪੀ. ਐੱਫ. 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਨਾਲ ਅੱਤਵਾਦੀਆਂ ਨੂੰ ਸਬਕ ਸਿਖਾਵੇ। ਪੜ੍ਹਾਈ ਮਗਰੋਂ ਉਹ 17 ਫਰਵਰੀ 2003 'ਚ ਸੀ. ਆਰ. ਪੀ. ਐੱਫ. ਦੀ 76 ਬਟਾਲੀਅਨ 'ਚ ਬਤੌਰ ਕਾਂਸਟੇਬਲ ਭਰਤੀ ਹੋਇਆ, ਜਿਸ ਨੇ ਆਪਣੀ ਟ੍ਰੇਨਿੰਗ ਉੜੀਸਾ ਦੇ ਭੂਵਨੇਸ਼ਵਰ ਤੋਂ ਹਾਸਲ ਕੀਤੀ।  


 
ਸ਼ਹੀਦ ਕੁਲਵਿੰਦਰ ਸਿੰਘ
ਸ੍ਰੀ ਆਨੰਦਪੁਰ ਸਾਹਿਬ - ਪੁਲਵਾਮਾ ਅੱਤਵਾਦੀ ਹਮਲੇ ’ਚ ਦੇਸ਼ ਦੀ ਰੱਖਿਆ ਕਰਦੇ ਹੋਏ ਰੂਪਨਗਰ ਦਾ ਜਵਾਨ ਕੁਲਵਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਰੂਪਨਗਰ ਦੇ ਪਿੰਡ ਰੌਲੀ ਵਿਖੇ ਜਵਾਨਾਂ ਵਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ।


 
ਸ਼ਹੀਦ ਕਰਮਜੀਤ ਸਿੰਘ
ਮੋਗਾ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਪੈਂਦੇ ਸੁੰਦਰਬਾਣੀ ਸੈਕਟਰ ਦੇ ਕੈਰੀ ਬੱਤਲ ਇਲਾਕੇ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵਲੋਂ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ, ਜਿਸ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿੱਤਾ। ਜੰਗਬੰਦੀ ਦੌਰਾਨ ਪਾਕਿ ਵਲੋਂ ਕੀਤੀ ਗਈ ਗੋਲੀਬਾਰੀ ‘ਚ ਫੌਜ ਦਾ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਕਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਮੋਗਾ ਜ਼ਿਲੇ ਦੇ ਪਿੰਡ ਜਨੇਰ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੀ।

ਸ਼ਹੀਦ ਕੁਲਦੀਪ ਸਿੰਘ
ਅੰਮ੍ਰਿਤਸਰ - ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਦੇ ਫੌਜੀ ਜਵਾਨ ਕੁਲਦੀਪ ਸਿੰਘ ਦੀ ਡਿਊਟੀ ਦੌਰਾਨ ਕਾਰਗਿਲ ’ਚ ਬਰਫ ਦੇ ਤੋਦੇ ਹੇਠ ਆਉਣ ਕਾਰਨ ਮੌਤ ਹੋ ਗਈ ਸੀ। ਸ਼ਹੀਦ ਕੁਲਦੀਪ ਸਿੰਘ 5 ਸਿੱਖ ਰੈਜੀਮੈਂਟ ‘ਚ ਨਾਇਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਅੰਮ੍ਰਿਤਸਰ ਦੇ ਜ਼ਿਲਾ ਹਲਕਾ ਮਜੀਠਾ ਦੇ ਪਿੰਡ ਕਲੇਰ ਬਾਲਾ ਪਾਈ ਵਿਖੇ ਸ਼ਹੀਦ ਕੁਲਦੀਪ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਪਿਛਲੇ 16 ਸਾਲ ਤੋਂ ਫੌਜ ’ਚ ਸੇਵਾ ਨਿਭਾ ਰਹੇ ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਪਤਨੀ ਪਵਨਪ੍ਰੀਤ ਕੌਰ ਤੇ 5 ਸਾਲ ਦੇ ਮੁੰਡੇ ਜਸਨੂਰ ਪ੍ਰੀਤ ਸਿੰਘ ਨੂੰ ਇਕੱਠਾ ਛੱਡ ਚੱਲੇ ਗਏ। 

ਸ਼ਹੀਦ ਕਰਮਜੀਤ ਸਿੰਘ
ਰੋਪੜ - ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਅੱਤਵਾਦੀਆਂ ਨਾਲ ਮੁਕਾਬਲੇ ਕਰਨ ਮਗਰੋਂ ਵਾਪਸੀ ‘ਤੇ ਜਿਪਸੀ ‘ਚ ਬੈਠਣ ਸਮੇਂ ਅਚਾਨਕ ਚੱਲੀ ਗੋਲੀ ਲੱਗਣ ਨਾਲ ਜਵਾਨ ਕਰਮਜੀਤ ਸਿੰਘ (24) ਸ਼ਹੀਦ ਹੋ ਗਿਆ ਸੀ। ਸ਼ਹੀਦ ਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਹਾਫੀਜ਼ਾਬਾਦ ਤਹਿਸੀਲ ਸ੍ਰੀ ਚਮਕੌਰ ਸਾਹਿਬ ਦਾ ਰੋਪੜ ਦੇ ਪਿੰਡ ’ਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਕਰਮਜੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ 4 ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ।

ਸ਼ਹੀਦ ਸੁਖਵਿੰਦਰ ਸਿੰਘ
ਹੁਸ਼ਿਆਰਪੁਰ - ਜੰਮੂ-ਕਸ਼ਮੀਰ ਦੇ ਬੌਦੀਪੁਰਾ ਅਤੇ ਰਾਜੌਰੀ ਜ਼ਿਲਿਆ ’ਚ ਪਾਕਿ ਵਲੋਂ ਬੀਤੇ ਦਿਨੀਂ ਫਾਇਰਿੰਗ ਕੀਤੀ ਗਈ ਸੀ, ਜਿਸ ਦਾ ਜਵਾਬ ਦਿੰਦੇ ਹੋਏ ਭਾਰਤੀ ਫੌਜ ਦਾ ਇਕ ਜਵਾਨ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਸੁਖਵਿੰਦਰ ਸਿੰਘ ਪੁੱਤਰ ਅਵਿਨਾਸ਼ ਸਿੰਘ ਤਲਵਾੜਾ ਅਧੀਨ ਆਉਂਦੇ ਪਿੰਡ ਫਤਿਹਪੁਰ ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਜਵਾਨਾਂ ਦੀ ਟੁਕੜੀ ਨੇ ਸਲਾਮੀ ਦਿੰਦੇ ਹੋਏ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਫਤਿਹਪੁਰ ਵਿਖੇ ਕੀਤਾ। ਸ਼ਹੀਦ ਭਾਰਤੀ ਫੌਜ ਦੀ 18 ਜੇ.ਕੇ. ਰਾਈਫਲ ’ਚ ਅਪ੍ਰੈਲ 2017 ਨੂੰ ਭਰਤੀ ਹੋਇਆ ਸੀ।  
 

rajwinder kaur

This news is Content Editor rajwinder kaur