ਪਲੇਟਫਾਰਮ-1 ਦੀ ਐਕਸਟੈਂਸ਼ਨ ਦਾ ਕੰਮ ਮੁੜ ਸ਼ੁਰੂ

07/20/2017 7:18:22 AM

ਪਟਿਆਲਾ - ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਐਕਸਟੈਂਸ਼ਨ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਲਗਭਗ 2 ਮਹੀਨੇ ਕੰਮ ਬੰਦ ਰਹਿਣ ਦੇ ਬਾਅਦ  ਹੁਣ ਠੇਕੇਦਾਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਭ ਤੋਂ ਪਹਿਲਾਂ 'ਰਾਣੀ ਸਾਈਡਿੰਗ ਰੇਲ ਲਾਈਨ' ਕੱਢੀ ਗਈ ਹੈ ਜੋ ਕਿ ਕਈ ਸਾਲ ਪਹਿਲਾਂ ਸਭ ਤੋਂ ਅਹਿਮ ਰੇਲ ਲਾਈਨ ਹੋਇਆ ਕਰਦੀ ਸੀ। ਇਸ ਰੇਲਵੇ ਲਾਈਨ 'ਤੇ ਉਸ ਟਰੇਨ ਨੂੰ ਖੜ੍ਹਾ ਕੀਤਾ ਜਾਂਦਾ ਸੀ, ਜਿਸ ਨੂੰ ਦਿੱਲੀ ਜਾਣ ਵਾਲੀ ਟਰੇਨ ਨਾਲ ਜੋੜਨਾ ਹੁੰਦਾ ਸੀ। ਇਸ ਨੂੰ 'ਰਾਣੀ ਸਾਈਡਿੰਗ ਰੇਲ ਲਾਈਨ' ਕਿਹਾ ਜਾਂਦਾ ਸੀ। ਹੁਣ ਲਗਭਗ 35 ਸਾਲਾਂ ਤੋਂ ਇਹ ਲਾਈਨ ਇਸੇ ਤਰ੍ਹਾਂ ਇਥੇ ਸਥਾਪਤ ਸੀ। ਹੁਣ ਉਖਾੜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੇਲਵੇ ਅਥਾਰਟੀ ਵੱਲੋਂ ਪਲੇਟਫਾਰਮ-1 ਦੀ 200 ਮੀਟਰ ਐਕਸਟੈਂਸ਼ਨ ਦੀ ਪ੍ਰਪੋਜ਼ਲ ਮਨਜ਼ੂਰ ਹੋਈ ਹੈ। ਇਸ ਨੂੰ ਲੈ ਕੇ ਪਿਛਲੇ ਦਿਨੀਂ ਕੰਮ ਵੀ ਸ਼ੁਰੂ ਹੋਇਆ ਸੀ। ਡਬਲ ਲਾਈਨ ਪ੍ਰਾਜੈਕਟ ਕਾਰਨ ਦੁਚਿੱਤੀ ਬਰਕਰਾਰ ਸੀ ਕਿ ਕੀ ਪਲੇਟਫਾਰਮ-1 ਦਾ ਕੰਮ ਵੀ ਇਸ ਪ੍ਰਾਜੈਕਟ ਵਿਚ ਹੋਵੇਗਾ? ਇਸ ਕਾਰਨ ਸੰਬੰਧਿਤ ਠੇਕੇਦਾਰ ਨੇ ਪਲੇਟਫਾਰਮ-1-ਏ ਦਾ ਕੰਮ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਜੋ ਕਿ ਕਮਿਸ਼ਨ ਆਫ ਰੇਲਵੇ ਸੇਫਟੀ ਦੀ ਕਲੀਅਰੈਂਸ ਨਾ ਮਿਲਣ ਕਾਰਨ ਰੋਕ ਦਿੱਤਾ ਗਿਆ। ਹੁਣ ਠੇਕੇਦਾਰਾਂ ਨੂੰ ਕਲੀਅਰੈਂਸ ਮਿਲ ਗਈ ਹੈ। ਕੰਮ ਮੁੜ ਸ਼ੁਰੂ ਹੋ ਗਿਆ ਹੈ। ਇਸ ਵਾਰ ਪਲੇਟਫਾਰਮ-1 ਅਤੇ 1-ਏ ਦੋਵਾਂ ਦਾ ਕੰਮ ਸ਼ੁਰੂ ਹੋਇਆ ਹੈ। ਦੋਵਾਂ ਨੂੰ ਇਕ ਹੀ ਕਰ ਦਿੱਤਾ ਜਾਵੇਗਾ।