ਵਿਦੇਸ਼ਾਂ ਨੂੰ ਗਏ ਪਰ ਮੁੜ ਨਾ ਪਰਤੇ ਜਿਗਰ ਦੇ ਟੋਟੇ, ਅਭੁੱਲ ਜ਼ਖਮ ਦੇ ਗਿਆ ਸਾਲ 2019

12/24/2019 10:33:08 AM

ਜਲੰਧਰ (ਬਿਊਰੋ) - ਪੰਜਾਬ ਦੀ ਨੌਜਵਾਨ ਪੀੜ੍ਹੀ ਰੋਜ਼ੀ-ਰੋਟੀ ਕਮਾਉਣ ਦੇ ਲਈ ਸਭ ਤੋਂ ਵੱਧ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਅਤੇ ਅਜੌਕੇ ਸਮੇਂ 'ਚ ਇਹ ਰੁਝਾਨ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਨੌਜਵਾਨ ਪੀੜ੍ਹੀ ਸਕੂਲੀ ਪੜ੍ਹਾਈ ਕਰਨ ਮਗਰੋਂ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ’ਚ ਉਡਾਰੀ ਮਾਰ ਰਹੇ ਹਨ ਪਰ ਉਹ ਇਸ ਗੱਲ ਤੋਂ ਬੇਹੱਦ ਅਣਜਾਣ ਹਨ ਕਿ ਉਹ ਕੱਲ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣਗੇ ਜਾਂ ਨਹੀਂ। ਬਹੁਤ ਸਾਰੇ ਪੰਜਾਬੀ ਅਜਿਹੇ ਹਨ, ਜਿਨ੍ਹਾਂ ਦਾ ਵਿਦੇਸ਼ਾਂ ’ਚ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖਣ ਲਈ ਮਜ਼ਬੂਰ ਹੋ ਰਹੇ ਹਨ। ਅਜਿਹੀਆਂ ਹੀ ਕਈ ਘਟਨਾਵਾਂ ਸਾਲ 2019 'ਚ ਵੀ ਸਾਹਮਣੇ ਆਈਆਂ ਹਨ। ਪਰਿਵਾਰ ਨੂੰ ਛੱਡ ਵਿਦੇਸ਼ਾਂ ’ਚ ਪੜ੍ਹਾਈ, ਰੋਜ਼ੀ-ਰੋਟੀ ਅਤੇ ਪੱਕੇ ਹੋਣ ਲਈ ਆਏ ਬਹੁਤ ਸਾਰੇ ਪੰਜਾਬੀਆਂ ਨੂੰ ਆਪਣੀ ਜਾਨ ਗੁਵਾਉਣੀ ਪਈ। ਦੱਸ ਦੇਈਏ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਸਣੇ ਹੋਰ ਵੀ ਕਈ ਦੇਸ਼ਾਂ ‘ਚ ਹਿੰਸਕਾਂ ਘਟਨਾਵਾਂ ਲਗਤਾਰ ਵੱਧਦੀਆ ਜਾ ਰਹੀਆਂ ਹਨ, ਜਿਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾ ਰਿਹਾ ਹੈ।


ਅੱਜ ਅਸੀਂ ਸਾਲ 2019 ’ਚ ਵਿਦੇਸ਼ਾਂ ’ਚ ਮਾਰੇ ਗਏ ਲੋਕਾਂ, ਨੌਜਵਾਨਾਂ, ਕੁੜੀਆਂ ਦੇ ਬਾਰੇ ਗੱਲ ਕਰਾਂਗੇ...

ਅਮਰੀਕੀ ਸਿੱਖ ਪੁਲਸ ਅਫਸਰ ਡਿਪਟੀ ਸੰਦੀਪ ਸਿੰਘ
ਹਿਊਸਟਨ - ਹਿਊਸਟਨ (ਟੈਕਸਾਸ) ਵਿਖੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਮਰੀਕੀ ਸਿੱਖ ਪੁਲਸ ਅਫਸਰ ਡਿਪਟੀ ਸੰਦੀਪ ਸਿੰਘ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ, ਜਦੋਂ ਉਹ ਡਿਊਟੀ 'ਤੇ ਤਾਇਨਾਤ ਸੀ। ਜਾਣਕਾਰੀ ਮੁਤਾਬਕ 42 ਸਾਲਾ ਸੰਦੀਪ ਸਿੰਘ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਣਾ ਕਰਨ 'ਤੇ ਜਦੋਂ ਇਕ ਕਾਰ ਨੂੰ ਰੋਕਿਆ ਤਾਂ ਕਾਰ ਸਵਾਰ ਨੇ ਗੁੱਸੇ 'ਚ ਆ ਕੇ ਸੰਦੀਪ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਦਾਰੀ ਨਾਲ ਨਿਭਾਉਂਦਾ ਸੀ। 

ਬਲਜੀਤ ਸਿੰਘ ਉਰਫ਼ ਪ੍ਰਿੰਸ 
ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਰਹਿਣ ਵਾਲੇ ਪੰਜਾਬੀ ਨੌਜਵਾਨ ਬਲਜੀਤ ਸਿੰਘ ਉਰਫ਼ ਪ੍ਰਿੰਸ (28) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਿ੍ਤਕ ਬਲਜੀਤ ਜ਼ੀਰਕਪੁਰ ਦੇ ਨੇੜਲੇ ਪਿੰਡ ਛੱਤ ’ਚ ਰਹਿੰਦਾ ਸੀ, ਜਿਸ ਨੂੰ ਲੁੱਟ ਦੇ ਇਰਾਦੇ ਨਾਲ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ । ਬਲਜੀਤ ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਗਰੋਸਰੀ ਸਟੋਰ ’ਚ ਕੰਮ ਕਰਦਾ ਸੀ।

ਪਰਮਜੀਤ ਸਿੰਘ
ਵਾਸ਼ਿੰਗਟਨ- ਅਮਰੀਕਾ 'ਚ ਰਹਿ ਰਹੇ 64 ਸਾਲਾ ਪਰਮਜੀਤ ਸਿੰਘ ਨਾਂ ਦੇ ਪੰਜਾਬੀ ’ਤੇ ਰਾਤ ਦੇ ਸਮੇਂ ਪਾਰਕ 'ਚ ਸੈਰ ਕਰਦਿਆਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਮਜੀਤ ਕੈਲੀਫੋਰਨੀਆ ਦੀ ਗਰੇਚਿਨ ਟੈਲੀ ਪਾਰਕ 'ਚ ਸੈਰ ਕਰ ਰਿਹਾ ਸੀ, ਜਿਸ ਸਮੇਂ ਉਸ ’ਤੇ ਇਹ ਹਮਲਾ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਇੱਕ ਸਿੱਖ ਸਨ, ਸ਼ਾਇਦ ਇਸੇ ਕਰਕੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ।


ਪ੍ਰਭਲੀਨ ਕੌਰ
ਕੈਨੇਡਾ ’ਚ ਰਹਿ ਰਹੀ ਜਲੰਧਰ ਦੇ ਪਿੰਡ ਚਿੱਟੀ ਦੀ ਕੁੜੀ ਪ੍ਰਭਲੀਨ ਦਾ 21 ਨਵੰਬਰ ਨੂੰ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਭਲੀਨ ਕੌਰ 14 ਨਵੰਬਰ, 2016 ਨੂੰ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਗਈ ਸੀ ਅਤੇ ਵੈਨਕੂਵਰ ਸਥਿਤ ਲੈਂਗਾਰਾ ਕਾਲਜ ਤੋਂ ਬਿਜ਼ਨੇਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਉਹ ਇਕ ਸਟੋਰ ’ਤੇ ਕੰਮ ਕਰ ਰਹੀ ਸੀ ਤੇ ਸਰੀ ’ਚ ਆਪਣੇ ਜਾਣਕਾਰਾਂ ਨਾਲ ਕਿਰਾਏ ’ਤੇ ਰਹਿੰਦੀ ਸੀ।


ਗੁਰਜੋਤ ਸਿੰਘ 
ਕੈਨੇਡਾ ’ਚ ਪੰਜਾਬੀ ਨੌਜਵਾਨ ਗੁਰਜੋਤ ਸਿੰਘ (20) ਦਾ ਕਤਲ ਕਰ ਦਿੱਤਾ ਗਿਆ, ਜਿਸ ਦਾ ਸੰਸਕਾਰ ਉਸ ਦੇ ਜੱਦੀ ਪਿੰਡ ਥੰਮਣਗੜ੍ਹ ਵਿਖੇ ਕੀਤਾ ਗਿਆ। ਦੱਸ ਦੇਈਏ ਕਿ ਗੁਰਜੋਤ ਸਟੱਡੀ ਵੀਜ਼ਾ 'ਤੇ ਕੈਨੇਡਾ ਪੜ੍ਹਨ ਗਿਆ ਸੀ, ਜਿਸ ਦਾ 18 ਜੂਨ ਦੀ ਰਾਤ ਕਰੀਬ 10 ਕੁ ਵਜੇ ਗੋਲੀ ਮਾਰ ਕੇ ਕਤਲ ਕਰ ਦਿੱਤਾ।   


ਬਿਕਰਮਜੀਤ ਉਰਫ ਬਿੱਕੀ ਖੱਖ
ਕੈਨੇਡਾ ਦੇ ਸਰੀ ’ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਬਿਕਰਮਜੀਤ ਉਰਫ ਬਿੱਕੀ ਖੱਖ (31) ਕਤਲ ਕਰ ਦਿੱਤਾ ਗਿਆ। ਬਿੱਕੀ ਦੀ ਸੜੀ ਹੋਈ ਲਾਸ਼ ਪੁਲਸ ਨੂੰ ਉਸ ਦੀ ਕਾਰ ’ਚੋਂ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਸੀ। ਪੁਲਸ ਮੁਤਾਬਕ ਬਿਕੀ ਦਾ ਅਪਰਾਧਿਕ ਰਿਕਾਰਡ ਹੈ। ਇਹ ਘਟਨਾ ਗੈਂਗ ਸਬੰਧਤ ਹੋ ਸਕਦੀ ਹੈ।  


ਸੁਖਦੇਵ ਧਾਲੀਵਾਲ
ਕੈਨੇਡਾ ਦੇ ਐਬਟਸਫੋਰਡ ’ਚ ਰਹਿੰਦੇ ਮੁੱਦਕੀ ਦੇ ਪਿੰਡ ਪਤਲੀ ਦੇ ਜੰਮਪਲ ਸੁਖਦੇਵ ਧਾਲੀਵਾਲ ਦਾ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਸੀ। ਕਾਤਲਾਂ ਨੇ ਕਤਲ ਮਗਰੋਂ ਕਾਰ ਸਣੇ ਉਸ ਦੀ ਮਿ੍ਤਕ ਦੇਹ ਨੂੰ ਅੱਗ ਵੀ ਲੱਗਾ ਦਿੱਤੀ ਸੀ। ਜਾਣਕਾਰੀ ਅਨੁਸਾਰ ਮਿ੍ਤਕ ਸੁਖਦੇਵ ਸਾਬਕਾ ਸਰਪੰਚ ਅਰਜਨ ਸਿੰਘ ਧਾਲੀਵਾਲ ਦਾ ਛੋਟਾ ਪੁੱਤਰ ਸੀ, ਜਿਸ ਦਾ ਐਬਟਸਫੋਰਡ ’ਚ ਉਸਦੇ ਘਰ ਤੋਂ ਥੋੜੀ ਦੂਰ ਕਤਲ ਕੀਤਾ ਗਿਆ।15 ਨਵੰਬਰ ਦੀ ਸ਼ਾਮ ਨੂੰ ਧਾਲੀਵਾਲ ਆਪਣੇ ਇਕ ਅਤਿ ਨਜ਼ਦੀਕੀ ਰਿਸ਼ਤੇਦਾਰ ਨਾਲ ਘਰੋਂ ਬਾਹਰ ਗਿਆ ਸੀ। ਅਗਲੇ ਦਿਨ ਸੁਖਦੇਵ ਦੀ ਕਿਰਾਏ ’ਤੇ ਲਈ ਸ਼ੈਵਰਲੈਟ ਕਾਰ ਸੜੀ ਹੋਈ ਖੇਤਾਂ ’ਚੋਂ ਮਿਲੀ, ਜਿਸ ’ਚ ਜਲੀ ਹੋਈ ਮ੍ਰਿਤਕ ਦੇਹ ਸੀ। 

ਰਿਸ਼ਭ ਸੈਣੀ
ਕੈਨੇਡਾ ਦੇ ਕੈਲਗਰੀ ਸ਼ਹਿਰ ’ਚ ਅੰਬਾਲਾ ਛਾਉਣੀ ਦੇ ਨਿਵਾਸੀ ਰਿਸ਼ਭ ਸੈਣੀ ਦਾ 14 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਪੁਲਸ ਨੂੰ ਕਾਰ ’ਚੋਂ ਬਰਾਮਦ ਹੋਈ। ਰਿਸ਼ਭ ਦੀ ਮਾਂ ਨੇ ਦੱਸਿਆ ਕਿ ਉਹ ਤਿੰਨ ਵਰ੍ਹੇ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ। ਉਸ ਨੇ ਅੰਬਾਲ਼ਾ ਛਾਉਣੀ ਦੇ ਐੱਸ.ਡੀ. ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਕੁਝ ਦਿਨ ਭਾਰਤ ਰਹਿਣ ਮਗਰੋਂ ਉਹ 13 ਅਪ੍ਰੈਲ, 2019 ਨੂੰ ਕੈਨੇਡਾ ਪਰਤ ਗਿਆ ਸੀ। ਰਿਸ਼ਭ ਇੱਕ ਪ੍ਰਾਈਵੇਟ ਕੰਪਨੀ ’ਚ ਬ੍ਰਾਂਚ ਮੈਨੇਜਰ ਸੀ। 17 ਮਈ ਨੂੰ ਅੰਬਾਲ਼ਾ ਛਾਉਣੀ ਰਹਿੰਦੇ ਪਰਿਵਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਕੁਝ ਹਮਲਾਵਰਾਂ ਨੇ ਰਿਸ਼ਭ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ।

 ਪੌਸ਼ਿਕ ਸ਼ਰਮਾ 
ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲਾ ਭਾਰਤੀ ਵਿਦਿਆਰਥੀ ਪੌਸ਼ਿਕ ਸ਼ਰਮਾ ਆਪਣੇ ਸਾਥੀਆਂ ਨਾਲ ਲੜਾਈ ਹੋਣ ਮਗਰੋਂ ਲਾਪਤਾ ਹੋ ਗਿਆ ਸੀ, ਜਿਸ ਦੀ ਭੇਤਭਰੇ ਹਾਲਤ ’ਚ ਪੁਲਸ ਨੂੰ ਲਾਸ਼ ਬਰਾਮਦ ਹੋਈ। ਪੁਲਸ ਮੁਤਾਬਕ ਪੌਸ਼ਿਕ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।  

ਰਵਨੀਤ ਕੌਰ
ਫ਼ਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ ਤੋਂ 14 ਮਾਰਚ ਨੂੰ ਲਾਪਤਾ ਹੋਈ ਐੱਨ.ਆਰ.ਆਈ. ਔਰਤ ਰਵਨੀਤ ਕੌਰ ਦਾ ਉਸ ਦੇ ਆਸਟ੍ਰੇਲੀਆ ਬੈਠੇ ਪਤੀ ਨੇ ਕਤਲ ਕਰਵਾ ਦਿੱਤਾ ਸੀ। ਇਸ ਵਾਰਦਾਤ ਨੂੰ ਅੰਜਾਦ ਦੇਣ ਲਈ ਰਵਨੀਤ ਦੇ ਪਤੀ ਨੇ ਆਪਣੀ ਪ੍ਰੇਮਿਕਾ ਨੂੰ ਪੰਜਾਬ ਭੇਜਿਆ ਸੀ। ਦੱਸ ਦੇਈਏ ਕਿ ਕਤਲ ਮਗਰੋਂ ਪਤਨੀ ਦੀ ਲਾਸ਼ ਨੂੰ ਨਹਿਰ ਨੂੰ ਸੁੱਟ ਦਿੱਤੀ ਗਿਆ ਸੀ, ਜੋ ਪੁਲਸ ਨੇ ਲਹਿਰਾਗਾਗਾ ਨਹਿਰ 'ਚੋਂ ਬਰਾਮਦ ਕੀਤੀ ਸੀ।

ਦੰਦਾਂ ਦੀ ਡਾਕਟਰ ਪ੍ਰੀਤੀ ਰੈੱਡੀ
ਆਸਟ੍ਰੇਲੀਆ ’ਚ ਰਹਿ ਰਹੀ ਭਾਰਤੀ ਮੂਲ ਦੀ ਦੰਦਾਂ ਦੀ ਡਾਕਟਰ ਪ੍ਰੀਤੀ ਰੈੱਡੀ ਦਾ ਵਿਦੇਸ਼ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਲਾਸ਼ ਇਕ ਸੂਟਕੇਸ ’ਚੋਂ ਬਰਾਮਦ ਹੋਈ ਸੀ। ਜਾਣਕਾਰੀ ਅਨੁਸਾਰ ਪ੍ਰੀਤੀ ਰੈੱਡੀ ਡੈਂਟਿਸਟ ਸਿਡਨੀ ’ਚੋਂ ਲਾਪਤਾ ਹੋਈ ਸੀ, ਜਿਸ ਦੀ ਲਾਸ਼ ਪੁਲਸ ਨੂੰ ਈਸਟਰਨ ਸਿਡਨੀ ਸਟਰੀਟ ‘ਚ ਪਾਰਕ ਕੀਤੀ ਕਾਰ ’ਚ ਪਏ ਸੂਟਕੇਸ ‘ਚੋਂ ਮਿਲੀ ਸੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ। ਪੁਲਸ ਦਾ ਕਹਿਣਾ ਹੈ ਕਿ ਪ੍ਰੀਤੀ ਨੂੰ ਆਖ਼ਰੀ ਵਾਰ ਮੈਕਡੋਨਲਡ ਲਾਈਨ ’ਚ ਇੰਤਜ਼ਾਰ ਕਰਦਿਆਂ ਦੇਖਿਆ ਗਿਆ ਸੀ ਅਤੇ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਸਿਡਨੀ ਦੀ ਮਾਰਕੀਟ ਸਟਰੀਟ ਵਿਚ ਇੱਕ ਹੋਟਲ ‘ਚ ਰੁਕੀ ਸੀ।

ਪਰਮਜੀਤ ਸਿੰਘ
ਆਸਟ੍ਰੇਲੀਆ 'ਚ ਪੜ੍ਹਾਈ ਕਰ ਰਹੇ ਤਰਨਤਾਰਨ ਦੇ ਪਿੰਡ ਧੂੰਦਾ ਦੇ ਰਹਿਣ ਵਾਲੇ ਨੌਜਵਾਨ ਪਰਮਜੀਤ ਸਿੰਘ  (27) ਦਾ ਉਸ ਦੇ ਦੋਸਤ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਪਰਮਜੀਤ ਕਰੀਬ ਪੰਜ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। ਉਹ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਰਹਿੰਦਾ ਸੀ। 6 ਸਤੰਬਰ ਨੂੰ ਉਸ ਦੀ ਤੇ ਉਸ ਦੇ ਦੋਸਤ ਸੰਦੀਪ ਸਿੰਘ (ਬਟਾਲਾ) ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਕਾਰਨ ਗੱਲ ਇੰਨੀ ਕੁ ਵਧ ਗਈ ਕਿ ਸੰਦੀਪ ਨੇ ਪਰਮਜੀਤ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਪਰਮਜੀਤ ਦੀ ਮੌਤ ਹੋ ਗਈ।  

rajwinder kaur

This news is Content Editor rajwinder kaur