Year Ender: ਸਾਲ 2019 ਨੇ ਇਸ ਤਰ੍ਹਾਂ ਦਿੱਤੀਆਂ 'ਅਸਿਹ ਪੀੜਾਂ' ਬੁੱਝੇ ਕਈ ਘਰਾਂ ਦੇ ਚਿਰਾਗ

12/21/2019 6:01:46 PM

ਜਲੰਧਰ (ਵੈੱਬ ਡੈਸਕ): ਸਾਲ 2019 ਖ਼ਤਮ ਹੋਣ ਦੇ ਕੰਢੇ 'ਤੇ ਹੈ।ਇਸ ਵਰ੍ਹੇ ਪੰਜਾਬ 'ਚ ਕਦੇ ਨਾ ਭੁੱਲਣ ਯੋਗ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ 'ਚ ਜਿੱਥੇ ਕਈ ਕੀਮਤੀ ਜਾਨਾਂ ਗਈਆਂ, ਉੱਥੇ ਹੀ ਕਈ ਥਾਈਂ ਤਾਂ ਘਰਾਂ ਦੇ ਘਰ ਹੀ ਉੱਜੜ ਗਏ। ਅੱਜ 'ਜਗ ਬਾਣੀ' ਤੁਹਾਨੂੰ ਸਾਲ 2019 'ਚ ਵਾਪਰੇ ਉਨ੍ਹਾਂ ਦਿਲ ਕੰਬਾਊ ਹਾਦਸਿਆਂ ਬਾਰੇ ਜਾਣੂ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਸਹਿਜੇ ਕਿਤੇ ਭੁਲਾਇਆ ਨਹੀਂ ਜਾ ਸਕਦਾ।
 

ਈਸੋਵਾਲ ਜਬਰ-ਜ਼ਨਾਹ ਮਾਮਲਾ

ਚੜ੍ਹਦੇ ਸਾਲ ਦੇ ਦੂਜੇ ਮਹੀਨੇ ਭਾਵ ਫਰਵਰੀ 'ਚ ਲੁਧਿਆਣਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ। ਇੱਥੋਂ ਦੇ ਪਿੰਡ ਈਸੋਵਾਲ 'ਚ 12 ਵਿਅਕਤੀਆਂ ਵਲੋਂ ਇਕ ਲੜਕੀ ਨੂੰ ਬੰਧਕ ਬਣਾ ਕੇ ਜਬਰ-ਜ਼ਨਾਹ ਕੀਤਾ ਗਿਆ। 11 ਫਰਵਰੀ ਦੀ ਰਾਤ ਨੂੰ ਲੜਕਾ-ਲੜਕੀ ਕਾਰ 'ਚ ਖਾਂਦੇ-ਪੀਂਦੇ 'ਤੇ ਘੁੰਮਦੇ ਹੋਏ ਈਸੋਵਾਲ ਪਿੰਡ 'ਚ ਸੁੰਨਸਾਨ ਜਗ੍ਹਾ 'ਤੇ ਪਹੁੰਚ ਗਏ। ਇਸ ਦੌਰਾਨ ਉੱਥੇ ਦੋ ਮੋਟਰਸਾਈਕਲਾਂ 'ਤੇ ਮੌਜੂਦ ਕੁਝ ਵਿਅਕਤੀਆਂ ਨੇ ਇੱਟਾਂ-ਪੱਥਰ ਮਾਰ ਕੇ ਕਾਰ ਦੇ ਸ਼ੀਸ਼ੇ ਭੰਨੇ ਅਤੇ ਦੋਹਾਂ ਨੂੰ ਜਬਰਨ ਕਾਰ 'ਚੋਂ ਕੱਢ ਕੇ ਅਗਵਾ ਕਰ ਲਿਆ ਅਤੇ ਲੜਕੀ ਨਾਲ ਜਬਰ-ਜ਼ਨਾਹ ਕੀਤਾ।

ਫਤਿਹਵੀਰ ਮਾਮਲਾ
2 ਸਾਲਾਂ ਮਾਸੂਮ ਫਤਿਹਵੀਰ ਕਿਸ ਨੂੰ ਯਾਦ ਨਹੀਂ। ਨੰਨਾ ਫਤਿਹਵੀਰ ਖੇਡਦਾ ਹੋਇਆ ਬੋਰਵੈਲ 'ਚ ਜਾ ਡਿੱਗਾ ਅਤੇ ਉਸ ਨੂੰ ਬਚਾਉਣ ਲਈ ਅੱਤ ਦੀ ਗਰਮੀ 'ਚ 109 ਘੰਟਿਆਂ ਤੋਂ ਵਧ ਸਮੇਂ ਤੱਕ ਬਚਾਅ ਕਾਰਜ ਚਲਾਇਆ ਗਿਆ ਪਰ 11 ਜੂਨ ਦੀ ਸਵੇਰ ਨੂੰ ਕਰੀਬ 5.20 ਵਜੇ ਬੋਰਵੈਲ 'ਚੋਂ ਉਸ ਦੀ ਸੜੀ ਹੋਈ ਲਾਸ਼ ਕੱਢੀ ਗਈ। ਬੇਸ਼ੱਕ ਨੰਨਾ ਫਤਿਹਵੀਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਆਪਣੇ ਪਿੱਛੇ ਕਈ ਸਵਾਲ ਵੀ ਛੱਡ ਗਿਆ।

ਮੋਗਾ ਕਤਲਕਾਂਡ
ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਇਕ ਨੌਜਵਾਨ ਵਲੋਂ ਆਪਣੇ ਪਰਿਵਾਰ ਦੇ 5 ਜੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਖੁਦਕੁਸ਼ੀ ਕਰਨ ਦੇ ਮਾਮਲੇ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਸੰਦੀਪ ਉਰਫ ਸੰਨੀ ਵਲੋਂ 17 ਪੇਜਾਂ ਦਾ ਇਕ ਸੁਸਾਇਡ ਨੋਟ ਵੀ ਲਿਖਿਆ ਸੀ, ਜਿਸ 'ਚ ਉਸ ਨੇ ਹੱਤਿਆਕਾਂਡ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕੀਤਾ ਸੀ। ਇਸ ਸੁਸਾਇਡ ਨੋਟ 'ਚ ਪਤਾ ਲੱਗਾ ਸੀ ਵਹਿਮਾਂ-ਭਰਮਾਂ ਦਾ ਸ਼ਿਕਾਰ ਸੰਦੀਪ ਡਿਪਰੈਸ਼ਨ 'ਚ ਚਲਾ ਗਿਆ ਸੀ ਅਤੇ ਉਸ ਦੀ ਸਰੀਰਕ ਬੀਮਾਰੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿਤੇ ਨਾ ਕਿਤੇ ਮਜਬੂਰ ਕੀਤਾ ਹੈ।

ਬਟਾਲਾ ਪਟਾਕਾ ਫੈਕਟਰੀ ਧਮਾਕਾ ਮਾਮਲਾ
ਇਸ ਪਾਸੇ ਬਟਾਲਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝਾ ਹੋਇਆ ਸੀ, ਉੱਥੇ ਹੀ ਸ਼ਹਿਰ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਕਿਨਾਰੇ ਇਕ ਰਿਹਾਇਸ਼ੀ ਇਲਾਕੇ 'ਚ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਕਈ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਅਤੇ ਇਸ ਕਾਰਨ ਆਲੇ-ਦੁਆਲੇ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ। ਧਮਾਕੇ ਕਾਰਨ ਫੈਕਟਰੀ ਪੂਰੀ ਤਰ੍ਹਾਂ ਮਲਬੇ ਦੇ ਢੇਰ 'ਚ ਬਦਲ ਗਈ ਅਤੇ ਫੈਕਟਰੀ ਦੇ ਬਾਹਰ ਸੜਕ 'ਤੇ ਖੜ੍ਹੀਆਂ ਗੱਡੀਆਂ, ਮੋਟਰਸਾਈਕਲ ਹਵਾ 'ਚ ਉੱਡਦੇ ਹੋਏ ਨਾਲ ਲੱਗਦੇ ਹੰਸਲੀ ਨਾਲੇ 'ਚ ਜਾ ਡਿੱਗੇ।

ਪੰਜਾਬ 'ਚ ਹੜ੍ਹ ਦਾ ਕਹਿਰ
ਭਾਰੀ ਮੀਂਹ ਅਤੇ ਬੰਨ੍ਹਾਂ ਤੋਂ ਪਾਣੀ ਛੱਡਣ ਕਾਰਨ ਪੰਜਾਬ ਦੇ ਕਈ ਜ਼ਿਲਿਆਂ 'ਚ ਸੈਂਕੜੇ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ। ਭਾਰੀ ਮੀਂਹ ਅਤੇ ਬੰਨ੍ਹਾਂ ਤੋਂ ਪਾਣੀ ਛੱਡਣ ਕਾਰਨ ਰੋਪੜ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡ ਹੜ੍ਹਾਂ ਦੀ ਲਪੇਟ 'ਚ ਆ ਗਏ। ਪੰਜਾਬ ਸਰਕਾਰ ਮੁਤਾਬਕ ਹੜ੍ਹਾਂ ਕਾਰਨ ਸੂਬੇ 'ਚ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਈ ਪਿੰਡਾਂ 'ਚ ਸਥਿਤੀ ਇੰਨੀ ਭਿਆਨਕ ਹੋ ਗਈ ਸੀ ਕਿ ਫੌਜ ਦੇ ਹੈਲੀਕਾਪਟਰਾਂ ਰਾਹੀਂ ਲੋਕਾਂ ਤੱਕ ਖਾਣੇ ਦੇ ਪੈਕੇਟ ਸੁੱਟੇ ਗਏ। ਸਰਕਾਰ ਦੇ ਮੁਤਾਬਕ ਹੜ੍ਹਾਂ ਨੇ 1 ਲੱਖ 20 ਹਜ਼ਾਰ, 500 ਏਕੜ ਫਸਲ ਬਰਬਾਦ ਕਰ ਦਿੱਤੀ ਅਤੇ ਇਸ ਕਾਰਨ ਲਗਭਗ 61 ਹਜ਼ਾਰ ਪਸ਼ੂ ਪ੍ਰਭਾਵਿਤ ਹੋਏ।

ਤਰਨਤਾਰਨ ਬੰਬ ਧਮਾਕਾ
ਬੀਤੀ 4 ਸਤੰਬਰ ਦੀ ਰਾਤ ਨੂੰ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਇਕ ਖਾਲੀ ਪਲਾਟ 'ਚ ਧਮਾਕਾ ਹੋਇਆ।ਇਸ ਧਮਾਕੇ 'ਚ 2 ਨੌਜਵਾਨਾਂ ਵਿਕਰਮਜੀਤ ਸਿੰਘ ਉਰਫ ਵਿਕਰ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਮੌਤ ਹੋ ਗਈ ਸੀ, ਜਦਕਿ ਗੁਰਜੰਟ ਸਿੰਘ ਉਰਫ ਜੰਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਇਆ ਅਤੇ ਇਸ ਧਮਾਕੇ 'ਚ ਉਸ ਇਕ ਹੋਰ ਜ਼ਖਮੀ ਹੋ ਗਿਆ ਅਤੇ ਇਸ ਧਮਾਕੇ 'ਚ ਉਸ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਇਸ ਧਮਾਕੇ ਨੇ ਸਥਾਨਕ ਪੁਲਸ ਦੇ ਨਾਲ ਹੀ ਖੁਫੀਆ ਏਜੰਸੀਆਂ ਦੀਆਂ ਨੀਦਾਂ ਉਡਾ ਕੇ ਰੱਖ ਦਿੱਤੀਆਂ ਸਨ। ਇਸ ਮਾਮਲੇ 'ਚ ਜ਼ਖਮੀ ਨੌਜਵਾਨ ਗੁਰਜੰਟ ਸਿੰਘ ਜੰਟਾ ਸਣੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ ਦਾ ਨਿਸ਼ਾਨਾ ਧਾਰਮਿਕ ਡੇਰੇ ਅਤੇ ਕੁਝ ਵੀ.ਵੀ.ਆਈ.ਪੀ. ਵਿਅਕਤੀ ਹੋਣ ਦੇ ਖੁਲਾਸੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਗਈ।

ਫਾਜ਼ਿਲਕਾ ਕਾਰ ਹਾਦਸਾ
ਫਾਜ਼ਿਲਕਾ ਜ਼ਿਲੇ 'ਚ ਇਕ ਕਾਰ ਨਹਿਰ 'ਚ ਡਿੱਗਣ ਨਾਲ ਇਕੋ ਹੀ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਪਿੰਡ ਜੰਡਵਾਲਾ ਮਿਰਾ ਸਾਂਗਲਾ ਦੇ ਨੇੜੇ ਵਾਪਰਿਆ ਸੀ। ਇਸ ਕਾਰ 'ਚ 8 ਲੋਕ ਸਵਾਰ ਹੋ ਕੇ ਜਾ ਰਹੇ ਸਨ, ਕਿ ਅਚਾਨਕ ਕਾਰ ਦਾ ਸਟੇਅਰਿੰਗ ਜਾਮ ਹੋ ਗਿਆ ਅਤੇ ਬਰੇਕਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਨਾਲ ਗੱਡੀ ਡਰਾਈਵਰ ਦੇ ਕੰਟਰੋਲ 'ਚੋਂ ਬਾਹਰ ਹੋ ਗਈ ਅਤੇ ਗੰਗ ਨਹਿਰ 'ਚ ਜਾ ਡਿੱਗੀ। ਇਸ ਹਾਦਸੇ 'ਚ ਮਾਰੇ ਗਏ ਲੋਕਾਂ 'ਚ 4 ਬੱਚੇ ਅਤੇ 2 ਔਰਤਾਂ ਸ਼ਾਮਲ ਸਨ ਅਤੇ ਕਾਰ ਡਰਾਇਵਰ ਪਾਣੀ ਦੇ ਤੇਜ਼ ਬਹਾਅ 'ਚ ਰੁੜ ਗਿਆ ਸੀ। ਵਾਪਰੇ ਇਸ ਹਾਦਸੇ 'ਚ ਇਕ ਵਿਅਕਤੀ ਕਿਸੇ ਤਰ੍ਹਾਂ ਕਾਰ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ ਸੀ।

Shyna

This news is Content Editor Shyna