ਪੀ. ਆਰ. ਟੀ. ਸੀ. ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰ ਕੇ ਜਤਾਇਆ ਰੋਸ

06/23/2017 4:34:14 PM

ਬਠਿੰਡਾ (ਸੁਖਵਿੰਦਰ)-ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਪੀ. ਆਰ. ਟੀ. ਸੀ. ਵਰਕਰ ਯੂਨੀਅਨ (ਏਟਕ) ਇੰਟਕ, ਕਰਮਚਾਰੀ ਦਲ, ਐੱਸ. ਸੀ. ਬੀ. ਸੀ. ਯੂਨੀਅਨ, ਸੀਟੂ ਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਵੱਲੋਂ ਬਠਿੰਡਾ ਡਿਪੂ 'ਚ ਵਰਕਸ਼ਾਪ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸਾਰੇ ਪੀ.ਆਰ.ਟੀ.ਸੀ. ਕਰਮਚਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਜਤਾਇਆ। ਪ੍ਰਦਰਸ਼ਨਕਾਰੀਆਂ ਨੇ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ 'ਚ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਵੀ ਕੀਤਾ। ਯੂਨੀਅਨ ਨੇਤਾਵਾਂ ਨੇ ਸਰਕਾਰ 'ਤੇ ਧੱਕੇਸ਼ਾਹੀ ਕਰਨ ਤੇ ਵਾਅਦੇ ਅਨੁਸਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਇਕਜੁਟ ਹੋ ਕੇ ਸੰਘਰਸ਼ ਕਰਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ 'ਚ ਡਟੇ ਰਹਿਣ ਦੀ ਅਪੀਲ ਕੀਤੀ।
ਇਨ੍ਹਾਂ ਨੇ ਕੀਤਾ ਸੰਬੋਧਨ
ਏਟਕ ਨੇਤਾ ਮੋਹਕਮ ਸਿੰਘ, ਇੰਟਕ ਨੇਤਾ ਗੰਡਾ ਸਿੰਘ, ਪੀ. ਆਰ. ਟੀ. ਸੀ. ਰਿਟਾਇਰਡ ਭਾਈਚਾਰਾ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਨੈਨੋਪਾਲ, ਐੱਸ. ਸੀ. ਬੀ. ਸੀ. ਯੂਨੀਅਨ ਦੇ ਨੇਤਾ ਗੁਰਜੰਟ ਸਿੰਘ, ਕਰਮਚਾਰੀ ਦਲ ਦੇ ਨੇਤਾ ਬਲਦੇਵ ਸਿੰਘ ਕੁਟੀ, ਗੁਲਾਬ ਸਿੰਘ ਆਦਿ।

ਇਹ ਹਨ ਮੁੱਖ ਮੰਗਾਂ
ਬਾਕੀ ਬਕਾਏ ਜਲਦੀ ਜਾਰੀ ਕੀਤੇ ਜਾਣ। 
ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। 
1992 ਦੀ ਪੈਨਸ਼ਨ ਲਾਗੂ ਕੀਤੀ ਜਾਵੇ। 
ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੰਮ ਬਰਾਬਰ ਤਨਖਾਹ ਕੀਤੀ ਜਾਵੇ। 
ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੂੰ ਪ੍ਰਫੁੱਲਿਤ ਕਰਨਾ ਬੰਦ ਕੀਤਾ ਜਾਵੇ। 
ਪੀ. ਆਰ. ਟੀ. ਸੀ. ਨੂੰ ਉੱਪਰ ਚੁੱਕਣ ਲਈ ਕਦਮ ਚੁੱਕੇ ਜਾਣ। 
ਐੱਸ. ਸੀ. ਬੀ. ਸੀ. ਕਰਮਚਾਰੀਆਂ ਦਾ ਬੈਕਲਾਗ ਪੂਰਾ ਕੀਤਾ ਜਾਵੇ। 
ਭ੍ਰਿਸ਼ਟ ਅਧਿਕਾਰੀਆਂ 'ਤੇ ਨਕੇਲ ਕੱਸੀ ਜਾਵੇ। 
ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਕਰ ਕੇ ਸਰਕਾਰੀ ਬੱਸਾਂ ਚਲਾਈਆਂ ਜਾਣ।