ਪੰਜਾਬ ਵਾਸੀਆਂ ਲਈ ਵੱਡੀ ਚਿੰਤਾ, ਮਹਾਮਾਰੀ ਦੇ ਬਣ ਰਹੇ ਹਾਲਾਤ, ਐਮਰਜੈਂਸੀ 'ਚ ਘਟਣ ਲੱਗੇ ਬੈੱਡ

10/10/2023 4:02:27 PM

ਲੁਧਿਆਣਾ (ਸਹਿਗਲ) : ਪੂਰੇ ਪੰਜਾਬ 'ਚ ਇਸ ਵੇਲੇ ਡੇਂਗੂ ਅਤੇ ਚਿਕਨਗੁਨੀਆ ਦਾ ਕਹਿਰ ਲਗਾਤਾਰ ਜਾਰੀ ਹੈ। ਡੇਂਗੂ ਦੇ ਸਭ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਸੂਬੇ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਵੱਡੀ ਗਿਣਤੀ ਡੇਂਗੂ ਤੋਂ ਪੀੜਤ ਹੈ। ਜ਼ਿਲ੍ਹਾ ਲੁਧਿਆਣਾ 'ਚ ਡੇਂਗੂ ਨੂੰ ਲੈ ਕੇ ਮਹਾਮਾਰੀ ਦੇ ਹਾਲਾਤ ਬਣਦੇ ਜਾ ਰਹੇ ਹਨ। ਦੇਰ ਸ਼ਾਮ ਤੱਕ ਸ਼ਹਿਰ ਦੇ ਵੱਡੇ ਹਸਪਤਾਲਾਂ ’ਚ ਡੇਂਗੂ ਦੇ 70 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਬੀਤੇ ਦਿਨ 10 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। 70 ਤੋਂ ਵੱਧ ਮਰੀਜ਼ਾਂ ’ਚੋਂ 40 ਦੇ ਕਰੀਬ ਦਯਾਨੰਦ ਹਸਪਤਾਲ ’ਚ ਦਾਖ਼ਲ ਹਨ। ਸ਼ਾਮ ਨੂੰ ਮਰੀਜ਼ਾਂ ਦੀ ਵੱਡੀ ਗਿਣਤੀ ਕਾਰਨ ਹਸਪਤਾਲ ਦੀ ਐਮਰਜੈਂਸੀ ’ਚ ਬੈੱਡਾਂ ਦੀ ਗਿਣਤੀ ਘੱਟ ਗਈ ਅਤੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪਿਆ।

ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ 'ਚ ਕੀਤਾ ਗਿਆ ਇਹ ਬਦਲਾਅ

ਦੱਸਣਯੋਗ ਹੈ ਕਿ ਜ਼ਿਲ੍ਹੇ ’ਚ ਡੇਂਗੂ ਦੇ 25 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 757 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ, ਜਦਕਿ 137 ਦੂਜੇ ਸੂਬਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ਦੇ 1270 ਦੇ ਕਰੀਬ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ, ਜਦਕਿ 366 ’ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ਼ਹਿਰ ’ਚ ਬਹੁਤ ਘੱਟ ਹਸਪਤਾਲ ਡੇਂਗੂ ਦੇ ਮਰੀਜ਼ਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਦੇ ਰਹੇ ਹਨ, ਜਦਕਿ ਜ਼ਿਆਦਾਤਰ ਹਸਪਤਾਲ ਵਿਭਾਗ ਵੱਲੋਂ ਜਾਰੀ ਡੇਂਗੂ ਸਬੰਧੀ ਦਿਸ਼ਾ-ਨਿਰਦੇਸ਼ਾਂ ਵੱਲ ਧਿਆਨ ਨਹੀਂ ਦੇ ਰਹੇ। ਇਸ ਮੌਕੇ ਜ਼ਿਲ੍ਹਾ ਮਹਾਮਾਰੀ ਮਾਹਿਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਵਿਭਾਗ ਵੱਲੋਂ 18 ਤੋਂ ਵੱਧ ਟੀਮਾਂ ਭੇਜੀਆਂ ਗਈਆਂ ਹਨ ਅਤੇ 135 ਲੋਕਾਂ ਦੇ ਘਰਾਂ ’ਚ ਡੇਂਗੂ ਮੱਛਰ ਦਾ ਲਾਰਵਾ ਪਾਏ ਜਾਣ ’ਤੇ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ-ਰਜਾਈਆਂ, ਵਿਭਾਗ ਨੇ ਮੌਸਮ ਨੂੰ ਲੈ ਕੇ ਜਾਰੀ ਕੀਤੀ ਨਵੀਂ ਅਪਡੇਟ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ। ਆਪਣੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਦਾ ਖ਼ਾਸ ਖਿਆਲ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰਾਂ ਕਾਰਨ ਹੁੰਦਾ ਹੈ। ਲਾਰਵਾ ਸਾਫ ਪਾਣੀ ’ਚ ਪੈਦਾ ਹੁੰਦਾ ਹੈ। ਦੂਜੇ ਪਾਸੇ ਡਾਕਟਰੀ ਮਾਹਿਰਾਂ ਨੇ ਆਉਣ ਵਾਲੇ ਸਮੇਂ ’ਚ ਡੇਂਗੂ ਦੇ ਮਰੀਜ਼ ਵੱਧਣ ਦਾ ਖਦਸ਼ਾ ਪ੍ਰਗਟਾਇਆ ਹੈ। ਜਿਨ੍ਹਾਂ ਇਲਾਕਿਆਂ ’ਚ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਸੁੰਦਰ ਨਗਰ, ਰਮਨ ਐਨਕਲੇਵ, ਬਸਤੀ ਜੋਧੇਵਾਲ, ਪੀ. ਏ. ਯੂ. ਨੰ. 4, ਜਵਾਲਾ ਸਿੰਘ ਚੌਂਕ, ਮਾਡਲ ਟਾਊਨ ਐਕਸਟੈਂਸ਼ਨ ’ਚ ਐੱਸ. ਬੀ. ਐੱਸ. ਨਗਰ, ਸਿਵਲ ਲਾਈਨਸ, ਭਾਰਤ ਨਗਰ ਚੌਂਕ ਦੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita