ਚੰਡੀਗੜ੍ਹ ''ਚ 10, 11 ਮਾਰਚ ਨੂੰ ਹੋਵੇਗੀ ''ਵਿਸ਼ਵ ਪੰਜਾਬੀ ਕਾਨਫਰੰਸ''

02/27/2018 12:35:27 PM

ਚੰਡੀਗੜ੍ਹ : ਸ਼ਹਿਰ 'ਚ ਆਉਣ ਵਾਲੀ 10 ਅਤੇ 11 ਮਾਰਚ ਨੂੰ 'ਵਿਸ਼ਵ ਪੰਜਾਬੀ ਕਾਨਫਰੰਸ' ਕਰਵਾਈ ਜਾ ਰਹੀ ਹੈ। ਇਸ ਸਬੰਧੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਐੱਚ. ਐੱਸ. ਹੰਸਪਾਲ ਨੇ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸਬੰਧੀ ਪੰਜਾਬ ਕਲਾ ਭਵਨ 'ਚ ਇਕ ਮੀਟਿੰਗ ਕੀਤੀ, ਜਿਸ 'ਚ ਵੱਖ-ਵੱਖ ਸਾਹਿਤਕ ਐਸੋਸੀਏਸ਼ਨਾਂ ਅਤੇ ਸਭਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਹੰਸਪਾਲ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਪੰਜਾਬੀ ਕਾਨਫਰੰਸ ਦਾ ਵਿਸ਼ਾ 'ਪੰਜਾਬੀਅਤ : ਵਰਤਮਾਨ ਅਤੇ ਭਵਿੱਖ' ਹੋਵੇਗਾ ਅਤੇ ਇਸ 'ਚ ਕੋਈ ਸੈਸ਼ਨ ਹੋਣਗੇ। ਕਾਨਫਰੰਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 10 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ 'ਚ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕਾਨਫਰੰਸ 'ਚ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਮਾਲੀ ਹਾਲਤ, ਨੌਜਵਾਨਾਂ, ਕਿਸਾਨਾਂ, ਪਰਵਾਸ ਆਦਿ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਕਾਨਫਰੰਸ 'ਚ ਭਾਰਤ ਸਮੇਤ ਵਿਦੇਸ਼ ਤੋਂ ਕਰੀਬ 1000 ਪ੍ਰਤੀਨਿਧੀ ਹਿੱਸਾ ਲੈਣਗੇ ਤੇ ਪਾਕਿਸਤਾਨ ਤੋਂ ਇਕ ਵੱਡਾ ਵਫਦ ਕਾਨਫਰੰਸ 'ਚ ਸ਼ਾਮਲ ਹੋਵੇਗਾ। ਇਸ ਦੌਰਾਨ ਸਾਹਿਤਕਾਰ ਡਾ. ਸੁਰਜੀਤ ਪਾਤਰ ਵੀ ਸੰਬੋਧਨ ਕਰਨਗੇ।